Punjab

‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ’ਤੇ ਰਾਸ਼ਟਰੀ ਵਰਕਸ਼ਾਪ ਕਰਵਾਈ ਗਈ

ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਸ ਵਿਖੇ ਕਰਵਾਈ ਗਈ ਵਰਕਸ਼ਾਪ ਦਾ ਦ੍ਰਿਸ਼।

ਅੰਮ੍ਰਿਤਸਰ – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ ਆਫ਼ ਲਾਈਵਸਟਾਕ ਪ੍ਰੋਡਕਟਸ ਟੈਕਨਾਲੋਜੀ (ਐੱਲ. ਪੀ. ਟੀ.) ਵੱਲੋਂ ਇੰਡੀਅਨ ਮੀਟ ਸਾਇੰਸ ਐਸੋਸੀਏਸ਼ਨ (ਆਈ. ਐੱਮ. ਐੱਸ. ਏ.), ਹੈਦਰਾਬਾਦ ਦੇ ਸਹਿਯੋਗ ਨਾਲ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ ਰਾਹੀਂ ਫ਼ਾਰਮ ਦੀ ਮੁਨਾਫ਼ੇਦਾਰੀ ਵਧਾਉਣ’ ਵਿਸ਼ੇ ’ਤੇ ਰਾਸ਼ਟਰੀ ਵਰਕਸ਼ਾਪ ਕਰਵਾਈ ਗਈ।

ਪ੍ਰੋਗਰਾਮ ਦੀ ਸ਼ੁਰੂਆਤ ਕਾਲਜ ਵਿਦਿਆਰਥੀਆਂ ਦੁਆਰਾ ਸ਼ਬਦ ਗਾਇਨ ਕਰਨ ਉਪਰੰਤ ਪ੍ਰਿੰਸੀਪਲ ਡਾ. ਐੱਚ. ਕੇ. ਵਰਮਾ ਵੱਲੋਂ ਆਏ ਮਹਿਮਾਨਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ ਗਿਆ। ਇਸ ਮੌਕੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪ੍ਰਿੰ: ਡਾ. ਵਰਮਾ ਨੇ ਆਯੋਜਕ ਵਿਭਾਗ ਵੱਲੋਂ ਵੈਟਰਨਰੀ ਪੇਸ਼ੇਵਰਾਂ ਅਤੇ ਵਿਦਿਆਰਥੀਆਂ ’ਚ ਵਿਗਿਆਨਕ ਗਿਆਨ ਅਤੇ ਹੁਨਰ ਵਿਕਸਿਤ ਕਰਨ ਲਈ ਅਜਿਹੇ ਪ੍ਰੋਗਰਾਮ ਕਰਵਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਵਿਭਾਗ ਦੇ ਮੁਖੀ ਡਾ. ਵੀ. ਵੀ. ਕੁਲਕਰਨੀ ਨੇ ਸਵਾਗਤੀ ਭਾਸ਼ਣ ਦਿੱਤਾ।

ਇਸ ਮੌਕੇ ਡਾ. ਵਰਮਾ ਨੇ ਕਿਹਾ ਕਿ ਪਸ਼ੂ-ਪਾਲਣ ਪ੍ਰਬੰਧਨ ਸਬੰਧੀ ਵਿਗਿਆਨਕ ਜਾਣਕਾਰੀ ਹਾਸਲ ਕਰਨਾ ਨੌਜਵਾਨ ਵੈਟਰਨਰੀ ਡਾਕਟਰਾਂ ਲਈ ਬਹੁਤ ਮਹੱਤਵਪੂਰਨ ਹੈ, ਕਿਉਂਕਿ ਉਨ੍ਹਾਂ ਨੇ ਇਹ ਗਿਆਨ ਪਸ਼ੂ-ਪਾਲਕ ਕਿਸਾਨਾਂ ਤੱਕ ਪਹੁੰਚਾ ਕੇ ਉਨ੍ਹਾਂ ਨੂੰ ਵਿਗਿਆਨਕ ਪ੍ਰਬੰਧਨ ਤਰੀਕੇ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਬਿਮਾਰੀ, ਮੌਸਮ ਅਤੇ ਤਣਾਅ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ‘ਆਦਰਸ਼ ਪ੍ਰਬੰਧਨ’ ਦੇ ਨਾਲ-ਨਾਲ ‘ਰੋਕਥਾਮੀ ਉਪਾਵਾਂ’ ’ਤੇ ਵੀ ਬਰਾਬਰ ਧਿਆਨ ਦੇਣਾ ਜ਼ਰੂਰੀ ਹੈ।

ਇਸ ਮੌਕੇ ਵਿਭਾਗ ਆਫ਼ ਲਾਈਵਸਟਾਕ ਪ੍ਰੋਡਕਸ਼ਨ ਮੈਨੇਜਮੈਂਟ, ਵੈਟਰਨਰੀ ਕਾਲਜ, ਪੂਕੋਡੇ, ਕੇਰਲ ਤੋਂ ਮੁਖੀ ਡਾ. ਜੌਨ ਅਬ੍ਰਾਹਮ ਨੇ ‘ਨਵੀਨਤਾ, ਸਥਿਰਤਾ ਅਤੇ ਸਮਾਰਟ ਪ੍ਰਬੰਧਨ ਰਾਹੀਂ ਪਸ਼ੂ-ਪਾਲਣ ਪ੍ਰਬੰਧਨ ’ਚ ਬਦਲਾਅ’ ਵਿਸ਼ੇ ’ਤੇ ਵਿਸਥਾਰ ਨਾਲ ਚਾਨਣਾ ਪਾਇਆ। ਉਨ੍ਹਾਂ ਨੇ ਫਾਰਮਾਂ ਦੀ ਕਾਰਗੁਜ਼ਾਰੀ ਅਤੇ ਮੁਨਾਫ਼ੇਦਾਰੀ ਵਧਾਉਣ ਲਈ ਆਧੁਨਿਕ ਤਕਨਾਲੋਜੀ, ਵਿਗਿਆਨਕ ਪ੍ਰਬੰਧਨ ਤਰੀਕਿਆਂ ਅਤੇ ਟਿਕਾਊ ਉਤਪਾਦਨ ਪ੍ਰਣਾਲੀਆਂ ਨੂੰ ਅਪਣਾਉਣ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕੀਤੀ।

ਇਸੇ ਦੌਰਾਨ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਦੇ ਵਿਭਾਗ ਆਫ਼ ਲਾਈਵਸਟਾਕ ਪ੍ਰੋਡਕਸ਼ਨ ਮੈਨੇਜਮੈਂਟ ਦੇ ਵਿਗਿਆਨੀ ਡਾ. ਰਜਨੀਸ਼ ਨੇ ਸਾਥੀ ਪਸ਼ੂਆਂ, ਖਾਸ ਕਰਕੇ ਕੁੱਤਿਆਂ ਅਤੇ ਬਿੱਲੀਆਂ ਦੇ ਵਿਗਿਆਨਕ ਪ੍ਰਬੰਧਨ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਨੇ ਪਾਲਤੂ ਜਾਨਵਰਾਂ ਦੀ ਸਿਹਤ ਅਤੇ ਭਲਾਈ ਯਕੀਨੀ ਬਣਾਉਣ ਲਈ ਅਪਣਾਏ ਜਾਣ ਵਾਲੇ ਆਧੁਨਿਕ ਪ੍ਰਬੰਧਨ ਤਰੀਕਿਆਂ ਬਾਰੇ ਵੀ ਚਰਚਾ ਕੀਤੀ, ਜੋ ਮੌਜੂਦਾ ਸਮੇਂ ’ਚ ਪਾਲਤੂ ਜਾਨਵਰਾਂ ਦੇ ਮਾਲਕਾਂ ਲਈ ਇੱਕ ਮਹੱਤਵਪੂਰਨ ਵਿਸ਼ਾ ਹੈ।

ਡਾ. ਵਰਮਾ ਨੇ ਕਿਹਾ ਕਿ ਵਰਕਸ਼ਾਪ ’ਚ ਅਕਾਦਮਿਕ ਮਾਹਿਰਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਸਮੇਤ ਲਗਭਗ 90 ਵੈਟਰਨਰੀ ਡਾਕਟਰਾਂ ਨੇ ਭਾਗ ਲਿਆ। ਉਨ੍ਹਾਂ ਕਿਹਾ ਕਿ ਵਰਕਸ਼ਾਪ ਦੌਰਾਨ ਆਧੁਨਿਕ ਪਸ਼ੂ-ਪਾਲਣ ਪ੍ਰਬੰਧਨ ਤਰੀਕਿਆਂ ਰਾਹੀਂ ਟਿਕਾਊ ਖੇਤੀਬਾੜੀ ਨੂੰ ਯਕੀਨੀ ਬਣਾਉਣ, ਪਸ਼ੂਆਂ ਦੀ ਉਤਪਾਦਕਤਾ ਵਧਾਉਣ ਅਤੇ ਪਸ਼ੂ-ਪਾਲਕ ਕਿਸਾਨਾਂ ਦੀ ਆਰਥਿਕ ਆਮਦਨ ’ਚ ਵਾਧਾ ਕਰਨ ਸਬੰਧੀ ਵਿਚਾਰ-ਵਟਾਂਦਰਾ ਵੀ ਕੀਤਾ ਗਿਆ।

ਇਸ ਮੌਕੇ ਮਾਹਿਰਾਂ ਨੇ ਕਿਹਾ ਕਿ ਪਸ਼ੂ-ਪਾਲਣ ਖੇਤਰ ਦੀਆਂ ਬਦਲਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਨਾਲ-ਨਾਲ ਪਸ਼ੂ ਭਲਾਈ ਅਤੇ ਵਾਤਾਵਰਣਕ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਵਿਗਿਆਨ ਅਧਾਰਿਤ ਪ੍ਰਬੰਧਨ ਰਣਨੀਤੀਆਂ ਨੂੰ ਅਪਣਾਉਣਾ ਬਹੁਤ ਜ਼ਰੂਰੀ ਹੈ। ਸਮਾਪਤੀ ਸੈਸ਼ਨ ਦੌਰਾਨ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਡਾ. ਐੱਸ. ਕੇ. ਨਾਗਪਾਲ ਨੇ ਸਨਮਾਨ ਭਾਸ਼ਣ ਦਿੰਦਿਆਂ ਗਿਆਨ ’ਚ ਨਿਰੰਤਰ ਵਾਧੇ ਅਤੇ ਅਪਡੇਟ ਰਹਿਣ ਲਈ ਭਵਿੱਖ ’ਚ ਵੀ ਅਜਿਹੀਆਂ ਹੋਰ ਸੰਵਾਦਾਤਮਕ ਵਰਕਸ਼ਾਪਾਂ ਕਰਵਾਉਣ ਦੀ ਲੋੜ ’ਤੇ ਜ਼ੋਰ ਦਿੱਤਾ।

ਵਰਕਸ਼ਾਪ ਦੇ ਅੰਤ ’ਚ ਇੰਟਰਐਕਟਿਵ ਸੈਸ਼ਨ ਕਰਵਾਇਆ ਗਿਆ, ਜਿਸ ਦੌਰਾਨ ਵਿਦਿਆਰਥੀਆਂ ਨੇ ਮਾਹਿਰਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ ਨਾਲ ਸਬੰਧਿਤ ਵੱਖ-ਵੱਖ ਪਹਿਲੂਆਂ ਬਾਰੇ ਮਾਹਿਰਾਂ ਤੋਂ ਜਾਣਕਾਰੀ ਪ੍ਰਾਪਤ ਕੀਤੀ। ਅੰਤ ’ਚ ਐੱਲ.ਪੀ.ਟੀ. ਸਹਾਇਕ ਪ੍ਰੋਫੈਸਰ ਡਾ. ਸਾਕਸ਼ੀ ਸ਼ਰਮਾ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।

ਕੈਪਸ਼ਨ:¸

ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਸ ਵਿਖੇ ਕਰਵਾਈ ਗਈ ਵਰਕਸ਼ਾਪ ਦੌਰਾਨ ਸੰਬੋਧਨ ਕਰਦੇ ਹੋਏ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ। ਅਤੇ ਹੋਰ ਦ੍ਰਿਸ਼ ’ਚ ਆਏ ਮਹਿਮਾਨਾਂ ਨੂੰ ਸਨਮਾਨਿਤ ਕਰਦੇ ਹੋਏ ਡਾ. ਐੱਚ. ਕੇ. ਵਰਮਾ।

Related posts

ਕਰਾਰੀ ਹਾਰ ਤੋਂ ਬਾਅਦ ਬੜਬੋਲੇ ਨਵਜੋਤ ਸਿੰਘ ਸਿੱਧੂ ਨੇ ਧਾਰੀ ਚੁੱਪੀ

Bunty

ਉੁਪ ਮੁੱਖ ਮੰਤਰੀ ਦੇ ਹਲਕੇ ‘ਚ ਗੱਜੇ ਸੁਖਬੀਰ ਬਾਦਲ, ਕਿਹਾ- ਕਾਂਗਰਸ ਦੇ ਰਾਜ ‘ਚ ਪੰਜਾਬ ‘ਚ ਰਿਹਾ ਗੁੰਡਾ ਰਾਜ

Bunty

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ 10 ਜਨਵਰੀ ਨੂੰ ਆਰੰਭ ਹੋਵੇਗਾ ‘ਆਪੇ ਗੁਰੁ ਚੇਲਾ’ ਨਗਰ ਕੀਰਤਨ

Bunty