ArticlesIndia

ਮੋਦੀ ਵਲੋਂ ਜਨਤਕ ਸੰਜਮ ਦੀ ਸਲਾਹ-ਕਹੀਂ ਪੇ ਨਿਗਾਹੇਂ, ਕਹੀਂ ਪੇ ਨਿਸ਼ਾਨਾਂ !

ਨਰਿੰਦਰ ਮੋਦੀ, ਭਾਰਤ ਦੇ ਪ੍ਰਧਾਨ ਮੰਤਰੀ।
ਲੇਖਕ: ਪ੍ਰੋ. ਜਸਵੰਤ ਸਿੰਘ ਗੰਡਮ, ਫਗਵਾੜਾ।

ਡੇੜ ਕੁ ਮਹੀਨਾਂ ਤਾਬੜਤੋੜ ਚੋਣ ਪ੍ਰਚਾਰ,ਦਰਜਨਾਂ ਚੋਣ-ਰੈਲੀਆਂ ਤੇ ਰੋਡ-ਸ਼ੋਅ ਕਰਨ, 4 ਮਈ ਨੂੰ ਪੱਛਮੀ ਬੰਗਾਲ ਵਿਚ ਪਹਿਲੀ ਵਾਰ ਭਾਜਪਾ ਦੀ ਤੇ ਹੋਰ ਸੂਬਿਆਂ ‘ਚ ਪਾਰਟੀ ਦੀ ਜਿੱਤ ਦੇ ਜਸ਼ਨ ਮਨਾਉਣ, 9 ਮਈ ਨੂੰ ਕੋਲਕਾਤਾ ‘ਚ ਪੂਰੇ ਜਾਹੋ-ਜਲਾਲ ਨਾਲ ਭਾਜਪਾ ਸਰਕਾਰ ਦੇ ਸਹੁੰ-ਚੁੱਕ ਸਮਾਗਮ ਵਿੱਚ ਸ਼ਾਮਿਲ ਹੋਣ ਅਤੇ ਭਾਜਪਾ ਵਲੋਂ ‘ਗੰਗੋਤਰੀ ਤੋਂ ਗੰਗਾਸਾਗਰ’ ਤਕ ਰਾਜਾਂ ‘ਚ ਰਾਜਭਾਗ ਹੋਣ ਤੇ ਅਠਖੇਲੀਆਂ ਲੈਣ ਉਪਰੰਤ 10-11 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਚਨਚੇਤ ਦੇਸ਼ ਦੀ ਅਰਥ ਵਿਵੱਸਥਾ ਉੱਪਰ ਮੰਡਰਾ ਰਹੇ ਬੱਦਲਾਂ ਦਾ ਖਿਆਲ ਆਇਆ ਅਤੇ ਉਹਨਾਂ ਨੇਂ ਦੇਸ਼ ਵਾਸੀਆਂ ਨੂੰ ‘ਜਨਤਕ-ਸੰਜਮ/ਨਾਗਰਿਕ-ਸੱਤਿਆਗ੍ਰਹਿ’ ਦਾ ਵਰਤਾਰਾ ਅਪਨਾਉਣ ਦੀ ਸਲਾਹ ਦੇ ਮਾਰੀ। (ਉਂਝ ਉਹ ਅੱਜ ਵੀ ਆਪਣੀ ਪਾਰਟੀ ਦੇ ਲਾਮ-ਲਸ਼ਕਰ ਸਮੇਤ ਅਸਾਮ ਵਿਚ ਭਾਜਪਾ ਦੇ ਮੁੱਖ ਮੰਤਰੀ ਦੇ ਸਹੁੰ-ਚੁੱਕ ਸਮਾਗਮ ਵਿਚ ਸ਼ਾਮਿਲ ਹੋਏ)

ਆਪਣੇ ਤਿਲੰਗਾਨਾ ਅਤੇ ਫਿਰ ਵਡੋਦਰਾ(ਗੁਜਰਾਤ) ਵਿਚਲੇ ਭਾਸ਼ਨਾਂ ਦੌਰਾਨ ਉਹਨਾਂ ਨੇ ਦੇਸ਼ ਵਾਸੀਆਂ ਨੂੰ ਸੰਜਮ-ਬੱਚਤ ਕਰਨ ਵਾਲੇ  ਵਰਤਾਰਿਆਂ ਨੂੰ ਅਪਨਾਉਣ ਵਾਸਤੇ ਕਿਹਾ। ਇਹਨਾਂ ਵਿਚ ਬਦੇਸ਼ੀ ਯਾਤਰਾਵਾਂ ਘਟਾਉਣ, ਡੈਸਟੀਨੇਸ਼ਨ ਵੈਡਿੰਗ ਤੋਂ ਕੰਨੀ ਕਤਰਾਉਣ,ਜਨਤਕ ਟਰਾਂਸਪੋਰਟ ਵਰਤਣ ਜਾਂ ਕਾਰ-ਪੂਲ ਕਰਨ,ਬਿਜਲਈ ਵਾਹਨ ਵਰਤਣ,ਸਾਲ ਭਰ ਲਈ ਸੋਨੇ ਦੀ ਖ੍ਰੀਦ ਮੁਲਤਵੀ ਕਰਨ,ਕਿਸਾਨਾਂ ਨੂੰ ਖਾਦ ਦੀ ਵਰਤੋਂ ਘਟ ਕਰਨ,ਕੰਪਨੀਆਂ ਨੂੰ ਮੁਲਾਜ਼ਮਾਂ ਨੂੰ ਘਰੋਂ ਕੰਮ ਕਰਨ ਦੀ ਇਜ਼ਾਜ਼ਤ ਦੇਣ ਸਮੇਤ ਹੋਰ ਕਫਾਇਤੀ ਕਦਮ ਚੁਕਣਾਂ ਸ਼ਾਮਿਲ ਹਨ।

ਇਹਨਾਂ ਭਾਸ਼ਨਾਂ ਵਿਚ ਪ੍ਰਗਟ ਰੂਪ ‘ਚ ਦੇਸ਼ ਦੀ ਅਰਥ ਵਿਵੱਸਥਾ ਉਪਰ ਪੱਛਮੀ ਏਸ਼ੀਆ ਵਿੱਚ ਇਜ਼ਰਾਈਲ/ਅਮਰੀਕਾ-ਈਰਾਨ ਜੰਗ ਕਾਰਨ ਉਤਪੰਨ ਹੋਏ ਸੰਕਟ ਕਾਰਨ ਪੈ ਰਹੇ ਤੇ ਵਧ ਰਹੇ ਦਬਾ ਦੀ ਸਪਸ਼ਟ ਝਲਕ ਦਿਸਦੀ ਹੈ।ਨਾਲ ਹੀ ਇਹ ਕਿਸੇ ਹੋਰ ਗੱਲ ਵਲ ਵੀ ਇਸ਼ਾਰਾ ਕਰਦੇ ਨਜ਼ਰ ਆ ਰਹੇ ਹਨ-‘ਜਾਣੀ ਕਹੀਂ ਪੇ ਨਿਗਾਹੇਂ,ਕਹੀਂ ਪੇ ਨਿਸ਼ਾਨਾਂ’।

ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ,ਜੋ 15-20 ਮਈ ਤਕ 5 ਮੁਲਕਾਂ ਦੇ ਬਦੇਸ਼ੀ ਦੌਰੇ ਉੱਪਰ ਜਾ ਰਹੇ ਹਨ,ਦੇਸ਼ ਵਾਸੀਆਂ ਨੂੰ ਜਾਣ ਤੋਂ ਪਹਿਲਾਂ ਇਹ ਸੰਕੇਤ ਦਿੰਦੇ ਲਗ ਰਹੇ ਹਨ ਕਿ ਆਉਣ ਵਾਲੇ ਸਮੇਂ ‘ਚ ਘਰੇਲੂ ਗੈਸ,ਪੈਟਰੋਲ/ਤੇਲ,ਡੀਜ਼ਲ ਆਦਿ ਦੇ ਰੇਟ ਵਧ ਸਕਦੇ ਹਨ। ਕਮਰਸ਼ਲ ਗੈਸ ਦੇ ਰੇਟ ਤਾਂ ਪਹਿਲਾਂ ਹੀ ਵਧਾਏ ਜਾ ਚੁੱਕੇ ਹਨ। ਸਮੁੰਦਰੀ ਜਹਾਜ਼ਰਾਨੀ ਦੀ ਸ਼ਾਹਰਗ ਹੋਰਮੁਜ਼ ਜਲਮਾਰਗ ਉਪਰ ਈਰਾਨ ਅਤੇ ਅਮਰੀਕਾ ਵਲੋਂ ਬਲੌਕੇਡ ਕਾਰਨ ਪੈਟਰੋਲੀਯਮ ਪਥਾਰਥਾਂ,ਖਾਦ ਅਤੇ ਸਮੁੰਦਰ ਰਾਹੀਂ ਕੀਤੀਆਂ ਜਾਣ ਵਾਲੀਆਂ ਹੋਰ ਦਰਾਮਦਾਂ ਉਪਰ ਬਹੁਤ ਮਾੜਾ ਪ੍ਰਭਾਵ ਪਿਐ। ਸਾਡੇ ਦੇਸ਼ ਦੀਆਂ ਤੇਲ/ਗੈਸ ਕੰਪਨੀਆਂ ਨੂੰ ਹਰ ਮਹੀਨੇਂ 3੦,੦੦੦ ਕਰੋੜ ਰੁਪਏ ਦਾ ਘਾਟਾ ਪੈ ਰਿਹੈ! ਰੁਪਿਆ ਲਗਾਤਾਰ ਡਿਗ ਰਿਹੈ, ਮੁਦਰਾ ਸਫੀਤੀ ਵਧ ਰਹੀ ਹੈ,ਕੀਮਤਾਂ ਆਸਮਾਨੇ ਚੜ੍ਹ ਰਹੀਆਂ ਹਨ,ਬਦੇਸ਼ੀ ਕਰੰਸੀ ਦੇ ਰਿਜ਼ਰਵਾਂ ਉਪਰ ਦਬਾ ਪੈ ਰਿਹੈ ਅਤੇ ਸਮੁੱਚੀ ਅਰਥ ਵਿਵੱਸਥਾ ਤੇ ਮਾੜਾ ਅਸਰ ਪੈ ਰਿਹੈ।ਹੋਰਮੁਜ਼ ਜਲਮਾਰਗ ਰਾਹੀਂ ਵਿਸ਼ਵ ਭਰ ਦਾ ਕਰੀਬ 2੦% ਈਂਧਣ ਆਉਂਦੈ। ਇਸ ਦੇ ਕਈ ਹਫਤਿਆਂ ਤੋਂ ਬੰਦ ਹੋਣ ਕਾਰਨ ਈਂਧਣ ਦੇ ਵੈਸ਼ਵਿਕ ਰੇਟਾਂ ਵਿਚ 28 ਫਰਵਰੀ ਤੋਂ ਹੁਣ ਤੀਕ ਕਰੀਬ 5੦% ਵਧੇਰੇ ਹੋਣ ਦੇ ਅੰਕੜੇ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀਆਂ ਸੰਜਮ-ਸਪੀਚਾਂ ਰਾਹੀਂ ਦੇਸ਼ ਵਾਸੀਆਂ ਨੂੰ ਪੱਛਮੀ ਏਸ਼ੀਆ ਦੇ ਯੁੱਧ ਕਾਰਨ ਪੈਦਾ ਹੋਏ ਸੰਕਟ ਅਤੇ ਵਧ ਰਹੀ ਅਨਿਸਚਿਤਿਤਾ ਸਬੰਧੀ ਤਿਆਰ ਕਰ ਰਹੇ ਹਨ। ਉਹ ਲੋਕਾਂ ਨੂੰ ਇਸ ਗਲ ਲਈ ਵੀ ਮਾਨਸਿਕ ਤੌਰ ਤੇ ਤਿਆਰ ਕਰ ਰਹੇ ਹਨ ਕਿ ਇਸ ਸੰਕਟ ਕਾਰਨ ਕੁਝ ਸਖਤ ਕਦਮ ਚੁੱਕਣੇ ਪੈ ਸਕਦੇ ਹਨ। ਭਾਵ,ਘਰੇਲੂ ਗੈਸ,ਤੇਲ ਅਤੇ ਹੋਰ ਵਸਤਾਂ ਦੇ ਭਾਅ ਵਧ ਸਕਦੇ ਹਨ। ਬੇਸ਼ਕ ਉਹਨਾਂ ਨੇਂ ਰੇਟ ਵਧਾਉਣ ਦੀ ਗੱਲ ਤਾਂ ਨਹੀਂ ਕਹੀ ਪਰ ਸਿਆਣੇ ਨੂੰ ਇਸ਼ਾਰਾ ਹੀ ਕਾਫੀ ਹੁੰਦੈ।

ਆਪਾਂ ਨੂੰ ਪਤਾ ਹੀ ਹੈ ਕਿ ਮੋਦੀ ਜੀ ਦੀਆਂ ਗੱਲਾਂ ਦੇ ਬੜੇ ਡੂੰਘੇ ਅਰਥ ਹੁੰਦੇ ਹਨ। ਮਾਰਚ 2020 ਨੂੰ ਜਦ ਕੋਵਿਡ ਫੇਲਣ ਲਗਾ ਸੀ ਤਾਂ ਉਹਨਾਂ ਨੇ ਸਵੈ-ਇੱਛਾ ਨਾਲ ਦੇਸ਼ ਵਾਸੀਆਂ ਨੂੰ 22 ਮਾਰਚ ਨੂੰ 14 ਘੰਟੇ ਦਾ ‘ਜਨਤਾ ਕਰਫਿਊ’ ਲਗਾਉਣ ਲਈ ਕਿਹਾ ਸੀ। ਨਾਲ ਹੀ ‘ਥਾਲੀਆਂ ਖੜਕਾਉਣ’ ਅਤੇ ਤਾੜੀਆਂ ਵਜਾਉਣ ਲਈ ਵੀ। ਇਸ ਮਗਰੋਂ 24 ਮਾਰਚ ਤੋਂ 3 ਹਫਤੇ ਦਾ ਸੰਪੂਰਨ ਲਾਕਡਾਊਨ ਲਗਾ ਦਿਤਾ ਸੀ! ਸੋ, ਹੁਣ ਵਾਲੀਆਂ ਸਵੈ-ਇੱਛਤ ਰੋਕਾਂ, ਬੱਚਤਾਂ, ਸੰਜਮੀ ਵਰਤਾਰੇ ਵੀ ਇਸ ਗੱਲ ਵਲ ਹੀ ਇਸ਼ਾਰਾ ਹਨ ਕਿ ‘ਪਿੱਕਚਰ ਅਭੀ ਬਾਕੀ ਹੈ ਮੇਰੇ ਦੋਸਤ,ਯੇਹ ਤੋ ਬਸ ਟ੍ਰੇਲਰ ਹੈ’! ਪਰ ਇੱਕ ਗੱਲ ਪੱਕੀ ਹੈ ਕਿ ਹੁਣ ਲਾਕਡਾਊਨ ਵਰਗੇ ਸਖਤ ਕਦਮ ਨਹੀਂ ਚੁੱਕੇ ਜਾਣਗੇ।

ਮੋਦੀ ਜੀ ਦੇ ਇਹਨਾਂ ਬੱਚਤ ‘ਉਪਦੇਸ਼ਾਂ’ ਦਾ ਵਿਰੋਧੀ ਪਾਰਟੀਆਂ ਵਲੋਂ ਬੜੀ ਅਲੋਚਨਾਂ ਹੋਈ ਹੈ। ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਤਨਜ਼ ਕਸਦਿਆਂ ਕਿਹੈ ਕਿ ‘ਇਹ ਉਪਦੇਸ਼ ਨਹੀਂ, ਨਾਕਾਮੀ ਦੇ ਸਬੂਤ ਹਨ ਤੇ ਹੁਣ ਦੇਸ਼ ਚਲਾਉਣਾ ‘ਸਮਝੌਤਾਵਾਦੀ’ ਪ੍ਰਧਾਨ ਮੰਤਰੀ ਦੇ ਵਸ ਦੀ ਗਲ ਨਹੀਂ ਰਹੀ ਹੈ’। ਸਪਾ ਆਗੂ ਅਖਿਲੇਸ਼ ਯਾਦਵ ਨੇ ਵਿਅੰਗਮਈ ਅੰਦਾਜ਼ ‘ਚ ਕਿਹਾ ਕਿ ‘ਚੋਣਾਂ ਖਤਮ ਹੁੰਦਿਆਂ ਹੀ ‘ਸੰਕਟ’ ਯਾਦ ਆ ਗਿਆ’। ਆਪ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੁੱਛਿਐ ਕਿ ਕੀ ਪ੍ਰਧਾਨ ਮੰਤਰੀ ਕਿਸੇ ਸੰਭਾਵਿਤ ‘ਆਰਥਿਕ ਐਮਰਜੰਸੀ’ ਵਲ ਇਸ਼ਾਰਾ ਕਰ ਰਹੇ ਹਨ? ਉਹਨਾਂ ਨੂੰ ਅਰਥ ਵਿਵਸਥਾ ਦੀ ਸਹੀ ਤਸਵੀਰ ਦੇਸ਼ ਸਾਹਮਣੇ ਪੇਸ਼ ਕਰਨੀ ਚਾਹੀਦੀ ਹੈ’। ਪਰ ਭਾਜਪਾ ਨੇਤਾਵਾਂ ਨੇ ਵੀ ਆਪਣੇ ਨੇਤਾ ਦੇ ਪੱਖ ‘ਚ ਬੜੇ ਮੋੜਵੇਂ ਬਿਆਨ ਦਾਗੇ ਹਨ।

ਸਵਾਲ ਪੈਦਾ ਹੁੰਦੈ ਕਿ ਆਖਿਰ ਪ੍ਰਧਾਨ ਮੰਤਰੀ ਨੂੰ ਬੰਗਾਲ ਵਿਚ ਭਾਜਪਾ ਦੀ ਪਹਿਲੀ ਸਰਕਾਰ ਦੇ ਸਹੁੰ-ਚੁੱਕ ਸਮਾਗਮ ਦੇ ਐਨ ਦੂਜੇ ਦਿਨ ਹੀ ਇਹ ਸਭ ਕਿਉਂ ਯਾਦ ਆਇਆ? ਕੀ ਚੋਣ ਪ੍ਰਚਾਰ ਵਿਚ ਕਰੋੜਾਂ ਰੁਪਏ ਖਰਚਣ,ਤੇਲ ਫੁਕਣ ਅਤੇ ਮੁਫਤ ਦੀਆਂ ਰੇਵੜੀਆਂ ਵੰਡਣ ਵੇਲੇ ਇਹ ਸਭ ਕੁਝ ਯਾਦ ਨਹੀਂ ਸੀ?ਹੋਰਨਾਂ ਪਾਰਟੀਆਂ ਵਾਂਗ ਭਾਜਪਾ ਨੇ ਵੀ ਰੱਜ ਕੇ ‘ਫ੍ਰੀਬੀਜ਼’ ਦੇ ਗੱਫੇ ਦਿਤੇ ਸਨ। ਕੀ ਉਦੋਂ ਦੇਸ਼ ਦੀ ਅਰਥ ਵਿਵੱਸਥਾ ਸੰਕਟ ਵਿਚ ਨਹੀਂ ਸੀ? ਨਾਲੇ ਆਪ ਤਾਂ ਮੋਦੀ ਜੀ ਅਤੇ ਉਹਨਾਂ ਦੇ ਹੋਰ ਮੰਤਰੀ ਬਾਰ ਬਾਰ ਇਹ ਦਾਅਵੇ ਕਰ ਰਹੇ ਸਨ ਕਿ ਸਾਡੇ ਦੇਸ਼ ਦੀ ਅਰਥ ਵਿਵੱਸਥਾ ਸਥਿਰ ਹੈ, ਲਚਕੀਲੀ ਹੈ ਅਤੇ ਇਹ ਪੱਛਮੀ ਏਸ਼ੀਆਂ ਦੇ ਸੰਕਟ ਦਾ ਮੁਕਾਬਲਾ ਕਰਨ ਦੇ ਸਮਰੱਥ ਹੈ। ਹੁਣ ਭਲਾ ਅਚਨਚੇਤ ਕਿਹੜੀ ਕੀੜੀ ਪੈ ਗਈ ਕਿ ਮੋਦੀ ਨੂੰ ਸਾਰੇ ਦੇਸ਼ ਵਾਸੀਆਂ ਨੂੰ ਸੰਜਮੀ ਜੀਵਨ ਜਾਚ ਦੀਆਂ ਨਸੀਹਤਾਂ ਦੇਣ ਦੀ ਲੋੜ ਪੈ ਗਈ ਅਤੇ ਉਹ ਵੀ ਉੱਤੋੜੱਤੀ ਦੋ ਵਾਰ (ਹੋ ਸਕਦੈ ਅਜਿਹੇ ਉਪਦੇਸ਼ ਹੋਰ ਵੀ ਮਿਲਣ)।

ਇਸ ਦਾ ਜਵਾਬ ਹੈ ਚਾਰ ਰਾਜਾਂ ਤੇ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਵਿਚਲੀਆਂ ਪੰਜ ਵਿਧਾਨ ਸਭਾਈ ਚੋਣਾਂ,ਖਾਸ ਕਰਕੇ ਪੱਛਮੀ ਬੰਗਾਲ ਦੀਆਂ,ਜਿਹਨਾਂ ਤੇ ਭਾਜਪਾ ਨੇ ‘ਡੂ ਔਰ ਡਾਈ'(ਕਰੋ ਜਾਂ ਮਰੋ) ਵਰਗੀ ਲੜਾਈ ਵਿੱਢੀ ਹੋਈ ਸੀ। ‘ਸਾਮ, ਦਾਮ, ਦੰਡ,ਭੇ ਦ ਅਤੇ ‘ਸਰ’ ਵਾਲੀ ਲੜਾਈ! ਚੋਣਾਂ ਵੇਲੇ ਭਲਾ ਦੇਸ਼ ਦੇ ਆਰਥਕ ਸੰਕਟ ਦੀ ਕੌਣ ਗੱਲ ਕਰਦੈ?ਉਦੋਂ ਤਾਂ ਸਭ ਜਣੇ ‘ਸਭ ਅੱਛਾ ਹੈ’ ਦੇ ਸੁਹਲੇ ਗਾਉਂਦੇ ਹੁੰਦੇ ਐ,ਸਭ ਨੂੰ ਪੁੱਤ ਦੇਣੇ ਹੁੰਦੇ ਐ, ਅੰਬਰਾਂ ਤੋਂ ਤਾਰੇ ਤੋੜ ਕੇ ਲਿਆਉਣ ਦੇ ਵਾਅਦੇ ਕਰਨੇ ਹੁੰਦੇ ਐ, ਵੋਟਰਾਂ ਨੂੰ ਲੁਭਾਉਣ,ਭਰਮਾਉਣ ਤੇ ਪਰਚਾਉਣ ਲਈ। ਜਿਵੇਂ ਕੋਈ ਦਿਲ-ਫੈਂਕ ਆਸ਼ਿਕ ਆਪਣੀ ਮਾਸ਼ੁਕਾ ਨੂੰ ਮਨਾਉਣ/ਭਰਮਾਉਣ ਲਈ ਕਰਦੈ!

ਵੈਸੇ,ਜੇ ਮੋਦੀ ਜੀ ਵਾਕਿਆ ਹੀ ਸੰਕਟ ਤੋਂ ਸੁਚੇਤ ਸਨ ਤਾਂ ਕਰੋੜਾਂ ਰੁਪਏ ਚੋਣ ਪ੍ਰਚਾਰ ਉਪਰ ਕਿਉਂ ਖਰਚੇ? ਪੈਸਾ ਪਾਣੀ ਵਾਂਗ ਕਿਉਂ ਵਹਾਇਆ? ਪਤਾ ਨਹੀਂ ਕਿੰਨੇ ਟਨ ਪੈਟ੍ਰੋਲ ਵਰਤਿਆ ਗਿਆ ਹੋਵੇ ਪ੍ਰਚਾਰ ਵੇਲੇ ਗੱਡੀਆਂ ‘ਚ।ਉਂਝ ਵੀ ਪਤਾ ਨਹੀਂ ਕਿੰਨੇ ਕਰੋੜ ਹੋਰ ਢੰਗ-ਤਰੀਕਿਆਂ ਉਪਰ ਖਰਚ ਆਇਆ ਹੋਵੇ ਸਾਰੀਆਂ ਪਾਰਟੀਆਂ ਦਾ,ਖਾਸ ਕਰਕੇ ਵਡੀਆਂ ਪਾਰਟੀਆਂ ਦਾ।

ਜਨਤਾ ਨੂੰ ਤਾਂ ਬਦੇਸ਼ੀ ਟਰਿੱਪਾਂ ਘਟਾਉਣ ਦਾ ਮਸ਼ਵਰਾ ਦਿਤਾ ਜਾ ਰਿਹੈ ਪਰ ਸਰਕਾਰੀ ਬਦੇਸ਼ੀ ਯਾਤਰਾਵਾਂ ਘਟਾਉਣ ਵਲ ਕਿਸੇ ਦਾ ਧਿਆਨ ਨਹੀਂ। ਸਾਡੇ ਤਾਂ ਪ੍ਰਧਾਨ ਮੰਤਰੀ ਜੀ ਖੁਦ ਹੀ ਬਦੇਸ਼ੀ ਦੌਰਿਆਂ ਦੇ ਬਹੁਤ  ਸ਼ੋਕੀਨ ਹਨ,ਬੇਸ਼ਕ ਅਜਿਹੇ ਦੌਰੇ ਕੌਮਾਂਤਰੀ ਕਾਰਜਾਂ ਕਾਰਨ ਕੀਤੇ ਜਾਂਦੇ ਹਨ। ਪਰ ਜੇ ਦੇਸ਼ ਨੂੰ ਕੋਈ ਆਰਥਕ ਸੰਕਟ ਦਰਪੇਸ਼ ਹੈ ਤਾਂ ਇਹ ਘਟਾਏ ਵੀ ਜਾ ਸਕਦੇ ਹਨ। ਸੰਜਮ ਤਾਂ ਪਹਿਲਾਂ ਘਰੋਂ ਹੀ ਚਲਣਾ ਚਾਹੀਦੈ-“ਪ੍ਰਥਮੇ ਮਨੁ ਪਰਬੋਧੈ ਅਪਨਾ ਪਾਛੈ ਅਵਰ ਰੀਝਾਵੈ”।।(ਸ.ਗ.ਗ.ਸ.ਅੰਗ-੩੮੧)।

ਮੋਦੀ ਜੀ ਦਾ ਨਾਗਰਿਕ ਸੱਤਿਆਗ੍ਰਹਿ ਨਾਂ ਤਾਂ ਮਹਾਤਮਾ ਗਾਂਧੀ ਦੇ 193੦ ਵਾਲੇ ਸਾਲਟ-ਮਾਰਚ ਵਰਗਾ ਹੈ ਅਤੇ ਨਾਂ ਹੀ ਦੇਸ਼ ਦੇ ਤਤਕਾਲੀਨ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਵਲੋਂ ਦੇਸ਼ ਨੂੰ ਦਰਪੇਸ਼ ਅੰਨ ਸੰਕਟ ਦਾ ਮੁਕਾਬਲਾ ਕਰਨ ਲਈ 1965 ਵਾਲੀ ਦੇਸ਼ ਵਾਸੀਆਂ ਨੂੰ ਹਰ ਸੋਮਵਾਰ ਵਰਤ ਰਖਣ ਲਈ ਕੀਤੀ ਪ੍ਰੇਰਨਾ ਵਰਗਾ। ਲੂਣ ਸਭ ਦੀ ਲੋੜ ਹੈ ਤੇ ਭੋਜਨ ਵੀ। ਪਰ ਸੋਨਾਂ ਤੇ ਬਦੇਸ਼ ਯਾਤਰਾਵਾਂ ਸਭ ਦੀ ਲੋੜ ਨਹੀਂ ਹੈ। ਇਹ ਅਮੀਰਾਂ ਦੇ ਸ਼ੌਕ/ਚੋਚਲੇ ਹਨ। ਪਰ ਇਹਨਾਂ ਨਾਲ ਆਮ ਵਰਕਰਜ਼ ਵੀ ਜੁੜੇ ਹਨ। ਗਹਿਣੇ-ਗੱਟੇ ਦੇ ਕਾਰੋਬਾਰ ਅਤੇ ਏਅਰਲਾਈਨਾਂ ਨਾਲ ਲੱਖਾਂ ਵਰਕਰਾਂ ਦਾ ਰੁਜ਼ਗਾਰ ਜੁੜਿਐ। ਪੈਟਰੋਲ ਪੰਪਾਂ ਨਾਲ ਵੀ ਹਜ਼ਾਰਾਂ ਸਟਾਫ ਮੈਂਬਰ/ਕਰਿੰਦੇ ਸਬੰਧਤ ਹੁੰਦੇ ਹਨ। ਸੋਨੇ ਦੇ ਕਾਰੋਬਾਰੀ ਸਾਰੇ ਹੀ ਵਡੇ ਕਾਰੋਬਾਰੀ ਨਹੀਂ ਹਨ,ਛੋਟੇ ਵੀ ਹਨ। ਮੋਦੀ ਜੀ ਦੀ ‘ਕਾਲ’ ਕਾਰਨ ਇਹਨਾਂ ਕਾਰੋਬਾਰਾਂ ਉਪਰ ਮਾੜਾ ਪ੍ਰਭਾਵ ਪਿਆ ਹੈ। ਵਡੇ ਕਾਰੋਬਾਰੀਆਂ ਨੂੰ ਬਹੁਤਾ ਫਰਕ ਨਹੀਂ ਪੈਂਦਾ।ਇਲੈਕਟ੍ਰਿਕ ਵਾਹਨ ਖ੍ਰੀਦਣ ਲਈ ਪੈਸੇ ਦਰਕਾਰ ਹਨ। ਇਹ ਵੀ ਉਪਰਲੇ ਮੱਧ ਸ਼ਰੇਣੀ ਵਰਗ ਵਾਲੇ ਹੀ ਖ੍ਰੀਦ ਸਕਦੇ ਹਨ। ਬਦੇਸ਼ੀ ਸੈਰਾਂ,ਡੈਸਟੀਨੇਸ਼ਨ ਵੈਡਿੰਗ ਤਾਂ ਹਨ ਹੀ ਅਮੀਰਾਂ ਦੇ ਚੋਚਲੇ!ਉਹਨਾਂ ਨੇ ਇਹ ਕਰੀ ਹੀ ਜਾਣੇ ਹਨ। ‘ਵਰਕ-ਫਰੌਮ ਹੋਮ’ (ਘਰੋਂ ਕੰੰਮ) ਵੀ ਵਾਈਟ-ਕਾਲਰ ਕੰਮਾਂ ਵਾਲੇ ਹੀ ਕਰ ਸਕਦੇ ਹਨ,ਦਿਹਾੜੀਦਾਰ ਨਹੀਂ। ਲੱਖਾਂ/ਕਰੋੜਾਂ ਦਿਹਾੜੀਦਾਰਾਂ ਨੂੰ ਤਾਂ ਘਰੋਂ ਬਾਹਰ ਜਾ ਕੇ ਹੀ ਦਿਹਾੜੀ ਕਰਨੀ ਪੈਂਦੀ ਹੈ।

ਪਰ ਘਰੇਲੂ ਖਪਤ ਵਾਲੀ ਗੈਸ ਲਗਭਗ ਸਭ ਵਰਤਦੇ ਹਨ। ਈਂਧਣ ਦੀ ਵਰਤੋਂ ਵੀ ਮੱਧ-ਸ਼ਰੇਣੀ ਅਤੇ ਨਿਮਨ ਮੱਧ-ਵਰਗੀ ਲੋਕ ਵੀ ਵਰਤਦੇ ਹਨ।ਇਹਨਾਂ ਦੇ ਰੇਟ ਵਧਣ ਨਾਲ ਆਮ ਬੰਦੇ ਦੀ ਜੇਭ ਵਿੱਚ ਛੇਕ ਹੋਣਗੇ, ਉਸ ਦਾ ਬੱਜਟ ਡਾਵਾਂਡੋਲ ਹੋ ਜਾਵੇਗਾ। ਖਾਦ ਦੀ ਘਟ ਵਰਤੋਂ ਦਾ ਮਤਲਬ ਘਟ ਫਸਲੀ ਝਾੜ,ਜਾਣੀ ਕਿਸਾਨ ਨੂੰ ਘਾਟਾ,ਆਮ ਤੇ ਛੋਟੇ ਕਿਸਾਨ ਨੂੰ ਵੀ।

ਇਹਨਾਂ ਸ਼੍ਰੇਣੀਆਂ ਨੂੰ ਮਹਿੰਗਾਈ ਦੀ ਹੋਰ ਮਾਰ ਤੋਂ ਬਚਾਉਣ ਲਈ ਵਿੱਤੀ-ਵਿਵੇਕ, ਆਰਥਕ ਨੀਤੀਆਂ ਨੂੰ ਨਵੇਂ ਸਿਰਿਉਂ ਵਿਉਂਤਣ ਅਤੇ ‘ਰੇਵੜੀ-ਕਲਚਰ’ ਤੋਂ ਬਚਣ ਦੀ ਲੋੜ ਹੈ। ‘ਉਪਭੋਗਤਾ-ਸਭਿਆਚਾਰ’ ਦੇ ਪਾਗਲਪਨ ਨੂੰ ਜ਼ਰਾ ਠੱਲ਼੍ਹ ਪਾ ਕੇ ‘ਚਾਦਰ ਦੇਖ ਕੇ ਪੈਰ ਪਸਾਰਨ’ ਨਾਲ ਇਸ ਸੰਕਟ ਉਪਰ ਕਾਬੂ ਪਾਇਆ ਜਾ ਸਕਦੈ। ਸਿਆਸਤਦਾਨਾਂ ਨੂੰ ਆਪਣੀ ਪੀੜ੍ਹੀ ਥਲੇ ਆਪ ਵੀ ਸੋਟਾ ਫੇਰਨਾਂ ਚਾਹੀਦੈ।ਸਭ ਸਮਝਣਗੇ ਤਾਂ ਸੌਖੇ ਰਹਿਣਗੇ!- “ਅਜਹੂ ਸਮਝਿ ਕਛੁ ਬਿਗਰਿਓ ਨਾਹਿਨਿ…'(ਸ.ਗ.ਗ.ਸ.ਅੰਗ-੬੩੩)।

Related posts

ਲੋਕਤੰਤਰ ਦਾ ਜਸ਼ਨ ਜਾਂ ਪੱਖਪਾਤੀ ਚੋਣਾਂ 

admin

ਸਦਾ ਬਹਾਰ ਚੋਣਾਂ : ਸਿਰਫ਼ ਇੱਕ ਸਿਆਸੀ ਖੇਡ

admin

ਹਿੰਦੂਤਵੀ ਛੱਤਰੀ ਬਨਾਮ ਖੇਤਰੀ ਦਲ

admin