ਸੈਰ-ਸਪਾਟਾ ਮੰਤਰਾਲੇ ਨੇ ਨੀਤੀ ਆਯੋਗ ਦੇ ਸਹਿਯੋਗ ਨਾਲ ਨਵੀਂ ਦਿੱਲੀ ਵਿੱਚ ਆਯੋਜਿਤ ਇੱਕ ਰਾਸ਼ਟਰੀ ਵਰਕਸ਼ਾਪ ਵਿੱਚ “ਸੈਰ-ਸਪਾਟਾ ਅਤੇ ਪ੍ਰਾਹੁਣਚਾਰੀ ਖੇਤਰ ਵਿੱਚ ਵਿਕਾਸ ਦੇ ਦਰਵਾਜ਼ੇ ਖੋਲ੍ਹਣਾ” ਸਿਰਲੇਖ ਵਾਲੀ ਇੱਕ ਰਿਪੋਰਟ ਜਾਰੀ ਕੀਤੀ। ਇਹ ਰਿਪੋਰਟ ਭਾਰਤ ਦੇ ਸੈਰ-ਸਪਾਟਾ ਅਤੇ ਪ੍ਰਾਹੁਣਚਾਰੀ ਖੇਤਰ ਵਿੱਚ ਨਿਯਮਾਂ ਨੂੰ ਸਰਲ ਬਣਾਉਣ, ਕਾਰੋਬਾਰ ਕਰਨ ਵਿੱਚ ਆਸਾਨੀ ਵਧਾਉਣ, ਨਿਵੇਸ਼ ਨੂੰ ਆਕਰਸ਼ਿਤ ਕਰਨ ਅਤੇ ਟਿਕਾਊ ਵਿਕਾਸ ਨੂੰ ਤੇਜ਼ ਕਰਨ ਲਈ ਇੱਕ ਵਿਆਪਕ ਰੋਡਮੈਪ ਪੇਸ਼ ਕਰਦੀ ਹੈ।
ਇਹ ਰਿਪੋਰਟ ਕੇਂਦਰੀ ਸੈਰ-ਸਪਾਟਾ ਅਤੇ ਸੱਭਿਆਚਾਰ ਮੰਤਰੀ, ਗਜੇਂਦਰ ਸਿੰਘ ਸ਼ੇਖਾਵਤ, ਨੀਤੀ ਆਯੋਗ ਮੈਂਬਰ, ਰਾਜੀਵ ਗੌਬਾ, ਸੈਰ-ਸਪਾਟਾ ਮੰਤਰਾਲੇ ਦੇ ਸਕੱਤਰ, ਭੁਵਨੇਸ਼ ਕੁਮਾਰ, ਅਤੇ ਸੈਰ-ਸਪਾਟਾ ਮੰਤਰਾਲੇ ਦੇ ਵਧੀਕ ਸਕੱਤਰ, ਸੁਮਨ ਬਿੱਲਾ ਦੁਆਰਾ ਜਾਰੀ ਕੀਤੀ ਗਈ। ਇਸ ਮੌਕੇ ਆਪਣੇ ਭਾਸ਼ਣਾਂ ਦੇ ਵਿੱਚ ਪਤਵੰਤਿਆਂ ਨੇ ਸੈਰ-ਸਪਾਟੇ ਨੂੰ ਆਰਥਿਕ ਵਿਕਾਸ, ਰੁਜ਼ਗਾਰ ਸਿਰਜਣ ਅਤੇ ਖੇਤਰੀ ਵਿਕਾਸ ਦੇ ਇੱਕ ਮੁੱਖ ਚਾਲਕ ਵਜੋਂ ਉਜਾਗਰ ਕੀਤਾ। ਉਨ੍ਹਾਂ ਨੇ ਕਾਰੋਬਾਰ ਕਰਨ ਦੀ ਸੌਖ ਨੂੰ ਬਿਹਤਰ ਬਣਾਉਣ, ਸੈਰ-ਸਪਾਟਾ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ, ਨਿੱਜੀ ਨਿਵੇਸ਼ ਨੂੰ ਉਤਸ਼ਾਹਿਤ ਕਰਨ ਅਤੇ ਸੈਰ-ਸਪਾਟਾ ਉੱਦਮਾਂ ਲਈ ਇੱਕ ਅਨੁਕੂਲ ਵਾਤਾਵਰਣ ਬਣਾਉਣ ਲਈ ਕੇਂਦਰ ਸਰਕਾਰ, ਰਾਜ ਸਰਕਾਰਾਂ ਅਤੇ ਉਦਯੋਗ ਦੇ ਹਿੱਸੇਦਾਰਾਂ ਵਿਚਕਾਰ ਤਾਲਮੇਲ ਵਾਲੀ ਕਾਰਵਾਈ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਉੱਦਮਤਾ ਨੂੰ ਉਤਸ਼ਾਹਿਤ ਕਰਨ, ਸਥਾਨਕ ਰੋਜ਼ੀ-ਰੋਟੀ ਦਾ ਸਮਰਥਨ ਕਰਨ, ਭਾਈਚਾਰਕ ਭਾਗੀਦਾਰੀ ਨੂੰ ਮਜ਼ਬੂਤ ਕਰਨ ਅਤੇ ਸਾਰੇ ਸੈਰ-ਸਪਾਟਾ ਸਥਾਨਾਂ ਵਿੱਚ ਟਿਕਾਊ ਸੈਰ-ਸਪਾਟਾ ਅਭਿਆਸਾਂ ਨੂੰ ਅੱਗੇ ਵਧਾਉਣ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ।
ਰਿਹਾਇਸ਼ ਪ੍ਰਦਾਤਾਵਾਂ, ਪਰਾਹੁਣਚਾਰੀ ਸੰਸਥਾਵਾਂ, ਹੋਮਸਟੇ, ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦੀਆਂ ਸੇਵਾਵਾਂ, ਟੂਰ ਆਪਰੇਟਰਾਂ ਅਤੇ ਸੈਰ-ਸਪਾਟਾ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੂੰ ਨਿਯੰਤਰਿਤ ਕਰਨ ਵਾਲੇ ਨਿਯਮਾਂ ਦੇ ਵਿਸਤ੍ਰਿਤ ਮੁਲਾਂਕਣ ਦੇ ਆਧਾਰ ‘ਤੇ ਰਿਪੋਰਟ ਨਿਵੇਸ਼, ਪ੍ਰੋਜੈਕਟ ਲਾਗੂ ਕਰਨ, ਰਿਹਾਇਸ਼ ਸਮਰੱਥਾ ਅਤੇ ਸੰਸਥਾਗਤ ਤਾਲਮੇਲ ਨੂੰ ਪ੍ਰਭਾਵਿਤ ਕਰਨ ਵਾਲੀਆਂ ਮੁੱਖ ਰੈਗੂਲੇਟਰੀ ਰੁਕਾਵਟਾਂ ਦੀ ਪਛਾਣ ਕਰਦੀ ਹੈ। ਇਹ ਰੈਗੂਲੇਟਰੀ ਅਤੇ ਪ੍ਰਵਾਨਗੀ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ, ਪਾਲਣਾ ਬੋਝ ਘਟਾਉਣ, ਅੰਤਰ-ਵਿਭਾਗੀ ਤਾਲਮੇਲ ਨੂੰ ਮਜ਼ਬੂਤ ਕਰਨ, ਰਿਹਾਇਸ਼ ਸਮਰੱਥਾ ਦਾ ਵਿਸਤਾਰ ਕਰਨ, ਸੈਰ-ਸਪਾਟਾ ਉੱਦਮਤਾ ਨੂੰ ਉਤਸ਼ਾਹਿਤ ਕਰਨ ਅਤੇ ਸੈਰ-ਸਪਾਟਾ ਬੁਨਿਆਦੀ ਢਾਂਚੇ ਅਤੇ ਨਿੱਜੀ ਨਿਵੇਸ਼ ਦੇ ਤੇਜ਼ ਵਿਕਾਸ ਲਈ ਇੱਕ ਅਨੁਕੂਲ ਵਾਤਾਵਰਣ ਬਣਾਉਣ ਲਈ ਉਪਾਵਾਂ ਦੀ ਸਿਫ਼ਾਰਸ਼ ਕਰਦੀ ਹੈ।
ਵਿਕਸਤ ਭਾਰਤ 2047 ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਇਹ ਰਿਪੋਰਟ ਦੇਸ਼ ਭਰ ਵਿੱਚ ਟਿਕਾਊ, ਸਮਾਵੇਸ਼ੀ ਅਤੇ ਵਿਸ਼ਵ ਪੱਧਰ ‘ਤੇ ਮੁਕਾਬਲੇ ਵਾਲੇ ਸੈਰ-ਸਪਾਟਾ ਸਥਾਨਾਂ ਨੂੰ ਉਤਸ਼ਾਹਿਤ ਕਰਕੇ ਆਰਥਿਕ ਵਿਕਾਸ, ਨੌਕਰੀਆਂ ਦੀ ਸਿਰਜਣਾ ਅਤੇ ਖੇਤਰੀ ਵਿਕਾਸ ਵਿੱਚ ਸੈਰ-ਸਪਾਟੇ ਦੇ ਯੋਗਦਾਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਦੀ ਹੈ। ਇਹ ਸਿਫ਼ਾਰਸ਼ਾਂ ਆਉਣ ਵਾਲੇ ਸਾਲਾਂ ਵਿੱਚ ਕਾਰੋਬਾਰ ਕਰਨ ਵਿੱਚ ਆਸਾਨੀ ਨੂੰ ਵਧਾਉਣ, ਸੈਰ-ਸਪਾਟਾ ਨਿਵੇਸ਼ ਨੂੰ ਤੇਜ਼ ਕਰਨ ਅਤੇ ਸੈਰ-ਸਪਾਟਾ-ਅਧਾਰਤ ਵਿਕਾਸ ਨੂੰ ਸਮਰਥਨ ਦੇਣ ਲਈ ਇੱਕ ਵਿਹਾਰਕ ਢਾਂਚਾ ਪ੍ਰਦਾਨ ਕਰਦੀਆਂ ਹਨ।
ਰਾਸ਼ਟਰੀ ਵਰਕਸ਼ਾਪ ਵਿੱਚ ਰਾਜ ਸਰਕਾਰਾਂ, ਉਦਯੋਗ ਸੰਗਠਨਾਂ, ਪ੍ਰਾਹੁਣਚਾਰੀ ਖੇਤਰ ਦੇ ਹਿੱਸੇਦਾਰਾਂ, ਔਨਲਾਈਨ ਯਾਤਰਾ ਪਲੇਟਫਾਰਮਾਂ, ਅਕਾਦਮਿਕ ਸੰਸਥਾਵਾਂ, ਗਿਆਨ ਭਾਈਵਾਲਾਂ ਅਤੇ ਕੇਂਦਰੀ ਮੰਤਰਾਲਿਆਂ ਦੇ ਪ੍ਰਤੀਨਿਧੀਆਂ ਨੇ ਭਾਗ ਲਿਆ। ਵਿਚਾਰ-ਵਟਾਂਦਰੇ ਦਾ ਕੇਂਦਰ ਸੈਰ-ਸਪਾਟਾ ਨਿਵੇਸ਼, ਰੈਗੂਲੇਟਰੀ ਸੁਧਾਰ, ਰਿਹਾਇਸ਼ ਸਮਰੱਥਾ, ਵਾਤਾਵਰਣ ਸਥਿਰਤਾ ਅਤੇ ਵਿਕਸਤ ਭਾਰਤ 2047 ਦੇ ਤਹਿਤ ਸੈਰ-ਸਪਾਟਾ-ਅਧਾਰਤ ਵਿਕਾਸ ਲਈ ਇੱਕ ਰੋਡਮੈਪ ਸੀ।
