Breaking NewsLatest NewsPunjab

ਸਿਹਤ ਸਹੂਲਤਾਂ ਅਤੇ ਹਸਪਤਾਲ ਪ੍ਰਬੰਧ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ’ਤੇ ਜ਼ੋਰ

ਰੋਗੀ ਕਲਿਆਣ ਸੰਮਤੀ ਦੀ ਮੀਟਿੰਗ ਐਸ.ਡੀ.ਐਮ. ਬੁਢਲਾਡਾ ਗੁਰਮੀਤ ਰਾਮ ਦੀ ਪ੍ਰਧਾਨਗੀ ਹੇਠ ਹੋਈ।

ਬੁਢਲਾਡਾ – ਸਥਾਨਕ ਐਸ.ਡੀ.ਐਮ.ਦਫਤਰ ਵਿਖੇ ਰੋਗੀ ਕਲਿਆਣ ਸੰਮਤੀ ਦੀ ਅਹਿਮ ਮੀਟਿੰਗ ਮਾਣਯੋਗ ਐਸ.ਡੀ.ਐਮ. ਬੁਢਲਾਡਾ ਸ੍ਰੀ ਗੁਰਮੀਤ ਰਾਮ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਹਸਪਤਾਲ ਵਿੱਚ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ, ਸਫ਼ਾਈ ਪ੍ਰਬੰਧ, ਮਰੀਜ਼ਾਂ ਦੀਆਂ ਸਹੂਲਤਾਂ, ਬੁਨਿਆਦੀ ਢਾਂਚਾ, ਲੋੜੀਂਦਾ ਸਾਜ਼ੋ-ਸਾਮਾਨ, ਦਵਾਈਆਂ ਅਤੇ ਹੋਰ ਜ਼ਰੂਰੀ ਪ੍ਰਬੰਧਾਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੀ ਸ਼ੁਰੂਆਤ ਮੌਕੇ ਹਸਪਤਾਲ ਪ੍ਰਸ਼ਾਸਨ ਵੱਲੋਂ ਹਸਪਤਾਲ ਵਿੱਚ ਚੱਲ ਰਹੀਆਂ ਵੱਖ-ਵੱਖ ਸਿਹਤ ਸੇਵਾਵਾਂ ਅਤੇ ਮਰੀਜ਼ਾਂ ਦੀ ਸਹੂਲਤ ਲਈ ਕੀਤੇ ਜਾ ਰਹੇ ਪ੍ਰਬੰਧਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।

ਐਸ.ਡੀ.ਐਮ. ਸ੍ਰੀ ਗੁਰਮੀਤ ਰਾਮ ਨੇ ਕਿਹਾ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਆਉਣ ਵਾਲੇ ਹਰੇਕ ਮਰੀਜ਼ ਨੂੰ ਮਿਆਰੀ, ਸੁਚੱਜੀਆਂ ਅਤੇ ਸਮੇਂ ਸਿਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਕਿਸੇ ਕਿਸਮ ਦੀ ਬੇਲੋੜੀ ਅਸੁਵਿਧਾ ਨਾ ਹੋਵੇ ਅਤੇ ਉਨ੍ਹਾਂ ਨੂੰ ਸਾਫ਼-ਸੁਥਰਾ, ਸੁਰੱਖਿਅਤ ਅਤੇ ਸੁਖਾਵਾਂ ਮਾਹੌਲ ਮਿਲੇ, ਇਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ।ਉਨ੍ਹਾਂ ਹਸਪਤਾਲ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਮਰੀਜ਼ਾਂ ਨਾਲ ਸਨਮਾਨਜਨਕ ਅਤੇ ਹਮਦਰਦੀ ਭਰਿਆ ਵਿਵਹਾਰ ਯਕੀਨੀ ਬਣਾਇਆ ਜਾਵੇ। ਮਰੀਜ਼ਾਂ ਨੂੰ ਹਸਪਤਾਲ ਵਿੱਚ ਉਪਲਬਧ ਸੇਵਾਵਾਂ, ਜਾਂਚਾਂ, ਦਵਾਈਆਂ ਅਤੇ ਹੋਰ ਸਹੂਲਤਾਂ ਬਾਰੇ ਸਪਸ਼ਟ ਜਾਣਕਾਰੀ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਦੀ ਕਾਰਗੁਜ਼ਾਰੀ ਨੂੰ ਹੋਰ ਬਿਹਤਰ ਬਣਾਉਣ ਵਿੱਚ ਰੋਗੀ ਕਲਿਆਣ ਸੰਮਤੀ ਦੀ ਭੂਮਿਕਾ ਮਹੱਤਵਪੂਰਨ ਹੈ ਅਤੇ ਸੰਮਤੀ ਦੇ ਮੈਂਬਰ ਹਸਪਤਾਲ ਦੀਆਂ ਲੋੜਾਂ ਅਤੇ ਮਰੀਜ਼ਾਂ ਦੀਆਂ ਮੁਸ਼ਕਲਾਂ ਨੂੰ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣ ਵਿੱਚ ਅਹਿਮ ਯੋਗਦਾਨ ਪਾ ਸਕਦੇ ਹਨ। ਮੀਟਿੰਗ ਦੌਰਾਨ ਹਸਪਤਾਲ ਦੀ ਸਫ਼ਾਈ ਅਤੇ ਸਵੱਛਤਾ ਪ੍ਰਬੰਧਾਂ ’ਤੇ ਵੀ ਵਿਸ਼ੇਸ਼ ਚਰਚਾ ਕੀਤੀ ਗਈ। ਹਸਪਤਾਲ ਦੇ ਵੱਖ-ਵੱਖ ਵਾਰਡਾਂ, ਓ.ਪੀ.ਡੀ., ਐਮਰਜੈਂਸੀ, ਲੈਬਾਰਟਰੀ, ਪ੍ਰਸੂਤੀ ਵਿਭਾਗ ਅਤੇ ਹੋਰ ਮਰੀਜ਼ ਸੇਵਾ ਵਾਲੇ ਖੇਤਰਾਂ ਵਿੱਚ ਸਫ਼ਾਈ ਦੇ ਮਿਆਰ ਨੂੰ ਕਾਇਮ ਰੱਖਣ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ। ਹਸਪਤਾਲ ਦੇ ਪਖਾਨਿਆਂ, ਪੀਣ ਵਾਲੇ ਪਾਣੀ, ਵੇਟਿੰਗ ਏਰੀਆ ਅਤੇ ਹੋਰ ਜਨਤਕ ਸਹੂਲਤਾਂ ਦੀ ਨਿਯਮਤ ਸਫ਼ਾਈ ਯਕੀਨੀ ਬਣਾਉਣ ਸਬੰਧੀ ਵੀ ਵਿਚਾਰ ਕੀਤਾ ਗਿਆ। ਮੀਟਿੰਗ ਵਿੱਚ ਮਰੀਜ਼ਾਂ ਲਈ ਬੈਠਣ ਦੀ ਵਿਵਸਥਾ, ਪੀਣ ਵਾਲਾ ਪਾਣੀ, ਬਿਜਲੀ, ਰੌਸ਼ਨੀ, ਪੱਖਿਆਂ/ਕੂਲਿੰਗ ਪ੍ਰਬੰਧਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਨੂੰ ਸੁਚੱਜੇ ਢੰਗ ਨਾਲ ਚਲਾਉਣ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਹਸਪਤਾਲ ਦੇ ਜਿਨ੍ਹਾਂ ਹਿੱਸਿਆਂ ਵਿੱਚ ਮੁਰੰਮਤ ਜਾਂ ਸੁਧਾਰ ਦੀ ਲੋੜ ਹੈ, ਉਨ੍ਹਾਂ ਦੀ ਪਛਾਣ ਕਰਕੇ ਤਰਜੀਹ ਦੇ ਆਧਾਰ ’ਤੇ ਕਾਰਵਾਈ ਕਰਨ ’ਤੇ ਜ਼ੋਰ ਦਿੱਤਾ ਗਿਆ।

ਐਸ.ਡੀ.ਐਮ. ਸ੍ਰੀ ਗੁਰਮੀਤ ਰਾਮ ਨੇ ਕਿਹਾ ਕਿ ਸਰਕਾਰੀ ਹਸਪਤਾਲ ਲੋਕਾਂ ਦੀ ਸਿਹਤ ਨਾਲ ਸਿੱਧੇ ਤੌਰ ’ਤੇ ਜੁੜੇ ਹੋਏ ਹਨ ਅਤੇ ਇਨ੍ਹਾਂ ਵਿੱਚ ਆਉਣ ਵਾਲੇ ਲੋਕਾਂ ਨੂੰ ਸੇਵਾ ਪ੍ਰਦਾਨ ਕਰਨਾ ਸਿਰਫ਼ ਸਰਕਾਰੀ ਡਿਊਟੀ ਨਹੀਂ, ਸਗੋਂ ਸਮਾਜ ਪ੍ਰਤੀ ਜ਼ਿੰਮੇਵਾਰੀ ਵੀ ਹੈ। ਉਨ੍ਹਾਂ ਕਿਹਾ ਕਿ ਸਾਰੇ ਅਧਿਕਾਰੀ ਅਤੇ ਕਰਮਚਾਰੀ ਆਪਸੀ ਤਾਲਮੇਲ ਨਾਲ ਕੰਮ ਕਰਦੇ ਹੋਏ ਹਸਪਤਾਲ ਦੀਆਂ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਯਤਨ ਕਰਨ। ਉਨ੍ਹਾਂ ਕਿਹਾ ਕਿ ਹਸਪਤਾਲ ਦੀ ਤਰੱਕੀ ਸਿਰਫ਼ ਇਮਾਰਤ ਜਾਂ ਸਾਜ਼ੋ-ਸਾਮਾਨ ਨਾਲ ਨਹੀਂ ਹੁੰਦੀ, ਸਗੋਂ ਮਰੀਜ਼ਾਂ ਨਾਲ ਕੀਤੇ ਜਾਣ ਵਾਲੇ ਵਿਵਹਾਰ, ਸਫ਼ਾਈ, ਸਮੇਂ ਸਿਰ ਸੇਵਾ, ਸਟਾਫ਼ ਦੀ ਜ਼ਿੰਮੇਵਾਰੀ ਅਤੇ ਪ੍ਰਬੰਧਕੀ ਕੁਸ਼ਲਤਾ ਵੀ ਇਸ ਦਾ ਅਹਿਮ ਹਿੱਸਾ ਹਨ। ਇਸ ਲਈ ਹਰੇਕ ਕਰਮਚਾਰੀ ਨੂੰ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਜ਼ਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ ਕੀਤੀ ਗਈ।

ਇਸ ਮੌਕੇ ਡਾ. ਸਤਿੰਦਰ ਕੌਰ ਸੀਨੀਅਰ ਮੈਡੀਕਲ ਅਫਸਰ ਬੁਢਲਾਡਾ, ਡਾ. ਰੁਪਿੰਦਰ ਕੌਰ ਮੈਡੀਕਲ ਅਫਸਰ, ਡਾ. ਰਾਮ ਕੁਮਾਰ, ਮਾਸਟਰ ਕੁਲਵੰਤ ਸਿੰਘ, ਪ੍ਰਧਾਨ ਮਾਤਾ ਗੁਜਰੀ ਜੀ ਭਲਾਈ ਸੈਂਟਰ, ਸ਼੍ਰੀ ਮਨੀਸ਼ ਢੀਂਗਰਾਂ ਮੈਂਬਰ ਨੇਕੀ ਫਾਊਡੇਸ਼ਨ ਬੁਢਲਾਡਾ, ਸ਼੍ਰੀ ਸਚਿਨ ਤਾਇਲ, ਸਮਾਜਿਕ ਕਾਰਕੁਨ, ਜਤਿੰਦਰ ਸਿੰਘ ਸੀਨੀਅਰ ਸਹਾਇਕ, ਜੋਰਾਵਰ ਸਿੰਘ ਫਾਰਮੇਸੀ ਅਫਸਰ, ਜਸਪ੍ਰੀਤ ਸਿੰਘ ਬਲਾਕ ਅਕਾਊਂਟੈਂਟ, ਹਰਪ੍ਰੀਤ ਸਿੰਘ ਸੀਨੀਅਰ ਫਾਰਮੇਸੀ ਅਫਸਰ, ਸ਼ਿਲਪਾ ਫੈਸਿਲਿਟੀ ਮੈਨੇਜਰ, ਹਰਬੰਸ ਲਾਲ ਬੀ.ਈ.ਈ. ਹਾਜ਼ਰ ਸਨ। ਮੀਟਿੰਗ ਦੌਰਾਨ ਲਏ ਗਏ ਫੈਸਲਿਆਂ ਨੂੰ ਤਰਜੀਹ ਦੇ ਆਧਾਰ ’ਤੇ ਲਾਗੂ ਕਰਨ ਅਤੇ ਕੀਤੀ ਗਈ ਕਾਰਵਾਈ ਦੀ ਸਮੀਖਿਆ ਅਗਲੀ ਮੀਟਿੰਗ ਵਿੱਚ ਕਰਨ ’ਤੇ ਵੀ ਜ਼ੋਰ ਦਿੱਤਾ ਗਿਆ।

Related posts

ਗੁਰੂ ਪਾਤਸ਼ਾਹ ਦੇ ਦਰਸਾਏ ਮਾਰਗ ‘ਤੇ ਚੱਲ ਕੇ ਕੁਦਰਤੀ ਚੀਜ਼ਾਂ ਤੇ ਵਾਤਾਵਰਣ ਦੀ ਸ਼ੁੱਧਤਾ ‘ਚ ਆਪਣਾ ਯੋਗਦਾਨ ਪਾਉਣ ਨੌਜਵਾਨ : ਗਿਆਨੀ ਹਰਪ੍ਰੀਤ ਸਿੰਘ

Bunty

ਸਾਡੀ ਸਰਕਾਰ ਗੁਰੂ ਸਾਹਿਬਾਨ ਦੇ ਨਕਸ਼ੇ-ਕਦਮਾਂ ’ਤੇ ਚੱਲ ਕੇ ਸੂਬੇ ਦੀ ਸੇਵਾ ਕਰ ਰਹੀ ਹੈ: ਮਾਨ

Bunty

ਕੇਂਦਰ ਵੱਲੋਂ 5ਵੀਂ ਅਤੇ 8ਵੀਂ ਦੇ ਵਿਦਿਆਰਥੀਆਂ ਨੂੰ ਫੇਲ੍ਹ ਨਾ ਕਰਨ ਦੀ ਨੀਤੀ ਖ਼ਤਮ !

admin