ਆਸਟ੍ਰੇਲੀਆ ਨੇ ਲਾਰਡਸ ਵਿਖੇ ਇੱਕ ਜ਼ਰੂਰੀ ਜਿੱਤ ਵਾਲੇ ਮੈਚ ਵਿੱਚ ਭਾਰਤ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ। ਦੂਜੇ ਪਾਸੇ ਭਾਰਤੀ ਮਹਿਲਾ ਟੀਮ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋ ਗਈ ਹੈ। ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਸੈਮੀਫਾਈਨਲ ਵਿੱਚ ਪਹੁੰਚ ਗਏ ਹਨ।
ਭਾਰਤ ਨੇ 171 ਦੌੜਾਂ ਦਾ ਟੀਚਾ ਰੱਖਿਆ ਸੀ, ਪਰ ਐਲਿਸ ਪੈਰੀ ਅਤੇ ਐਸ਼ਲੇ ਗਾਰਡਨਰ ਵਿਚਕਾਰ ਇੱਕ ਸੈਂਕੜੇ ਵਾਲੀ ਸਾਂਝੇਦਾਰੀ ਨੇ ਮੈਚ ਦਾ ਰੁਖ਼ ਬਦਲ ਦਿੱਤਾ। ਕਪਤਾਨ ਹਰਮਨਪ੍ਰੀਤ ਕੌਰ ਦੀਆਂ 27 ਗੇਂਦਾਂ ‘ਤੇ 56 ਦੌੜਾਂ ਟੀਮ ਲਈ ਜਿੱਤ ਯਕੀਨੀ ਬਣਾਉਣ ਵਿੱਚ ਅਸਫਲ ਰਹੀਆਂ। ਇਸ ਹਾਰ ਦੇ ਨਾਲ ਭਾਰਤ ਗਰੁੱਪ ਏ ਵਿੱਚ ਤੀਜੇ ਸਥਾਨ ‘ਤੇ ਰਿਹਾ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕਰਦੇ ਹੋਏ ਭਾਰਤ ਦੀ ਸ਼ੇਫਾਲੀ ਨੇ 26, ਸਮ੍ਰਿਤੀ ਨੇ 38 ਹਰਮਨਪ੍ਰੀਤ ਨੇ 56, ਜੇਮੀਮਾ ਰੌਡਰਿਗਜ਼ ਨੇ 34 ਦੌੜਾਂ ਬਣਾਈਆਂ ਅਤੇ ਭਾਰਤ ਨੂੰ 170 ਤੱਕ ਪਹੁੰਚਾਇਆ।
171 ਦੌੜਾਂ ਦਾ ਪਿੱਛਾ ਕਰਦੇ ਹੋਏ ਆਸਟ੍ਰੇਲੀਆ ਦੀ ਸ਼ੁਰੂਆਤ ਮਾੜੀ ਰਹੀ। ਰੇਣੂਕਾ ਸਿੰਘ ਨੇ ਦੂਜੀ ਗੇਂਦ ‘ਤੇ ਜਾਰਜੀਆ ਵਾਲ ਨੂੰ ਆਊਟ ਕਰਕੇ ਭਾਰਤ ਨੂੰ ਪਹਿਲੀ ਸਫਲਤਾ ਦਿਵਾਈ। ਇਸ ਤੋਂ ਬਾਅਦ, ਸ਼੍ਰੀ ਚਰਨੀ ਨੇ ਫੋਬੀ ਲਿਚਫੀਲਡ ਨੂੰ ਆਊਟ ਕੀਤਾ ਅਤੇ ਦੀਪਤੀ ਸ਼ਰਮਾ ਨੇ ਬੇਥ ਮੂਨੀ ਨੂੰ ਆਊਟ ਕੀਤਾ, ਜਿਸ ਨਾਲ ਆਸਟ੍ਰੇਲੀਆ ਦਾ ਸਕੋਰ 68/3 ਹੋ ਗਿਆ। ਤਿੰਨ ਵਿਕਟਾਂ ਡਿੱਗਣ ਤੋਂ ਬਾਅਦ ਐਲਿਸ ਪੈਰੀ ਅਤੇ ਐਸ਼ਲੇ ਗਾਰਡਨਰ ਨੇ ਭਾਰਤੀ ਗੇਂਦਬਾਜ਼ਾਂ ‘ਤੇ ਦਬਾਅ ਬਣਾਇਆ। ਦੋਵਾਂ ਨੇ 57 ਗੇਂਦਾਂ ਵਿੱਚ ਚੌਥੀ ਵਿਕਟ ਲਈ 100 ਦੌੜਾਂ ਦੀ ਮੈਚ ਜੇਤੂ ਸਾਂਝੇਦਾਰੀ ਕੀਤੀ। ਪੈਰੀ ਨੇ 38 ਗੇਂਦਾਂ ਵਿੱਚ 56 ਦੌੜਾਂ ਬਣਾਈਆਂ। ਗਾਰਡਨਰ 29 ਗੇਂਦਾਂ ਵਿੱਚ 53 ਦੌੜਾਂ ਬਣਾ ਕੇ ਨਾਟ-ਆਊਟ ਰਿਹਾ। ਆਸਟ੍ਰੇਲੀਆ ਨੇ 19 ਓਵਰਾਂ ਵਿੱਚ 4 ਵਿਕਟਾਂ ‘ਤੇ 172 ਦੌੜਾਂ ਬਣਾ ਕੇ ਮੈਚ ਜਿੱਤ ਲਿਆ।
ਆਸਟ੍ਰੇਲੀਆ ਦੀ ਟੀਮ ਦੇ ਖਿਡਾਰੀ: ਬੈਥ ਮੂਨੀ (ਵਿਕਟਕੀਪਰ), ਜਾਰਜੀਆ ਵੋਲ, ਫੋਬੀ ਲਿਚਫੀਲਡ, ਐਲਿਸ ਪੈਰੀ, ਐਸ਼ਲੇ ਗਾਰਡਨਰ, ਜਾਰਜੀਆ ਵੇਅਰਹੈਮ, ਐਨਾਬੇਲ ਸਦਰਲੈਂਡ, ਨਿਕੋਲਾ ਕੈਰੀ, ਸੋਫੀ ਮੋਲੀਨੋ (ਕਪਤਾਨ), ਲੂਸੀ ਹੈਮਿਲਟਨ, ਕਿਮ ਗਾਰਥ।
ਵਰਨਣਯੋਗ ਹੈ ਕਿ ਦੱਖਣੀ ਅਫਰੀਕਾ ਨੇ ਐਤਵਾਰ ਨੂੰ ਪਹਿਲੇ ਮੈਚ ਵਿੱਚ ਬੰਗਲਾਦੇਸ਼ ਨੂੰ ਹਰਾ ਕੇ 8 ਅੰਕ ਹਾਸਲ ਕੀਤੇ ਸਨ। ਇਸ ਲਈ ਭਾਰਤ ਨੂੰ ਆਖਰੀ ਚਾਰ ਵਿੱਚ ਜਗ੍ਹਾ ਪੱਕੀ ਕਰਨ ਲਈ ਹਰ ਕੀਮਤ ‘ਤੇ ਜਿੱਤ ਦੀ ਲੋੜ ਸੀ। ਪਰ ਹਾਰਨ ਨਾਲ ਭਾਰਤ 5 ਮੈਚਾਂ ਵਿੱਚੋਂ 6 ਅੰਕਾਂ ਨਾਲ ਗਰੁੱਪ ਏ ਵਿੱਚ ਤੀਜੇ ਸਥਾਨ ‘ਤੇ ਰਿਹਾ ਹੈ। ਆਸਟ੍ਰੇਲੀਆ 10 ਅੰਕਾਂ ਨਾਲ ਅਤੇ ਦੱਖਣੀ ਅਫਰੀਕਾ 8 ਅੰਕਾਂ ਨਾਲ ਸੈਮੀਫਾਈਨਲ ਦੇ ਵਿੱਚ ਪਹੁੰਚ ਗਿਆ ਹੈ।
