ਸਿਰਸਾ, (ਸਤੀਸ਼ ਬਾਂਸਲ) – ਪ੍ਰਸਿੱਧ ਪੰਜਾਬੀ ਕਵੀ ਹਰਿਭਜਨ ਸਿੰਘ ਰੇਣੂ ਦੀ ਯਾਦ ਵਿੱਚ ਪੰਜਾਬੀ ਲੇਖਕ ਸੰਘ, ਸਿਰਸਾ ਵੱਲੋਂ ਦਿੱਤਾ ਜਾਣ ਵਾਲਾ ‘ਹਰੀਭਜਨ ਸਿੰਘ ਰੇਣੂ ਯਾਦਗਾਰੀ ਪੁਰਸਕਾਰ’ ਆਲ ਇੰਡੀਆ ਪ੍ਰੋਗਰੈਸਿਵ ਰਾਈਟਰਜ਼ ਐਸੋਸੀਏਸ਼ਨ (ਪੀਡਬਲਯੂਏ) ਦੇ ਰਾਸ਼ਟਰੀ ਸਕੱਤਰ ਮੰਡਲ ਮੈਂਬਰ ਅਤੇ ਹਰਿਆਣਾ ਰਾਜ ਇਕਾਈ ਦੇ ਜਨਰਲ ਸਕੱਤਰ ਡਾ. ਹਰਵਿੰਦਰ ਸਿੰਘ ਸਿਰਸਾ ਨੂੰ ਭੇਟ ਕੀਤਾ ਜਾਵੇਗਾ।
ਇਹ ਫੈਸਲਾ ਪੰਜਾਬੀ ਲੇਖਕ ਸੰਘ, ਸਿਰਸਾ ਦੇ ਪ੍ਰਧਾਨ ਪਰਮਾਨੰਦ ਸ਼ਾਸਤਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਲਿਆ ਗਿਆ। ਇਸ ਜਾਣਕਾਰੀ ਦਾ ਖੁਲਾਸਾ ਕਰਦਿਆਂ, ਪੰਜਾਬੀ ਲੇਖਕ ਸੰਘ, ਸਿਰਸਾ ਦੇ ਸਕੱਤਰ ਸੁਰਜੀਤ ਸਿੰਘ ਸਿਰੜੀ ਅਤੇ ਵਿੱਤ ਸਕੱਤਰ ਅਨੀਸ਼ ਕੁਮਾਰ ਨੇ ਦੱਸਿਆ ਕਿ ਡਾ. ਹਰਵਿੰਦਰ ਸਿੰਘ ਸਿਰਸਾ ਨੂੰ ਇਹ ਪੁਰਸਕਾਰ 6 ਸਤੰਬਰ ਨੂੰ ਸ਼੍ਰੀ ਯੁਵਕ ਸਾਹਿਤ ਸਦਨ, ਸਿਰਸਾ ਵਿਖੇ ਆਯੋਜਿਤ ਹੋਣ ਵਾਲੇ ‘ਪੁਸਤਕ ਚਰਚਾ ਅਤੇ ਮਹਿਲਾ ਕਵੀ ਦਰਬਾਰ’ ਵਿਚ ਦਿੱਤਾ ਜਾਵੇਗਾ। ਇਸ ਮੌਕੇ ‘ਤੇ ਆਯੋਜਿਤ ਪੁਸਤਕ ਚਰਚਾ ਦੇ ਤਹਿਤ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੀ ਉਪ ਪ੍ਰਧਾਨ ਅਤੇ ਪ੍ਰਗਤੀਵਾਦੀ ਚਿੰਤਕ ਡਾ. ਅਰਵਿੰਦਰ ਕੌਰ ਕਾਕੜਾ, ਪੰਜਾਬੀ ਕਵਿਤਰੀ ਛਿੰਦਰ ਕੌਰ ਸਿਰਸਾ ਦੇ ਕਾਵਿ ਸੰਗ੍ਰਹਿ, “ਯਾਰੜੀਆਂ” ‘ਤੇ ਸਮੀਖਿਆ ਪੇਸ਼ ਕਰਨਗੇ। ਪ੍ਰੋਗਰਾਮ ਦੇ ਦੂਜੇ ਸੈਸ਼ਨ ਵਿੱਚ “ਨਾਰੀ ਕਵੀ ਦਰਬਾਰ” ਹੋਵੇਗਾ, ਜਿਸ ਵਿੱਚ ਨਰਿੰਦਰ ਪਾਲ ਕੌਰ, ਕਮਲ ਸੇਖੋਂ, ਰਾਜਵਿੰਦਰ ਕੌਰ ਜਟਾਣਾ, ਸਤਨਾਮ ਕੌਰ ਚੌਹਾਨ, ਰਣਜੀਤ ਕੌਰ ਸਵੀ, ਛਿੰਦਰ ਕੌਰ ਸਿਰਸਾ, ਕਰਮਜੀਤ ਦਿਓਣ ਅਤੇ ਡਾ. ਅਰਵਿੰਦਰ ਕੌਰ ਕਾਕੜਾ ਆਪਣੀਆਂ ਕਵਿਤਾਵਾਂ ਪੇਸ਼ ਕਰਨਗੇ। ਕਵੀ ਦਰਬਾਰ ਦਾ ਸੰਚਾਲਨ ਪੰਜਾਬੀ ਆਲੋਚਕ ਅਤੇ ਕਵਿਤਰੀ ਡਾ. ਹਰਮੀਤ ਕੌਰ ਕਰਨਗੇ। ਪ੍ਰੋਗਰਾਮ ਦੀ ਸ਼ੁਰੂਆਤ ਮਹਿਕ ਭਾਰਤੀ ਵੱਲੋਂ ਹਰਭਜਨ ਸਿੰਘ ਰੇਣੂ ਦੀ ਗ਼ਜ਼ਲ ਗਾਇਨ ਨਾਲ ਹੋਵੇਗੀ। ਪ੍ਰੋਗਰਾਮ ਦੀ ਪ੍ਰਧਾਨਗੀ ਪ੍ਰਸਿੱਧ ਲੇਖਕ ਅਤੇ ਬੁੱਧੀਜੀਵੀ ਚਿੰਤਕ ਕਾਮਰੇਡ ਸਵਰਨ ਸਿੰਘ ਵਿਰਕ ਕਰਨਗੇ। ਪੰਜਾਬੀ ਲੇਖਕ ਸਭਾ, ਸਿਰਸਾ ਦੇ ਅਹੁਦੇਦਾਰਾਂ ਨੇ ਸਿਰਸਾ ਅਤੇ ਆਸ ਪਾਸ ਦੇ ਸਾਰੇ ਸਾਹਿਤ ਪ੍ਰੇਮੀ ਬੁੱਧੀਜੀਵੀਆਂ ਨੂੰ ਇਸ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਆਪਣੀ ਮਾਣਮੱਤੀ ਹਾਜ਼ਰੀ ਲਗਾਉਣ ਲਈ ਬੇਨਤੀ ਕੀਤੀ ਹੈ।
