Breaking NewsLatest NewsPunjab

ਵਿਸ਼ਵ ਰੇਬੀਜ਼ ਦਿਵਸ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਅਤੇ ਮੁਫ਼ਤ ਟੀਕਾਕਰਨ ਕੈਂਪ ਲਗਾਇਆ

ਪ੍ਰੋਗਰਾਮ ਦੌਰਾਨ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਉਪਰੰਤ ਡਾ. ਬੀ. ਐਸ. ਸੰਧੂ, ਡਾ. ਐਸ. ਕੇ. ਨਾਗਪਾਲ ਤੇ ਹੋਰ ਸਟਾਫ ਦਰਮਿਆਨ ਖੜ੍ਹੇ ਵਿਖਾਈ ਦੇ ਰਹੇ ਹਨ।

ਅੰਮ੍ਰਿਤਸਰ – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਵਿਖੇ ਵਿਸ਼ਵ ਰੇਬੀਜ਼ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਮੌਕੇ ਲੋਕਾਂ ਅਤੇ ਵੈਟਰਨਰੀ ਪੇਸ਼ੇਵਰਾਂ ਨੂੰ ਇਸ ਜਾਨਲੇਵਾ ਬਿਮਾਰੀ ਪ੍ਰਤੀ ਜਾਗਰੂਕ ਕਰਨ ਸਬੰਧੀ ਵਿਸ਼ੇਸ਼ ਜਾਗਰੂਕਤਾ ਮੁਹਿੰਮ ਅਤੇ ਮੁਫਤ ਟੀਕਾਕਰਨ ਕੈਂਪ ਲਗਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ‘ਇਕਜੁਟ ਹੋ ਕੇ ਹੋਰ ਮਜ਼ਬੂਤ’ ਵਿਸ਼ੇ ’ਤੇ ਕਰਵਾਏ ਗਏ ਇਸ ਸਮਾਗਮ ਦੌਰਾਨ ਮਾਹਿਰ ਲੈਕਚਰ ਦੇ ਨਾਲ—ਨਾਲ ਪਾਲਤੂ ਕੁੱਤਿਆਂ ਲਈ ਮੁਫ਼ਤ ਐਂਟੀ—ਰੇਬੀਜ਼ ਟੀਕਾਕਰਨ ਕੈਂਪ ਵੀ ਲਗਾਇਆ ਗਿਆ।

ਇਸ ਮੌਕੇ ਪ੍ਰਿੰ: ਡਾ. ਵਰਮਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਰੇਬੀਜ਼ ਇਕ ਗੰਭੀਰ ਵਾਇਰਲ ਬਿਮਾਰੀ ਹੈ, ਜਿਸ ਦੇ ਲੱਛਣ ਪ੍ਰਗਟ ਹੋਣ ਤੋਂ ਬਾਅਦ ਇਸ ਦੇ ਘਾਤਕ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੁੰਦੀ ਹੈ।ਉਨ੍ਹਾਂ ਕਿਹਾ ਕਿ ਇਹ ਇਕ ਜ਼ੂਨੋਟਿਕ ਬਿਮਾਰੀ ਹੈ, ਜਿਸ ਦਾ ਅਰਥ ਹੈ ਕਿ ਇਹ ਜਾਨਵਰਾਂ ਤੋਂ ਮਨੁੱਖਾਂ ’ਚ ਫੈਲ ਸਕਦੀ ਹੈ।ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਇਹ ਲਾਗ ਸੰਕਰਮਿਤ ਜਾਨਵਰ ਦੇ ਕੱਟਣ, ਖੁਰਚਣ ਜਾਂ ਉਸ ਦੀ ਲਾਰ ਦੇ ਜ਼ਖ਼ਮੀ ਚਮੜੀ ਦੇ ਸੰਪਰਕ ’ਚ ਆਉਣ ਨਾਲ ਫੈਲਦੀ ਹੈ।ਡਾ. ਵਰਮਾ ਨੇ ਕਿਹਾ ਕਿ ਭਾਰਤ ’ਚ ਮਨੁੱਖਾਂ ’ਚ ਰੇਬੀਜ਼ ਦੇ ਜ਼ਿਆਦਾਤਰ ਮਾਮਲਿਆਂ ਦਾ ਮੁੱਖ ਸਰੋਤ ਕੁੱਤੇ ਹਨ, ਹਾਲਾਂਕਿ ਹੋਰ ਥਣਧਾਰੀ ਜਾਨਵਰ ਵੀ ਇਸ ਬਿਮਾਰੀ ਨੂੰ ਫੈਲਾ ਸਕਦੇ ਹਨ।ਉਨ੍ਹਾਂ ਕਿਹਾ ਕਿ ਸਿਹਤ ਅਧਿਕਾਰੀਆਂ ਵੱਲੋਂ ਰੇਬੀਜ਼ ਨੂੰ ਸੂਚਨਾਯੋਗ ਬਿਮਾਰੀ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ, ਜਿਸ ਤਹਿਤ ਸ਼ੱਕੀ ਜਾਂ ਪੁਸ਼ਟੀ ਕੀਤੇ ਮਾਮਲਿਆਂ ਦੀ ਸਬੰਧਿਤ ਅਧਿਕਾਰੀਆਂ ਨੂੰ ਸੂਚਨਾ ਦੇਣਾ ਲਾਜ਼ਮੀ ਹੁੰਦਾ ਹੈ, ਤਾਂ ਜੋ ਸਮੇਂ ਸਿਰ ਨਿਗਰਾਨੀ, ਨਿਯੰਤਰਣ ਅਤੇ ਰੋਕਥਾਮ ਦੇ ਉਪਰਾਲੇ ਕੀਤੇ ਜਾ ਸਕਣ।

ਇਸ ਮੌਕੇ ਵਿਭਾਗ ਮੁਖੀ ਡਾ. ਬੀ. ਐੱਸ. ਸੰਧੂ ਨੇ ਰੇਬੀਜ਼ ਪ੍ਰਤੀ ਜਾਗਰੂਕਤਾ, ਜਾਨਵਰ ਦੇ ਕੱਟਣ ਤੋਂ ਬਾਅਦ ਤੁਰੰਤ ਲੋੜੀਂਦਾ ਡਾਕਟਰੀ ਇਲਾਜ, ਸਮੇਂ ਸਿਰ ਬਿਮਾਰੀ ਦੀ ਪਛਾਣ ਅਤੇ ਪਾਲਤੂ ਜਾਨਵਰਾਂ ਦੀ ਜ਼ਿੰਮੇਵਾਰੀ ਨਾਲ ਦੇਖਭਾਲ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ।ਉਨ੍ਹਾਂ ਕਿਹਾ ਕਿ ਕੁੱਤਿਆਂ ਦਾ ਸਮੇਂ ਸਿਰ ਟੀਕਾਕਰਨ ਕਰਵਾਉਣਾ ਅਤੇ ਜਾਨਵਰ ਦੇ ਕੱਟਣ ਤੋਂ ਬਾਅਦ ਤੁਰੰਤ ਡਾਕਟਰੀ ਸਹਾਇਤਾ ਲੈਣਾ ਇਸ ਬਿਮਾਰੀ ਤੋਂ ਬਚਾਅ ਦੇ ਬੇਹੱਦ ਅਹਿਮ ਉਪਾਅ ਹਨ।

ਇਸ ਮੌਕੇ ਰੋਕਥਾਮ ਦੇ ਅਮਲੀ ਉਪਰਾਲੇ ਵਜੋਂ ਕਾਲਜ ਵੱਲੋਂ ਮੁਫ਼ਤ ਐਂਟੀ—ਰੇਬੀਜ਼ ਟੀਕਾਕਰਨ ਕੈਂਪ ਲਗਾਇਆ ਗਿਆ, ਜਿਸ ’ਚ ਪਾਲਤੂ ਕੁੱਤਿਆਂ ਦਾ ਮੁਫ਼ਤ ਟੀਕਾਕਰਨ ਕੀਤਾ ਗਿਆ।ਇਸ ਪਹਿਲਕਦਮੀ ਦਾ ਉਦੇਸ਼ ਪਾਲਤੂ ਜਾਨਵਰਾਂ ਦੇ ਮਾਲਕਾਂ ਨੂੰ ਟੀਕਾਕਰਨ ਲਈ ਉਤਸ਼ਾਹਿਤ ਕਰਨਾ ਅਤੇ ਇਸ ਰਾਹੀਂ ਮਨੁੱਖੀ ਜੀਵਨ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਸੀ।

ਇਸ ਮੌਕੇ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਡਾ. ਐੱਸ. ਕੇ. ਨਾਗਪਾਲ ਨੇ ਕਿਹਾ ਕਿ ਵਿਸ਼ਵ ਰੇਬੀਜ਼ ਦਿਵਸ ਮਨਾਉਣ ਦਾ ਮੁੱਖ ਉਦੇਸ਼ ਲੋਕਾਂ ਨੂੰ ਇਸ ਬਿਮਾਰੀ ਦੀ ਰੋਕਥਾਮ ਅਤੇ ਬਚਾਅ ਦੇ ਤਰੀਕਿਆਂ ਬਾਰੇ ਜਾਗਰੂਕ ਕਰਨਾ ਹੈ।ਉਨ੍ਹਾਂ ਕਿਹਾ ਕਿ ਕਾਲਜ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਜਾਗਰੂਕਤਾ ਅਤੇ ਰੋਕਥਾਮ ਦੇ ਉਪਰਾਲਿਆਂ ਲਈ ਵਚਨਬੱਧ ਹੈ। ਉਨ੍ਹਾਂ ਮਨੁੱਖਾਂ ’ਚ ਕੁੱਤਿਆਂ ਰਾਹੀਂ ਫੈਲਣ ਵਾਲੀ ਰੇਬੀਜ਼ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਖ਼ਤਮ ਕਰਨ ਦੇ ਵਿਸ਼ਵਵਿਆਪੀ ਟੀਚੇ ਦੀ ਪ੍ਰਾਪਤੀ ਲਈ ਸਾਂਝੇ ਯਤਨਾਂ ਦੀ ਲੋੜ ’ਤੇ ਵੀ ਜ਼ੋਰ ਦਿੱਤਾ।

ਇਸ ਮੌਕੇ ਪ੍ਰਿੰ: ਡਾ. ਵਰਮਾ ਨੇ ਇਹ ਵੀ ਕਿਹਾ ਕਿ ਇਸ ਬਿਮਾਰੀ ਦੀ ਰੋਕਥਾਮ ਲਈ ਵੈਟਰਨਰੀ ਡਾਕਟਰਾਂ, ਪਾਲਤੂ ਜਾਨਵਰਾਂ ਦੇ ਮਾਲਕਾਂ ਅਤੇ ਸਮੁੱਚੇ ਸਮਾਜ ਨੂੰ ਸਾਂਝੀ ਜ਼ਿੰਮੇਵਾਰੀ ਨਿਭਾਉਣ ਦੀ ਲੋੜ ਹੈ। ਉਨ੍ਹਾਂ ਲੋਕਾਂ ਨੂੰ ਆਪਣੇ ਪਾਲਤੂ ਜਾਨਵਰਾਂ ਦਾ ਨਿਯਮਤ ਟੀਕਾਕਰਨ ਕਰਵਾਉਣ ਅਤੇ ਜਾਨਵਰਾਂ ਦੇ ਕੱਟਣ ਦੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਣ ਲਈ ਪ੍ਰੇਰਿਤ ਕੀਤਾ।

Related posts

“ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਜ਼ਿਲ੍ਹਾ ਸੰਗਰੂਰ ਵਿਖੇ 30 ਮੁਕੱਦਮੇ ਦਰਜ

admin

ਕਿਸ਼ਨਪੁਰਾ ਦੇ ਸਤਵੀਰ ਸਿੰਘਮਾਰ ਨੇ ਬੀਸੀਏ ਸ਼੍ਰੇਣੀ ਵਿੱਚ ਛੇਵਾਂ ਸਥਾਨ ਪ੍ਰਾਪਤ ਕੀਤਾ

admin

75 ਸਾਲਾਂ ’ਚ ਪੰਜਾਬ ਦਾ ਜਿਹੜਾ ਬੇੜਾ ਗਰਕ ਹੋਇਐ, ਉਹ ਮੈਂ ਸੁਧਾਰਾਂਗਾ: ਮਾਨ

Bunty