ArticlesBreaking NewsLatest NewsPunjab

ਮਨੁੱਖੀ ਆਜ਼ਾਦੀ ਦਾ ਮੁੱਢਲਾ ਸਰੋਕਾਰ: ਪੱਛਮੀ ਭਰਮ ਅਤੇ ਗੁਰੂ ਨਾਨਕ ਦਾ ਅਸਲ ਇਨਕਲਾਬ

ਜਿਸ ਦੌਰ ਵਿੱਚ ਸ਼ਾਸਕਾਂ ਨੂੰ ਖ਼ੁਦਾ ਦਾ ਰੂਪ ਮੰਨਿਆ ਜਾਂਦਾ ਸੀ, ਉਸ ਵੇਲੇ ਗੁਰੂ ਨਾਨਕ ਸਾਹਿਬ ਨੇ ਹਾਕਮਾਂ ਨੂੰ "ਰਾਜੇ ਸੀਹ ਮੁਕਦਮ ਕੁਤੇ ਕਹਿਣ ਦਾ ਜੁਰਅਤ-ਭਰਿਆ ਕਦਮ ਚੁੱਕਿਆ।
ਲੇਖਕ: ਪ੍ਰੋ. ਬਲਵਿੰਦਰ ਪਾਲ ਸਿੰਘ, ਜਲੰਧਰ।

​ਦੁਨੀਆ ਭਰ ਦੇ ਅਕਾਦਮਿਕ ਹਲਕਿਆਂ ਅਤੇ ਇਤਿਹਾਸਕਾਰੀ ਵਿੱਚ ਇਹ ਧਾਰਨਾ ਡੂੰਘੀ ਜੜ੍ਹ ਫੜ ਚੁੱਕੀ ਹੈ ਕਿ ਮਨੁੱਖੀ ਹੱਕਾਂ, ਸਮਾਨਤਾ ਅਤੇ ਆਜ਼ਾਦੀ ਦਾ ਸੰਕਲਪ ਪੱਛਮ ਦੀ ਦੇਣ ਹੈ। ਸਕੂਲਾਂ ਤੋਂ ਲੈ ਕੇ ਵੱਡੀਆਂ ਯੂਨੀਵਰਸਿਟੀਆਂ ਤੱਕ 1789 ਦੀ ਫ਼ਰਾਂਸੀਸੀ ਕ੍ਰਾਂਤੀ ਦੇ ਨਾਅਰੇ—‘ਆਜ਼ਾਦੀ, ਬਰਾਬਰੀ ਅਤੇ ਭਾਈਚਾਰਾ’ ਆਧੁਨਿਕ ਜਮਹੂਰੀਅਤ ਦਾ ਮੁੱਢ ਮੰਨ ਕੇ ਪੜ੍ਹਾਇਆ ਜਾਂਦਾ ਹੈ। ਪ੍ਰੰਤੂ ਜਦੋਂ ਇਤਿਹਾਸ ਦੇ ਤੱਥਾਂ ਨੂੰ ਨਿਰਪੱਖਤਾ ਨਾਲ ਪਰਖਿਆ ਜਾਵੇ, ਤਾਂ ਇਹ ਦਾਅਵਾ ਨਾ ਸਿਰਫ਼ ਅੱਧਾ-ਅਧੂਰਾ ਸਗੋਂ ਯੂਰਪ-ਕੇਂਦਰਿਤ ਸੋਚ ਦਾ ਪ੍ਰਤੀਕ ਨਜ਼ਰ ਆਉਂਦਾ ਹੈ। ਫ਼ਰਾਂਸ ਦੀ ਕ੍ਰਾਂਤੀ ਤੋਂ ਲਗਭਗ ਤਿੰਨ ਸਦੀਆਂ ਪਹਿਲਾਂ ਪੰਜਾਬ ਦੀ ਧਰਤੀ ’ਤੇ ਗੁਰੂ ਨਾਨਕ ਦੇਵ ਜੀ ਨੇ ਜਿਸ ਸਮਾਜਿਕ, ਅਧਿਆਤਮਕ ਅਤੇ ਰਾਜਸੀ ਇਨਕਲਾਬ ਦਾ ਆਗਾਜ਼ ਕੀਤਾ ਸੀ, ਉਹ ਵਿਸ਼ਵ ਚਿੰਤਨ ਦੇ ਇਤਿਹਾਸ ਵਿੱਚ ਬੇਮਿਸਾਲ ਸੀ।

​ਫ਼ਰਾਂਸੀਸੀ ਕ੍ਰਾਂਤੀ ਇੱਕ ਹਿੰਸਕ ਤਖ਼ਤਾ-ਪਲਟ ਸੀ, ਜਿਸ ਨੇ ਪੁਰਾਣੇ ਰਾਜਸ਼ਾਹੀ ਢਾਂਚੇ ਨੂੰ ਢਾਹਿਆ ਤਾਂ ਸਹੀ, ਪਰ ਛੇਤੀ ਹੀ ਇਹ ‘ਦਹਿਸ਼ਤ ਦੇ ਰਾਜ’ ਅਤੇ ਬਾਅਦ ਵਿੱਚ ਨੈਪੋਲੀਅਨ ਦੀ ਤਾਨਾਸ਼ਾਹੀ ਵਿੱਚ ਤਬਦੀਲ ਹੋ ਗਈ। ਇਸ ਦੇ ਉਲਟ, ਗੁਰੂ ਨਾਨਕ ਸਾਹਿਬ ਦਾ ਇਨਕਲਾਬ ਸਿਰਫ਼ ਰਾਜਸੀ ਸੱਤਾ ਤਬਦੀਲ ਕਰਨ ਦਾ ਮਸਲਾ ਨਹੀਂ ਸੀ। ਇਹ ਮਨੁੱਖੀ ਆਤਮਾ ਦੀ ਮੁਕਤੀ ਅਤੇ ਸਦੀਆਂ ਤੋਂ ਜਕੜੇ ਸਮਾਜਿਕ ਢਾਂਚੇ ਨੂੰ ਸਰਬਤ ਦੇ ਭਲੇ ਤੇ ਸਾਂਝੀਵਾਲਤਾ ਦੇ ਸਮਾਜ ਵਿਚ ਤਬਦੀਲ ਕਰਨ ਦਾ ਇਨਕਲਾਬ ਸੀ।। ਗੁਰੂ ਸਾਹਿਬ ਨੇ ਵਰਣ-ਵੰਡ, ਜਾਤ-ਪਾਤ ਅਤੇ ਧਾਰਮਿਕ ਪਖੰਡਾਂ ਦੀਆਂ ਉਨ੍ਹਾਂ ਕੰਧਾਂ ਨੂੰ ਢਾਹਿਆ, ਜਿਨ੍ਹਾਂ ਨੇ ਇਨਸਾਨ ਨੂੰ ਇਨਸਾਨ ਤੋਂ ਵੱਖ ਕੀਤਾ ਹੋਇਆ ਸੀ। ‘ਜਾਤਿ ਕਾ ਗਰਬੁ ਨ ਕਰੀਅਹੁ ਕੋਈ ॥ ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ’ ਦਾ ਹੋਕਾ ਦੇ ਕੇ ਉਹਨਾਂ ਨੇ ਮਨੁੱਖੀ ਬਰਾਬਰੀ ਨੂੰ ਜ਼ਮੀਨੀ ਪੱਧਰ ਉਪਰ ਪਸਾਰਿਆ।

​ਸਮਾਨਤਾ ਦੇ ਇਸ ਸੰਕਲਪ ਨੂੰ ਸੰਸਥਾਈ ਰੂਪ ਦੇਣ ਲਈ ਗੁਰੂ ਨਾਨਕ ਸਾਹਿਬ ਨੇ ‘ਸੰਗਤ’ ਅਤੇ ‘ਪੰਗਤ’ ਦੀ ਬੁਨਿਆਦ ਰੱਖੀ। ਜਿੱਥੇ ਬਾਦਸ਼ਾਹ ਅਤੇ ਰੰਕ, ਉੱਚੀ ਜਾਤ ਅਤੇ ਅਖੌਤੀ ਨੀਵੀਂ ਜਾਤ ਦੇ ਲੋਕ ਇੱਕੋ ਪੰਗਤੀ ਵਿੱਚ ਬੈਠ ਕੇ ਭੋਜਨ ਛਕਦੇ ਸਨ।ਇਹ ਸਮਾਜਿਕ ਬਰਾਬਰੀ ਦਾ ਦੁਨੀਆ ਵਿੱਚ ਸਭ ਤੋਂ ਵੱਡਾ ਰੋਲ ਮਾਡਲ ਸੀ। ਇਸੇ ਤਰ੍ਹਾਂ ਔਰਤ ਨੂੰ ‘ਮੰਦਾ’ ਕਹਿਣ ਵਾਲੇ ਯੁੱਗ ਵਿੱਚ ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ’ ਕਹਿ ਕੇ ਔਰਤ ਦੀ ਹਸਤੀ ਅਤੇ ਮਾਣ-ਸਨਮਾਨ ਨੂੰ ਪੁਰਸ਼ ਦੇ ਬਰਾਬਰ ਸਥਾਪਿਤ ਕਰਨਾ ਉਸ ਸਮੇਂ ਦੀ ਦੁਨੀਆ ਲਈ ਇੱਕ ਅਦੁੱਤੀ ਕ੍ਰਾਂਤੀ ਸੀ।

​ਸਭ ਤੋਂ ਅਹਿਮ ਪਹਿਲੂ ਰਾਜਸੀ ਜ਼ੁਲਮ ਵਿਰੁੱਧ ਬੇਬਾਕ ਆਵਾਜ਼ ਉਠਾਉਣਾ ਸੀ। ਜਿਸ ਦੌਰ ਵਿੱਚ ਸ਼ਾਸਕਾਂ ਨੂੰ ਖ਼ੁਦਾ ਦਾ ਰੂਪ ਮੰਨਿਆ ਜਾਂਦਾ ਸੀ, ਉਸ ਵੇਲੇ ਗੁਰੂ ਨਾਨਕ ਸਾਹਿਬ ਨੇ ਹਾਕਮਾਂ ਨੂੰ “ਰਾਜੇ ਸੀਹ ਮੁਕਦਮ ਕੁਤੇ ਕਹਿਣ ਦਾ ਜੁਰਅਤ-ਭਰਿਆ ਕਦਮ ਚੁੱਕਿਆ ਅਤੇ ਬਾਬਰ ਦੇ ਹਮਲੇ ਦੌਰਾਨ ਹੋਏ ਕਤਲੋਗ਼ਾਰਤ ਨੂੰ ” ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ਕਹਿ ਕੇ ਵੰਗਾਰਿਆ। ਇਹ ਮਨੁੱਖੀ ਹੱਕਾਂ ਅਤੇ ਨਾਗਰਿਕ ਸੁਤੰਤਰਤਾ ਦੀ ਉਹ ਮੁੱਢਲੀ ਅਵਾਜ਼ ਸੀ। ਇਸੇ ਇਨਕਲਾਬ ਨੇ ਅੱਗੇ ਜਾ ਕੇ ਜ਼ੁਲਮ ਵਿਰੁੱਧ ਹਥਿਆਰਬੰਦ ਸੰਘਰਸ਼ ਅਤੇ ਖ਼ਾਲਸਾ ਰਾਜ ਦੇ ਜਮਹੂਰੀ ਸੰਕਲਪ ਦੀ ਨੀਂਹ ਰੱਖੀ।

​ਅੱਜ ਲੋੜ ਇਸ ਗੱਲ ਦੀ ਹੈ ਕਿ ਵਿਸ਼ਵ ਪੱਧਰ ’ਤੇ ਮਨੁੱਖੀ ਅਧਿਕਾਰਾਂ ਦੇ ਇਤਿਹਾਸ ਨੂੰ ਪੁਨਰ-ਪਰਿਭਾਸ਼ਿਤ ਕੀਤਾ ਜਾਵੇ। ਗੁਰੂ ਨਾਨਕ ਸਾਹਿਬ ਦਾ ਫ਼ਲਸਫ਼ਾ ਕੇਵਲ ਇੱਕ ਧਾਰਮਿਕ ਸਿਧਾਂਤ ਨਹੀਂ, ਸਗੋਂ ਵਿਸ਼ਵ-ਵਿਆਪੀ ਜਮਹੂਰੀਅਤ, ਸਮਾਜਿਕ ਨਿਆਂ ਅਤੇ ਮਨੁੱਖੀ ਸਨਮਾਨ ਦਾ ਸਭ ਤੋਂ ਪਹਿਲਾ ਤੇ ਪ੍ਰਮਾਣਿਕ ਖ਼ਾਕਾ ਸੀ। ਜਦੋਂ ਤੱਕ ਦੁਨੀਆ ਪੱਛਮੀ ਗ਼ੁਲਾਮੀ ਵਾਲੀ ਮਾਨਸਿਕਤਾ ਤੋਂ ਮੁਕਤ ਹੋ ਕੇ ਪੂਰਬ ਦੇ ਇਸ ਮਹਾਨ ਚਿੰਤਨ ਨੂੰ ਗਹੁ ਨਾਲ ਨਹੀਂ ਵਾਚਦੀ, ਉਦੋਂ ਤੱਕ ਮਨੁੱਖੀ ਆਜ਼ਾਦੀ ਦਾ ਇਤਿਹਾਸ ਅਧੂਰਾ ਹੀ ਰਹੇਗਾ।

Related posts

ਲੋੜਵੰਦਾਂ ਦੀ ਸਹਾਇਤਾ ਲਈ ਹਮੇਸ਼ਾਂ ਉਪਰਾਲੇ ਕਰਦੀ ਰਹਾਂਗੀ: ਬੀਬੀ ਮਾਣੂੰਕੇ

admin

ਅਫਗਾਨਿਸਤਾਨ ‘ਤੇ ਬਦਲੇ ਬ੍ਰਿਟੇਨ ਦੇ ਸੁਰ, ਬੋਰਿਸ ਜੌਨਸਨ ਬੋਲੇ- ਜ਼ਰੂਰੀ ਹੋਇਆ ਤਾਂ ਤਾਲਿਬਾਨ ਨਾਲ ਕੰਮ ਕਰਨ ਨੂੰ ਤਿਆਰ

Bunty

ਭਾਰਤ ਗਲੋਬਲ ਕੰਪਨੀਆਂ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ !

admin