ਅੰਮ੍ਰਿਤਸਰ – ਖਾਲਸਾ ਕਾਲਜ ਗਵਰਨਿੰਗ ਕੌਂਸਲ ਨੂੰ ਵਾਤਾਵਰਣ ਪੱਖੀ ਅਤੇ ਸਾਫ਼-ਸੁਥਰੇ ਊਰਜੀ ਸਰੋਤਾਂ ਨੂੰ ਅਪਨਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਮਾਨਤਾ ਵਜੋਂ ਦਿੱਲੀ ਸਥਿਤ ਵਿਸ਼ਵ ਪੱਧਰੀ ਵਾਤਾਵਰਣ ਸੰਭਾਲ ਸੰਸਥਾ ‘ਅਰਥਡੇਅ ਡਾਟ ਓਆਰਜੀ’ ਵੱਲੋਂ ‘ਪਲੈਨੈੱਟ ਸਟਾਰਸ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਪੁਰਸਕਾਰ ਇਤਿਹਾਸਕ ਖਾਲਸਾ ਕਾਲਜ ਅਤੇ ਹੋਰਨਾਂ ਖਾਲਸਾ ਅਦਾਰਿਆਂ ਦੇ ਕੈਂਪਸਾਂ ਵਿਖੇ ਸਫਲਤਾਪੂਰਵਕ ਸੂਰਜੀ ਊਰਜਾ ਅਪਨਾਉਣ ਅਤੇ ਸਿੱਖਿਆ ਦੇ ਖੇਤਰ ’ਚ ਵਾਤਾਵਰਣ ਸਥਿਰਤਾ ਨੂੰ ਉਤਸ਼ਾਹਿਤ ਕਰਨ ਲਈ ਦਿੱਤਾ ਗਿਆ ਹੈ।
ਖਾਲਸਾ ਸੰਸਥਾਵਾਂ ਨੇ ਲਗਭਗ 10 ਸਾਲ ਪਹਿਲਾਂ ਭਾਵ ਸਾਲ 2016 ’ਚ ਸੂਰਜੀ ਊਰਜਾ ਲਈ ਦਿੱਲੀ ਸਥਿਤ ‘ਐਮਪਲਸ ਐਨਰਜ਼ੀ ਸਲਿਊਸ਼ਨਸ’ ਨਾਲ ਸਮਝੌਤਾ ਕੀਤਾ ਸੀ। ਇਸ ਤਹਿਤ ਛੇ ਕਾਲਜਾਂ ਅਤੇ ਸਕੂਲ ਕੈਂਪਸਾਂ ਵਿਖੇ ਸੂਰਜੀ ਪੈਨਲਾਂ ਰਾਹੀਂ ਲਗਭਗ 700 ਕਿਲੋਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਇਸ ਉਪਰਾਲੇ ਨਾਲ ਨਾ ਸਿਰਫ਼ ਵਾਤਾਵਰਣ ਦੀ ਸੁਰੱਖਿਆ ’ਚ ਯੋਗਦਾਨ ਪਿਆ ਹੈ, ਸਗੋਂ ਗਵਰਨਿੰਗ ਕੌਂਸਲ ਨੂੰ ਆਰਥਿਕ ਤੌਰ ’ਤੇ ਵੀ ਵੱਡਾ ਫ਼ਾਇਦਾ ਹੋਇਆ ਹੈ ਅਤੇ ਸਸਤੀ ਊਰਜਾ ਦੀ ਵਰਤੋਂ ਕਰਕੇ ਕਰੋੜਾਂ ਰੁਪਏ ਦੀ ਬਚਤ ਹੋਈ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਜੁਆਇੰਟ ਸਕੱਤਰ (ਵਿੱਤ) ਸ: ਗੁਨਬੀਰ ਸਿੰਘ ਦੀ ਮੌਜ਼ੂਦਗੀ ’ਚ ਅਰਥਡੇਅਡਾਟਓਆਰਜੀ ਦੀ ਰੀਜਨਲ ਡਾਇਰੈਕਟਰ (ਏਸ਼ੀਆ) ਸ੍ਰੀਮਤੀ ਕਰੁਣਾ ਏ. ਸਿੰਘ ਵੱਲੋਂ ਉਕਤ ਪੁਰਸਕਾਰ ਸੌਂਪਣ ਸਮੇਂ ਕੀਤਾ ਗਿਆ। ਇਸ ਮੌਕੇ ਸ੍ਰੀਮਤੀ ਸਿੰਘ ਨੇ ਕਿਹਾ ਕਿ ਉਨ੍ਹਾਂ ਦੁਆਰਾ ਗਵਰਨਿੰਗ ਕੌਂਸਲ ਨੂੰ ਇਸ ਐਵਾਰਡ ਲਈ ਚੁਣ ਕੇ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸ ਸਾਲ ਇਤਿਹਾਸਕ ਖਾਲਸਾ ਕਾਲਜ ਚੈਰੀਟੇਬਲ ਸੋਸਾਇਟੀ ਨੂੰ ਇਸ ਪੁਰਸਕਾਰ ਲਈ ਚੁਣ ਕੇ ਬਹੁਤ ਖੁਸ਼ੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਖਾਲਸਾ ਸੰਸਥਾਵਾਂ ਸੂਰਜੀ ਊਰਜਾ ਨਾਲ ਆਪਣੇ ਕੈਂਪਸ ਚਲਾਉਣ ਅਤੇ ਸਿੱਖਿਆ ’ਚ ਵਾਤਾਵਰਣਕ ਸਥਿਰਤਾ ਨੂੰ ਸ਼ਾਮਿਲ ਕਰਨ ਲਈ ਵਿਲੱਖਣ ਮਿਸਾਲ ਪੇਸ਼ ਕਰਦੀਆਂ ਹਨ। ਸ੍ਰੀਮਤੀ ਸਿੰਘ ਵਿਸ਼ੇਸ਼ ਤੌਰ ’ਤੇ ਦਿੱਲੀ ਤੋਂ ਅੰਮ੍ਰਿਤਸਰ ਪਹੁੰਚ ਕੇ ਸ: ਛੀਨਾ ਅਤੇ ਸ: ਗੁਨਬੀਰ ਸਿੰਘ ਨੂੰ ਇਹ ਪੁਰਸਕਾਰ ਸੌਂਪਣ ਲਈ ਆਏ ਸਨ। ਇਸ ਐਵਾਰਡ ’ਚ ਪ੍ਰਸ਼ੰਸਾ ਪੱਤਰ ਤੋਂ ਇਲਾਵਾ ਸਨਮਾਨ ਚਿੰਨ੍ਹ ਅਤੇ ਪੌਣ-ਚੱਕੀ (ਵਿੰਡਮਿਲ) ਦਾ ਇਕ ਮਾਡਲ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਾਤਾਵਰਣ ਪੱਖੀ ਉਪਰਾਲੇ ਸਾਡੀ ਧਰਤੀ ’ਤੇ ਸਕਾਰਾਤਮਕ ਪ੍ਰਭਾਵ ਪਾਉਣ ਦੇ ਨਾਲ-ਨਾਲ ਹੋਰਨਾਂ ਨੂੰ ਵੀ ਅਜਿਹੇ ਕਦਮ ਚੁੱਕਣ ਲਈ ਪ੍ਰੇਰਿਤ ਕਰਨਗੇ। ਉਨ੍ਹਾਂ ਨੇ ਕਾਰਬਨ-ਆਧਾਰਿਤ ਇੰਧਨਾਂ ਦੀ ਵਰਤੋਂ ਘਟਾਉਣ ਅਤੇ ਵਿਸ਼ਵ ਪੱਧਰ ’ਤੇ ਵੱਧ ਰਹੇ ਊਰਜਾ ਸੰਕਟ ਸਬੰਧੀ ਵਧੇਰੇ ਜਾਗਰੂਕਤਾ ਪੈਦਾ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ’ਚ ਸੂਰਜੀ ਊਰਜਾ ਦੀ ਵਰਤੋਂ ਨੂੰ ਵਧਾਉਣਾ ਬੇਹੱਦ ਜ਼ਰੂਰੀ ਹੈ ਅਤੇ ਸਿੱਖਿਆ ਸੰਸਥਾਵਾਂ ਇਸ ਖੇਤਰ ’ਚ ਮੋਹਰੀ ਭੂਮਿਕਾ ਨਿਭਾਅ ਸਕਦੀਆਂ ਹਨ।
ਇਸ ਮੌਕੇ ਸ: ਛੀਨਾ ਨੇ ਅਰਥਡੇਅ ਡਾਟ ਓਆਰਜੀ ਅਤੇ ਸ੍ਰੀਮਤੀ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਖਾਲਸਾ ਅਦਾਰਿਆਂ ਨੇ ਸੂਬੇ ਭਰ ’ਚ ਲਗਭਗ 10 ਸਾਲ ਪਹਿਲਾਂ ਹੀ ਸਿੱਖਿਆ ਖੇਤਰ ’ਚ ਸੂਰਜੀ ਊਰਜਾ ਅਪਣਾਉਣ ਦੀ ਪਹਿਲਕਦਮੀ ਕੀਤੀ ਸੀ। ਉਨ੍ਹਾਂ ਕਿਹਾ ਕਿ 700 ਕਿਲੋਵਾਟ ਦੀ ਸਮਰੱਥਾ ਵਾਲੇ ਸੂਰਜੀ ਪੈਨਲ ਸਥਾਪਿਤ ਕਰਕੇ ਸਾਫ਼ ਊਰਜਾ ਵੱਲ ਕਦਮ ਵਧਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਨਾਲ ਉਕਤ ਸੰਸਥਾਵਾਂ ਨੂੰ ਕਰੋੜਾਂ ਰੁਪਏ ਦੀ ਬਚਤ ਹੋਈ ਹੈ, ਕਿਉਂਕਿ ਉਨ੍ਹਾਂ ਨੂੰ ਬਿਜਲੀ ਲਗਭਗ 4 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਮਿਲ ਰਹੀ ਹੈ ਅਤੇ ਪੂਰੀ ਸਥਾਪਨਾ ਮੁਫ਼ਤ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਜਦੋਂ ਇਹ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਸੀ ਤਾਂ ਸੰਸਥਾਵਾਂ ਦੀਆਂ ਊਰਜਾ ਲੋੜਾਂ ਦਾ ਵੱਡਾ ਹਿੱਸਾ ਇਸੇ ਸੂਰਜੀ ਊਰਜਾ ਪ੍ਰਣਾਲੀ ਰਾਹੀਂ ਪੂਰਾ ਹੋ ਰਿਹਾ ਸੀ, ਜੋ ਕਿ ਅਜੇ ਵੀ ਜਾਰੀ ਹੈ।
ਇਸ ਮੌਕੇ ਸ: ਗੁਨਬੀਰ ਸਿੰਘ ਨੇ ਵੀ ਧੰਨਵਾਦ ਕਰਦਿਆਂ ਕਿਹਾ ਕਿ ਸਮੇਂ ਦੇ ਨਾਲ ਊਰਜਾ ਦੀਆਂ ਲੋੜਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਸੂਰਜੀ ਊਰਜਾ ਦੀ ਮੌਜੂਦਾ ਸਮਰੱਥਾ ’ਚ ਹੋਰ ਵਾਧਾ ਕਰਨ ਲਈ ਜੁਆਇੰਟ ਸਕੱਤਰ (ਬਿਲਡਿੰਗਜ਼) ਸ: ਪਰਮਜੀਤ ਸਿੰਘ ਬੱਲ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਸਦਕਾ ਵਿਚਾਰ-ਵਟਾਂਦਰਾ ਚੱਲ ਰਿਹਾ ਹੈ ਅਤੇ ਸੂਰਜੀ ਊਰਜਾ ਦੇ ਉਤਪਾਦਨ ਨੂੰ ਹੋਰ ਵਧਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ।
