ArticlesBreaking NewsLatest NewsPunjab

“ਆਪਣਾ ਘਰ”

'ਜੋ ਸੁੱਖ ਛੱਜੂ ਦੇ ਚੁਬਾਰੇ, ਉਹ ਨਾਂ ਬਲਖ ਨਾਂ ਬੁਖਾਰੇ'!
ਲੇਖਕ: ਪ੍ਰੋ. ਜਸਵੰਤ ਸਿੰਘ ਗੰਡਮ, ਫਗਵਾੜਾ।

ਆਪਣਾ ਘਰ ਬਣਿਆਂ ਤਾਂ ਬਸੰਤ-ਬਹਾਰ ਖਿੜ ਪਈ! ਪਰ-ਘਰ ਬੇਸ਼ਕ ਮਹਿਲ-ਨੁਮਾਂ ਕਿਉ ਨਾ ਹੋਵੇ ਉਹ ਰਹਿੰਦਾ ਪਰਾਇਆ ਹੀ ਹੈ, ਪਰ ਆਪਣੀ ਤਾਂ ਝੌਂਪੜੀ ਦਾ ਵੀ ਸੁਰਗੀ ਹੁਲਾਰਾ ਹੁੰਦਾ ਹੈ! ਐਂਵੈਂ ਤਾਂ ਨਹੀਂ ਕਹਿੰਦੇ ਕਿ ‘ਜੋ ਸੁੱਖ ਛੱਜੂ ਦੇ ਚੁਬਾਰੇ, ਉਹ ਨਾਂ ਬਲਖ ਨਾਂ ਬੁਖਾਰੇ’! (ਇਹ ਵੱਖਰੀ ਗੱਲ ਹੈ ਕਿ ਹੁਣ ਛੱਜੂ ਆਪਣੇ ਚੁਬਾਰੇ ਦਾ ਸੁੱਖ ਤਿਆਗ ਕੇ ਬਦੇਸ਼ੀ ਬੇਸਮੈਂਟ ਦਾ ਬਹਿਸ਼ਤੀ ਅਨੰਦ ਮਾਣਦੈ!) ਅੰਗਰੇਜ਼ੀ ਵਾਲੇ ਵੀ ਕਹਿੰਦੇ ਹਨ ਕਿ ‘ਬੇਸ਼ਕ ਪੂਰਬ ਹੋਵੇ ਜਾਂ ਪੱਛਮ ਪਰ ਘਰ ਹੈ ਸਰਬੋਤਮ’!

ਅਮਰੀਕੀ ਲੇਖਕ ਡਾਰਨੈਲ ਲੈਮੌਂਟ ਵਾਕਰ ਅਨੁਸਾਰ “ਘਰ ਉਹ ਸਥਾਨ ਹੈ ਜਿਥੇ ਤੁਹਾਡੀ ‘ਕੰਡੀਸ਼ਨਿੰਗ’ ਹੋਈ”।

ਘਰ ਦੀ ਅਹਿਮੀਅਤ ਹਿੰਦੀ ਕਵੀ ਪ੍ਰਦੀਪ ਦੀਆਂ ਇਹਨਾਂ ਸਤਰਾਂ ਵਿਚ ਬਾਖੂਬੀ ਬਿਆਨੀ ਗਈ ਹੈ-

“ਅਪਨਾ ਘਰ ਹੋ,ਅਪਨਾ ਆਂਗਨ ਹੋ,
ਇਸ ਖਵਾਬ ਮੇਂ ਹਰ ਕੋਈ ਜੀਤਾ ਹੈ।
ਇਨਸਾਨ ਕੇ ਦਿਲ ਕੀ ਯੇ ਚਾਹਤ ਹੈ
ਕਿ ਏਕ ਘਰ ਕਾ ਸਪਨਾਂ ਕਭੀ ਨਾ ਛੂਟੇ’!

ਸਾਡੇ ਦੇਸ਼ ਦੀ ਸਿਖਰਲੀ ਅਦਾਲਤ ਦੀ ਇਕ ਬੜੀ ਹੀ ਅਰਥਭਰਪੂਰ ਟਿੱਪਣੀ ਹੈ ਕਿ “ਘਰ ਇੱਕ ਪਰਿਵਾਰ ਦੁਆਰਾ ਸੁਰੱਖਿਅਤ ਭਵਿੱਖ ਲਈ ਸਮੂਹਿਕ ਉਮੀਦ ਦਾ ਸਾਕਾਰ ਰੂਪ ਹੈ”।

ਦਰਅਸਲ,ਰੋਟੀ,ਕੱਪੜਾ ਅਤੇ ਮਕਾਨ ਪ੍ਰਾਣੀ ਦੀਆਂ ਮੁੱਖ ਲੋੜਾਂ ਹਨ। ਇਹਨਾਂ ਨੂੰ ਕੁੱਲੀ,ਗੁੱਲੀ ਅਤੇ ਜੁੱਲੀ ਵੀ ਕਿਹਾ ਜਾਂਦੈ। ਸਿਰ ਤੇ ਛੱਤ ਤਾਂ ਹਰ ਕੋਈ ਭਾਲਦੈ। ਪ੍ਰਾਣੀ ਹੀ ਨਹੀਂ, ਪੰਖ-ਪੰਖੇਰੂ ਵੀ ਰਹਿਣ ‘ਤੇ ਘਰ-ਪਰਿਵਾਰ ਵਸਾਉਣ ਲਈ ਆਲ੍ਹਣੇ ਬਣਾਉਂਦੇ ਹਨ। ਪਸ਼ੂਆਂ-ਡੰਗਰਾਂ, ਕੱਟਿਆਂ-ਵੱਛਿਆਂ ਲਈ ਵੀ ਢਾਰੇ-ਵਾੜੇ ਚਾਹੀਦੇ ਹਨ, ਘੁਰਨਿਆਂ ਵਿਚ ਰਹਿਣ ਵਾਲਿਆਂ ਨੂੰ ਘੁਰਨੇ, ਗੁਫਾਫਾਂ ‘ਚ ਰਹਿਣ ਵਾਲਿਆਂ ਨੂੰ ਗੁਫਾਫਾਂ, ਖੁੱਡਾਂ-ਡੁੱਡਾਂ ਵਾਲਿਆਂ ਨੂੰ ਇਹ ਸ਼ੈਲਟਰਾਂ ਲੋੜੀਂਦੀਆਂ ਹਨ। ਗੱਲ ਕੀ, ਭਾਂਵੇਂ ਕੱਖਾਂ ਦੀ ਕੁੱਲੀ ਹੋਵੇ ਜਾਂ ਛੰਨ-ਛੱਪਰ, ਘਰ ਤਾਂ ਘਰ ਹੀ ਹੁੰਦੈ! ਇਹ ਇੱਕ ਸਰਵ-ਵਿਆਪੀ ਲੋੜ ਹੈ। ਮਹਿਲ-ਮਾੜੀਆਂ, ਮਮਟੀਆਂ-ਮੀਨਾਰ, ਅੰਬਰ-ਛੂੰਹਦੀਆਂ ਇਮਾਰਤਾਂ ਵਿਚ ਕਮਰੇ ਤਾਂ ਅਨੇਕਾਂ ਹੁੰਦੇ ਹਨ, ਸ਼ਾਇਦ ਘਰ ਇੱਕ ਵੀ ਨਾ ਹੋਵੇ!

ਇੱਟਾਂ-ਗਾਰਿਆਂ ਨਾਲ ਇਮਾਰਤਾਂ ਬਣਦੀਆਂ ਹਨ; ਟੱਬਰਾਂ-ਟੀਹਰਾਂ ਨਾਲ ਘਰ ਅਤੇ ਪ੍ਰਭ-ਚਰਨਾਂ ਦੀ ਛੋਹ ਨਾਲ ‘ਥਾਨ-ਸੁਹਾਵੇ’ ਬਣਦੇ ਹਨ!”ਘਰ ਮੰਦਰ ਹਟਨਾਲੇ ਸੋਹੇ ਜਿਸੁ ਵਿਚਿ ਨਾਮੁ ਨਿਵਾਸੀ ਰਾਮੁ”।। (ਸ.ਗ.ਗ.ਸ.ਅੰਗ-783)।

ਕਮਰੇ/ਇਮਾਰਤਾਂ, ਘਰ ਨਹੀਂ ਹੁੰਦੇ; ਹਾਂ,ਘਰਾਂ ‘ਚ ਕਮਰੇ ਹੁੰਦੇ ਹਨ! ਘਰ ਪਰਿਵਾਰ ਦੇ ਪਿਆਰ ਅਤੇ ਨਿੱਘ ਦਾ ਨਿਵਾਸ-ਅਸਥਾਨ ਹੈ। ਇਸ ਵਿਚ ਦਿਲ ਤਾਂ ਧੜਕਦਾ ਹੀ ਹੈ ਪਰ ਆਤਮਾ ਵੀ ਵਸਦੀ ਹੈ! ਅੰਗਰੇਜ਼ੀ ਵਾਲੇ ਤਾਂ ਕਹਿੰਦੇ ਹਨ ਕਿ ਜਿਥੇ ਦਿਲ ਓਥੇ ਘਰ ਪਰ ਦਿਲ ਵੀ ਓਥੇ ਈ ਰਾਜ਼ੀ ਰਹਿੰਦੈ ਜਿਥੇ ਰੂਹ ਰਾਜ਼ੀ ਰਹੇ ‘ਤੇ ਪ੍ਰੇਮ-ਪਿਆਰ ਦੀ ਛਹਿਬਰ ਹੋਵੇ!

ਮਕਾਨ ਅਤੇ ਘਰ ਵਿਚ ਫਰਕ ਹੀ ਇਹ ਹੈ ਕਿ ਘਰ ‘ਚ ਸੁੱਖ,ਨਿੱਘ ਅਤੇ ਆਪਣਾਪਨ ਹੁੰਦੈ, ‘ਸੈਂਸ ਆਫ ਬਿਲੋਂਗਿੰਗ’ ਜਦ ਕਿ ਮਕਾਨ ਜਾਂ ਕਮਰਾ ਤਾਂ ਕੋਈ ਵੀ ਹੋ ਸਕਦੈ। ਹਾਂ,ਕਈ ਲੋਕ ਘਰ ਨੂੰ ਵੀ ਮਕਾਨ ਕਰ ਛਡਦੇ ਹਨ ਅਤੇ ਕੁਝ ਮਕਾਨ ਨੂੰ ਵੀ ਘਰ! ‘ਦਿ ਬਰਿਟੇਨਿਕਾ ਡਿਕਸ਼ਨਰੀ’ ਅਨੁਸਾਰ ਮਕਾਨ ਅਤੇ ਘਰ ਵਿਚ ਮੁੱਖ ਫਰਕ ਇਹ ਹੈ ਕਿ ਪਹਿਲਾ ਕੰਕਰੀਟ ਦਾ ਢਾਂਚਾ ਹੈ ਜਦ ਕਿ ਦੂਜੇ ‘ਚ ਆਪਣੇਪਨ ਅਤੇ ਆਰਾਮਦਾਇਕਤਾ ਦਾ ਅਨੁਭਵ ਹੁੰਦੈ! ਬੇਸ਼ਕ ਦੋਵੇਂ ਬਣੇ ਲੋਕਾਂ ਦੇ ਰਹਿਣ ਲਈ ਹੀ ਹਨ। ਦਫਤਰਾਂ/ਫੈਕਟਰੀਆਂ ਵਿੱਚ ਵੀ ਤਾਂ ਲੋਕ ਹੀ ਕੰਮ ਕਰਦੇ ਹਨ ਪਰ ਉਹ ਘਰ ਥੋੜੀ ਹੁੰਦੇ ਹਨ।

ਪੋਲੀ ਐਡਲਰ ਦੀ 1953 ਦੀ ਕਿਤਾਬ ਦਾ ਨਾਮ ਹੀ ਹੈ-‘ਏ ਹਾਊਸ ਇਜ਼ ਨਾਟ ਏ ਹੋਮ’ (ਮਕਾਨ ਘਰ ਨਹੀਂ ਹੁੰਦਾ)।ਅੰਗਰੇਜ਼ੀ ਵਿਚ ਇਹ ਵੀ ਕਿਹਾ ਜਾਂਦੈ ਕਿ ਘਰ ਮੋਹ-ਮੁਹੱਬਤ ਦਾ ਸਥਿਰ ਸਥਾਨ ਹੈ!

ਹਰ ਰਿਹਾਇਸ਼ੀ ਟਿਕਾਣਾ ਘਰ ਨਹੀਂ ਹੁੰਦਾ; ‘ਅਬੋਡ’, ‘ਹੋਮ’ ਨਹੀਂ ਹੋ ਸਕਦੀ। ਘਰ ਮੋਹਵੰਤੇ ਨਿੱਘ, ਸਥਿਰਤਾ ਅਤੇ ਸੁਰੱਖਿਅਤਾ ਦਾ ਸੰਕੇਤ ਹੁੰਦੈ!

ਦਰਅਸਲ ਪ੍ਰਾਚੀਨ ਯੂਨਾਨ ਵਿਚ ਘਰ ਲਈ ਵਰਤੇ ਜਾਂਦੇ ਸ਼ਬਦ ‘ਅੋਇਕੋਸ’ ਦਾ ਅਰਥ ਸਿਰਫ ਇਕ ਢਾਂਚਾਗਤ ਇਮਾਰਤ ਤੋਂ ਨਹੀਂ ਸੀ ਸਗੋਂ ਇੱਕ ਪਰਿਵਾਰਕ ਇਕਾਈ, ਕੁਟੰਬ ਜਾਂ ਜਨਮ-ਅਸਥਾਨ ਦੇ ਸੰਕਲਪ ਤੋਂ ਸੀ। ਯੂਨਾਨੀ ਸ਼ਬਦ ‘ਕੋਮੀ’ ਦਾ ਅਰਥ ਪਿੰਡ ਹੈ, ਭਾਵ ਉਹ ਥਾਂ ਜਿਥੇ ਲੋਕਾਂ ਦਾ ਸਮੂਹ ਵਸਦੈ।

ਪਰ ਮਾਡਰਨ ਜ਼ਮਾਨਾ ਐਪਾਰਟਮੈਂਟਾਂ,ਬੇਸਮੈਂਟਾਂ,ਕਮਰਿਆਂ ਨੂੰ ਘਰ ਬਨਾਉਣ ਦਾ ਹੈ। ਮਜਬੂਰੀ, ਮਰਜ਼ੀ ਤਾਂ ਨਹੀਂ ਹੁੰਦੀ,ਜਿੰਨਾ ਮਰਜ਼ੀ ਜ਼ੋਰ ਲਾ ਲਈਏ।ਪਰ ਅਜੋਕੇ ਸਮੇਂ ‘ਚ ਮਜਬੂਰੀ ਹੀ ਮਰਜ਼ੀ ਬਣ ਗਈ ਹੈ।ਬਹੁ-ਮੰਜ਼ਲੀਆਂ ਕੰਕਰੀਟਾਂ/ਪੱਥਰਾਂ ਦੇ ਜੰਗਲ ਵਸ ਗਏ ਹਨ,ਅੰਦਰ ਉਜਾੜ-ਬੀਆਬਾਨ ਹਨ,ਸੂਰਜ/ਧੁੱਪ,ਅੰਬਰ,ਕੁਦਰਤੀ ਰੌਸ਼ਨੀ ਦੇਖਣ ਲਈ ਤਰਸਦੇ ਮਸ਼ੀਨਾਂ ਬਣੇ ਬੰਦੇ! ਕੰਮ,ਕੰਮ ਬਸ ਕੰਮ।ਪੈਸਾ,ਪੈਸਾ ਬਸ ਹੋਰ ਪੈਸਾ!

ਪਹਿਲਾਂ ਘਰ ਕੱਚੇ ਸਨ ਪਰ ਪਿਆਰ ਪੱਕੇ ਸਨ, ਹੁਣ ਘਰ ਪੱਕੇ (ਮਹਿਲਨੁਮਾ) ਹਨ ਪਰ ਮੋਹ-ਮੁਹੱਬਤ ਕੱਚੇ ਵੀ ਨਹੀਂ!ਆਪਣੀਆਂ ਹੀ ਸਤਰਾਂ ਹਨ-

“ਅਸੀਂ ਕੱਚਿਆਂ ਘਰਾਂ ਦੇ ਜਾਏ,
ਪੱਕੀਆਂ ਪ੍ਰੀਤਾਂ ਵਾਲੜੇ!

ਉਪਰ ਵੀ ਲਿਖਿਆ ਹੈ ਕਿ ਘਰ ਉਹ ਜਿਥੇ ਦਿਲ ਹੋਵੇ। ਇਸ ਵਿਚ ਇੱਕ ਗੱਲ ਹੋਰ ਜੋੜਦਾ ਹਾਂ-ਘਰ ਉਹ ਜਿਸ ਵਿਚ ਦਿਲਾਂਵਾਲੇ ਵੀ ਹੋਣ ਤੇ ਦਿਲ ਦੀਆਂ ਵੀ ਹੋਣ!

ਅੰਗਰੇਜ਼ੀ ਦੇ ਮਸ਼ਹੂਰ ਕਵੀ ਲੌਰਡ ਬਾਇਰਨ(1788-1824) ਦੀ ਪ੍ਰਸਿੱਧ ਕਵਿਤਾ ‘ਡਾਨ ਜੁਆਨ’, ਜੋ ਉਸ ਨੇ 1819-24 ਦੇ ਸਾਲਾਂ ‘ਚ ਲਿਖੀ ਸੀ,ਵਿਚ ਇਹ ਰੁਮਾਂਟਿਕ ਚੋਭਕਾਰ ਕਵੀ ਘਰ ਵਿਚ ਪ੍ਰੇਮ ਦੀ ਮਹੱਤਤਾ ਦਸਦਿਆਂ ਲਿਖਦੈ-“… ਦਿਲਾਂ ਤੋਂ ਵਗੈਰ ਭਲਾ ਘਰ ਕਾਹਦਾ”!

ਜੇ ਘਰ ‘ਚ ਸੁੰਨ ਹੀ ਛਾਈ ਰਹੇ ਜਾਂ ਘਰ ‘ਚ ਉੱਲੂ ਬੋਲਣ ਤਾਂ ਫਿਰ ਘਰ ਕਾਹਦਾ ਹੋਇਆ, ਉਜਾੜ ਬੀਆਬਾਨ ਹੀ ਹੋਇਆ। ਸਵੈ-ਸਤਰਾਂ ਹਨ- “ਆਪਸ ਵਿਚ ਇੱਕ ਜੀਅ ਨਾ ਬੋਲੇ,/ ‘ਫੇਸਬੁੱਕ’ ਤੇ ‘ਫ੍ਰੈਂਡ’ ਘਨੇਰੇ”!

ਘਰ ਆਜ਼ਾਦ ਫਿਜ਼ਾ ਦਾ ਨਾਮ ਹੈ! ‘ਆਪਣਾ ਘਰ ਚਾਹੇ ਹਗ ਹਗ ਭਰ’! ਪਰ ‘ਪਰਾਇਆ ਘਰ, ਥੁੱਕ ਦਾ ਵੀ ਡਰ’!

ਘਰ ਦਾ ਨਿੱਘ ਕੀ ਹੁੰਦੈ,ਇਸ ਕਥਾ ‘ਚ ਸਪਸ਼ਟ ਹੋ ਜਾਂਦੈ।

ਕਹਿੰਦੇ ਹਨ ਕਿ ਇੱਕ ਸ਼ਿਕਾਰੀ ਨੇ ਇੱਕ ਪੰਛੀ ਨੂੰ ਸੋਨੇ ਦੇ ਪਿੰਜਰੇ ‘ਚ ਕੈਦ ਕਰ ਲਿਆ। ਸੋਹਣਾ ਦਾਣਾ-ਪਾਣੀ ਪਾਉਂਦਾ ਪਰ ਪੰਛੀ ਹਰ ਵੇਲੇ ਕੁਰਲਾਉਂਦਾ-‘ਹਾਏ! ਮੇਰਾ ਪਿਆਰਾ ਘਰ’! ਅੱਕ ਕੇ ਸ਼ਿਕਾਰੀ ਨੇ ਪੰਛੀ ਛਡ ਦਿਤਾ। ਖੁਸ਼ੀ ‘ਚ ਖੀਵੇ ਹੋਏ ਪੰਛੀ ਨੇ ਫੁਰਰ ਉਡਾਰੀ ਮਾਰੀ। ਸ਼ਿਕਾਰੀ ਪਿਛੇ ਪਿਛੇ ਦੇਖਣ ਗਿਆ ਕਿ ਪੰਛੀ ਅਜਿਹੇ ਕਿਸ ਘਰ ‘ਚ ਰਹਿੰਦੈ ਕਿ ਉਸ ਨੂੰ ਸੋਨੇ ਦਾ ਪਿੰਜਰਾ ਅਤੇ ਸੁਆਦਲਾ ਭੋਜਨ ਵੀ ਘਰ ਨਹੀਂ ਭੁਲਾ ਸਕੇ। ਪੰਛੀ ਕੋਲ ਹੀ ਇਕ ਕੰਡਿਆਲੀ ਥੋਹਰ ਉਪਰ ਪਾਏ ਆਪਣੇ ਅਟਪਟੇ ਜਿਹੇ ਆਲ੍ਹਣੇ ਵਿਚ ਜਾ ਬੈਠਾ, ਇਸ ਤਰਾਂ ਅੱਖਾਂ ਮੂੰਦ ਕੇ ਜਿਵੇਂ ਸੁਰਗੀ ਝੂਟੇ ਲੈ ਰਿਹਾ ਹੋਵੇ!

(ਰਸੂਲ ਹਮਜ਼ਾਤੋਵ ਨੇ ਆਪਣੀ ਪੁਸਤਕ ‘ਮੇਰਾ ਦਾਗਿਸਤਾਨ’ ‘ਚ ਜਨਮ ਭੁਮੀ ਦੇ ਹਵਾਲੇ ਨਾਲ ਅਜਿਹੀ ਹੀ ਇਕ ਪੁਰਾਤਨ ਅਵਾਰ ਕਥਾ ਦਾ ਜ਼ਿਕਰ ਕੀਤਾ ਹੈ)

ਲ਼ੋਕ-ਮਨਾਂ ‘ਚ ਆਪਣਾ ਘਰ ਕਿਸ ਕਦਰ ਘਰ ਕਰ ਚੁੱਕੈ ਇਸ ਦਾ ਮਤਲਬ ਇਹਨਾਂ ਅਖਾਣਾਂ/ਮੁਹਾਵਰਿਆਂ ਤੋਂ ਭਲੀਭਾਂਤ ਪਤਾ ਚਲ ਜਾਏਗਾ-

ਘਰੋਂ ਜਾਈਏ ਖਾ ਕੇ, ਬਾਹਰੋਂ ਮਿਲਣ ਪਕਾ ਕੇ, ਘਰ ਦੁੱਧ ਤੇ ਬਾਹਰ ਦਹੀਂ, ਘਰ ਨਹੀਂ ਤੇ ਬਾਹਰ ਵੀ ਨਹੀਂ, ਆਪਣਾ ਘਰ ਸਾਂਭ ਕੇ ਰਖੀਏ ਚੋਰ ਨਾਂ ਕਿਸੇ ਨੂੰ ਆਖੀਏ, ਘਰ ਪਾਟਾ ਰਿਜ਼ਕ ਦਾ ਘਾਟਾ, ਘਰ ਪਕਦੀਆਂ ਦੇ ਸਾਕ, ਘਰ ਖਾਣ ਨੂੰ ਨਹੀਂ ਤੇ ਅੰਮਾਂ ਪੀਹਣ ਗਈ ਹੈ, ਘਰ ਦੇ ਮਾਹਣੂ ਭੁੱਖੇ ਮਰਦੇ ਬਾਹਰ ਸਦਕਾ ਵੰਡੀਏ, ਘਰ ਫੁਕ ਤਮਾਸ਼ਾ ਦੇਖਣਾ, ਘਰ ਦੀ ਮੁਰਗੀ ਦਾਲ ਬਰਾਬਰ, ਘਰ ਆਏ ਪ੍ਰਾਹੁਣੇ ਗਈ ਗੜੌਂਦੇ (ਬੇਰ) ਖਾਣ, ਘਰ ਹੋਵੇ ਵਸਣ ਨੂੰ ਮਰਦ ਹੋਵੇ ਹੱਸਣ ਨੂੰ, ਘਰ ਘੋੜਾ ਨਿਖਾਸ (ਮੰਡੀ) ਮੁੱਲ, ਘਰ ਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿਧ, ਘਰ ਦਾ ਭੇਤੀ ਲੰਕਾ ਢਾਏ, ਘਰ ਵਾਲਾ ਘਰ ਨਹੀਂ ਸਾਨੂੰ ਕਿਸੇ ਦਾ ਡਰ ਨਹੀਂ, ਘਰ ਘਰਵਾਲੀ ਨਾਲ, ਘਰ ਦਾ ਬਾਨਣੂੰ ਬੰਨਣਾ, ਘਰ ਸਿਰ ਤੇ ਚੁਕਣਾ, ਘਰ ਦੀ ਸ਼ਕਰ ਬੁਰੇ ਵਰਗੀ ਗੁੜ ਚੋਰੀ ਦਾ ਖਾਵੇ, ਘਰ ਦੀ ਮੁਰਗੀ ਦਾਲ ਬਰਾਬਰ, ਘਰ ਕੋਠਾ, ਮਾਲ ਊੁਠਾ, ਪੁੱਤਰ ਜੇਠਾ, ਫਲ਼ ਪੇਠਾ, ‘ਉਠ ਦੇਸ ਦੇ ਜੱਟ ਤਿਆਰ ਹੋਇ/ਘਰੋ ਘਰੀ ਜਾ ਨਵੀਂ ਸਰਕਾਰ ਹੋਈ’ (ਵਾਰਿਸ ਸ਼ਾਹ) ਆਦਿ।

ਘਰ ਬਾਰੇ ਹਿੰਦੀ ਫਿਲਮਾਂ ਦੇ ਬੜੇ ਗੀਤ ਹਨ। 1951 ਦੀ ਬੋਲੀਵੁਡ ਫਿਲ਼ਮ ‘ਅਵਾਰਾ’ ਦਾ ਗੀਤ ਹੈ-‘ਘਰ ਆਇਆ ਮੇਰਾ ਪਰਦੇਸੀ/ਪਿਆਸ ਬੁਝੀ ਮੇਰੀ ਅਖੀਅਨ ਕੀ’।

ਪਿਆਰਾ ਪਰਦੇਸ ਹੋਵੇ ਤਾਂ ਘਰ ਖਾਣ ਨੂੰ ਪੈਂਦੈ। ਇਸ ਲਈ ਤਾਂ ਇਹ ਪੁਕਾਰ ਕੀਤੀ ਜਾਂਦੀ ਹੈ-‘ਕੋਇਲਾਂ ਕੂਕਦੀਆਂ/ਪਰਦੇਸੀਆ ਘਰ ਆ’!

ਗੁਰਬਾਣੀ ਵਿਚ ਘਰ-ਬਾਹਰ ਬਾਰੇ ਅਨੇਕਾਂ ਟੂਕਾਂ ‘ਚ ਜ਼ਿਕਰ ਮਿਲਦੈ, ਪਰ ਇਥੇ ਕੁਝ ਕੁ ਪੇਸ਼ ਹਨ- “ਘਰਿ ਬਾਹਰਿ ਤੇਰਾ ਭਰਵਾਸਾ ਤੂ ਜਨ ਕੈ ਹੈ ਸੰਗਿ”।। (ਅੰਗ-677),’ਘਰਿ ਬਾਹਰਿ ਤੇਰੈ ਸਦ ਸੰਗਿ” ।। (ਅੰਗ-177), ‘ਸਭ ਕਿਛੁ ਘਰ ਮਹਿ ਬਾਹਰਿ ਨਾਹੀ’।। (ਅੰਗ-102)।

ਜ਼ਾਹਿਰ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੇ ਇਹਨਾਂ ਹਵਾਲਿਆਂ ‘ਚ ਅਧਿਆਤਮਿਕ ਪ੍ਰਸੰਗਿਕਤਾ ਉਪਰ ਵਧੇਰੇ ਜ਼ੋਰ ਹੈ।

ਖੈਰ, ਸਭ ਦੇ ਘਰ-ਘਾਟ ਵਸਦੇ-ਰਸਦੇ ਰਹਿਣ! ਸਭ ਨੂੰ ਆਪਣਾ ਆਪਣਾ ਘਰ-ਘਰੌਂਦਾ, ਆਲ੍ਹਣਾ-ਆਸ਼ੀਆਨਾਂ ਨਸੀਬ ਹੋਵੇ! ਹਰ ਘਰੋਂ ਠੰਡੀ ਹਵਾ ਦੇ ਬੁਲੇ ਆਉਣ! ਕਿਸੇ ਦੇ ਘਰ ਤੇ ਆਂਚ ਨਾਂ ਆਵੇ! ਸਭ ਦੇ ਚੁਲ੍ਹੇ ਮਘਦੇ ਰਹਿਣ,ਸਭ ਦੇ ਦੀਵੇ ਜਗਦੇ ਰਹਿਣ!ਕਦੀ ਵੀ ਕਵੀ ਸਾਕਿਬ ਲਖਨਵੀ ਦੇ ਇਸ ਸ਼ੇਅਰ ਵਾਲੀ ਨੌਬਤ ਨਾਂ ਆਵੇ-“ਬਾਗਬਾਂ ਨੇ ਆਗ ਦੀ ਜਬ ਆਸ਼ੀਆਨੇ ਕੋ ਮੇਰੇ,/ਜਿਨ ਪੇ ਤਕੀਆ ਥਾ ਵਹੀ ਪਤੇ ਹਵਾ ਦੇਨੇ ਲਗੇ”।

ਇਸ ਸਬੰਧੀ ਪ੍ਰਸਿੱਧ ਉਰਦੂ ਸ਼ਾਇਰ ਡਾ.ਬਸ਼ੀਰ ਬਦਰ ਦੇ ਇਸ ਬਾ-ਕਮਾਲ ਸ਼ੇਅਰ ਨਾਲ ਗਲ ਸਮੇਟਦੇ ਹਾਂ-

“ਲ਼ੋਗ ਟੂਟ ਜਾਤੇ ਹੈਂ ਏਕ ਘਰ ਬਨਾਨੇ ਮੇਂ,
ਤੁਮ ਤਰਸ ਨਹੀਂ ਖਾਤੇ ਬਸਤੀਆਂ ਜਲਾਨੇ ਮੇਂ “!

ਅੰਤਿਕਾ-

ਮਹਾਨਕੋਸ਼ ਵਿਚ ਘਰ ਸ਼ਬਦ ਦੇ ਵੱਖ ਵੱਖ 12 ਅਰਥ ਕੀਤੇ ਗਏ ਹਨ। ਪਹਿਲਾ ਅਰਥ ਗ੍ਰਿਹ, ਨਿਵਾਸ ਦਾ ਥਾਂ- “ਘਰ ਮਹਿ ਸੁਖ ਬਾਹਰਿ ਫੁਨਿ ਸੂਖਾ” (ਸ.ਗ.ਗ.ਸ ਅੰਗ-385)

ਅੰਗਰੇਜ਼ੀ ਵਿਚ ਘਰ ਨੂੰ ‘ਹੋਮ’ ਕਹਿੰਦੇ ਹਨ। ਸ਼ਬਦ ਵਿਗਿਆਨ ਦੇ ਸਰੋਤਾਂ ਅਨੁਸਾਰ ਇਹ ਸ਼ਬਦ ਪੁਰਾਤਨ ਅੰਗਰੇਜ਼ੀ ਦੇ ‘ਹੈਮ’ ਤੋਂ ਉਤਪੰਨ ਹੋਇਆ ਹੈ। ਪਹਿਲਾਂ ਇਸ ਦਾ ਅਰਥ ਇਕ ਅਜਿਹੇ ਪਿੰਡ ਜਾਂ ਐੇਸਟੇਟ ਤੋਂ ਸੀ ਜਿਥੇ ਅਨੇਕਾਂ ਪਿਆਰ-ਪਰੁੱਚੀਆਂ ਆਤਮਾਵਾਂ ਵਸਦੀਆਂ ਹੋਣ। ਪ੍ਰਾਚੀਨ ਅਰਥ ‘ਹੋਮ’ ਨੂੰ ‘ਹਾਊਸ’ ਤੋਂ ਵਖਰਿਆਉਂਦੇ ਹਨ (ਜੋ ਹੁਣ ਵੀ ਢੁਕਦੇ ਹਨ)।

Related posts

ਭਾਜਪਾ ਪੰਜਾਬ ਚੋਣਾਂ ਆਪਣੇ ਬਲਬੂਤੇ ’ਤੇ ਹੀ ਲੜੇਗੀ – ਨਿਤਿਨ ਨਬੀਨ

admin

ਭਾਰਤੀ ਮਠਿਆਈਆਂ ਦੀ ਉਮਰ !

admin

“ਮੋਦੀ ਮਾਨ ਦੀ ਕਿਸਾਨ-ਦੁਸ਼ਮਣ ਜੋੜੀ ਮੁਰਦਾਬਾਦ”, “ਸੰਘਰਸ਼ਸ਼ੀਲ ਕਿਸਾਨ-ਮਜ਼ਦੂਰ ਏਕਤਾ ਜਿੰਦਾਬਾਦ” ਦੇ ਗੂੰਜੇ ਨਾਅਰੇ

admin