ਕੈਨਬਰਾ – ਨੇਪਾਲ-ਚੀਨ ਸਰਹੱਦ ਨੇੜੇ ਆਏ ਭਿਆਨਕ ਹੜ੍ਹਾਂ ਤੋਂ ਬਾਅਦ ਆਸਟ੍ਰੇਲੀਆ ਸਰਕਾਰ ਨੇ ਰਾਹਤ ਅਤੇ ਬਚਾਅ ਕਾਰਜਾਂ ਲਈ ਹੋਰ 3 ਮਿਲੀਅਨ ਆਸਟ੍ਰੇਲੀਅਨ ਡਾਲਰ ਦੀ ਮਨੁੱਖੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇਸ ਨਾਲ ਇਸ ਆਫ਼ਤ ਲਈ ਆਸਟ੍ਰੇਲੀਆ ਸਰਕਾਰ ਦੀ ਕੁੱਲ ਮਨੁੱਖੀ ਸਹਾਇਤਾ 8 ਮਿਲੀਅਨ ਡਾਲਰ ਹੋ ਗਈ ਹੈ।
ਇਸ ਦੌਰਾਨ ਕਾਠਮੰਡੂ ਵਿੱਚ ਹੁਣ 12 ਆਸਟ੍ਰੇਲੀਅਨ response team ਕਰਮਚਾਰੀ ਮੌਜੂਦ ਹਨ। ਇਨ੍ਹਾਂ ਵਿੱਚ crisis response staff, consular officers ਅਤੇ Australian Federal Police ਦੇ ਅਧਿਕਾਰੀ ਸ਼ਾਮਲ ਹਨ। ਇਹ ਟੀਮ ਸੰਕਟ ਨਾਲ ਨਜਿੱਠਣ ਅਤੇ ਆਸਟ੍ਰੇਲੀਆਈ ਨਾਗਰਿਕਾਂ ਦੀ ਮਦਦ ਕਰਨ ਲਈ ਕੰਮ ਕਰ ਰਹੀ ਹੈ। ਹੜ੍ਹਾਂ ਨੇ ਪ੍ਰਭਾਵਿਤ ਇਲਾਕਿਆਂ ਵਿੱਚ ਵੱਡੀ ਤਬਾਹੀ ਮਚਾਈ ਹੈ। ਦੂਰ-ਦਰਾਜ਼ ਇਲਾਕਿਆਂ ਤੱਕ ਪਹੁੰਚ ਮੁਸ਼ਕਲ ਹੋਣ ਦੇ ਨਾਲ ਸੜਕਾਂ ਅਤੇ ਪੁਲਾਂ ਨੂੰ ਹੋਏ ਨੁਕਸਾਨ ਕਾਰਨ ਰਾਹਤ ਸਮੱਗਰੀ ਪਹੁੰਚਾਉਣ ਵਿੱਚ ਵੀ ਮੁਸ਼ਕਲਾਂ ਆ ਰਹੀਆਂ ਹਨ। ਹੜ੍ਹਾਂ ਤੋਂ ਬਾਅਦ ਪ੍ਰਭਾਵਿਤ ਲੋਕਾਂ ਨੂੰ ਹੋਰ ਸਿਹਤ ਅਤੇ ਸੁਰੱਖਿਆ ਖ਼ਤਰਿਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।
ਨੇਪਾਲ ਸਰਕਾਰ ਨੇ ਐਮਰਜੈਂਸੀ ਸਮਾਨ, ਜਿਸ ਵਿੱਚ ਸਫ਼ਾਈ ਕਿੱਟਾਂ ਅਤੇ ਸੂਰਜੀ ਊਰਜਾ ਨਾਲ ਚੱਲਣ ਵਾਲੀਆਂ ਲਾਈਟਾਂ ਸ਼ਾਮਲ ਹਨ, ਦੀ ਮੰਗ ਕੀਤੀ ਹੈ। ਆਸਟ੍ਰੇਲੀਆ ਇਸ ਲਈ 2 ਮਿਲੀਅਨ ਡਾਲਰ ਦੀ ਸਹਾਇਤਾ ਦੇ ਰਿਹਾ ਹੈ। ਇਹ ਸਮਾਨ Australian Defence Force ਰਾਹੀਂ ਪ੍ਰਭਾਵਿਤ ਖੇਤਰਾਂ ਤੱਕ ਪਹੁੰਚਾਇਆ ਜਾਵੇਗਾ। Royal Australian Air Force (RAAF) ਦਾ ਜਹਾਜ਼ ਕੁਈਨਜ਼ਲੈਂਡ ਤੋਂ ਰਾਹਤ ਸਮੱਗਰੀ ਲੈ ਕੇ ਨੇਪਾਲ ਲਈ ਰਵਾਨਾ ਹੋ ਚੁੱਕਾ ਹੈ ਅਤੇ ਇਹ ਸਮਾਨ ਪ੍ਰਭਾਵਿਤ ਲੋਕਾਂ ਤੱਕ ਪਹੁੰਚਾਉਣ ਵਿੱਚ ਮਦਦ ਕਰੇਗਾ।
ਇਸ ਦੇ ਨਾਲ ਹੀ ਆਸਟ੍ਰੇਲੀਅਨ ਲੋਕਾਂ ਵੱਲੋਂ Emergency Action Alliance (EAA) ਦੀ ਅਪੀਲ ਨੂੰ ਵੀ ਵੱਡਾ ਹੁੰਗਾਰਾ ਮਿਲਿਆ ਹੈ। ਲੋਕਾਂ ਨੇ ਹੁਣ ਤੱਕ 1.4 ਮਿਲੀਅਨ ਡਾਲਰ ਦਾਨ ਕੀਤੇ ਹਨ। ਆਸਟ੍ਰੇਲੀਆ ਸਰਕਾਰ ਨੇ EAA ਅਪੀਲ ਲਈ ਹੋਰ 1 ਮਿਲੀਅਨ ਡਾਲਰ ਦੇਣ ਦਾ ਐਲਾਨ ਕੀਤਾ ਹੈ, ਜਿਸ ਨਾਲ ਇਸ ਅਪੀਲ ਵਿੱਚ ਸਰਕਾਰ ਦਾ ਕੁੱਲ ਯੋਗਦਾਨ 2 ਮਿਲੀਅਨ ਡਾਲਰ ਹੋ ਜਾਵੇਗਾ। ਇਹ ਰਕਮ ਆਸਟ੍ਰੇਲੀਅਨ NGO ਭਾਈਵਾਲਾਂ ਰਾਹੀਂ ਸਥਾਨਕ ਸੰਸਥਾਵਾਂ ਨੂੰ ਦਿੱਤੀ ਜਾ ਰਹੀ ਹੈ, ਜੋ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ, ਮੁੜ ਵਸੇਬੇ ਅਤੇ ਪੁਨਰ-ਨਿਰਮਾਣ ਲਈ ਕੰਮ ਕਰ ਰਹੀਆਂ ਹਨ।
