ਅੰਮ੍ਰਿਤਸਰ – ਖ਼ਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵੱਲੋਂ ‘ਰੱਖੜੀ ਪ੍ਰਦਰਸ਼ਨੀ ਕਮ-ਸੇਲ–2026’ ਦਾ ਆਯੋਜਿਤ ਕੀਤੀ ਗਈ। ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੇ ਸਹਿਯੋਗ ਨਾਲ ਕਰਵਾਏ ਗਏ ਉਕਤ ਪ੍ਰੋਗਰਾਮ ਦਾ ਮਕਸਦ ਵਿਦਿਆਰਥੀਆਂ ਨੂੰ ਆਪਣੀ ਰਚਨਾਤਮਕਤਾ, ਡਿਜ਼ਾਈਨਿੰਗ ਕੌਸ਼ਲ ਅਤੇ ਉੱਦਮੀ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਢੁਕਵਾਂ ਮੰਚ ਪ੍ਰਦਾਨ ਕਰਨਾ ਸੀ। ਜਿਸਦਾ ਉਦਘਾਟਨ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ. ਏ. ਯੂ.) ਦੇ ਡਾਇਰੈਕਟਰ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਵੱਲੋਂ ਕੀਤਾ ਗਿਆ, ਜਿਸ ’ਚ ਖ਼ਾਲਸਾ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਮਹਿਲ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਇਸ ਮੌਕੇ ਪ੍ਰਿੰ: ਡਾ. ਰੰਧਾਵਾ ਨੇ ਉਕਤ ਪ੍ਰੋਗਰਾਮ ਸਬੰਧੀ ਵਿਭਾਗ ਮੁਖੀ ਪ੍ਰੋ. ਜਸਮੀਤ ਕੌਰ, ਸਟਾਫ਼ ਅਤੇ ਵਿਦਿਆਰਥੀਆਂ ਦੁਆਰਾ ਕੀਤੇ ਗਏ ਯਤਨਾਂ, ਰਚਨਾਤਮਕਤਾ ਅਤੇ ਮਿਹਨਤ ਦੀ ਸ਼ਲਾਘਾ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਉਹ ਵਿਹਾਰਕ ਸਿੱਖਿਆ ਅਤੇ ਨਵੀਨਤਾਕਾਰੀ ਤਕਨੀਕਾਂ ਰਾਹੀਂ ਆਪਣੇ ਕੌਸ਼ਲ ਨੂੰ ਲਗਾਤਾਰ ਨਿਖਾਰਨ ਲਈ ਹਮੇਸ਼ਾਂ ਯਤਨਸ਼ੀਲ ਰਹਿਣ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਫੈਸ਼ਨ ਡਿਜ਼ਾਈਨਿੰਗ ਦੇ ਖੇਤਰ ’ਚ ਉੱਨਤ ਗਿਆਨ ਹਾਸਲ ਕਰਕੇ ਆਪਣੇ ਭਵਿੱਖ ਦੇ ਪੇਸ਼ੇਵਰ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ।
ਇਸ ਮੌਕੇ ਪ੍ਰਿੰ: ਡਾ. ਰੰਧਾਵਾ ਨੇ ਕਿਹਾ ਕਿ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਵੱਲੋਂ ਤਿਆਰ ਕੀਤੀਆਂ ਗਈਆਂ ਸੁੰਦਰ ਹੱਥ ਨਾਲ ਬਣੀਆਂ ਰੱਖੜੀਆਂ, ਗਿਫਟ ਹੈਂਪਰ, ਰੱਖੜੀ ਹੈਂਪਰ ਅਤੇ ਹੋਰ ਰਚਨਾਤਮਕ ਉਤਪਾਦ ਪ੍ਰਦਰਸ਼ਿਤ ਕੀਤੇ ਗਏ। ਉਨ੍ਹਾਂ ਕਿਹਾ ਕਿ ਇਸ ਮੌਕੇ ਵਿਦਿਆਰਥੀਆਂ ਨੂੰ ਉਤਪਾਦ ਡਿਜ਼ਾਈਨਿੰਗ, ਪ੍ਰਸਤੁਤੀਕਰਨ, ਮਾਰਕੀਟਿੰਗ ਅਤੇ ਵਿਕਰੀ ਦਾ ਵਿਹਾਰਕ ਤਜਰਬਾ ਵੀ ਪ੍ਰਦਾਨ ਕੀਤਾ ਗਿਆ।
ਇਸ ਦੌਰਾਨ ਡਾ. ਜੌੜਾ ਨੇ ਕਿਹਾ ਕਿ ਉਕਤ ਪ੍ਰਦਰਸ਼ਨੀ ਨੇ ਵਿਦਿਆਰਥੀਆਂ ਦੀ ਆਪਣੀਆਂ ਰਚਨਾਤਮਕ ਸੋਚਾਂ ਨੂੰ ਆਕਰਸ਼ਕ ਅਤੇ ਮਾਰਕੀਟ ’ਚ ਵਿਕਣਯੋਗ ਉਤਪਾਦਾਂ ’ਚ ਤਬਦੀਲ ਕਰਨ ਦੀ ਸਮਰੱਥਾ ਨੂੰ ਸਫਲਤਾਪੂਰਵਕ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਫੈਸ਼ਨ ਡਿਜ਼ਾਈਨਿੰਗ ਦੇ ਖੇਤਰ ’ਚ ਕੌਸ਼ਲ-ਅਧਾਰਿਤ ਅਤੇ ਅਨੁਭਵਾਤਮਕ ਸਿੱਖਿਆ ਦੀ ਮਹੱਤਤਾ ਨੂੰ ਵੀ ਪ੍ਰਮੁੱਖਤਾ ਨਾਲ ਦਰਸਾਇਆ ਗਿਆ। ਇਸ ਮੌਕੇ ਪ੍ਰੋ. ਜਸਮੀਤ ਕੌਰ ਨੇ ਆਏ ਸਮੂਹ ਮਹਿਮਾਨਾਂ, ਕਾਲਜ ਪ੍ਰਬੰਧਕਾਂ, ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਦਾ ਸਮਾਗਮ ਨੂੰ ਸਫਲ ਬਣਾਉਣ ਲਈ ਦਿੱਤੇ ਸਹਿਯੋਗ ਤੇ ਯੋਗਦਾਨ ਲਈ ਧੰਨਵਾਦ ਕੀਤਾ। ਇਸ ਮੌਕੇ ਡਾ. ਦਲਜੀਤ ਸਿੰਘ, ਡਾ. ਹਰਵਿੰਦਰ ਕੌਰ, ਡਾ. ਸਵਰਾਜ ਕੌਰ ਤੋਂ ਇਲਾਵਾ ਹੋਰ ਸਟਾਫ਼ ਤੇ ਵੱਡੀ ਗਿਣਤੀ ’ਚ ਵਿਦਿਆਰਥੀ ਹਾਜ਼ਰ ਸਨ।
