Punjab

ਹੀਟ ਸਟਰੈੱਸ ਨਾਲ ਦੁੱਧ ਉਤਪਾਦਨ ’ਚ 5 ਤੋਂ 15 ਫੀਸਦੀ ਤੱਕ ਕਮੀ ਆ ਸਕਦੀ

ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਸ ਵੱਲੋਂ ਕਰਵਾਏ ਗਏ ਸੈਮੀਨਾਰ ਦੌਰਾਨ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ।

ਅੰਮ੍ਰਿਤਸਰ – ਖਾਲਸਾ ਕਾਲਜ ਆਫ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਵੱਲੋਂ ਪੰਜਾਬ ਦੇ ਗਰਮੀ ਦੇ ਮੌਸਮ ਦੌਰਾਨ ਦੁੱਧ ਵਾਲੇ ਪਸ਼ੂਆਂ ਦੀ ਸਾਂਭ-ਸੰਭਾਲ ਸਬੰਧੀ ਸੈਮੀਨਾਰ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਰਵਾਏ ਗਏ ਉਕਤ ਸੈਮੀਨਾਰ ਦਾ ਉਦੇਸ਼ ਪਸ਼ੂ ਪਾਲਕਾਂ ਨੂੰ ਗਰਮੀਆਂ ’ਚ ਪਸ਼ੂਆਂ ਦੀ ਸਹੀ ਦੇਖਭਾਲ ਅਤੇ ਹੀਟ ਸਟਰੈੱਸ ਤੋਂ ਬਚਾਅ ਲਈ ਜਾਗਰੂਕ ਕਰਨਾ ਸੀ।

ਉਕਤ ਸੈਮੀਨਾਰ ਦਾ ਉਦਘਾਟਨ ਕਰਨ ਉਪਰੰਤ ਪ੍ਰਿੰ: ਡਾ. ਵਰਮਾ ਨੇ ਕਿਹਾ ਕਿ ਪੰਜਾਬ ’ਚ ਗਰਮੀਆਂ ਦੌਰਾਨ ਬਹੁਤ ਜ਼ਿਆਦਾ ਤਾਪਮਾਨ, ਗਰਮ ਹਵਾਵਾਂ (ਲੂ) ਅਤੇ ਨਮੀ ਕਾਰਨ ਦੁੱਧ ਵਾਲੇ ਪਸ਼ੂਆਂ ਨੂੰ ਹੀਟ ਸਟਰੈੱਸ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨਾਲ ਦੁੱਧ ਉਤਪਾਦਨ ’ਚ 5 ਤੋਂ 15 ਫੀਸਦੀ ਤੱਕ ਕਮੀ ਆ ਸਕਦੀ ਹੈ। ਇਸ ਕਾਰਨ ਡੇਅਰੀ ਕਿਸਾਨਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ 20 ਦੁੱਧਾਰੂ ਪਸ਼ੂਆਂ ਵਾਲੇ ਫਾਰਮ ਨੂੰ ਇਕ ਦਿਨ ’ਚ ਲਗਭਗ 2 ਤੋਂ 4 ਹਜ਼ਾਰ ਰੁਪਏ ਤੱਕ ਦਾ ਨੁਕਸਾਨ ਹੋ ਸਕਦਾ ਹੈ।

ਇਸ ਸਬੰਧੀ ਉਨ੍ਹਾਂ ਕਿਹਾ ਕਿ ਸੈਮੀਨਾਰ ਦੌਰਾਨ ਡਾ. ਹੈਪਲਰਾਜ ਸਿੰਘ ਅਤੇ ਲਾਈਵਸਟਾਕ ਫਾਰਮ ਕੰਪਲੈਕਸ ਦੀ ਟੀਮ ਨੇ ਪਸ਼ੂ ਪਾਲਕਾਂ ਲਈ ਸੁਝਾਅ ਸਾਂਝੇ ਕਰਦਿਆਂ ਕਿਹਾ ਕਿ ਮੱਝਾਂ ਅਤੇ ਗਾਂਵਾਂ ਨੂੰ ਗਰਮੀਆਂ ’ਚ ਵਾਰ-ਵਾਰ ਪਾਣੀ ਦੀ ਲੋੜ ਹੁੰਦੀ ਹੈ, ਜਿਸ ਲਈ ਠੰਢਾ ਅਤੇ ਸਾਫ਼ ਪਾਣੀ ਹਰੇਕ ਸਮੇਂ ਉਪਲਬਧ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਧੁੱਪ ਤੋਂ ਬਚਾਅ ਲਈ ਖਾਸ ਕਰਕੇ ਸਵੇਰੇ 11:00 ਵਜੇ ਤੋਂ ਸ਼ਾਮ 4 ਵਜੇ ਤੱਕ ਪਸ਼ੂਆਂ ਨੂੰ ਛਾਂਦਾਰ ਸ਼ੈੱਡਾਂ, ਦਰੱਖਤਾਂ ਜਾਂ ਹਰੇ ਸ਼ੈੱਡ ਨੈੱਟ ਹੇਠ ਰੱਖੋ। ਉਨ੍ਹਾਂ ਕਿਹਾ ਕਿ ਪੱਖੇ, ਫੌਗਰ ਅਤੇ ਸਪ੍ਰਿੰਕਲਰ ਦੀ ਵਰਤੋ ਨਾਲ ਸ਼ੈੱਡਾਂ ’ਚ ਠੰਢਕ ਅਤੇ ਹਵਾਦਾਰੀ ਨਾਲ ਹੀਟ ਸਟਰੈੱਸ ਘੱਟਦਾ ਹੈ ਅਤੇ ਦੁੱਧ ਉਤਪਾਦਨ ਬਰਕਰਾਰ ਰਹਿੰਦਾ ਹੈ। ਉਨ੍ਹਾਂ ਮੱਝਾਂ ਨੂੰ ਨਹਾਉਣ ਜਾਂ ਛੱਪੜ ’ਚ ਬੈਠਣ ਸਬੰਧੀ ਗੱਲ ਕਰਦਿਆਂ ਕਿਹਾ ਕਿ ਇਸ ਨਾਲ ਉਨ੍ਹਾਂ ਦਾ ਸਰੀਰਿਕ ਤਾਪਮਾਨ ਨਿਯੰਤਰਿਤ ਰਹਿੰਦਾ ਹੈ ਅਤੇ ਖੁਰਾਕ ਖਾਣ ਦੀ ਸਮਰੱਥਾ ਵੱਧਦੀ ਹੈ। ਇਸ ਤੋਂ ਇਲਾਵਾ ਸਵੇਰੇ ਅਤੇ ਸ਼ਾਮ ਦੇ ਸਮੇਂ ਖੁਰਾਕ ’ਚ ਹਰਾ ਚਾਰਾ, ਸਾਈਲੇਜ ਅਤੇ ਦਾਣਾ ਠੰਢੇ ਸਮੇਂ ਦੇਣ ਨਾਲ ਪਾਚਣ ਸ਼ਕਤੀ ਬਿਹਤਰ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਪਸੀਨੇ ਅਤੇ ਹਾਫਣ ਕਾਰਨ ਸਰੀਰ ’ਚ ਲੂਣ ਅਤੇ ਖਣਿਜਾਂ ਦੀ ਘਾਟ ਪੂਰੀ ਕਰਨ ਲਈ ਵੈਟਰਨਰੀ ਡਾਕਟਰ ਦੀ ਸਲਾਹ ਅਨੁਸਾਰ ਖਣਿਜ ਮਿਸ਼ਰਣ ਅਤੇ ਇਲੈਕਟ੍ਰੋਲਾਈਟ ਦੀ ਵਰਤੋਂ ਕਰੋ। ਇਸ ਸਮੇਂ ਹਿਮੋਰੈਜਿਕ ਸੈਪਟੀਸੀਮੀਆ (ਐੱਚ. ਐੱਸ.) ਜਾਂ ‘ਗਲ ਘੋਟੂ’ ਬਿਮਾਰੀ ਤੋਂ ਬਚਾਅ ਲਈ ਟੀਕਾਕਰਨ ਕਰਵਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਬਰਸਾਤੀ ਮੌਸਮ ਤੋਂ ਪਹਿਲਾਂ ਪਸ਼ੂਆਂ ’ਚ ਰੋਗ-ਰੋਧਕ ਸਮਰੱਥਾ ਵਿਕਸਿਤ ਹੋ ਸਕੇ। ਉਨ੍ਹਾਂ ਹੀਟ ਸਟਰੈੱਸ ਦੇ ਲੱਛਣਾਂ ’ਤੇ ਸਬੰਧੀ ਕਿਹਾ ਕਿ ਤੇਜ਼ ਸਾਹ ਲੈਣਾ, ਵੱਧ ਲਾਰ ਆਉਣਾ, ਕਮਜ਼ੋਰੀ, ਦੁੱਧ ਉਤਪਾਦਨ ’ਚ ਕਮੀ ਅਤੇ ਭੁੱਖ ਘੱਟਣਾ ਆਦਿ ਲੱਛਣ ਦਿਖਾਈ ਦੇਣ ’ਤੇ ਤੁਰੰਤ ਨਜ਼ਦੀਕੀ ਵੈਟਰਨਰੀ ਡਾਕਟਰ ਜਾਂ ਸਰਕਾਰੀ ਪਸ਼ੂ ਹਸਪਤਾਲ ਨਾਲ ਸੰਪਰਕ ਕਰੋ।

ਇਸ ਮੌਕੇ ਡਾ. ਵਰਮਾ ਨੇ ਸਫ਼ਾਈ ਰੱਖਣ, ਮੱਖੀਆਂ ਤੇ ਚਿੱਚੜਾਂ ’ਤੇ ਕਾਬੂ ਪਾਉਣ ਸਬੰਧੀ ਹਦਾਇਤ ਕਰਦੇ ਹੋਏ ਕਿਹਾ ਕਿ ਗਰਮ ਅਤੇ ਨਮੀ ਵਾਲੇ ਮੌਸਮ ’ਚ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ, ਇਸ ਲਈ ਸ਼ੈੱਡਾਂ ਨੂੰ ਸਾਫ਼, ਸੁੱਕਾ ਅਤੇ ਨਿਯਮਿਤ ਤੌਰ ’ਤੇ ਰੋਗਾਣੂ ਮੁਕਤ ਰੱਖੋ। ਉਨ੍ਹਾਂ ਕਿਹਾ ਕਿ ਵੱਧ ਦੁੱਧ ਦੇਣ ਵਾਲੀਆਂ ਮੱਝਾਂ, ਗਾਂਵਾਂ, ਨੰਨੇ ਵੱਛੇ, ਗਰਭਵਤੀ ਪਸ਼ੂ, ਪੋਲਟਰੀ ਪੰਛੀਆਂ ਅਤੇ ਬਿਮਾਰ ਜਾਂ ਕਮਜ਼ੋਰ ਪਸ਼ੂਆਂ ਦੀ ਵਿਸ਼ੇਸ਼ ਦੇਖਭਾਲ ਕਰਨ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕਾਲਜ ਹਸਪਤਾਲ 24 ਘੰਟੇ ਪੂਰੇ ਹਫ਼ਤੇ ਸੇਵਾਵਾਂ ਪ੍ਰਦਾਨ ਕਰਦਾ ਹੈ ਅਤੇ ਕਾਲਜ ਵੱਲੋਂ ਡੇਅਰੀ ਫਾਰਮਿੰਗ ਸਬੰਧੀ ਸਿਖਲਾਈ ਵੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਸ਼ੂ ਪਾਲਕ ਹੋਰ ਜਾਣਕਾਰੀ ਲਈ 0183-2994595 ’ਤੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸੈਮੀਨਾਰ ’ਚ ਲਾਈਵਸਟਾਕ ਫ਼ਾਰਮ ਕੰਪਲੈਕਸ, ਵੈਟਰਨਰੀ ਕਲੀਨਿਕਲ ਕੰਪਲੈਕਸ, ਲਾਈਵਸਟਾਕ ਪ੍ਰੋਡਕਸ਼ਨ ਮੈਨੇਜਮੈਂਟ, ਪਸ਼ੂ ਪੋਸ਼ਣ ਵਿਭਾਗਾਂ ਦੇ ਮੁਖੀਆਂ, ਅਧਿਆਪਕਾਂ ਅਤੇ ਇੰਟਰਨ ਵਿਦਿਆਰਥੀਆਂ ਨੇ ਭਾਗ ਲਿਆ।

Related posts

ਕੀ ਭਾਰਤ ਨੂੰ ਇੱਕ ਹੋਰ ‘ਆਜ਼ਾਦੀ ਅੰਦੋਲਨ’ਦੀ ਲੋੜ ਹੈ?

admin

ਪੰਜਾਬ ਦੇ ਲੋਕ ਕੁੜੀਆਂ ਦੀ ਸਿੱਖਿਆ ‘ਤੇ ਘੱਟ ਖਰਚ ਕਰਦੇ ਹਨ

admin

ਡਾ: ਗੁਰਿੰਦਰਪਾਲ ਸਿੰਘ ਜੋਸਨ ਨੇ ਇਸਤੰਨਬੁਲ ਵਿਖੇ ਨਿਸ਼ਾਨ ਸਾਹਿਬ ਲਹਿਰਾਉਣ ਦੀ ਕੀਤੀ ਸੇਵਾ

admin