Health & FitnessArticlesAustralia & New Zealand

‘ਥੈਂਕ ਏ ਪੈਰਾਮੈਡਿਕ ਡੇ’ : ਅੱਜ ਆਸਟ੍ਰੇਲੀਆ ਦੇ ਸਾਰੇ ਮਿਹਨਤੀ ਪੈਰਾਮੈਡਿਕਸ ਲਈ ਮਾਣ ਵਾਲਾ ਦਿਨ !

ਇੱਕ ਭਿਆਨਕ ਕਾਰ ਹਾਦਸੇ ਵਿੱਚੋਂ ਬਚਣ ਵਾਲਾ ਟੌਮ ਗ੍ਰੇਅ (ਖੱਬਿਉਂ ਦੂਜਾ) ਐਂਬੂਲੈਂਸ ਵਿਕਟੋਰੀਆ ਦੇ ਪੈਰਾਮਿਡਕਸ ਦੇ ਨਾਲ। ਫੋਟੋ: ਥੌਮਸ ਗਰੇਅ ਐਮਵੀਸੀ।

 

ਤਸਵਿੰਦਰ ਸਿੰਘ, ਐਡੀਟਰ-ਇਨ-ਚੀਫ਼, ਇੰਡੋ ਟਾਈਮਜ਼।

ਅੱਜ ‘ਥੈਂਕ ਏ ਪੈਰਾਮੈਡਿਕ ਡੇ’ ਮੌਕੇ ‘ਤੇ ਐਂਬੂਲੈਂਸ ਵਿਕਟੋਰੀਆ ਸੂਬੇ ਭਰ ਦੇ ਉਹਨਾਂ ਸਾਰੇ ਮਿਹਨਤੀ ਪੈਰਾਮੈਡਿਕਸ ਦਾ ਸਨਮਾਨ ਕਰ ਰਹੀ ਹੈ, ਜੋ ਹਰ ਰੋਜ਼ ਭਾਈਚਾਰੇ ਨੂੰ ਹਸਪਤਾਲ ਪਹੁੰਚਣ ਤੋਂ ਪਹਿਲਾਂ ਐਮਰਜੈਂਸੀ ਸਿਹਤ ਸੇਵਾਵਾਂ ਦਿੰਦੇ ਸਮੇਂ ਆਪਣੇ ਸ਼ਾਨਦਾਰ ਹੁਨਰ, ਹਮਦਰਦੀ ਅਤੇ ਹੌਸਲੇ ਦਾ ਪ੍ਰਦਰਸ਼ਨ ਕਰਦੇ ਹਨ। ਅੱਜ 24 ਜੁਲਾਈ 2026 ਨੂੰ ਮਨਾਏ ਜਾ ਰਹੇ ‘ਥੈਂਕ ਏ ਪੈਰਾਮੈਡਿਕ ਡੇ’ ਮੌਕੇ ‘ਤੇ ਐਂਬੂਲੈਂਸ ਵਿਕਟੋਰੀਆ ਦੇ ਵਲੋਂ ਸਾਰੇ ਸੂਬੇ ਦੇ ਉਹਨਾਂ ਸਾਰੇ ਮਿਹਨਤੀ ਪੈਰਾਮੈਡਿਕਸ ਦਾ ਸਨਮਾਨ ਕੀਤਾ ਜਾ ਰਿਹਾ ਹੈ ਜੋ ਹਰ ਰੋਜ਼ ਆਪਣੇ ਹੁਨਰ ਦੇ ਨਾਲ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਂਦੇ ਹਨ।

ਦਿਲ ਦਾ ਦੌਰਾ ਪੈਣ (ਕਾਰਡਿਯਾਕ ਅਰੇਸਟ) ਵਾਲੇ ਮਰੀਜ਼ਾਂ ਨੂੰ ਬਚਾਉਣ ਵਿੱਚ ਵਿਕਟੋਰੀਆ ਪੂਰੇ ਦੇਸ਼ ਵਿੱਚ ਸਭ ਤੋਂ ਅੱਗੇ ਹੈ। ਇਸ ਲਈ ਵਿਕਟੋਰੀਆ ਦੇ ਲੋਕ ਮਾਣ ਕਰ ਸਕਦੇ ਹਨ ਕਿ ਉਨ੍ਹਾਂ ਦੇ ਪੈਰਾਮੈਡਿਕ ਦੁਨੀਆਂ ਦੇ ਸਭ ਤੋਂ ਵਧੀਆ ਪੈਰਾਮੈਡਿਕਸ ਵਿੱਚ ਸ਼ਾਮਲ ਹਨ। ਚਾਹੇ ਸ਼ਹਿਰ ਹੋਵੇ ਜਾਂ ਜੰਗਲ, ਬਰਫ਼ ਵਾਲਾ ਇਲਾਕਾ ਹੋਵੇ ਜਾਂ ਸਮੁੰਦਰ, ਐਂਬੂਲੈਂਸ ਵਿਕਟੋਰੀਆ ਦੇ ਉੱਚ-ਤਜਰਬੇਕਾਰ ਪੈਰਾਮੈਡਿਕ ਹਰ ਕਿਸਮ ਦੀ ਐਮਰਜੈਂਸੀ ਵਿੱਚ ਮਦਦ ਲਈ ਤਿਆਰ ਰਹਿੰਦੇ ਹਨ। ਉਹ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮਰੀਜ਼ਾਂ ਨੂੰ ਦੁਨੀਆ-ਪੱਧਰੀ ਐਮਰਜੈਂਸੀ ਇਲਾਜ ਅਤੇ ਦੇਖਭਾਲ ਪ੍ਰਦਾਨ ਕਰਦੇ ਹਨ।

ਐਡਵਾਂਸਡ ਲਾਈਫ ਸਪੋਰਟ ਪੈਰਾਮੈਡਿਕ ਐਂਬੂਲੈਂਸ ਵਿਕਟੋਰੀਆ ਦੀ ਮੁੱਖ ਸਿਹਤ ਸੇਵਾ ਟੀਮ ਹੈ ਜੋ ਪੂਰੇ ਵਿਕਟੋਰੀਆ ਵਿੱਚ ਐਮਰਜੈਂਸੀ ਸੇਵਾਵਾਂ ਅਤੇ ਭਾਈਚਾਰੇ ਅਧਾਰਿਤ ਸਿਹਤ ਸੇਵਾਵਾਂ ਮੁਹੱਈਆ ਕਰਦੇ ਹਨ। ਉਹਨਾਂ ਦੇ ਨਾਲ ਮੋਬਾਈਲ ਇੰਟੈਂਸਿਵ ਕੇਅਰ ਐਂਬੂਲੈਂਸ ਪੈਰਾਮੈਡਿਕ ਵੀ ਕੰਮ ਕਰਦੇ ਹਨ। ਇਹ ਮਾਹਰ ਪੈਰਾਮੈਡਿਕ ਗੰਭੀਰ ਸੜਕ ਜਾਂ ਹੋਰ ਹਾਦਸਿਆਂ ਵਿੱਚ ਜ਼ਖ਼ਮੀ ਲੋਕਾਂ, ਦਿਲ ਦਾ ਦੌਰਾ ਪੈਣ ਵਾਲੇ ਮਰੀਜ਼ਾਂ, ਹਾਰਟ ਅਟੈਕ ਅਤੇ ਹੋਰ ਜਾਨ ਲਈ ਖ਼ਤਰਨਾਕ ਐਮਰਜੈਂਸੀ ਹਾਲਤਾਂ ਵਿੱਚ ਉੱਚ ਪੱਧਰੀ ਇਲਾਜ ਅਤੇ ਦੇਖਭਾਲ ਦਿੰਦੇ ਹਨ।

ਏਅਰ ਐਂਬੂਲੈਂਸ ਵਿਕਟੋਰੀਆ ਦੇ ਹੈਲੀਕਾਪਟਰਾਂ ਅਤੇ ਹਵਾਈ ਜਹਾਜ਼ਾਂ ਦਾ ਬੇੜਾ ਵੀ ਇਹ ਸੇਵਾ ਪੂਰੇ ਸੂਬੇ ਵਿੱਚ ਪਹੁੰਚਾਉਂਦਾ ਹੈ। ਇਨ੍ਹਾਂ ਵਿੱਚ ਕੰਮ ਕਰਨ ਵਾਲੇ ਐਡਵਾਂਸਡ ਲਾਈਫ ਸਪੋਰਟ ਅਤੇ ਮੋਬਾਈਲ ਇੰਟੈਂਸਿਵ ਕੇਅਰ ਐਂਬੂਲੈਂਸ ਪੈਰਾਮੈਡਿਕ ਖਾਸ ਸਿਖਲਾਈ ਪ੍ਰਾਪਤ ਹੁੰਦੇ ਹਨ। ਉਹ ਦੂਰ-ਦੁਰਾਡੇ ਅਤੇ ਔਖੀਆਂ ਥਾਵਾਂ ਤੋਂ ਵੀ ਮਰੀਜ਼ਾਂ ਨੂੰ ਸੁਰੱਖਿਅਤ ਤਰੀਕੇ ਨਾਲ ਲਿਆ ਕੇ ਇਲਾਜ ਤੱਕ ਪਹੁੰਚਾਉਂਦੇ ਹਨ। ਇਸ ਨਾਲ ਖੇਤਰੀ ਅਤੇ ਦੂਰ-ਦਰਾਜ਼ ਇਲਾਕਿਆਂ ਦੇ ਲੋਕਾਂ ਨੂੰ ਵੀ, ਭਾਵੇਂ ਉਹ ਕਿਤੇ ਵੀ ਰਹਿੰਦੇ ਹੋਣ, ਉੱਚ ਪੱਧਰੀ ਐਮਰਜੈਂਸੀ ਇਲਾਜ ਮਿਲ ਸਕਦਾ ਹੈ।

ਐਂਬੂਲੈਂਸ ਵਿਕਟੋਰੀਆ ਵਿੱਚ ਸਿਰਫ਼ ਆਮ ਪੈਰਾਮੈਡਿਕ ਹੀ ਨਹੀਂ, ਸਗੋਂ ਸੰਚਾਰ (ਕਮਿਊਨੀਕੇਸ਼ਨ), ਜੰਗਲੀ ਅਤੇ ਪਹਾੜੀ ਇਲਾਕਿਆਂ (ਵਿਲਡਰਨੈੱਸ), ਮੋਟਰਸਾਈਕਲ ਅਤੇ ਸਾਈਕਲ ਪੈਰਾਮੈਡਿਕ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਕਲੀਨੀਕਲ ਲੀਡਰ, ਸਿਖਲਾਈ ਦੇਣ ਵਾਲੇ, ਖੋਜਕਰਤਾ ਅਤੇ ਮੈਨੇਜਰ ਵੀ ਹਨ, ਜੋ ਇਹ ਯਕੀਨੀ ਬਣਾਉਂਦੇ ਹਨ ਕਿ ਮਰੀਜ਼ਾਂ ਨੂੰ ਸੁਰੱਖਿਅਤ ਅਤੇ ਵਿਗਿਆਨਕ ਸਬੂਤਾਂ ਦੇ ਆਧਾਰ ‘ਤੇ ਸਭ ਤੋਂ ਵਧੀਆ ਇਲਾਜ ਮਿਲੇ।

ਐਂਬੂਲੈਂਸ ਵਿਕਟੋਰੀਆ ਦੇ ਡਾਇਰੈਕਟਰ ਪੈਰਾਮੈਡਿਸਿਨ ਐਸੋਸੀਏਟ ਪ੍ਰੋਫੈਸਰ ਬੈਨ ਮੀਡਲੀ ਨੇ ਕਿਹਾ ਹੈ ਕਿ, “ਮੈਲਬੌਰਨ ਸ਼ਹਿਰ ਤੋਂ ਲੈ ਕੇ ਖੇਤਰੀ ਅਤੇ ਪਿੰਡਾਂ ਦੇ ਇਲਾਕਿਆਂ ਤੱਕ, ਐਂਬੂਲੈਂਸ ਵਿਕਟੋਰੀਆ ਕੋਲ ਲਗਭਗ 6,000 ਸਮਰਪਿਤ ਅਤੇ ਜਜ਼ਬੇ ਨਾਲ ਕੰਮ ਕਰਨ ਵਾਲੇ ਪੈਰਾਮੈਡਿਕ ਹਨ। ਭਾਵੇਂ ਜਾਨ ਲਈ ਖ਼ਤਰਨਾਕ ਐਮਰਜੈਂਸੀ ਹੋਵੇ, ਗੰਭੀਰ ਰੂਪ ਵਿੱਚ ਬਿਮਾਰ ਜਾਂ ਜ਼ਖ਼ਮੀ ਮਰੀਜ਼ਾਂ ਦੀ ਦੇਖਭਾਲ ਕਰਨੀ ਹੋਵੇ ਜਾਂ ਲੋਕਾਂ ਨੂੰ ਸਿਹਤ ਨਾਲ ਜੁੜੀਆਂ ਜਟਿਲ ਸਮੱਸਿਆਵਾਂ ਵਿੱਚ ਸਹੀ ਸੇਵਾਵਾਂ ਤੱਕ ਪਹੁੰਚਣ ਵਿੱਚ ਮਦਦ ਕਰਨੀ ਹੋਵੇ, ਸਾਡੇ ਪੈਰਾਮੈਡਿਕ ਵਿਕਟੋਰੀਆ ਦੀ ਸਿਹਤ ਪ੍ਰਣਾਲੀ ਦਾ ਬਹੁਤ ਮਹੱਤਵਪੂਰਨ ਹਿੱਸਾ ਹਨ। ਸਾਡੇ ਪੈਰਾਮੈਡਿਕ ਇਹ ਪੇਸ਼ਾ ਇਸ ਲਈ ਚੁਣਦੇ ਹਨ ਕਿਉਂਕਿ ਉਹ ਆਪਣੇ ਭਾਈਚਾਰੇ ਵਿੱਚ ਬਦਲਾਅ ਲਿਆਉਣਾ ਚਾਹੁੰਦੇ ਹਨ ਅਤੇ ਲੋਕਾਂ ਦੀ ਜ਼ਿੰਦਗੀ ਦੇ ਸਭ ਤੋਂ ਔਖੇ ਸਮਿਆਂ ਵਿੱਚ ਉਨ੍ਹਾਂ ਦੀ ਸੰਭਾਲ ਕਰਨਾ ਚਾਹੁੰਦੇ ਹਨ। ਅਸੀਂ ਆਪਣਾ ਕੰਮ ਕਰਨ ਲਈ ਕਦੇ ਵੀ ਧੰਨਵਾਦ ਦੀ ਉਮੀਦ ਨਹੀਂ ਕਰਦੇ। ਪਰ ‘ਥੈਂਕ ਏ ਪੈਰਾਮੈਡਿਕ ਡੇ’ ਵਰਗੇ ਦਿਨ ਸਾਨੂੰ ਆਪਣੇ ਭਾਈਚਾਰੇ ਨਾਲ ਜੁੜਨ ਅਤੇ ਉਨ੍ਹਾਂ ਦਾ ਪਿਆਰ ਤੇ ਸਨਮਾਨ ਮਹਿਸੂਸ ਕਰਨ ਦਾ ਵਧੀਆ ਮੌਕਾ ਦਿੰਦੇ ਹਨ।

‘ਥੈਂਕ ਏ ਪੈਰਾਮੈਡਿਕ ਡੇ’ ਵਿਕਟੋਰੀਆ ਵਿੱਚ ਹਰ ਸਾਲ ਮਨਾਇਆ ਜਾਂਦਾ ਹੈ। ਇਸ ਦਾ ਮਕਸਦ ਸੂਬੇ ਭਰ ਦੇ ਪੈਰਾਮੈਡਿਕਸ ਦੀ ਮਿਹਨਤ, ਸਮਰਪਣ ਅਤੇ ਸੇਵਾ ਲਈ ਉਨ੍ਹਾਂ ਦਾ ਧੰਨਵਾਦ ਕਰਨਾ ਅਤੇ ਉਨ੍ਹਾਂ ਦੀ ਕਦਰ ਕਰਨੀ ਹੈ। ਇਹ ਦਿਨ ਲੋਕਾਂ ਨੂੰ ਇਹ ਵੀ ਯਾਦ ਦਿਵਾਉਂਦਾ ਹੈ ਕਿ ਹਸਪਤਾਲ ਪਹੁੰਚਣ ਤੋਂ ਪਹਿਲਾਂ ਐਮਰਜੈਂਸੀ ਇਲਾਜ ਮੁਹੱਈਆ ਕਰਵਾਉਣ ਵਿੱਚ ਪੈਰਾਮੈਡਿਕਾਂ ਦੀ ਕਿੰਨੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ।

ਵਿਕਟੋਰੀਆ ਦੇ ਲੋਕ ਕਈ ਦਹਾਕਿਆਂ ਤੋਂ ਆਪਣੇ ਪੈਰਾਮੈਡਿਕਸ ਦਾ ਸਾਥ ਦੇ ਰਹੇ ਹਨ। ਸੂਬੇ ਭਰ ਵਿੱਚ 40 ਤੋਂ ਵੱਧ ਐਂਬੂਲੈਂਸ ਵਿਕਟੋਰੀਆ ਔਗਜ਼ਿਲਰੀਸ ਹਨ, ਜਿਨ੍ਹਾਂ ਦੇ ਵਲੰਟੀਅਰ ਬਿਨਾਂ ਥੱਕੇ ਆਪਣੇ ਇਲਾਕੇ ਦੇ ਪੈਰਾਮੈਡਿਕਸ ਅਤੇ ਐਂਬੂਲੈਂਸ ਸਟੇਸ਼ਨਾਂ ਦੀ ਮਦਦ ਕਰਦੇ ਹਨ। ਇਨ੍ਹਾਂ ਵਿੱਚ ਸਭ ਤੋਂ ਪਹਿਲੀ ਔਗਜ਼ਿਲਰੀ ਮੇਰੀਬਰੋ ਵਿੱਚ 1918 ਵਿੱਚ ਸ਼ੁਰੂ ਹੋਈ ਸੀ ਅਤੇ ਅੱਜ ਵੀ ਸਰਗਰਮ ਹੈ। ਇਸ ਤੋਂ ਇਲਾਵਾ ਜ਼ਿਪਸਲੈਂਡ, ਗ੍ਰੈਂਪੀਅਨਜ਼, ਹਿਊਮ, ਲਾਡਨ ਮੈਲੀ ਅਤੇ ਮੈਟਰੋਪੋਲਿਟਨ ਖੇਤਰਾਂ ਵਿੱਚ ਵੀ ਕਈ ਔਗਜ਼ਿਲਰੀਸਂ ਕੰਮ ਕਰ ਰਹੀਆਂ ਹਨ। ਇਨ੍ਹਾਂ ਵਲੰਟੀਅਰਾਂ ਦੀ ਮਿਹਨਤ ਅਤੇ ਲੋਕਾਂ ਵੱਲੋਂ ਦਿੱਤੇ ਦਾਨ ਨਾ ਸਿਰਫ਼ ਭਾਈਚਾਰੇ ਦੀ ਸਿਹਤ ਸੇਵਾ ਨੂੰ ਹੋਰ ਬਿਹਤਰ ਬਣਾਉਂਦੇ ਹਨ, ਸਗੋਂ ਸਾਡੀ ਫਰੰਟਲਾਈਨ ਸਿਹਤ ਟੀਮ ਨੂੰ ਇਹ ਸੁਨੇਹਾ ਵੀ ਦਿੰਦੇ ਹਨ ਕਿ ਲੋਕ ਉਨ੍ਹਾਂ ਦੀ ਸੇਵਾ ਦੀ ਬਹੁਤ ਕਦਰ ਕਰਦੇ ਹਨ। ਹਰ ਦਾਨ, ਭਾਵੇਂ ਛੋਟਾ ਹੋਵੇ ਜਾਂ ਵੱਡਾ, ਪੈਰਾਮੈਡਿਕਸ ਅਤੇ ਫਸਟ ਰਿਸਪਾਂਡਰਾਂ ਲਈ ਆਧੁਨਿਕ ਸਿਖਲਾਈ ਦੇ ਸਾਧਨ, ਖ਼ਾਸ ਮੈਡੀਕਲ ਉਪਕਰਨ ਅਤੇ ਹੋਰ ਲੋੜੀਂਦੇ ਸਰੋਤ ਖਰੀਦਣ ਵਿੱਚ ਮਦਦ ਕਰਦਾ ਹੈ। ਇਸ ਨਾਲ ਐਂਬੂਲੈਂਸ ਵਿਕਟੋਰੀਆ ਦੀਆਂ ਟੀਮਾਂ ਭਾਈਚਾਰੇ ਨੂੰ ਹੋਰ ਵਧੀਆ ਐਮਰਜੈਂਸੀ ਸੇਵਾ ਦੇ ਸਕਦੀਆਂ ਹਨ ਅਤੇ ਵਿਕਟੋਰੀਆ ਦੇ ਲੋਕਾਂ ਨੂੰ ਦੁਨੀਆ ਦੀਆਂ ਸਭ ਤੋਂ ਵਧੀਆ ਐਂਬੂਲੈਂਸ ਸੇਵਾਵਾਂ ਵਿੱਚੋਂ ਇੱਕ ਦੀ ਸਹੂਲਤ ਮਿਲਦੀ ਰਹਿੰਦੀ ਹੈ।

ਜੋ ਵਿਕਟੋਰੀਆ ਵਾਸੀ ਇਸ ‘ਥੈਂਕ ਏ ਪੈਰਾਮੈਡਿਕ ਡੇ’ ਮੌਕੇ ‘ਤੇ ਆਪਣਾ ਸਮਰਥਨ ਦਿਖਾਉਣਾ ਚਾਹੁੰਦੇ ਹਨ, ਉਹ ਆਪਣੇ ਨੇੜਲੇ ਐਂਬੂਲੈਂਸ ਵਿਕਟੋਰੀਆ ਔਗਜ਼ਿਲਰੀ (ਸਹਾਇਕ ਸੰਸਥਾ) ਨੂੰ ਦਾਨ ਦੇ ਸਕਦੇ ਹਨ ਜਾਂ ਐਂਬੂਲੈਂਸ ਵਿਕਟੋਰੀਆ ਦੀ ਵੈੱਬਸਾਈਟ ਰਾਹੀਂ ਵੀ ਆਪਣਾ ਬਣਦਾ ਯੋਗਦਾਨ ਦੇ ਸਕਦੇ ਹਨ।

Related posts

ਦੇਸ਼ ਦੀ ਮੌਜੂਦਾ ਸਥਿਤੀ ਦੇ ਅੰਗ-ਸੰਗ !

admin

ਕਿਸਾਨਾਂ ਨੂੰ ਗੁੰਮਰਾਹ ਕੌਣ ਕਰਦੈ ?

admin

ਪੰਜਾਬ ਦੀ ਧਰਾਤਲ ਨਾਲ ਜੁੜੀ ਇੱਕ ਰੁਮਾਂਟਿਕ ਤੇ ਐਕਸ਼ਨ ਭਰਪੂਰ ਫ਼ਿਲਮ ਹੋਵੇਗੀ ‘ਉੱਚਾ ਪਿੰਡ’

admin