ਸਿਰਸਾ, (ਸਤੀਸ਼ ਬਾਂਸਲ) – ਅਗਰਵਾਲ ਸਭਾ ਰਜਿ. ਸਿਰਸਾ ਨੇ ਮਹਾਰਾਜਾ ਅਗਰਸੇਨ ਦੀ ਜੈਅੰਤੀ ਦੇ ਸੰਬੰਧ ਵਿਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ। ਸਭਾ ਦੇ ਜਨਰਲ ਸਕੱਤਰ ਅਸ਼ਵਨੀ ਬਾਂਸਲ ਨੇ ਦੱਸਿਆ ਕਿ ਭਾਜਪਾ ਦੇ ਸੀਨੀਅਰ ਨੇਤਾ ਅਤੇ ਅਗਰਵਾਲ ਸਭਾ ਦੇ ਮੁੱਖ ਸਰਪ੍ਰਸਤ ਗੋਬਿੰਦ ਕਾਂਡਾ ਨੇ ਰੱਥ ‘ਤੇ ਬਿਰਾਜਮਾਨ ਮਹਾਰਾਜਾ ਅਗਰਸੇਨ ਦੀ ਮੂਰਤੀ ਨੂੰ ਹਾਰ ਪਹਿਨਾ ਕੇ ਸ਼ੋਭਾ ਯਾਤਰਾ ਨੂੰ ਰਵਾਨਾ ਕੀਤਾ। ਉਨ੍ਹਾਂ ਨੇ ਸਾਰਿਆਂ ਨੂੰ ਅਗਰਸੇਨ ਜਯੰਤੀ ਅਤੇ ਨਵਰਾਤਰੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਵੱਡੀ ਗਿਣਤੀ ਵਿੱਚ ਅਗਰਵਾਲ ਸਮਾਜ ਦੀਆਂ ਔਰਤਾਂ ਨੇ ਧਾਰਮਿਕ ਝੰਡੇ ਲੈ ਕੇ ਸ਼ੋਭਾ ਯਾਤਰਾ ਵਿੱਚ ਹਿੱਸਾ ਲਿਆ। ਸ਼ੋਭਾ ਯਾਤਰਾ ਵਿੱਚ 30 ਤੋਂ ਵੱਧ ਝਾਕੀਆਂ ਸ਼ਾਮਲ ਸਨ, ਜਿਨ੍ਹਾਂ ਵਿੱਚ ਅਗਰਵਾਲ ਕਬੀਲੇ ਦੇ 18 ਕਬੀਲਿਆਂ ‘ਤੇ ਆਧਾਰਿਤ ਵਿਸ਼ੇਸ਼ ਰੱਥ ਅਤੇ ਝਾਕੀਆਂ ਮੁੱਖ ਆਕਰਸ਼ਣ ਸਨ। ਸ਼ੋਭਾ ਯਾਤਰਾ ਮਹਾਰਾਜਾ ਅਗਰਸੇਨ ਸਕੂਲ ਤੋਂ ਸ਼ੁਰੂ ਹੋਕੇ ਵੱਖ ਵੱਖ ਬਾਜ਼ਾਰਾਂ ਵਿਚ ਦੀ ਹੁੰਦੀ ਹੋਈ ਅਗਰਵਾਲ ਸੇਵਾ ਸਦਨ ਵਿਖੇ ਸਮਾਪਤ ਹੋਈ। ਸ਼ੋਭਾ ਯਾਤਰਾ ਵਿੱਚ ਮਹਾਰਾਜਾ ਅਗਰਸੇਨ ਸਕੂਲ ਦੇ ਪ੍ਰਧਾਨ ਅਨਿਲ ਗਨੇਰੀਵਾਲਾ, ਅਗਰਵਾਲ ਸਭਾ ਦੇ ਪ੍ਰਧਾਨ ਸੰਜੇ ਗੋਇਲ ਸਾਹੂਵਾਲਾ, ਖਜ਼ਾਨਚੀ ਅਜੈ ਜੈਨ, ਸਰਪ੍ਰਸਤ ਅਨਿਲ ਸਰਾਫ ਸਮੇਤ ਹੋਰ ਬਹੁਤ ਸਾਰੇ ਪਤਵੰਤੇ ਹਾਜਿਰ ਸਨ।
