ArticlesBreaking NewsLatest NewsPunjabReligion

ਵਿਸਰਦੀ ਰਹਿਤ ਮਰਿਆਦਾ ਦੇ ਆਤਮਘਾਤੀ ਪ੍ਰਭਾਵ – 2

ਗੁਰਸਿੱਖੀ ਖੰਡੇ ਦੀ ਧਾਰ ਤੋਂ ਵੀ ਤਿੱਖੀ ਤੇ ਵਾਲ ਤੋਂ ਵੀਂ ਬਾਰੀਕ ਹੈ।
ਲੇਖਕ: ਡਾ . ਸਤਿੰਦਰ ਪਾਲ ਸਿੰਘ, ਲਖਨਊ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਪ੍ਰਕਾਸ਼ਿਤ “ ਸਿੱਖ ਰਹਿਤ ਮਰਯਾਦਾ “ ਤਕਰੀਬਨ 32 ਪੰਨਿਆਂ ਦੀ ਪੁਸਤਿਕਾ ਹੈ ਜੋ ਭੇਟਾ ਰਹਿਤ ਉਪਲਬੱਧ ਹੈ। ਇਹ ਪੁਸਤਿਕਾ ਹਰ ਘਰ ਵਿੱਚ ਹੋਣੀ ਚਾਹੀਦੀ ਹੈ ਪਰ ਵਿਡੰਬਨਾ ਤਾਂ ਇਹ ਹੈ ਕਿ ਬਹੁਤੇ ਲੋਗਾਂ ਨੂੰ ਗਿਆਤ ਹੀ ਨਹੀਂ ਹੈ ਕਿ ਅਜਿਹਾ ਕੋਈ ਦਸਤਾਵੇਜ ਹੈ ਜਿਸ ਨੂੰ ਸਿੱਖ ਪੰਥ ਨੇ ਪੂਰੇ ਵੀਚਾਰ , ਬਹਿਸ – ਮੁਬਾਹਿਸੇ ਤੋਂ ਬਾਅਦ ਇੱਕ ਖਾਸ ਬੈਠਕ ਵਿੱਚ ਬਾਕਾਇਦਾ ਸਵੀਕਾਰ ਕੀਤਾ ਸੀ। ਆਮ ਸਿੱਖ ਉਹ ਰਹਿਤ ਮਰਿਆਦਾ ਜਾਣਦਾ ਹੈ ਜੋ ਉਸ ਨੇ ਪ੍ਰਚਾਰਕਾਂ ਤੋਂ ਸੁਣੀ ਹੈ ਜਾਂ ਜਿਸ ਨੂੰ ਵਿਵਹਾਰ ਵਿੱਚ ਰਹਿਤ ਮਰਿਆਦਾ ਮੰਨ ਲਿਆ ਗਿਆ ਹੈ। ਇੱਕ ਵੱਡੇ ਭਰਮ ਦੇ ਤਹਿਤ ਰਹਿਤ ਮਰਿਆਦਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ , ਗੁਰਦੁਆਰੇ ਅਤੇ ਅੰਮ੍ਰਿਤ ਪਾਨ ਤੱਕ ਸੀਮਤ ਕਰ ਦਿੱਤਾ ਗਿਆ ਹੈ। ਗੁਰਸਿੱਖ ਦੀ ਵਿਅਕਤੀਗਤ ਰਹਿਤ ਦਾ ਜਾਂ ਗਿਆਨ ਹੀ ਨਹੀਂ ਜਾਂ ਵਿਸਾਰ ਦਿੱਤਾ ਗਿਆ ਹੈ। ਪਿਛਲੇ ਲੇਖ ਤੋਂ ਅੱਗੇ “ ਗੁਰਮਤਿ ਦੀ ਰਹਿਣੀ “ ਖੰਡ ਦੀ ਹੇਠਲੀ ਮਰਿਆਦਾ ਦਾ ਵਿਚਾਰ ਕਰਨਾ ਜੋਗ ਬਣਦਾ ਹੈ।

ਗੁਰਸਿੱਖ ਦੀ ਗੁਰਮਤਿ ਅਨੁਸਾਰ ਰਹਿਣੀ ਦੇ ਤਿੰਨ ਬਿੰਦੂ ਹਨ ਕਿ ਹਰ ਇਕ ਕੰਮ ਕਰਨ ਤੋਂ ਪਹਿਲਾਂ ਵਾਹਿਗੁਰੂ ਅੱਗੇ ਅਰਦਾਸ ਕਰੇ , ਸਿੱਖ ਲਈ ਗੁਰਮੁਖੀ ਵਿਦਿਆ ਪੜ੍ਹਨੀ ਜਰੂਰੀ ਹੈ , ਹੋਰ ਵਿਦਿਆ ਭੀ ਪੜ੍ਹੇ ਅਤੇ ਸੰਤਾਨ ਨੂੰ ਗੁਰਸਿੱਖੀ ਦੀ ਵਿਦਿਆ ਦਿਵਾਉਣੀ ਸਿੱਖ ਦਾ ਫਰਜ ਹੈ।

ਅਰਦਾਸ : ਅਰਦਾਸ ਉਸ ਅਕਾਲ ਪੁਰਖ ਅੱਗੇ ਮਨ ਦੀ ਬਿਰਥਾ ਪ੍ਰਗਟ ਕਰਨਾ ਹੈ ਜਿਸ ਨੂੰ ਗੁਰਸਿੱਖ ਆਪਣਾ “ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ।। ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ। । ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ।। “ ਮੰਨਦਾ ਹੈ। ਗੁਰਸਿੱਖ ਦੀ ਅਰਦਾਸ ਉਸ ਅਕਾਲ ਪੁਰਖ ਅੱਗੇ ਹੁੰਦੀ ਹੈ ਜਿਸ ਵਿੱਚ ਉਹ ਸਾਰੇ ਸੰਸਾਰਕ ਸਬੰਧ ਇੱਕ ਨਾਲ ਵੇਖਦਾ ਹੈ , ਸਾਰੇ ਸੰਸਾਰਕ ਸਬੰਧਾਂ ਦਾ ਮੋਹ , ਆਸਰਾ ਤਿਆਗ ਕੇ ਇੱਕ ਪਰਮਾਤਮਾ ਤੇ ਹੀ ਭਰੋਸਾ ਰੱਖਦਾ ਹੈ। ਇਹ ਭਾਵਨਾ ਹੀ ਅਰਦਾਸ ਦਾ ਰੂਪ ਲੈਂਦੀ ਹੈ। ਸਿੱਖ ਰਹਿਤ ਮਰਿਆਦਾ ਵਿੱਚ ਪੂਰੀ ਅਰਦਾਸ ਦਾ ਖਰੜਾ ਦਿੱਤਾ ਗਿਆ ਹੈ। ਗੁਰਸਿੱਖ ਇਸ ਅਰਦਾਸ ਵਿਚ ਪਹਿਲਾਂ ਗੁਰੂ ਸਾਹਿਬਾਨ , ਪੰਜ ਪਿਆਰਿਆਂ , ਚੌਹਾਂ ਸਾਹਿਬਜਾਦਿਆਂ , ਚਾਲੀਹ ਮੁਕਤਿਆਂ , ਹੋਰ ਜਤ , ਸਤ ਧਾਰਨ ਕਰਨ ਵਾਲੇ , ਤਿਆਗ , ਕੁਰਬਾਨੀਆਂ ਦੇਣ ਵਾਲੇ ਸਿੱਖਾਂ , ਪੰਜਾਂ ਤਖਤਾਂ , ਸਮੂਹ ਗੁਰਦੁਆਰਿਆਂ ਦਾ ਧਿਆਨ ਕਰਦਾ ਹੈ। ਇਹ ਧਿਆਨ ਆਪਣੇ ਆਪ ਨੂੰ ਉਸ ਵਡਿਆਈ ਨਾਲ ਜੋੜਨਾ ਅਤੇ ਸਮਰਪਿਤ ਹੋਣਾ ਹੈ। ਇਸ ਨਾਲ ਮਨ ਦੀ ਭਾਵਨਾ ਬਣਦੀ ਹੈ। ਇਸ ਤੋਂ ਬਾਅਦ ਬੇਨਤੀ ਆਰੰਭ ਹੁੰਦੀ ਹੈ। ਇਸ ਬੇਨਤੀ ਵਿੱਚ ਪੰਥਕ , ਸਮਾਜਕ ਅਤੇ ਨਿਜ ਬੇਨਤੀ ਵੀ ਸ਼ਾਮਿਲ ਹੈ।ਰਹਿਤ ਮਰਿਆਦਾ ਹੈ ਕਿ ਸਿੱਖ ਹਰ ਕੰਮ ਕਰਨ ਤੋਂ ਪਹਿਲਾਂ ਅਰਦਾਸ ਕਰੇ ਪਰ ਅੱਜ ਇਸ ਨੂੰ ਵਿਸਾਰ ਦਿੱਤਾ ਗਿਆ ਹੈ। ਅਰਦਾਸ ਲਈ ਹਰ ਕੰਮ ਦੀ ਥਾਂ ਕੁੱਝ ਕੰਮ ਮੰਨ ਲਏ ਗਏ ਹਨ। ਇਨ੍ਹਾਂ ਲਈ ਵੀ ਅਰਦਾਸ ਆਪ ਕਰਨ ਦੀ ਥਾਂ ਗ੍ਰੰਥੀ ਸਿੰਘ ਨੂੰ ਲੱਭਿਆ ਜਾਂਦਾ ਹੈ।ਕਿਉਂਕਿ ਹਰ ਗੁਰਸਿੱਖ ਨੂੰ ਪੂਰੀ ਅਰਦਾਸ ਯਾਦ ਹੀ ਨਹੀਂ ਹੁੰਦੀ। ਅਰਦਾਸ ਗ੍ਰੰਥੀ ਸਿੰਘ ਕਰ ਰਹੇ ਹੋਣ ਤਾਂ ਅਰਦਾਸ ਇਕਾਗਰ ਮੰਨ ਨਾਲ ਸੁਣਨ ਦੀ ਥਾਂ ਧਿਆਨ ਅਰਦਾਸ ਭੇਟਾ ਦੇਣ ਤੇ ਜਿਆਦਾ ਹੁੰਦਾ ਹੈ। ਅਰਦਾਸ ਦੀ ਰਹਿਤ ਹੀ ਨਹੀਂ ਮੂਲ ਭਾਵਨਾ ਨੂੰ ਵੀ ਵਿਸਾਰ ਦਿੱਤਾ ਗਿਆ ਹੈ। ਅਰਦਾਸ ਆਪਣੇ ਆਪ ਨੂੰ ਪੂਰਨ ਤੌਰ ਤੇ ਪਰਮਾਤਮਾ ਦੇ ਨਿਆਂ ਤੇ ਛੱਡ ਦੇਣਾ ਹੈ “ ਜਿਉ ਭਾਵੈ ਤਿਉ ਰਾਖਿ ਲੈ ਹਮ ਸਰਣਿ ਪ੍ਰਭ ਆਏ ਰਾਮ ਰਾਜੇ” । ਅਰਦਾਸ ਵਿੱਚ ਦੀਨ ਭਾਵ ਹੋਵੇ “ ਤੁਝ ਬਿਨੁ ਕਵਨੁ ਹਮਾਰਾ” । ਅਰਦਾਸ ਵਿੱਚ ਪੂਰਨ ਸਮਰਪਣ ਹੋਵੇ “ ਮੇਲਿ ਲੈਹੁ ਦਇਆਲ ਢਹਿ ਪਏ ਦੁਆਰਿਆ।। ਰਖਿ ਲੇਵਹੁ ਦੀਨ ਦਇਆਲ ਭ੍ਰਮਤ ਬਹੁ ਹਾਰਿਆ ।। “ । ਆਪਣੀ ਅਰਦਾਸ ਆਪ ਨਾ ਕਰਨਾ ਇਸ ਭਾਵਨਾ ਤੋਂ ਸੱਖਣਾ ਹੋਣਾ ਹੈ। ਅਰਦਾਸ ਕੋਈ ਰਸਮ ਨਹੀਂ ਹੈ ਜੋ ਕਿਸੇ ਕੋਲੋਂ ਭੇਟਾ ਦੇ ਕੇ ਕਰਾ ਲਈ ਜਾਵੇ। ਅਰਦਾਸ ਤਾਂ ਗੁਰਸਿੱਖ ਦੇ ਜੀਵਨ ਦਾ ਅਨ ਨਿਖੇੜਵਾਂ ਅੰਗ ਹੈ , ਪਰਮਾਤਮਾ ਨਾਲ ਜੁੜਣ ਦੀ ਡੋਰ ਹੈ। ਜੇ ਅਰਦਾਸ ਹੀ ਯਾਦ ਨਹੀਂ ਤਾਂ ਗੁਰਸਿੱਖੀ ਦੀ ਕਿਹੋ ਜਿਹੀ ਪਰਿਪੱਕਤਾ।

ਇੱਕ ਹੋਰ ਪ੍ਰਚਲਨ ਕਾਇਮ ਹੋ ਗਿਆ ਹੈ ਕਿ ਅਰਦਾਸ ਹੀ ਛੋਟੀ ਕਰ ਦਿੱਤੀ ਗਈ ਹੈ। ਕੁੱਝ ਖਾਸ ਮੌਕਿਆਂ ਤੇ ਪੂਰੀ ਅਰਦਾਸ ਕਰਨ ਦੀ ਲੋੜ ਨਹੀਂ ਸਮਝੀ ਜਾਂਦੀ। “ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ “ ਤੋਂ ਬਾਅਦ ਹੀ ਖਾਸ ਬੇਨਤੀ ਕਰ ਦਿੱਤੀ ਜਾਂਦੀ ਹੈ। ਇਹ ਅਰਦਾਸ ਦਾ ਹੀ ਨਹੀਂ ਅਰਦਾਸ ਦੀ ਮੁਕੰਮਲ ਭਾਵਨਾ ਦਾ ਅੰਗ ਭੰਗ ਹੈ। ਛੋਟੀ ਅਰਦਾਸ ਅਤੇ ਪੂਰੀ ਅਰਦਾਸ ਨੇ ਭਰਮ ਦੀ ਸਥਿਤੀ ਪੈਦਾ ਕਰ ਦਿੱਤੀ ਹੈ। ਅਰਦਾਸ ਪੂਰੀ ਹੋਣ ਤੋਂ ਬਾਅਦ ਦੋਹਰਾ ਪੜ੍ਹਿਆ ਜਾ ਰਿਹਾ ਹੈ ਜਿਸ ਦਾ ਰਹਿਤ ਮਰਿਆਦਾ ਵਿੱਚ ਕੋਈ ਜਿਕਰ ਨਹੀਂ ਹੈ। ਪੜ੍ਹੇ ਜਾਣ ਵਾਲੇ ਦੋਹਰੇ ‘ਚ ਵੀ “ ਗੁਰੂ ਗ੍ਰੰਥ ਜੀ ਮਾਨਿਉ ਪ੍ਰਗਟ ਗੁਰਾਂ ਕੀ ਦੇਹ “ ਜਾਂ “ ਗੁਰੂ ਖਾਲਸਾ ਮਾਨਿਉ ਪ੍ਰਗਟ ਗੁਰਾਂ ਕੀ ਦੇਹ “ ਦਾ ਵਿਵਾਦ ਸਾਹਮਣੇ ਆਉਂਦਾ ਰਹਿੰਦਾ ਹੈ। ਘੱਟੋ ਘੱਟ ਭਾਵਨਾ ਨਾਲ ਜੁੜੀ ਅਰਦਾਸ ਤਾਂ ਨਿਰ ਵਿਵਾਦ ਹੋਣੀ ਚਾਹੀਦੀ ਹੈ। ਪ੍ਰਮੁੱਖ ਸਿੱਖ ਸੰਸਥਾਵਾਂ ਇਸ ਤੇ ਮੌਨ ਰਹਿੰਦੀਆਂ ਹਨ।

ਗੁਰਮੁਖੀ ਵਿਦਿਆ – ਵਿਦਿਆ : ਗੁਰਮੁਖੀ ਨੂੰ ਮਾਂ ਬੋਲੀ ਮੰਨ ਕੇ ਪੜ੍ਹਨ , ਲਿਖਣ , ਬੋਲਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਬੇਸ਼ਕ ਗੁਰਮੁਖੀ ਮਾਂ ਬੋਲੀ ਹੈ ਪਰ ਗੁਰਮੁਖੀ ਪੜ੍ਹਨ ਲਈ ਪ੍ਰੇਰਿਤ ਕਰਦਿਆਂ ਇਸ ਨੂੰ ਰਹਿਤ ਮਰਿਆਦਾ ਨਾਲ ਨਹੀਂ ਜੋੜਿਆ ਗਿਆ ਹੈ । ਗੁਰਮੁਖੀ ਮਾਤਰ ਭਾਸ਼ਾ ਦਾ ਗਿਆਨ ਪ੍ਰਾਪਤ ਕਰਨਾ ਨਹੀਂ , ਗੁਰਸਿੱਖੀ ਦੀ ਪਰਿਪੱਕਤਾ ਦਾ ਵਿਸ਼ਾ ਵੀ ਹੈ। ਇਹ ਭਾਵਨਾ ਬਣੀ ਹੀ ਨਹੀਂ ਕਿ ਗੁਰਮੁਖੀ ਦਾ ਗਿਆਨ ਗੁਰਸਿੱਖੀ ਨੂੰ ਪੂਰਨ ਕਰਨ ਵਾਲਾ ਹੈ। ਗੁਰਮੁਖੀ ਗੁਰਸਿੱਖੀ ਦਾ ਗੌਰਵ ਹੈ। ਦੂਜਾ ਪੱਖ ਮਾਂ ਬੋਲੀ ਹੋਣ ਦਾ ਹੈ। ਮਾਂ ਬੋਲੀ ਸਭਿਆਚਾਰਕ ਲੋੜ ਹੈ ਪਰ ਰਹਿਤ ਮਰਿਆਦਾ ਅਨੁਸਾਰ ਇਹ ਧਾਰਮਕ – ਪੰਥਕ ਯੋਗਤਾ ਹੈ। ਜਿਸ ਨੂੰ ਗੁਰਮੁਖੀ ਦਾ ਗਿਆਨ ਨਹੀਂ ਹੋ ਉਹ ਗੁਰਮਤਿ ਦੀ ਸ਼ਖ਼ਸੀਅਤ ਦਾ ਧਾਰਨੀ ਨਹੀਂ ਕਿਹਾ ਜਾ ਸਕਦਾ। ਗੁਰਮੁਖੀ ਦੀ ਅਗਿਆਨਤਾ ਗੁਰਸਿੱਖੀ ਨੂੰ ਅਪੂਰਨ ਕਰਦੀ ਹੈ। ਤੀਜਾ ਸਵਾਲ ਪੰਜਾਬੀ ਜਾਂ ਗੁਰਮੁਖੀ ਦਾ ਹੈ। ਰਹਿਤ ਮਰਿਆਦਾ ਵਿੱਚ ਇਸ ਭਾਸ਼ਾ ਲਈ ਗੁਰਮੁਖੀ ਨਾਮ ਦੀ ਵਰਤੋਂ ਕੀਤੀ ਗਈ ਹੈ। ਇਸ ਨੂੰ ਅੰਤਿਮ ਮੰਨਿਆ ਜਾ ਸਕਦਾ ਹੈ ਕਿ ਭਾਸ਼ਾ ਪੰਜਾਬੀ ਨਹੀਂ ਗੁਰਮੁਖੀ ਕਹੀ ਜਾਵੇ , ਪਰ ਅਜੇ ਵੀ ਪੰਜਾਬੀ ਸ਼ਬਦ ਦੀ ਵਰਤੋਂ ਕੀਤੀ ਜਾ ਰਹੀ ਹੈ। ਅੱਠ ਦਸ਼ਕ ਬਤੀਤ ਹੋ ਜਾਨ ਤੋਂ ਬਾਅਦ ਵੀ ਗੁਰਮੁਖੀ ਜਾਂ ਪੰਜਾਬੀ ਦੀ ਦੁਵਿਧਾ ਦਾ ਬਣਿਆ ਰਹਿਣਾ ਕੌਮ ਦੀ ਵਿਚਾਰਕ , ਸਿਧਾਂਤਕ ਸੰਵੇਦਨਾ ਤੇ ਸਵਾਲ ਖੜਾ ਕਰਨ ਵਾਲਾ ਹੈ। ਗੁਰਮੁਖੀ ਰਹਿਤ ਦਾ ਹਿੱਸਾ ਹੈ ਤਾਂ ਇਸ ਦੀ ਸਿਖਿਆ ਦਾ ਲੋੜੀਂਦਾ ਪ੍ਰਬੰਧ ਵੀ ਹੋਣਾ ਚਾਹੀਦੇ।ਪੰਜਾਬ ਵਿੱਚ ਗੁਰਮੁਖੀ ਪੜ੍ਹਨ ਦੀ ਸੁਵਿਧਾ ਹੈ ਪਰ ਪੰਜਾਬ ਤੋਂ ਬਾਹਰ ਦੇ ਪ੍ਰਾਂਤਾਂ ਵਿੱਚ , ਵਿਦੇਸ਼ਾਂ ਵਿੱਚ ਅਧਿਆਪਕਾਂ ਦੀ ਘਾਟ ਕਾਰਨ ਗੁਰਮੁਖੀ ਭਾਸ਼ਾ ਦਾ ਪ੍ਰਚਾਰ ਪ੍ਰਸਾਰ ਨਹੀਂ ਹੋ ਪਾ ਰਿਹਾ। ਸਿੱਖ ਪੰਥ ਕੋਲ ਕੋਈ ਡਾਟਾ ਨਹੀਂ ਹੈ ਕਿ ਵਿਸ਼ਵ ਵਿੱਚ ਸਿੱਖਾਂ ਦੇ ਗੁਰਮੁਖੀ ਗਿਆਨ ਦੀ ਕੀ ਦਰ ਹੈ, ਕਿਤਨੇ ਪੰਜਾਬੀ ਅਧਿਆਪਕਾਂ ਦੀ ਲੋੜ ਹੈ , ਕਿਤਨੇ ਪੰਜਾਬੀ ਅਧਿਆਪਕ ਉਪਲਬਧ ਹਨ। ਗੁਰਮੁਖੀ ਗਿਆਨ ਦੀ ਘਾਟ ਹੈ ਪਰ ਸਬੰਧਤ ਡਾਟਾ ਨਾ ਹੋਣ ਕਾਰਨ ਇਸ ਘਾਟ ਨੂੰ ਕਿਵੇਂ ਪੂਰਾ ਕੀਤਾ ਜਾ ਸਕਦਾ ਹੈ। ਇਸ ਉਦਾਸੀਨਤਾ ਦੇ ਕਾਰਨ ਹੀ ਗੁਰਮੁਖੀ ਜਾਨਣ , ਬੋਲਣ ਵਾਲਿਆਂ ਦੀ ਗਿਣਤੀ ਨਿਰੰਤਰ ਘੱਟਦੀ ਜਾ ਰਹੀ ਹੈ। ਜਿਸ ਨੂੰ ਗੁਰਮੁਖੀ ਦਾ ਗਿਆਨ ਨਹੀਂ ਉਹ ਗੁਰਬਾਣੀ ਨਾਲ ਕਿਵੇਂ ਜੁੜੇਗਾ ਤੇ ਕਿਵੇਂ ਗੁਰਸਿੱਖੀ ਧਾਰਨ ਕਰੇਗਾ।ਰਹਿਤ ਮਰਿਆਦਾ ਵਿੱਚ ਹੋਰ ਵਿਦਿਆ ਪੜ੍ਹਨ ਦੀ ਵੀ ਲੋੜ ਦੱਸੀ ਗਈ ਹੈ। ਹੋਰ ਵਿਦਿਆ ਤੋਂ ਭਾਵ ਪੰਜਾਬੀ ਦੇ ਨਾਲ ਹੀ ਹੋਰ ਭਾਸ਼ਾਵਾਂ , ਹੋਰਨਾਂ ਭਾਸ਼ਾਵਾਂ ਦੇ ਗ੍ਰੰਥਾਂ ਦਾ ਗਿਆਨ , ਜੀਵਨ ਸੁਖਦ ਬਣਾਉਣ ਵਾਲੀ ਵਿਦਿਆ ਦੀ ਪ੍ਰਾਪਤੀ ਵੀ ਸ਼ਾਮਿਲ ਮੰਨੀ ਜਾ ਸਕਦੀ ਹੈ ਤਾਂ ਜੋ ਸਿੱਖ ਕੌਮ ਸੰਸਾਰਕ ਸੰਦਰਭਾਂ , ਲੋੜਾਂ ਅਨੁਸਾਰ ਅਗਾਂਹ ਵੱਧੂ ਕੌਮ ਬਣ ਸਕੇ। ਵਿਦਿਆ ਮਨੁੱਖ ਅੰਦਰ ਗੁਣਾਂ ਨੂੰ ਜਨਮ ਦਿੰਦੀ ਹੈ ਨਾਲ ਹੀ ਇੱਕ ਚੇਤਨਾ ਪੈਦਾ ਕਰਦੀ ਹੈ ਜਿਸ ਨਾਲ ਮਨੁੱਖ ਵਰਤਮਾਨ ਅਤੇ ਭਵਿੱਖ ਦੀਆਂ ਚੁਣੌਤੀਆਂ ਨੂੰ ਸਮਝ ਕੇ ਨਜਿੱਠਣ ਲਈ ਆਪਣੇ ਆਪ ਨੂੰ ਤਿਆਰ ਕਰਦਾ ਹੈ। ਰਹਿਤ ਮਰਿਆਦਾ ਦਾ ਇਹ ਬਿੰਦੂ ਸਿੱਖ ਸਮਾਜ ਨੂੰ ਇੱਕ ਜਾਗ੍ਰਤ ਸਮਾਜ ਦੇ ਰੂਪ ਵਿੱਚ ਤਿਆਰ ਕਰਨ ਦਾ ਆਧਾਰ ਬਣਦਾ ਹੈ। ਅੱਜ ਵਿਸ਼ਵ ਭਰ ਵਿੱਚ ਵਿਦਿਅਕ ਅਦਾਰੇ ਵਪਾਰਕ ਅਦਾਰੇ ਬਣ ਕੇ ਰਹਿ ਗਏ ਹਨ। ਪੰਥਕ ਪੱਧਰ ਤੇ ਇਹ ਸੰਭਵ ਨਹੀਂ ਕਿ ਵਿਦਿਅਕ ਅਦਾਰੇ ਵਪਾਰਕ ਸੋਚ ਨਾਲ ਚਲਾਏ ਜਾਣ। ਇਸ ਦਾ ਵਿਕਲਪ ਹੈ ਵਿਦਿਆ ਪ੍ਰਤੀ ਵਿਆਪਕ ਚੇਤਨਾ ਪੈਦਾ ਕਰਨਾ ਅਤੇ ਅਕਾਦਮਿਕ , ਆਰਥਿਕ ਸਹਿਯੋਗ ਕਰਨਾ। ਇਸ ਬਾਰੇ ਸੋਚਿਆ ਹੀ ਨਹੀਂ ਜਾ ਰਿਹਾ। ਇਸ ਦਾ ਦੀ ਨਤੀਜਾ ਹੈ ਕਿ ਬਾਹਰ ਦੇ ਦੇਸ਼ਾਂ ਵਿੱਚ ਸਿੱਖਾਂ ਨੂੰ ਸ਼ਰੀਰਕ ਮਸ਼ੱਕਤ ਕਰਨ ਵਾਲੀ ਕੌਮ ਮੰਨ ਲਿਆ ਗਿਆ ਹੈ।

ਗੁਰਸਿੱਖੀ ਵਿਦਿਆ : ਇਹ ਅਜਿਹਾ ਸ਼ਬਦ ਹੈ ਜੋ ਸ਼ਾਇਦ ਹੀ ਕਿਸੇ ਸਿੱਖ ਆਗੂ , ਪ੍ਰਚਾਰਕ , ਪ੍ਰਬੰਧਕ ਦੇ ਮੁਖ ਤੇ ਆਉਂਦਾ ਹੋਵੇ। ਸਿੱਖ ਰਹਿਤ ਮਰਯਾਦਾ ਵਿੱਚ ਵਰਤੇ “ ਗੁਰਸਿੱਖੀ ਦੀ ਵਿਦਿਆ “ ਸ਼ਬਦ ਤੋਂ ਸਪਸ਼ਟ ਭਾਵ ਉਭਰਦਾ ਹੈ ਕਿ ਅਜਿਹੀ ਵਿਦਿਆ , ਅਜਿਹਾ ਵਿਦਿਅਕ ਕੋਰਸ ਜੋ ਵਿਦਿਆਰਥੀ ਨੂੰ ਗੁਰਸਿੱਖੀ ਦਾ ਪੂਰਨ ਗਿਆਨ ਦੇ ਸਕੇ।ਅੱਜ ਮਾਤਾ – ਪਿਤਾ ਦੀ ਚਿੰਤਾ ਸਕੂਲ , ਕਾਲੇਜ ਦੀ ਵਿਦਿਆ ਹੈ ਕਿ ਸ੍ਰੇਸ਼ਟ ਵਿਦਿਅਕ ਅਦਾਰਾ ਹੋਵੇ , ਬੱਚੇ ਦਾ ਰਿਜਲਟ ਚੰਗਾ ਆਵੇ। ਗੁਰਸਿੱਖੀ ਦੀ ਵਿਦਿਆ ਨਾਮ ਦਾ ਸ਼ਬਦ ਹੀ ਚੇਤੇ ਨਹੀਂ ਆਉਂਦਾ। ਕਿਉਂਕਿ ਅਜਿਹਾ ਕੋਈ ਫਾਰਮੇਟ ਪੰਥਕ ਪੱਧਰ ਤੇ ਅੱਜ ਤੱਕ ਤਿਆਰ ਹੀ ਨਹੀਂ ਕੀਤਾ ਗਿਆ ਹੈ। ਸਿੱਖ ਅਧਿਐਨ ਦੇ ਨਾਮ ਤੇ ਕੁੱਝ ਪੋਸਟਲ ਕੋਰਸ ਜਰੂਰ ਹਨ ਜੋ ਸੰਖੇਪ ਗੁਰ ਇਤਿਹਾਸ , ਸਿੱਖ ਇਤਿਹਾਸ ਤੱਕ ਹੀ ਸੀਮਤ ਹਨ। ਇਨ੍ਹਾਂ ਕੋਰਸਾਂ ਪ੍ਰਤੀ ਕੋਈ ਖਾਸ ਰੁਚੀ ਨਹੀਂ ਪੈਦਾ ਕੀਤੀ ਜਾ ਸਕੀ ਹੈ। ਇੱਕ ਜਾਂ ਦੋ ਸਾਲ ਦੇ ਇਹ ਕੋਰਸ ਵਿਦਿਆਰਥੀ ਦੀ ਉਮਰ , ਯੋਗਤਾ , ਲੋੜ ਅਨੁਸਾਰ ਵਿਗਿਆਨਕ ਢੰਗ ਨਾਲ ਨਾਂ ਤਿਆਰ ਕਰ ਕੇ ਆਪਣੀ ਸੋਚ ਅਨੁਸਾਰ ਬਣਾ ਦਿੱਤੇ ਗਏ ਹਨ। ਗੁਰਸਿੱਖੀ ਵਿਦਿਆ ਨੂੰ ਜੇ ਰਹਿਤ ਮਰਿਆਦਾ ਦਾ ਅੰਗ ਬਣਾਇਆ ਗਿਆ ਹੈ ਤਾਂ ਇਸ ਦੇ ਪਿੱਛੇ ਜਰੂਰ ਗੰਭੀਰ ਸੋਚ ਰਹੀ ਹੋਵੇਗੀ ਕਿ ਬਹੁ ਰੰਗੀ ਸੰਸਾਰ ਵਿੱਚ ਵਿਚਰਦਿਆਂ ਆਪਣੇ ਸਿਧਾਂਤਾਂ ਅਤੇ ਵਿਵਹਾਰ ਤੇ ਪਰਿਪੱਕ ਸਿੱਖ ਤਿਆਰ ਕੀਤੇ ਜਾਣ। ਗੁਰਸਿੱਖੀ ਵਿਦਿਆ ਮਾਤਰ ਇਤਿਹਾਸ , ਸਿਧਾਂਤਕ ਪੱਖ ਨਹੀਂ ਭਾਵਨਾ , ਸੰਕਲਪ ਤੇ ਵਿਵਹਾਰ ਵੀ ਹੈ। ਗੁਰਬਾਣੀ ਤੋਂ ਕੀ ਤੇ ਕਿਵੇਂ ਪ੍ਰੇਰਣਾ ਲੈਣੀ ਹੈ , ਕਿਵੇਂ ਔਖੀਆਂ ਸਥਿਤੀਆਂ ਵਿੱਚ ਵੀ ਆਪਣੇ ਵਿਸ਼ਵਾਸ ਨੂੰ ਕਾਇਮ ਰੱਖਣਾ ਹੈ , ਘਰ ਅੰਦਰ , ਗੁਰਦੁਆਰੇ ਵਿੱਚ , ਸਮਾਜ ਅੰਦਰ ਕਿਵੇਂ ਗੁਰੂ ਨਾਨਕ ਦੇ ਸੁਭਾਗਸ਼ਾਲੀ ਸਿੱਖ ਜਿਹਾ ਵਿਵਹਾਰ ਕਰਨਾ ਹੈ , ਗੁਰਸਿੱਖੀ ਪ੍ਰਤੀ ਸ਼ੰਕਾਵਾਂ ਦਾ ਕਿਵੇਂ ਨਿਦਾਨ ਕਰਨਾ ਹੈ ਆਦਿਕ ਆਦਿਕ ਦੀ ਵਿਦਿਆ ਇੱਕ ਸਾਲ – ਦੋ ਸਾਲ ਦੇ ਪੋਸਟਲ ਕੋਰਸਾਂ ਦੇ ਵੱਸ ਦਾ ਦਾ ਵਿਸ਼ਾ ਨਹੀਂ ਹੈ। ਅਜਿਹੀ ਕੋਈ ਵਿਵਸਥਾ ਬਣਾਈ ਹੀ ਨਹੀਂ ਜਾ ਸਕੀ ਹੈ ਕਿ ਸਿੱਖ ਪੀੜ੍ਹੀਆਂ ਗੁਰਸਿੱਖੀ ਤੋਂ ਅਕਾਦਮਿਕ ਤੌਰ ਤੇ ਜਾਣੂੰ ਹੋ ਸਕਣ। ਇਸ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਵਰਤਮਾਨ ਪੀੜ੍ਹੀਆਂ ਹੀ ਗੁਰਸਿੱਖੀ ਦੇ ਗਿਆਨ ਤੋਂ ਵਾਂਝਿਆਂ ਹਨ , ਉਨ੍ਹਾਂ ਕੋਲੋਂ ਅਗਲੀਆਂ ਪੀੜ੍ਹੀਆਂ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ । ਬੱਚਿਆਂ ਨੂੰ ਦਸ ਗੁਰੂ ਸਾਹਿਬਾਨ , ਚਾਰ ਸਾਹਿਬਜਾਦਿਆਂ , ਪੰਜ ਪਿਆਰਿਆਂ ਦੇ ਨਾਮ ਯਾਦ ਕਰ ਦੇਣਾ , ਨਿਤਨੇਮ ਦੀਆਂ ਬਾਣੀਆਂ ਕੰਠ ਕਰਾ ਦੇਣਾ , ਕੁੱਝ ਪ੍ਰਚਲਿਤ ਸਾਖੀਆਂ ਸੁਣਾ ਦੇਣਾ ਗੁਰਸਿੱਖੀ ਦੀ ਵਿਦਿਆ ਨਹੀਂ , ਗੁਰਸਿੱਖੀ ਦਾ ਕਕਹਿਰਾ ਹੈ। ਆਪਣੀ ਸੰਤਾਨ ਨੂੰ ਗੁਰਸਿੱਖੀ ਦੀ ਵਿਦਿਆ ਦਿਵਾਉਣਾ ਰਹਿਤ ਮਰਿਆਦਾ ਅਨੁਸਾਰ ਫਰਜ ਦੱਸਿਆ ਗਿਆ ਹੈ। ਇਸ ਫਰਜ ਨੂੰ ਨਿਭਾਉਣ ਵਿਚ ਸੰਸਥਾਗਤ ਅਤੇ ਵਿਅਕਤੀਗਤ ਦੋਹਾਂ ਹੀ ਪੱਧਰ ਤੇ ਨਾਕਾਮੀ ਵਿਖਾਈ ਦਿੰਦੀ ਹੈ। ਜੇ ਪੰਥ ਕੋਲ ਪਰਿਪੱਕ ਸਿੱਖ ਤਿਆਰ ਦੀ ਕੋਈ ਯੋਜਨਾ ਹੀ ਨਹੀਂ ਹੈ ਤਾਂ ਅਸੀਂ ਕਿਸ ਤੋਂ ਪੰਥ ਦੇ ਹਿੱਤਾਂ ਦੀ ਆਸ ਕਰ ਸਕਦੇ ਹਾਂ। ਸਥਿਤੀ ਤਾਂ ਹੋਰ ਬਿਖਮ ਹੋਣ ਵਾਲੀ ਹੈ। ਜਿਸ ਦਰ ਨਾਲ ਸਿੱਖ ਪਰਿਵਾਰ ਬਾਹਰ ਦੇਸ਼ਾਂ ਵੱਲ ਰੁਝਾਨ ਕਰ ਰਹੇ ਹਨ ਗੁਰਸਿੱਖੀ ਦੀ ਵਿਦਿਆ ਦਾ ਵਿਚਾਰ ਕਿਤਾਬੀ ਹੀ ਬਣ ਕੇ ਰਹਿ ਜਾਣ ਵਾਲਾ ਲੱਗਦਾ ਹੈ।

ਦਸਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਤੇ ਆਸੀਨ ਕਰਨ ਤੋਂ ਬਾਅਦ ਤਾਂ ਸਿੱਖ ਕੌਮ ਨੂੰ ਸੰਸਾਰ ਦੀ ਸੱਭ ਤੋਂ ਵਿਦਿਅਕ ਕੌਮ ਦੇ ਰੂਪ ਵਿੱਚ ਉਭਰਨਾ ਚਾਹੀਦਾ ਸੀ। ਸ਼ਬਦ ਗੁਰੂ ਅੱਗੇ ਨਿੱਤ ਸੀਸ ਨਿਵਾਉਣ ਵਾਲਾ , ਨਿੱਤ ਗਿਆਨ ਅੰਮ੍ਰਿਤ ਨਾਲ ਭਰਪੂਰ ਗੁਰਬਾਣੀ ਸੁਣਨ , ਪੜ੍ਹਨ ਵਾਲਾ ਸਿੱਖ ਤਾਂ ਪੂਰਨ ਵਿਦਵਾਨ ਹੋਣਾ ਚਾਹੀਦਾ ਸੀ। ਰਹਿਤ ਮਰਿਆਦਾ ਵੀ ਇਹੋ ਸੀ। ਵਿਚਾਰਨ ਦੀ ਲੋੜ ਹੈ ਕਿ ਸਾਡੀ ਉਦਾਸੀਨਤਾ ਕਿੱਧਰ ਲੈ ਜਾ ਰਹੀ ਹੈ।

Related posts

ਜਰੂਰੀ ਹੈ ਇੱਕ ਚੰਗਾ ਫੈਸਲਾ ਨਿਰਮਾਤਾ ਬਣਨਾ

admin

ਪੰਜਾਬ ਦੇ ਸਿਹਤ ਮੰਤਰੀ ਵੱਲੋਂ ਪੰਜਾਬ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਜ਼ ਦੀ ਵੈੱਬਸਾਈਟ ਲਾਂਚ

Bunty

‘ਸਿਹਤਮੰਦ ਤੇ ਨਸ਼ਾ-ਮੁਕਤ ਪੰਜਾਬ’ : ‘ਆਪ’ ਯੂਥ ਵਿੰਗ ਦੀ ਮੁਹਿੰਮ 9 ਅਗਸਤ ਤੋਂ ਸ਼ੁਰੂ ਹੋਵੇਗੀ

admin