Punjab

ਹਰੀਕੇ ਪੱਤਣ ਵਿਖੇ ਇੱਕ ਯਾਦਗਾਰੀ ‘ਸ਼ਹੀਦੀ ਸਥੱਲ’ ਕਾਇਮ ਕਾਇਮ ਹੋਵੇਗਾ – ਜਥੇਦਾਰ ਗੜਗੱਜ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹਰੀਕੇ ਪੱਤਣ ਵਿਖੇ ਇੱਕ ਯਾਦਗਾਰੀ 'ਸ਼ਹੀਦੀ ਸਥੱਲ' ਕਾਇਮ ਕਰਨ ਦਾ ਐਲਾਨ ਕਰਦੇ ਹੋਏ।

ਹਰੀਕੇ ਪੱਤਣ (ਤਰਨ ਤਾਰਨ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੱਦੇ ‘ਤੇ ਹਰੀਕੇ ਹੈੱਡ ਵਰਕਸ ਨੇੜੇ ਬੀਤੇ ਦਿਨ ਸਤਲੁਜ ਦਰਿਆ ਦੇ ਕੰਢੇ ਇੱਕ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਉਹਨਾਂ ਸਿੱਖ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸੀ, ਜਿਨ੍ਹਾਂ ਨੇ ਆਪਣੀਆਂ ਜਾਨਾਂ ਗੁਆਈਆਂ, ਅਤੇ ਉਹਨਾਂ ਪਰਿਵਾਰਾਂ ਲਈ ਅਰਦਾਸ ਕੀਤੀ ਗਈ ਜੋ ਕਈ ਸਾਲਾਂ ਤੋਂ ਆਪਣੇ ਲਾਪਤਾ ਹੋਏ ਪਰਿਵਾਰਕ ਮੈਂਬਰਾਂ ਲਈ ਇਨਸਾਫ਼ ਦੀ ਉਡੀਕ ਕਰ ਰਹੇ ਹਨ। ਸਮਾਗਮ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿੱਚ ਲੋਕ ਅਤੇ ਪੀੜਤ ਪਰਿਵਾਰ ਸ਼ਾਮਲ ਹੋਏ।

ਮੀਰੀ-ਪੀਰੀ ਖ਼ਾਲਸਾ ਮਾਰਚ ਸਮਾਗਮ ਦੀ ਸ਼ੁਰੂਆਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਕੀਤੀ ਗਈ ਅਰਦਾਸ ਨਾਲ ਹੋਈ। ਅਰਦਾਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁਕਮਨਾਮਾ ਲਿਆ ਗਿਆ ਅਤੇ ਫਿਰ ਸੰਗਤ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਕੀਤੇ ਗਏ। ਸਮਾਗਮ ਦੌਰਾਨ ਸ਼ਾਂਤੀ, ਸਿਮਰਨ ਅਤੇ ਅਰਦਾਸ ਦਾ ਮਾਹੌਲ ਬਣਿਆ ਰਿਹਾ। ਇਸ ਮੌਕੇ ਜਥੇਦਾਰ ਗੜਗੱਜ ਨੇ ਹਰੀਕੇ ਪੱਤਣ ਵਿਖੇ ਇੱਕ ਯਾਦਗਾਰੀ ‘ਸ਼ਹੀਦੀ ਸਥੱਲ’ ਕਾਇਮ ਕਰਨ ਦਾ ਐਲਾਨ ਕੀਤਾ। ਇਹ ਅਸਥਾਨ ਪੰਜਾਬ ‘ਚ ਕਾਲ਼ੇ ਤੇ ਮਾੜੇ ਦੌਰ ਦੌਰਾਨ ਸ਼ਹੀਦ ਹੋਏ ਲੋਕਾਂ ਦੀ ਯਾਦ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕਾਇਮ ਕੀਤਾ ਜਾਵੇਗਾ।

ਇਸ ਸਮਾਗਮ ਵਿੱਚ ਉਹ ਪਰਿਵਾਰ ਵੀ ਵੱਡੀ ਗਿਣਤੀ ਵਿੱਚ ਪਹੁੰਚੇ, ਜਿਨ੍ਹਾਂ ਦੇ ਪਰਿਵਾਰਕ ਮੈਂਬਰ ਜਾਂ ਬੱਚੇ 1980 ਅਤੇ 1990 ਦੇ ਦਹਾਕੇ ਦੌਰਾਨ ਲਾਪਤਾ ਹੋ ਗਏ ਸਨ। ਕਈ ਪਰਿਵਾਰ ਆਪਣੇ ਲਾਪਤਾ ਹੋਏ ਪਿਆਰਿਆਂ ਦੀਆਂ ਤਸਵੀਰਾਂ ਹੱਥਾਂ ਵਿੱਚ ਫੜ ਕੇ ਸਮਾਗਮ ਵਿੱਚ ਸ਼ਾਮਲ ਹੋਏ। ਕਈ ਲੋਕ ਭਾਵੁਕ ਨਜ਼ਰ ਆਏ ਅਤੇ ਉਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਲਈ ਇਨਸਾਫ਼ ਦੀ ਮੰਗ ਦੁਹਰਾਈ। ਇਸ ਸਮਾਗਮ ਦੌਰਾਨ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਨੂੰ ਵੀ ਯਾਦ ਕੀਤਾ ਗਿਆ। ਉਨ੍ਹਾਂ ਦੇ ਜੀਵਨ ‘ਤੇ ਆਧਾਰਿਤ ਫ਼ਿਲਮ ‘ਸਤਲੁਜ’ (ਜਿਸ ਦਾ ਪਹਿਲਾਂ ਨਾਂ ‘ਪੰਜਾਬ 95’ ਸੀ) ਇਸ ਸਮੇਂ ਚਰਚਾ ਵਿੱਚ ਹੈ। ਇਸ ਫ਼ਿਲਮ ਨੂੰ ਲੈ ਕੇ ਪੈਦਾ ਹੋਏ ਵਿਵਾਦ ਦੇ ਦਰਮਿਆਨ ਇਹ ਸਮਾਗਮ ਹੋਣ ਕਾਰਨ ਇਸ ਨੂੰ ਹੋਰ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਸ ਮੌਕੇ ਕਿਹਾ ਕਿ ਕਈ ਦਹਾਕਿਆਂ ਤੋਂ ਉਹਨਾਂ ਬੇਗੁਨਾਹ ਲੋਕਾਂ ਲਈ ਕੋਈ ਸਾਂਝੀ ਅਰਦਾਸ ਨਹੀਂ ਕੀਤੀ ਗਈ ਸੀ, ਜੋ ਉਸ ਸਮੇਂ ਦੌਰਾਨ ਆਪਣੀਆਂ ਜਾਨਾਂ ਗੁਆ ਬੈਠੇ ਜਾਂ ਲਾਪਤਾ ਹੋ ਗਏ। ਉਨ੍ਹਾਂ ਕਿਹਾ ਕਿ ਇਸੇ ਕਾਰਨ ਸਤਲੁਜ ਦਰਿਆ ਦੇ ਕੰਢੇ ਇਹ ਵਿਸ਼ੇਸ਼ ਅਰਦਾਸ ਸਮਾਗਮ ਕਰਵਾਇਆ ਗਿਆ ਹੈ, ਤਾਂ ਜੋ ਉਨ੍ਹਾਂ ਦੀ ਯਾਦ ਨੂੰ ਸਤਿਕਾਰ ਦਿੱਤਾ ਜਾ ਸਕੇ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹੌਸਲਾ ਮਿਲੇ।

ਇਸ ਮੌਕੇ ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਵੱਲੋਂ ਕੀਤੀ ਗਈ ਉਸ ਮੰਗ ਦਾ ਵੀ ਜ਼ਿਕਰ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਨੇ ਲਾਪਤਾ ਲੋਕਾਂ ਦੀ ਅਸਲ ਗਿਣਤੀ ਅਤੇ ਉਨ੍ਹਾਂ ਨਾਲ ਜੁੜੇ ਮਾਮਲਿਆਂ ਦੀ ਸੱਚਾਈ ਸਾਹਮਣੇ ਲਿਆਉਣ ਲਈ ਇੱਕ ਲੋਕ ਕਮਿਸ਼ਨ ਬਣਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦਾ ਸੁਤੰਤਰ ਕਮਿਸ਼ਨ ਬਣਨ ਨਾਲ ਪੀੜਤ ਪਰਿਵਾਰਾਂ ਨੂੰ ਸੱਚ ਜਾਣਨ ਅਤੇ ਇਨਸਾਫ਼ ਮਿਲਣ ਦੀ ਉਮੀਦ ਹੋਰ ਮਜ਼ਬੂਤ ਹੋਵੇਗੀ। ਸਮਾਗਮ ਦੌਰਾਨ ਮੌਜੂਦ ਪਰਿਵਾਰਾਂ ਅਤੇ ਸੰਗਤ ਨੇ ਇੱਕ ਸੁਰ ਵਿੱਚ ਮੰਗ ਕੀਤੀ ਕਿ ਜਿਨ੍ਹਾਂ ਪਰਿਵਾਰਾਂ ਦੇ ਮੈਂਬਰ ਲਾਪਤਾ ਹੋਏ ਜਾਂ ਜਿਨ੍ਹਾਂ ਦੀਆਂ ਮੌਤਾਂ ਨਾਲ ਜੁੜੇ ਸਵਾਲ ਅਜੇ ਵੀ ਬੇਜਵਾਬ ਹਨ, ਉਨ੍ਹਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।

Related posts

ਚੇਤਨ ਸਿੰਘ ਜੌੜਾਮਾਜਰਾ ਨੇ ਆਪਣੀਆਂ ਅੱਖਾਂ ਦਾਨ ਕਰਨ ਦਾ ਅਹਿਦ ਲੈ ਕੇ ਕੀਤੀ ਨੇਤਰ ਦਾਨ ਮੁਹਿੰਮ ਦੀ ਸ਼ੁਰੂਆਤ

Bunty

ਈਕੋ-ਕਲੱਬ ਵੱਲੋਂ ਹਰੀਕੇ ਪੱਤਣ ਵੈੱਟਲੈਂਡ ਵਿਖੇ ਇਕ ਨੇਚਰ ਕੈਂਪ ਦਾ ਆਯੋਜਨ

admin

ਕੈਪਟਨ ਅਮਰਿੰਦਰ ਸਿੰਘ ਦੇ ਦੋਸ਼ ‘ਤੇ ਸਿੱਧੂ ਨੂੰ ਮਿਲਿਆ ਰਾਵਤ ਦਾ ਸਾਥ

Bunty