ਆਸਟ੍ਰੇਲੀਆ ਦੀ ਸਰਕਾਰ ਨੇ ਦੰਦਾਂ ਅਤੇ ਮੂੰਹ ਦੀ ਸਿਹਤ ਨਾਲ ਜੁੜੇ ਸੁਧਾਰਾਂ ਨੂੰ ਅੱਗੇ ਵਧਾਉਣ ਲਈ ਇੱਕ ਨਵਾਂ ਕੌਮੀ ਗਰੁੱਪ ਬਣਾਉਣ ’ਤੇ ਸਹਿਮਤੀ ਦਿੱਤੀ ਹੈ। Health Ministers Meeting ਦੌਰਾਨ ਮੰਤਰੀਆਂ ਨੇ National Oral Health and Dental Reform Senior Officials Group ਬਣਾਉਣ ਦਾ ਫੈਸਲਾ ਕੀਤਾ। ਇਹ ਗਰੁੱਪ ਦੇਸ਼ ਵਿੱਚ ਦੰਦਾਂ ਦੀ ਸਿਹਤ ਨੂੰ ਕੌਮੀ ਸਿਹਤ ਨੀਤੀ ਦੀ ਇੱਕ ਮਹੱਤਵਪੂਰਨ ਤਰਜੀਹ ਬਣਾਉਣ ਵੱਲ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਇਹ ਫੈਸਲਾ Australian Dental Association (ADA) ਅਤੇ ਸਿਹਤ ਤੇ ਕਮਿਊਨਿਟੀ ਖੇਤਰ ਨਾਲ ਜੁੜੀਆਂ ਕਈ ਸੰਸਥਾਵਾਂ ਵੱਲੋਂ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਤੋਂ ਬਾਅਦ ਆਇਆ ਹੈ। ਇਹ ਸੰਸਥਾਵਾਂ ਕਈ ਸਾਲਾਂ ਤੋਂ ਸਰਕਾਰਾਂ ਨੂੰ ਮੂੰਹ ਅਤੇ ਦੰਦਾਂ ਦੀ ਸਿਹਤ ਲਈ ਕੌਮੀ ਪੱਧਰ ’ਤੇ ਕਾਰਵਾਈ ਕਰਨ ਦੀ ਅਪੀਲ ਕਰ ਰਹੀਆਂ ਹਨ।
ਕੈਨਬਰਾ ਵਿੱਚ ਹੋਏ ADA ਦੇ Dentist on the Hill ਸਮਾਗਮ ਦੌਰਾਨ Health and Aged Care ਦੀ Assistant Minister, ਰੇਬੇਕਾ ਵਾਈਟ ਐਮਪੀ ਨੇ ਐਲਾਨ ਕੀਤਾ ਸੀ ਕਿ National Oral Health Plan 2026 ਵਿੱਚ ਸ਼ੁਰੂ ਕੀਤਾ ਜਾਵੇਗਾ। ਇਹ ਯੋਜਨਾ 2026 ਤੋਂ 2035 ਤੱਕ ਚਲਾਉਣ ਦੀ ਯੋਜਨਾ ਹੈ। ਇਸ ਦਾ ਮਕਸਦ ਆਸਟ੍ਰੇਲੀਆ ਵਿੱਚ ਲੋਕਾਂ ਦੀ ਮੂੰਹ ਅਤੇ ਦੰਦਾਂ ਦੀ ਸਿਹਤ ਨੂੰ ਬਿਹਤਰ ਬਣਾਉਣਾ ਅਤੇ ਦੰਦਾਂ ਦੀਆਂ ਸੇਵਾਵਾਂ ਤੱਕ ਪਹੁੰਚ ਵਿੱਚ ਮੌਜੂਦ ਅਸਮਾਨਤਾ ਨੂੰ ਘਟਾਉਣਾ ਹੈ।
ADA ਦੇ ਪ੍ਰਧਾਨ ਡਾ. ਕ੍ਰਿਸ ਸਾਂਜ਼ਾਰੋ ਨੇ ਇਸ ਫੈਸਲੇ ਨੂੰ ਆਸਟ੍ਰੇਲੀਆ ਵਿੱਚ oral health ਲਈ ਇੱਕ ਮਹੱਤਵਪੂਰਨ ਪਲ ਦੱਸਿਆ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਦੰਦਾਂ ਦੀ ਸਿਹਤ ਨੂੰ ਕੌਮੀ ਸਿਹਤ ਸੁਧਾਰਾਂ ਦੀ ਚਰਚਾ ਤੋਂ ਬਾਹਰ ਰੱਖਿਆ ਗਿਆ ਹੈ, ਹਾਲਾਂਕਿ ਖਰਚਾ ਜ਼ਿਆਦਾ ਹੋਣ ਕਾਰਨ ਬਹੁਤ ਸਾਰੇ ਲੋਕ ਦੰਦਾਂ ਦੀ ਲੋੜੀਂਦੀ ਦੇਖਭਾਲ ਨਹੀਂ ਕਰਵਾ ਸਕਦੇ। ਉਨ੍ਹਾਂ ਕਿਹਾ ਕਿ Senior Officials Group ਦਾ ਬਣਨਾ ਇਹ ਦਰਸਾਉਂਦਾ ਹੈ ਕਿ ਸਰਕਾਰ ਹੁਣ ਦੰਦਾਂ ਦੀ ਸਿਹਤ ਨੂੰ ਉਹ ਕੌਮੀ ਤਰਜੀਹ ਦੇ ਰਹੀ ਹੈ ਜਿਸ ਦੀ ਲੰਮੇ ਸਮੇਂ ਤੋਂ ਲੋੜ ਸੀ।
Australian Dental Association ਨੇ ਕਿਹਾ ਹੈ ਕਿ ਉਹ ਸਰਕਾਰ ਨਾਲ ਮਿਲ ਕੇ Senior Officials Group ਰਾਹੀਂ National Oral Health Plan ਨੂੰ ਅੱਗੇ ਵਧਾਉਣ ਲਈ ਕੰਮ ਕਰੇਗੀ। ADA ਦੀ ਮੰਗ ਹੈ ਕਿ National Oral Health Plan ਨੂੰ ਪੂਰੀ ਤਰ੍ਹਾਂ ਜਾਰੀ ਕੀਤਾ ਜਾਵੇ ਅਤੇ ਇਸ ਲਈ ਲੋੜੀਂਦੀ ਪੂਰੀ ਫੰਡਿੰਗ ਵੀ ਦਿੱਤੀ ਜਾਵੇ। ਸੰਸਥਾ ਮੁਤਾਬਕ ਯੋਜਨਾ ਵਿੱਚ ਉਨ੍ਹਾਂ ਲੋਕਾਂ ਲਈ ਦੰਦਾਂ ਦੀਆਂ ਸੇਵਾਵਾਂ ਤੱਕ ਪਹੁੰਚ ਸੁਧਾਰਨ ਦੇ ਕਦਮ ਹੋਣੇ ਚਾਹੀਦੇ ਹਨ ਜੋ ਸਭ ਤੋਂ ਵੱਧ ਲੋੜਵੰਦ ਹਨ। ਇਸ ਵਿੱਚ ਦੰਦਾਂ ਦੀਆਂ ਸੇਵਾਵਾਂ ਦੀ ਉਪਲਬਧਤਾ ਵਿੱਚ ਮੌਜੂਦ ਅਸਮਾਨਤਾ ਨੂੰ ਘਟਾਉਣਾ ਵੀ ਸ਼ਾਮਲ ਹੈ। ADA ਨੇ ਕਿਹਾ ਹੈ ਕਿ ਨਵੀਂ ਯੋਜਨਾ ਵਿੱਚ ਡੈਂਟਲ ਖੇਤਰ ਨਾਲ ਜੁੜੇ workforce ਮੁੱਦਿਆਂ ਨੂੰ ਵੀ ਹੱਲ ਕਰਨਾ ਜ਼ਰੂਰੀ ਹੈ। ਇਨ੍ਹਾਂ ਵਿੱਚ ਡੈਂਟਿਸਟਾਂ ਦੀ ਵੱਖ-ਵੱਖ ਇਲਾਕਿਆਂ ਵਿੱਚ ਅਸਮਾਨ ਵੰਡ, specialist dentists ਲਈ training ਦੇ ਮੌਕੇ ਅਤੇ ਸਰਕਾਰੀ ਖੇਤਰ ਵਿੱਚ ਕੰਮ ਕਰਨ ਵਾਲੇ ਡੈਂਟਿਸਟਾਂ ਦੀ ਭਰਤੀ ਅਤੇ ਉਨ੍ਹਾਂ ਨੂੰ ਲੰਮੇ ਸਮੇਂ ਤੱਕ ਕੰਮ ’ਤੇ ਬਣਾਈ ਰੱਖਣਾ ਸ਼ਾਮਲ ਹੈ। ADA ਦਾ ਕਹਿਣਾ ਹੈ ਕਿ ਸਿਰਫ਼ ਨੀਤੀ ਬਣਾਉਣਾ ਕਾਫ਼ੀ ਨਹੀਂ ਹੋਵੇਗਾ। ਲੋਕਾਂ ਨੂੰ ਅਸਲ ਵਿੱਚ ਸਸਤੀ ਅਤੇ ਸਮੇਂ ਸਿਰ ਦੰਦਾਂ ਦੀ ਦੇਖਭਾਲ ਮਿਲਣੀ ਵੀ ਯਕੀਨੀ ਬਣਾਉਣੀ ਹੋਵੇਗੀ।
Australian Dental Association ਆਸਟ੍ਰੇਲੀਆ ਵਿੱਚ ਡੈਂਟਿਸਟਾਂ ਦੀ ਕੌਮੀ ਪੱਧਰ ਦੀ ਮੁੱਖ ਸੰਸਥਾ ਹੈ। ਇਸ ਦੇ 17,000 ਤੋਂ ਵੱਧ ਮੈਂਬਰ ਹਨ ਅਤੇ ਦੇਸ਼ ਦੇ ਹਰ ਸੂਬੇ ਅਤੇ ਟੈਰੀਟਰੀ ਵਿੱਚ ਇਸ ਦੀਆਂ ਸ਼ਾਖਾਵਾਂ ਹਨ। ਸੰਸਥਾ ਦਾ ਮੁੱਖ ਮਕਸਦ ਡੈਂਟਿਸਟਾਂ ਨੂੰ ਸਹਾਇਤਾ ਦੇਣਾ, ਲੋਕਾਂ ਦੀ oral health ਨੂੰ ਬਿਹਤਰ ਬਣਾਉਣਾ ਅਤੇ dentistry ਵਿੱਚ ਉੱਚ ਪੇਸ਼ੇਵਰ ਮਿਆਰਾਂ ਨੂੰ ਉਤਸ਼ਾਹਿਤ ਕਰਨਾ ਹੈ।
