Articles

ਪ੍ਰਧਾਨ ਮੰਤਰੀ ਦੀ ਫੇਰੀ ਕਾਰਣ ਹੋਇਆ ਬਦਲਾਅ ਹਮੇਸ਼ਾਂ ਬਰਕਰਾਰ ਰਹੇ !

ਪੀਜੀਆਈ ਚੰਡੀਗੜ੍ਹ।
ਲੇਖਕ: ਮੇਜਰ ਸਿੰਘ ਨਾਭਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੰਡੀਗੜ੍ਹ 17 ਜੁਲਾਈ 2026 ਦੀ ਫੇਰੀ ਤੋਂ ਇੱਕ ਦਿਨ ਪਹਿਲਾਂ ਮੈਂ ਨਵੀਂ ਓ.ਪੀ.ਡੀ. ਵਿੱਚ ਐਨ.ਐਮ.ਡੀ. ਵਿਭਾਗ ‘ਚ ਮੇਰੇ ਕਰ ਰਹੇ ਇਲਾਜ਼ ਨਾਲ ਸਬੰਧਤ ਡਾਕਟਰ ਨੇ ਰੈਫਰ ਕੀਤੀ ਸਲਾਹ ਸਬੰਧਤ ਡਾਕਟਰ ਤੋਂ ਲੈਣੀ ਸੀ। ਪਹਿਲੀ ਵਾਰ ਮੈਂ ਪੀ.ਜੀ.ਆਈ. ਦਾ ਆਲਾ ਦੁਆਲਾ ਜੰਗੀ ਪੱਧਰ ਤੇ ਸਾਫ ਹੁੰਦਾ ਦੇਖਿਆ। ਕੁਝ ਨੂੰ ਛੱਡ ਕੇ ਬਹੁਤੇ ਫੜ੍ਹੀਆਂ ਵਾਲੇ ਪ੍ਰਸ਼ਾਂਸ਼ਨ ਨੇ ਉਥੋਂ ਹਟਾਏ ਹੋਏ ਸਨ। ਸੜਕਾਂ ਦੇ ਕਿਨਾਰੇ ਕਾਫੀ ਹੱਦ ਤੱਕ ਸਾਫ ਅਤੇ ਖੁੱਲ੍ਹੈ ਦਿਖਾਈ ਦਿੰਦੇ ਸਨ, ਹੁਣ ਪੈਦਲ ਲੰਘਣਾ ਸੌਖਾ ਸੀ। ਸੜਕਾਂ ਤੋਂ ਮਿੱਟੀ ਤੱਕ ਚੁੱਕ ਕੇ ਲਿਜਾਈ ਜਾ ਰਹੀ ਸੀ। ਪਤਾ ਲੱਗਾ ਕਿ  ਪ੍ਰਧਾਨ ਮੰਤਰੀ ਨੇ ਇਥੇ ਕਈ ਨਵੇਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਾ ਸੀ। ਪ੍ਰਸ਼ਾਸ਼ਨ ਨੂੰ ਇਸੇ ਤਰ੍ਹਾਂ ਰੋਜ਼ਾਨਾ ਆਲੇ ਦੁਆਲੇ ਦੀ  ਸਫਾਈ ਅਤੇ ਲੋਕਾਂ ਦੀ ਸਹੂਲਤ ਲਈ ਰਸਤੇ ਖੁੱਲ੍ਹੇ ਰੱਖਣੇ ਚਾਹੀਦੇ ਹਨ। ਫਿਰ ਵੀ ਕਈ ਫਰੂਟ ਵਾਲੇ, ਚਾਹ ਵਾਲੇ, ਸਮੋਸੇ ਵਾਲੇ ਗਿਆਰਾਂ ਦੀ ਮਾਰਕੀਟ ਵਿੱਚ ਉਪਨ ‘ਚ ਆਪਣੀ ਦੁਕਾਨਦਾਰੀ ਚਲਾ ਰਹੇ ਸਨ। ਪ੍ਰਸ਼ਾਸ਼ਨ ਦੀ ਉਨ੍ਹਾਂ ਉੱਪਰ ਜਰੂਰ ਸਵੱਲੀ ਨਜ਼ਰ ਹੋਵੇਗੀ। ਮੈਂ ਸਵੇਰੇ ਅੱਠ ਵਜੇ ਕਰੀਬ ਪਹੁੰਚ ਐਨੀ ਵੱਡੀ ਗਿਣਤੀ ਵਿੱਚ ਮਰੀਜ਼ ਦੇਖ ਹੈਰਾਨ ਹੋਇਆ, ਗੇਟ ਵੜ੍ਹਦੇ ਹੀ ਲੰਘਣ ਲਈ ਕੋਈ ਸਿੱਧਾ ਰਸਤਾ ਨਹੀਂ ਸੀ ਇੱਕ ਦੂਜੇ ਨਾਲ ਖਹਿ ਕੇ ਹੀ ਲੰਘਿਆ ਜਾਂਦਾ ਸੀ । ਇਥੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਨਵੀਆਂ ਨਵੀਆਂ ਬਿਮਾਰੀਆਂ ਨਾਲ ਪੀੜ੍ਹਤ ਮਰੀਜ਼ ਵੱਖ-ਵੱਖ ਵਿਭਾਗਾਂ ਵਿੱਚ ਹਜ਼ਾਰਾਂ ਵਿੱਚ ਦਿਖਾਈ ਦੇਂਦੇ ਹਨ।

ਮੈਂ ਪਿਛਲੇ ਛੇ ਸਾਲਾਂ ਤੋਂ ਪੀ.ਜੀ.ਆਈ. ਚੰਡੀਗੜ੍ਹ ਤੋਂ ਆਪਣੀ ਕੈਂਸ਼ਰ ਦੀ ਬਿਮਾਰੀ ਦਾ ਇਲਾਜ ਕਰਵਾ ਰਿਹਾ ਹਾਂ। ਇਥੇ ਭਾਰਤ ਦੇ ਸਾਰੇ ਰਾਜਾਂ ਦੇ ਮਰੀਜ਼ ਇਲਾਜ਼ ਕਰਵਾਉਣ ਆਉਂਦੇ ਹਨ। ਮਰੀਜ਼ਾਂ ਦੀ ਗਿਣਤੀ ਵੱਧਦੀ ਦੇਖ ਪਿਛਲੇ ਸਮੇਂ ਨਵੀਂ ਓ.ਪੀ.ਡੀ. ਮਰੀਜ਼ਾਂ ਨੂੰ ਬੇਹਤਰ ਸੇਵਾਵਾਂ ਦੇਣ ਲਈ ਖੋਲ੍ਹੀ ਗਈ। ਇਥੇ ਵੀ ਹਜ਼ਾਰਾਂ ਮਰੀਜ਼ਾਂ ਦੀ ਲੰਬੀਆਂ ਲਾਈਨਾਂ ਵੱਖ-ਵੱਖ ਕਾਊਂਟਰਾਂ ਤੇ ਸਵੇਰੇ ਹੀ  ਇਲਾਜ਼ ਲੈਣ ਲਈ ਨਵੇਂ ਕਾਰਡ ਬਣਾਉਣ ਜਾਂ ਐਂਟਰੀ ਕਰਵਾਉਣ ਨੂੰ ਦੇਖਣ ਨੂੰ ਮਿਲਦੀਆਂ ਹਨ ਮੈਨੂੰ ਵੀ ਦੋ ਘੰਟੇ ਕਾਰਡ ਬਣਵਾਉਣ ਲਈ ਲੱਗੇ। ਇਨ੍ਹਾਂ ਕਾਊਂਟਰਾਂ ਨੂੰ ਵੀ ਵਧਾਉਣ ਦੌ ਲ਼ੋੜ ਹੈ। ਅਗਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 4700 ਕਰੋੜ ਤੋਂ ਵੱਧ ਰੁਪਏ ਦੇ ਚੰਡੀਗੜ੍ਹ ਵਿੱਚ ਨਵੇਂ ਪ੍ਰੋਜੈਕਟਾਂ ਲਈ ਉਦਘਾਟਨ ਕੀਤੇ ਹਨ। ਹੋਰ ਵਧੇਰੇ ਵਧੀਆ ਸਿਹਤ ਸੰਭਾਲ ਲਈ ਪੀ.ਜੀ.ਆਈ. ਵਿੱਚ ਅਡਵਾਂਸਿਡ ਮਦਰ ਐਂਡ ਚਾਈਲਡ ਸੈਂਟਰ ਅਤੇ ਅਡਵਾਂਸਿਡ ਨਿਊਰੋਸਾਇੰਸਜ਼ ਸੈਂਟਰ ਦਾ ਉਦਘਾਟਨ ਕੀਤਾ। ਉਨ੍ਹਾਂ ਨੇ 150 ਬੈਡ ਸਟੇਟ ਆਫ ਦਾ ਆਰਟ ਕਰਿਟੀਕਲ ਕੇਅਰ ਬਲਾਕ ਦਾ ਨੀਂਹ ਪੱਥਰ ਵੀ ਰੱਖਿਆ ਇਸ ਨਾਲ ਉੱਤਰੀ ਖਿੱਤੇ ਦੇ ਮਰੀਜ਼ਾਂ ਨੂੰ ਰਾਹਤ ਮਿਲੇਗੀ। ਹੋਰ ਸਹੂਲਤਾਂ ਵੀ ਸਮੇਂ ਦੀ ਲੋੜ ਅਨੁਸਾਰ ਦੇਣੀਆਂ ਬਣਦੀਆਂ ਹਨ ਜਿਵੇਂ ਪਾਰਕਿੰਗ ਦੀ ਘਾਟ ਕਾਰਨ ਮਰੀਜ਼ਾਂ ਨਾਲ ਆਏ ਲੋਕਾਂ ਨੂੰ  ਬਾਹਰ ਸੜਕ ਕਿਨਾਰੇ ਆਪਣੇ ਰਿਸਕ ਤੇ ਹੀ ਗੱਡੀ ਖੜ੍ਹਾਉਣੀ ਪੈਂਦੀ ਹੈ। ਬਾਹਰਲੀ ਮੇਨ ਸੜਕ ਦੇ ਦੋਹੀਂ ਪਾਸੇ ਵਾਹਨਾਂ ਖੜ੍ਹੇ ਹੁੰਦੇ ਹਨ, ਕਈ ਵਾਹਨ ਅੱਧੇ ਸੜਕ ਅਤੇ ਅੱਧੇ ਫੁੱਟ ਪੱਥ ਤੇ ਖੜ੍ਹੇ ਹੁੰਦੇ ਹਨ। ਇਸ ਨਾਲ ਫੁੱਟ ਪੱਥ ਦੀਆਂ ਟਾਈਲਾਂ ਵੀ ਟੁੱਟੀਆਂ ਜਾਂ ਉੱਖੜੀਆਂ ਹੋਈਆਂ ਹਨ।  ਜੇ ਇਸੇ ਤਰ੍ਹਾਂ ਪ੍ਰਸਾਸ਼ਨ ਅਗਿਆ ਦਿੰਦਾ ਹੈ ਤਾਂ ਇਸ ਥਾਂ ਨਿਸਚਿਤ ਪਾਰਕਿੰਗ ਹੀ ਕਿਉਂ ਨਹੀਂ ਬਣਾ ਦਿੱਤੀ ਜਾਂਦੀ, ਜਿਸ ਨਾਲ ਸੁਰੱਖਿਅਤ ਪੱਖੋਂ ਅਤੇ ਬੇਤਰਤੀਬੇ ਖੜ੍ਹੇ ਵਾਹਨਾਂ ਤਰਤੀਬ ‘ਚ ਖੜ੍ਹਨ ਦਾ ਵੀ ਪ੍ਰਬੰਧ ਹੋ ਜਾਵੇਗਾ। ਐਮਰਜੈਂਸੀ ਸਾਹਮਣੇ ਬਣੀ ਪਾਰਕਿੰਗ ਵਿੱਚ ਗੱਡੀ ਖੜ੍ਹਾ ਦੇਣ ਬਾਦ ਉਥੋਂ ਕੱਢਣੀ ਮੁਸਕਲ ਹੋ ਜਾਂਦੀ ਹੈ। ਪਾਰਕਿੰਗ ਸਟਾਫ ਦਾ ਕੋਈ ਤਰਤੀਬ ਵਿੱਚ ਗੱਡੀਆਂ ਨੂੰ ਖੜ੍ਹਵਾਉਣ ਲਈ ਸਟਾਫ ਮੈਂਬਰ ਗਾਈਡ ਨਹੀਂ ਕਰਦਾ, ਕਈ ਵਾਰੀ ਤਾਂ ਜਗ੍ਹਾ ਨਾ ਮਿਲਣ ਤੇ ਵਾਪਸ ਬਾਹਰ ਆਉਣਾ ਪੈਂਦਾ ਹੈ। ਜੇਕਰ ਮਰੀਜ਼ ਆਪ ਗੱਡੀ ਲਿਜਾਂਦਾ ਹੈ ਤਾਂ ਉਸ ਨੂੰ ਗੱਡੀ ਖੜ੍ਹਾਉਣ ‘ਚ ਵੱਧ ਸਮਾਂ ਲੱਗਣ ਤੇ ਡਾਕਟਰ ਨੂੰ ਮਿਲਣ ਦੀ ਵਾਰੀ ਲੇਟ ਹੋ ਜਾਂਦੀ ਹੈ। ਇਹ ਸਾਰੀ ਜਗ੍ਹਾਂ ਕੱਚੀ ਹੈ, ਇਥੇ ਖਾਣ ਪੀਣ ਦੀਆਂ ਚੀਜ਼ਾਂ ਦੇ ਸੁੱਟਣ ਲਈ ਕੋਈ ਪ੍ਰਬੰਧ ਨਹੀਂ ਸਾਰੀ ਪਾਰਕਿੰਗ ਗੰਦੇ ਫੋਕਟ ਸਮਾਨ ਨਾਲ ਭਰੀ ਹੋਈ ਹੈ, ਮੀਂਹ ਪੈਣ ਤੇ ਅੰਦਰ ਜਾਣਾ ਅਤੇ ਬਾਹਰ ਆਉਣਾ ਬੜ੍ਹਾ ਮੁਸਕਲ ਹੁੰਦਾ ਹੈ ਅਤੇ ਦਰਗੰਧ ਵੀ ਨੱਕ ਨੂੰ ਮਿਲਦੀ ਹੈ। ਪਾਰਕਿੰਗ ਦੀ ਸਫਾਈ ਵੱਲ ਕੋਈ ਧਿਆਨ ਨਹੀਂ। ਕਈ ਕਈ ਦਿਨ ਦੀਆਂ ਖੜ੍ਹੀਆਂ ਗੱਡੀਆਂ ਉੱਪਰ ਮਿੱਟੀ ਜੰਮ ਜਾਂਦੀ ਹੈ ਇਸ ਲਈ ਇਹ ਪਾਰਕਿੰਗ ਲਈ ਸੈੱਡ ਦਾ ਪ੍ਰਬੰਧ ਅਤੇ ਕੱਚੀ ਜਗ੍ਹਾ ਨੂੰ ਪੱਕੀ ਕਰਕੇ ਤਰਤੀਬ ਨਾਲ ਗੱਡੀਆਂ ਖੜ੍ਹਾਉਣ ਦੀ ਵਿਵਸਥਾ ਹੋਣੀ ਚਾਹੀਦੀ ਹੈ। ਨਵੀਂ ਓ.ਪੀ.ਡੀ. ਨੇੜਲੀ ਬਹੁ-ਮੰਜਲੀ ਪਾਰਕਿੰਗ ਅਜੇ ਅਧੂਰੀ ਹੈ, ਉਸ ਦੀਆਂ ਮੰਜ਼ਲਾਂ ਹੋਰ ਵਧਾਈਆਂ ਜਾ ਸਕਦੀਆਂ ਹਨ ।ਇਥੇ ਪਾਰਕਿੰਗਾਂ ਦੀ ਫੀਸ ਜਰੂਰ 10 ਰੁਪਏ ਹੈ ਜੇ ਡਬਲ ਵੀ ਹੋਵੇ ਤਾਂ ਕੋਈ ਜ਼ਿਆਦਾ ਨਹੀਂ ਜਿਸ ਨਾਲ ਬੇਹਤਰ ਸਹੂਲਤਾਂ ਦਿੱਤੀਆਂ ਜਾ ਸਕਦੀਆਂ ਹਨ ।ਗਿਆਰਾਂ ਸੈਕਟਰ ਦੀ ਮਾਰਕੀਟ ਵਿੱਚ ਵੀ ਦਵਾਈਆਂ ਦੀਆਂ ਦੁਕਾਨਾਂ ਮੂਹਰੇ ਵਾਹਨਾਂ ਦੀ ਭਰਮਾਰ ਹੁੰਦੀ ਹੈ। ਬਹੁਤ ਸਾਰੇ ਲੋਕ ਇਥੇ ਹੀ ਖਾਲੀ ਜਗ੍ਹਾ ਦੇਖ ਆਪਣਾ ਵਾਹਨ ਖੜ੍ਹਾ ਕਰ ਜਾਂਦੇ ਹਨ। ਸਾਰਾ ਦਿਨ ਵਾਹਨ ਇਥੇ ਹੀ ਖੜ੍ਹਾ ਰਹਿੰਦਾ ਹੈ। ਅੰਦਰ ਜਗ੍ਹਾ ਨਾ ਹੋਣ ਕਾਰਨ ਦਵਾਈਆਂ ਲੈਣ ਵਾਲਿਆਂ ਨੂੰ ਸੜਕ ‘ਤੇ ਹੀ ਵਾਹਨ ਖੜ੍ਹਾ ਕੇ ਆਉਣਾ ਪੈਂਦਾ ਹੈ, ਇਸ ਤਰ੍ਹਾਂ ਦਵਾਈਆਂ ਲੈਣ ਦੀ ਵੀ ਸਮੱਸਿਆ ਆਉਂਦੀ ਹੈ। ਇਹ ਪਾਰਕਿੰਗ ਦੀ ਘਾਟ ਸਦਕਾ ਹੀ ਹੈ।

ਆਮ ਦਿਨਾਂ ਵਿੱਚ ਇਥੇ ਫਰੂਟ ਵਾਲੇ, ਚਾਹ ਵਾਲੇ, ਹੋਰ ਵਸਤਾਂ ਵੇਚਣ ਵਾਲੇ ਆਮ ਫੁੱਟ ਪੱਥਾਂ ਉੱਪਰ ਖੜ੍ਹੇ ਨਜ਼ਰ ਆਉਂਦੇ, ਖਾਣ ਵਾਲੀਆਂ ਵਸਤਾਂ ਨੰਗੀਆਂ ਰੱਖੀਆਂ ਹੁੰਦੀਆਂ ਹਨ ਜੋ ਲੋਕ ਆਪਣੇ ਮਰੀਜ਼ਾਂ ਲਈ ਖਰੀਦ ਕੇ ਲੈ ਜਾਂਦੇ ਹਨ। ਪੀ.ਜੀ.ਆਈ. ਅੰਦਰ ਫਰੂਟ ਅਤੇ ਹੋਰ ਖਾਣ ਪੀਣ ਦੀਆਂ ਦੁਕਾਨਾਂ ਵੀ ਨਿਸਚਿਤ ਯੋਗ ਜਗ੍ਹਾ ‘ਤੇ ਹੋਣੀਆਂ ਚਾਹੀਦੀਆਂ ਹਨ। ਫੁੱਟ-ਪੱਥਾਂ ਦੀਆਂ ਟਾਈਲਾਂ ਵੀ ਉੱਖੜੀਆਂ ਹੋਈਆਂ ਹਨ, ਗਰਿੱਲਾਂ ਟੱਟੀਆਂ ਹੋਈਆਂ ਹਨ, ਰੰਗ ਰੋਗਨ ਦੀ ਘਾਟ ਹੈ। ਮਰੀਜ਼ਾਂ ਵਾਂਗ ਪੀ.ਜੀ.ਆਈ. ਦਾ ਆਲਾ ਦੁਆਲਾ ਵੀ ਮੁਰਝਾਇਆ ਪਿਆ ਹੈ, ਫੁੱਲਾਂ ਵਾਲੇ ਪੌਦੇ ਬਾਹਰਲੀ ਦਿੱਖ ਨੂੰ ਨਿਖਾਰ ਸਕਦੇ ਹਨ। ਸਿਹਤ ਸਹੂਲਤਾਂ ਦੇ ਨਾਲ ਪੀ.ਜੀ.ਆਈ. ਦਾ ਆਲਾ ਦੁਆਲਾ ਸਾਫ ਸੁੱਥਰਾ ਵੀ  ਹੋਣਾ ਚਾਹੀਦਾ ਹੈ। ਸੋ ਚੰਡੀਗੜ੍ਹ ਦੇ ਮੁੱਖ ਪ੍ਰਸਾਸਕ ਨੂੰ ਇਨ੍ਹਾਂ ਸਮੱਸਿਆਵਾਂ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ ਜੋ ਪ੍ਰਧਾਨ ਮੰਤਰੀ ਇੱਕ ਦਿਨ ਦੀ ਫੇਰੀ ਕਾਰਨ ਬਦਲਾਅ ਹੋਇਆ ਉਹ ਹਮੇਸ਼ਾ ਬਰਕਰਾਰ ਹੋਣਾ ਚਾਹੀਦਾ ਹੈ।

Related posts

ਕੇਸੀਸੀ ਦੇ ਨਾਮ ‘ਤੇ ਧੋਖਾਧੜੀ: ਨਿੱਜੀ ਬੈਂਕਾਂ ਦੀ ਲੁਟੇਰੀ ਪੂੰਜੀਵਾਦ ਅਤੇ ਕਿਸਾਨਾਂ ਦੀ ਲੁੱਟ !

admin

ਆਸਟ੍ਰੇਲੀਆ ਵਿੱਚ ਮਹਿੰਗਾਈ ਕਾਰਣ ਜੀਉਣਾ ਔਖਾ !

admin

ਕੈਥੋਲਿਕ ਈਸਾਈ ਧਾਰਮਿਕ ਆਗੂ ਪੋਪ ਫਰਾਂਸਿਸ ਦਾ ਪੂਰਾ ਜੀਵਨ ਸਾਦਗੀ ਤੇ ਪਰਮਾਤਮਾ ਦੀ ਸੇਵਾ ਨੂੰ ਸਮਰਪਿਤ ਸੀ ! 

admin