RMIT ਯੂਨੀਵਰਸਿਟੀ ਵੀਅਤਨਾਮ ਵਿੱਚ ਆਪਣਾ ਵਿਸਥਾਰ ਵੱਡੇ ਪੱਧਰ ’ਤੇ ਕਰਨ ਜਾ ਰਹੀ ਹੈ। ਵੀਅਤਨਾਮ ਸਰਕਾਰ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਯੂਨੀਵਰਸਿਟੀ ਵੱਲੋਂ ਹਨੋਈ ਵਿੱਚ ਨਵਾਂ ਕੈਂਪਸ ਬਣਾਉਣ ਅਤੇ ਸਾਈਗੌਨ ਸਾਊਥ ਕੈਂਪਸ ਦਾ ਵਿਸਥਾਰ ਤੇ ਨਵੀਨੀਕਰਨ ਕਰਨ ਦੀ ਯੋਜਨਾ ਹੈ।
ਯੂਨੀਵਰਸਿਟੀ ਨੂੰ ਹਨੋਈ ਲਈ ਇਨਵੈਸਟਮੈਂਟ ਰਜਿਸਟ੍ਰੇਸ਼ਨ ਸਰਟੀਫਿਕੇਟ (IRC) ਅਤੇ ਸਾਈਗੌਨ ਸਾਊਥ ਕੈਂਪਸ ਲਈ ਫੌਰਨ ਬ੍ਰਾਂਚ ਕੈਂਪਸ (FBC) ਲਾਇਸੈਂਸ ਮਿਲ ਗਿਆ ਹੈ। ਇਹ ਮਨਜ਼ੂਰੀਆਂ ਵੀਅਤਨਾਮ ਵਿੱਚ ਉੱਚ ਸਿੱਖਿਆ, ਖੋਜ ਅਤੇ ਨਵੀਆਂ ਤਕਨੀਕਾਂ ਦੇ ਵਿਕਾਸ ਵਿੱਚ ਅੰਤਰਰਾਸ਼ਟਰੀ ਸਿੱਖਿਆ ਦੀ ਵਧਦੀ ਮਹੱਤਤਾ ਨੂੰ ਦਰਸਾਉਂਦੀਆਂ ਹਨ। FBC ਲਾਇਸੈਂਸ ਨੂੰ ਇੱਕ ਮਹੱਤਵਪੂਰਨ ਪ੍ਰਾਪਤੀ ਮੰਨਿਆ ਜਾ ਰਿਹਾ ਹੈ। RMIT Vietnam ਵੀਅਤਨਾਮ ਦੀਆਂ ਉੱਚ ਸਿੱਖਿਆ ਸੁਧਾਰਾਂ ਤਹਿਤ ਮਨਜ਼ੂਰ ਹੋਣ ਵਾਲਾ ਪਹਿਲਾ ਵਿਦੇਸ਼ੀ ਬ੍ਰਾਂਚ ਕੈਂਪਸ ਬਣ ਗਿਆ ਹੈ। ਇਨ੍ਹਾਂ ਸੁਧਾਰਾਂ ਦਾ ਉਦੇਸ਼ ਵੀਅਤਨਾਮ ਦੀ ਉੱਚ ਸਿੱਖਿਆ ਨੂੰ ਹੋਰ ਅੰਤਰਰਾਸ਼ਟਰੀ ਬਣਾਉਣਾ ਹੈ। ਇਹ ਐਲਾਨ ਵੀਅਤਨਾਮ ਦੇ ਕੇਂਦਰੀ ਕਮੇਟੀ ਦੇ ਜਨਰਲ ਸਕੱਤਰ ਅਤੇ ਵੀਅਤਨਾਮ ਦੇ ਰਾਸ਼ਟਰਪਤੀ ਟੋ ਲਾਮ ਦੀ ਆਸਟ੍ਰੇਲੀਆ ਯਾਤਰਾ ਦੌਰਾਨ ਕੀਤਾ ਗਿਆ। ਇਸ ਮੌਕੇ RMIT ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਅਤੇ ਪ੍ਰੈਜ਼ੀਡੈਂਟ ਪ੍ਰੋਫੈਸਰ ਐਲੈਕ ਕੈਮਰਨ ਨੇ ਆਸਟ੍ਰੇਲੀਆ ਅਤੇ ਵੀਅਤਨਾਮ ਵਿਚਾਲੇ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਦੀ ਸੋਚ ਅਤੇ ਸਮਰਥਨ ਦੀ ਸ਼ਲਾਘਾ ਕੀਤੀ।
ਨਵੇਂ ਵਿਸਥਾਰ ਤੋਂ ਬਾਅਦ RMIT Vietnam ਦੀ ਹਨੋਈ ਵਿੱਚ ਸਮਰੱਥਾ ਤਿੰਨ ਗੁਣਾ ਹੋ ਜਾਵੇਗੀ। ਨਵਾਂ ਕੈਂਪਸ ਬਣਨ ਨਾਲ ਹੋਰ ਕੋਰਸ ਅਤੇ ਪ੍ਰੋਗਰਾਮ ਸ਼ੁਰੂ ਕੀਤੇ ਜਾ ਸਕਣਗੇ ਅਤੇ ਵੱਧ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਸਿੱਖਿਆ ਮਿਲ ਸਕੇਗੀ।
ਸਾਈਗੌਨ ਸਾਊਥ ਕੈਂਪਸ ਵਿੱਚ ਵੀ ਨਵੀਆਂ ਇਮਾਰਤਾਂ ਅਤੇ ਸਹੂਲਤਾਂ ਬਣਾਈਆਂ ਜਾਣਗੀਆਂ। ਇਸ ਨਾਲ ਪੜ੍ਹਾਈ, ਅਧਿਆਪਨ ਅਤੇ ਵਿਦਿਆਰਥੀਆਂ ਦੇ ਤਜਰਬੇ ਨੂੰ ਹੋਰ ਬਿਹਤਰ ਬਣਾਉਣ ਦੇ ਨਾਲ ਖੋਜ ਅਤੇ ਨਵੀਆਂ ਤਕਨੀਕਾਂ ਦੇ ਖੇਤਰ ਵਿੱਚ ਵੀ ਮੌਕੇ ਵਧਣਗੇ।
RMIT Vietnam ਦੀ ਸਥਾਪਨਾ 25 ਸਾਲ ਤੋਂ ਵੱਧ ਸਮਾਂ ਪਹਿਲਾਂ ਵੀਅਤਨਾਮ ਸਰਕਾਰ ਦੇ ਸੱਦੇ ’ਤੇ ਕੀਤੀ ਗਈ ਸੀ। ਇਹ ਦੇਸ਼ ਦੀ ਪਹਿਲੀ ਵਿਦੇਸ਼ੀ ਯੂਨੀਵਰਸਿਟੀ ਸੀ। ਹੁਣ ਤੱਕ RMIT Vietnam ਤੋਂ 28,500 ਤੋਂ ਵੱਧ ਵਿਦਿਆਰਥੀ ਪੜ੍ਹ ਕੇ ਨਿਕਲ ਚੁੱਕੇ ਹਨ। ਇਨ੍ਹਾਂ ਵਿੱਚੋਂ ਕਈ ਲੋਕ ਕਾਰੋਬਾਰ, ਤਕਨਾਲੋਜੀ, ਰਚਨਾਤਮਕ ਉਦਯੋਗ ਅਤੇ ਟਿਕਾਊ ਵਿਕਾਸ ਵਰਗੇ ਖੇਤਰਾਂ ਵਿੱਚ ਅਹਿਮ ਅਹੁਦਿਆਂ ’ਤੇ ਕੰਮ ਕਰ ਰਹੇ ਹਨ।
RMIT Vietnam ਇਸ ਸਮੇਂ ਸਥਾਨਕ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ 19 ਅੰਡਰਗ੍ਰੈਜੂਏਟ ਪ੍ਰੋਗਰਾਮਾਂ ਅਤੇ ਕਈ ਪੋਸਟਗ੍ਰੈਜੂਏਟ ਕੋਰਸਾਂ ਦੀ ਪੇਸ਼ਕਸ਼ ਕਰਦੀ ਹੈ। RMIT ਯੂਨੀਵਰਸਿਟੀ ਨੂੰ ਤਾਜ਼ਾ QS World University Rankings ਵਿੱਚ ਦੁਨੀਆ ਭਰ ਵਿੱਚ ਸਾਂਝੇ ਤੌਰ ’ਤੇ 119ਵਾਂ ਸਥਾਨ ਮਿਲਿਆ ਹੈ।
RMIT ਦੇ ਵਾਈਸ-ਚਾਂਸਲਰ ਅਤੇ ਪ੍ਰੈਜ਼ੀਡੈਂਟ ਪ੍ਰੋਫੈਸਰ ਐਲੈਕ ਕੈਮਰਨ ਨੇ ਕਿਹਾ ਕਿ ਇਹ ਮਨਜ਼ੂਰੀ ਯੂਨੀਵਰਸਿਟੀ ਅਤੇ ਵੀਅਤਨਾਮ ਵਿੱਚ ਇਸ ਦੀ ਲੰਬੀ ਮਿਆਦ ਦੀ ਭਾਈਵਾਲੀ ਲਈ ਇੱਕ ਇਤਿਹਾਸਕ ਮੌਕਾ ਹੈ। ਉਨ੍ਹਾਂ ਕਿਹਾ ਕਿ ਨਵਾਂ ਹਨੋਈ ਕੈਂਪਸ ਅਤੇ ਸਾਈਗੌਨ ਸਾਊਥ ਕੈਂਪਸ ਦਾ ਵਿਸਥਾਰ ਆਸਟ੍ਰੇਲੀਆ-ਵੀਅਤਨਾਮ ਸਬੰਧਾਂ ਵਿੱਚ ਸਿੱਖਿਆ ਦੀ ਭੂਮਿਕਾ ਨੂੰ ਹੋਰ ਮਜ਼ਬੂਤ ਕਰੇਗਾ।
RMIT Vietnam ਦੇ ਪ੍ਰੋ ਵਾਈਸ-ਚਾਂਸਲਰ ਅਤੇ ਜਨਰਲ ਡਾਇਰੈਕਟਰ ਪ੍ਰੋਫੈਸਰ ਸਕੌਟ ਥੌਮਪਸਨ-ਵਾਈਟਸਾਈਡ ਨੇ ਕਿਹਾ ਕਿ ਵੀਅਤਨਾਮ ਸਰਕਾਰ ਦੀ ਮਨਜ਼ੂਰੀ ਦੇਸ਼ ਪ੍ਰਤੀ RMIT ਦੀ ਲੰਬੀ ਮਿਆਦ ਦੀ ਵਚਨਬੱਧਤਾ ਵੱਲ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ ਕਿ ਨਵਾਂ ਹਨੋਈ ਕੈਂਪਸ ਅਤੇ ਵਿਸਥਾਰਿਤ ਸਾਈਗੌਨ ਸਾਊਥ ਕੈਂਪਸ ਵਿਦਿਆਰਥੀਆਂ ਅਤੇ ਸਥਾਨਕ ਭਾਈਚਾਰੇ ਦੀਆਂ ਵਧਦੀਆਂ ਲੋੜਾਂ ਨੂੰ ਪੂਰਾ ਕਰਨ ਵਿੱਚ ਮਦਦ ਕਰਨਗੇ।
