ArticlesBreaking NewsLatest NewsPunjab

ਮੋਗਾ ਤੋਂ ‘ਆਪ’ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੇ ਘਰ ED ਦੀ ਛਾਪੇਮਾਰੀ

ਮੋਗਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ।

ਮੋਗਾ – ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਸਰਗਰਮੀਆਂ ਤੇਜ਼ ਹੋ ਰਹੀਆਂ ਹਨ। ਇਸੇ ਦੌਰਾਨ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਮੋਗਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੇ ਘਰ ਛਾਪੇਮਾਰੀ ਕੀਤੀ ਹੈ। ਈਡੀ ਦੀਆਂ ਟੀਮਾਂ ਨੇ ਵਿਧਾਇਕਾ ਦੇ ਪਤੀ ਡਾ. ਰਾਕੇਸ਼ ਅਰੋੜਾ, ਪਰਿਵਾਰਕ ਮੈਂਬਰਾਂ, ਸਹਿਯੋਗੀਆਂ ਅਤੇ ਉਨ੍ਹਾਂ ਨਾਲ ਜੁੜੀਆਂ ਹੋਰ ਥਾਵਾਂ ’ਤੇ ਵੀ ਤਲਾਸ਼ੀ ਮੁਹਿੰਮ ਚਲਾਈ।

ਮਿਲੀ ਜਾਣਕਾਰੀ ਅਨੁਸਾਰ, ਬੁੱਧਵਾਰ ਤੜਕਸਾਰ ਕਰੀਬ 2 ਵਜੇ ਈਡੀ ਦੀਆਂ ਟੀਮਾਂ ਵਿਧਾਇਕਾ ਦੇ ਘਰ ਪਹੁੰਚੀਆਂ। ਇਸ ਕਾਰਵਾਈ ਦੌਰਾਨ ਕੇਂਦਰੀ ਸੁਰੱਖਿਆ ਬਲਾਂ (CRPF) ਦੇ ਜਵਾਨ ਵੀ ਮੌਜੂਦ ਸਨ। ਛਾਪੇਮਾਰੀ ਦੌਰਾਨ ਘਰ ਦੇ ਬਾਹਰ ਕਈ ਗੱਡੀਆਂ ਦੇਖੀਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਈਡੀ ਵੱਲੋਂ ਪੰਜਾਬ ਵਿੱਚ ਕੁੱਲ ਸੱਤ ਥਾਵਾਂ ’ਤੇ ਤਲਾਸ਼ੀ ਲਈ ਗਈ। ਇਨ੍ਹਾਂ ਵਿੱਚ ਵਿਧਾਇਕਾ ਦੇ ਘਰ ਤੋਂ ਇਲਾਵਾ ਉਨ੍ਹਾਂ ਦੇ ਪਤੀ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਜੁੜੀਆਂ ਥਾਵਾਂ ਸ਼ਾਮਲ ਹਨ। ਇਸ ਤੋਂ ਇਲਾਵਾ ਬਾਘਾਪੁਰਾਣਾ ਹਲਕੇ ਵਿੱਚ ਇੱਕ ਹਸਪਤਾਲ ਵਿੱਚ ਵੀ ਜਾਂਚ ਏਜੰਸੀ ਨੇ ਛਾਪਾ ਮਾਰਿਆ। ਇਹ ਹਸਪਤਾਲ ਵਿਧਾਇਕਾ ਦੇ ਪਤੀ ਡਾ. ਰਾਕੇਸ਼ ਅਰੋੜਾ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਈਡੀ ਦੀ ਇਹ ਕਾਰਵਾਈ ਮੋਗਾ ਜ਼ਿਲ੍ਹੇ ਵਿੱਚ ਸਰਕਾਰੀ ਜ਼ਮੀਨ ਨਾਲ ਜੁੜੇ ਕਥਿਤ ਧੋਖਾਧੜੀ ਦੇ ਮਾਮਲੇ ਅਤੇ ਸਰਕਾਰੀ ਪੈਸੇ ਦੀ ਗਲਤ ਵਰਤੋਂ ਦੇ ਦੋਸ਼ਾਂ ਦੀ ਜਾਂਚ ਦਾ ਹਿੱਸਾ ਹੈ। ਇਸ ਮਾਮਲੇ ਵਿੱਚ ਪੰਜਾਬ ਪੁਲਿਸ ਵੱਲੋਂ FIR ਨੰਬਰ 101, ਮਿਤੀ 16 ਜੂਨ 2024 ਨੂੰ ਦਰਜ ਕੀਤੀ ਗਈ ਸੀ। ਇਹ ਮਾਮਲਾ ਕੌਮੀ ਮਾਰਗ ਨੰਬਰ 754A ਦੇ ਨਿਰਮਾਣ ਲਈ ਸਰਕਾਰ ਵੱਲੋਂ ਹਾਸਲ ਕੀਤੀ ਗਈ ਜ਼ਮੀਨ ਨਾਲ ਸਬੰਧਤ ਹੈ। ਦੋਸ਼ਾਂ ਅਨੁਸਾਰ, ਇਸ ਜ਼ਮੀਨ ਦੇ ਮਾਲਕੀ ਰਿਕਾਰਡ ਵਿੱਚ ਕਥਿਤ ਤੌਰ ’ਤੇ ਗਲਤ ਤਰੀਕੇ ਨਾਲ ਇੰਤਕਾਲ ਕੀਤੇ ਗਏ ਅਤੇ ਮੁਆਵਜ਼ੇ ਦੀ ਰਕਮ ਦੀ ਵੰਡ ਵਿੱਚ ਵੀ ਬੇਨਿਯਮੀਆਂ ਹੋਈਆਂ।
ਇਸੇ ਮਾਮਲੇ ਨੂੰ ਲੈ ਕੇ ਈਡੀ ਨੇ ਇਨਫੋਰਸਮੈਂਟ ਕੇਸ ਇਨਫਰਮੇਸ਼ਨ ਰਿਪੋਰਟ (ECIR) ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ। ਹੁਣ ਜਾਂਚ ਏਜੰਸੀ ਵੱਲੋਂ ਇਸ ਮਾਮਲੇ ਨਾਲ ਜੁੜੇ ਲੋਕਾਂ ਅਤੇ ਥਾਵਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਪੰਜਾਬ ਦੇ ਲੋਕਪਾਲ ਵੱਲੋਂ ਵੀ ਜਨਵਰੀ 2024 ਵਿੱਚ ਡਾ. ਅਮਨਦੀਪ ਕੌਰ ਅਰੋੜਾ ਨੂੰ ਇਸ ਮਾਮਲੇ ਸਬੰਧੀ ਸੰਮਨ ਜਾਰੀ ਕੀਤੇ ਗਏ ਸਨ।

ਵਿਧਾਇਕਾ ਦੇ ਘਰ ਕਰੀਬ ਅੱਠ ਘੰਟਿਆਂ ਤੱਕ ਚੱਲੀ ਛਾਪੇਮਾਰੀ ਤੋਂ ਬਾਅਦ ਈਡੀ ਦੀਆਂ ਟੀਮਾਂ ਨੇ ਬਾਘਾਪੁਰਾਣਾ ਹਲਕੇ ਵਿੱਚ ਇੱਕ ਹਸਪਤਾਲ ਵਿੱਚ ਵੀ ਤਲਾਸ਼ੀ ਲਈ। ਸੂਤਰਾਂ ਅਨੁਸਾਰ, ਇਹ ਹਸਪਤਾਲ ਡਾ. ਅਮਨਦੀਪ ਕੌਰ ਅਰੋੜਾ ਦੇ ਪਤੀ ਡਾ. ਰਾਕੇਸ਼ ਅਰੋੜਾ ਨਾਲ ਸਬੰਧਤ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਨਸ਼ਾ ਛੁਡਾਊ ਹਸਪਤਾਲ ਹੈ। ਈਡੀ ਦੀ ਜਾਂਚ ਦਾ ਘੇਰਾ ਵਿਧਾਇਕਾ, ਉਨ੍ਹਾਂ ਦੇ ਪਤੀ, ਪਰਿਵਾਰਕ ਮੈਂਬਰਾਂ, ਸਹਿਯੋਗੀਆਂ ਅਤੇ ਹੋਰ ਸਬੰਧਤ ਵਿਅਕਤੀਆਂ ਤੱਕ ਫੈਲਿਆ ਹੋਇਆ ਹੈ। ਜਾਂਚ ਏਜੰਸੀ ਵੱਲੋਂ ਦਸਤਾਵੇਜ਼ਾਂ ਅਤੇ ਹੋਰ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਜ਼ਮੀਨ ਦੇ ਇੰਤਕਾਲ ਅਤੇ ਮੁਆਵਜ਼ੇ ਦੀ ਵੰਡ ਨਾਲ ਜੁੜੇ ਮਾਮਲੇ ਦੀ ਸੱਚਾਈ ਸਾਹਮਣੇ ਆ ਸਕੇ।

ਜਿਵੇਂ ਹੀ ਮੋਗਾ ਵਿੱਚ ਵਿਧਾਇਕਾ ਦੇ ਘਰ ਈਡੀ ਦੀ ਛਾਪੇਮਾਰੀ ਦੀ ਖ਼ਬਰ ਫੈਲੀ, ਆਮ ਆਦਮੀ ਪਾਰਟੀ ਦੇ ਸਥਾਨਕ ਆਗੂ ਅਤੇ ਵਰਕਰ ਵੀ ਮੌਕੇ ’ਤੇ ਪਹੁੰਚ ਗਏ। ਵਰਕਰਾਂ ਨੇ ਕੇਂਦਰੀ ਜਾਂਚ ਏਜੰਸੀ ਦੀ ਕਾਰਵਾਈ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਇਸ ਨੂੰ ਸਿਆਸੀ ਬਦਲਾਖੋਰੀ ਕਰਾਰ ਦਿੱਤਾ। ਸਥਿਤੀ ਨੂੰ ਕਾਬੂ ਵਿੱਚ ਰੱਖਣ ਲਈ ਪੁਲਿਸ ਦੀ ਵੱਡੀ ਗਿਣਤੀ ਘਰ ਦੇ ਬਾਹਰ ਤਾਇਨਾਤ ਕੀਤੀ ਗਈ।

ਈਡੀ ਦੀ ਛਾਪੇਮਾਰੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਆਮ ਆਦਮੀ ਪਾਰਟੀ ’ਤੇ ਤਿੱਖਾ ਸਿਆਸੀ ਹਮਲਾ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਪਹਿਲਾਂ ਟਵਿੱਟਰ) ’ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਪੰਜਾਬ ਨੂੰ ਲੁੱਟਣ ਵਾਲਿਆਂ ਨੂੰ ਆਪਣੇ ਕੰਮਾਂ ਦਾ ਹਿਸਾਬ ਦੇਣਾ ਪਵੇਗਾ। “ਸਭ ਫੜੇ ਜਾਣਗੇ, ਕੋਈ ਨਹੀਂ ਬਚੇਗਾ। ਪੰਜਾਬ ਨੂੰ ਲੁੱਟਣ-ਕੁੱਟਣ ਵਾਲਿਆਂ ਨੂੰ ਹਿਸਾਬ ਦੇਣਾ ਪਵੇਗਾ! ਗੁਰੂ-ਦੋਖੀ ਤੇ ਉਸਦੇ 92 ਚੇਲਿਆਂ ਨੂੰ ਪੰਜਾਬ ਲੁੱਟਣ ਦਾ ਹਿਸਾਬ ਦੇਣਾ ਪਵੇਗਾ! ਸਪੀਡ ਵੀ ਜਲਦੀ ਹੀ ਚੈੱਕ ਹੋਣੀ ਸ਼ੁਰੂ ਹੋਵੇਗੀ!” ਉਨ੍ਹਾਂ ਦੇ ਇਸ ਬਿਆਨ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਉਸ ਦੇ ਵਿਧਾਇਕਾਂ ਵਿਰੁੱਧ ਸਿਆਸੀ ਹਮਲੇ ਵਜੋਂ ਦੇਖਿਆ ਜਾ ਰਿਹਾ ਹੈ।

ਫਿਲਹਾਲ ਇਸ ਮਾਮਲੇ ਨੇ ਮੋਗਾ ਤੋਂ ਲੈ ਕੇ ਚੰਡੀਗੜ੍ਹ ਤੱਕ ਪੰਜਾਬ ਦੀ ਸਿਆਸਤ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ। 2027 ਦੀਆਂ ਚੋਣਾਂ ਤੋਂ ਪਹਿਲਾਂ ਇਸ ਜਾਂਚ ਦਾ ਸਿਆਸੀ ਪ੍ਰਭਾਵ ਕੀ ਰਹੇਗਾ ਅਤੇ ਆਮ ਆਦਮੀ ਪਾਰਟੀ ਇਸ ਮਾਮਲੇ ਦਾ ਸਾਹਮਣਾ ਕਿਵੇਂ ਕਰੇਗੀ, ਇਹ ਆਉਣ ਵਾਲੇ ਦਿਨਾਂ ਵਿੱਚ ਸਪੱਸ਼ਟ ਹੋਵੇਗਾ।

Related posts

ਅਵਤਾਰਜੀਤ ਦਾ ਕਾਵਿ ਸੰਗ੍ਰਹਿ ‘ਮੈਂ ਆਪਣੀ ਤ੍ਰੇੜ ਲੱਭ ਰਿਹਾਂ’ ਮਾਨਸਿਕ ਉਥਲ-ਪੁਥਲ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ !

admin

ਜਵਾਨ ਹੋ ਰਹੇ ਬੱਚਿਆਂ ਦਾ ਮਾਰਗ ਦਰਸ਼ਨ ! 

admin

ਅਦਾਕਾਰੀ ਤੋਂ ਦੂਰ ਪਰ ਫਿਰ ਵੀ ਕਰੋੜਾਂ ਦੀ ਕਮਾਈ ਕਰ ਰਹੀ ਹੈ ਅਨੁਸ਼ਕਾ ਸ਼ਰਮਾ !

admin