Health & FitnessArticlesAustralia & New ZealandBreaking NewsLatest News

ਨਵੇਂ Aged Care Act ਨੂੰ ਇੱਕ ਸਾਲ: ਬਜ਼ੁਰਗਾਂ ਦੀ ਦੇਖਭਾਲ ਵਿੱਚ ਅਜੇ ਵੀ ਕਈ ਚੁਣੌਤੀਆਂ

ਬਜ਼ੁਰਗ ਲੋਕਾਂ ਨੂੰ ਲੋੜੀਂਦੀਆਂ ਸੇਵਾਵਾਂ ਪ੍ਰਾਪਤ ਕਰਨ ਲਈ ਲੰਮੀ ਉਡੀਕ ਅਤੇ ਵੱਧ ਖਰਚਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਮੈਲਬੌਰਨ – ਆਸਟ੍ਰੇਲੀਆ ਵਿੱਚ ਨਵਾਂ Aged Care Act ਨਵੰਬਰ 2025 ਵਿੱਚ ਲਾਗੂ ਹੋਇਆ ਸੀ। ਇਸ ਕਾਨੂੰਨ ਦਾ ਮਕਸਦ ਬਜ਼ੁਰਗਾਂ ਦੇ ਹੱਕਾਂ ਦੀ ਰੱਖਿਆ ਕਰਨਾ ਅਤੇ ਉਨ੍ਹਾਂ ਨੂੰ ਬਿਹਤਰ ਦੇਖਭਾਲ ਮੁਹੱਈਆ ਕਰਵਾਉਣਾ ਸੀ। ਹੁਣ ਇਸ ਕਾਨੂੰਨ ਨੂੰ ਇੱਕ ਸਾਲ ਪੂਰਾ ਹੋਣ ਮੌਕੇ La Trobe ਯੂਨੀਵਰਸਿਟੀ ਦੇ ਮਾਹਿਰਾਂ ਨੇ ਇਸ ਦੀ ਕਾਰਗੁਜ਼ਾਰੀ ਅਤੇ ਬਜ਼ੁਰਗਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਚਿੰਤਾ ਪ੍ਰਗਟਾਈ ਹੈ।

ਯੂਨੀਵਰਸਿਟੀ ਦੇ ਮਾਹਿਰਾਂ ਮੁਤਾਬਕ ਕਾਨੂੰਨ ਵਿੱਚ ਬਜ਼ੁਰਗਾਂ ਦੇ ਹੱਕਾਂ ਦੀ ਗੱਲ ਕੀਤੀ ਗਈ ਹੈ, ਪਰ ਅਸਲ ਵਿੱਚ ਕਈ ਲੋਕਾਂ ਨੂੰ ਲੋੜੀਂਦੀਆਂ ਸੇਵਾਵਾਂ ਪ੍ਰਾਪਤ ਕਰਨ ਲਈ ਲੰਮੀ ਉਡੀਕ ਅਤੇ ਵੱਧ ਖਰਚਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। La Trobe ਯੂਨੀਵਰਸਿਟੀ ਦੇ ਐਮਰੀਟਸ ਪ੍ਰੋਫੈਸਰ ਹਾਲ ਸਵੇਰਿਸਨ ਨੇ ਕਿਹਾ ਕਿ ਘਰ ਵਿੱਚ ਦੇਖਭਾਲ ਅਤੇ ਬਜ਼ੁਰਗਾਂ ਦੇ ਰਿਹਾਇਸ਼ੀ ਕੇਅਰ ਸੈਂਟਰਾਂ ਵਿੱਚ ਥਾਵਾਂ ਦੀ ਘਾਟ ਕਾਰਨ ਉਡੀਕ ਦਾ ਸਮਾਂ ਵਧ ਰਿਹਾ ਹੈ। ਉਨ੍ਹਾਂ ਮੁਤਾਬਕ ਖ਼ਾਸ ਕਰਕੇ ਖੇਤਰੀ ਇਲਾਕਿਆਂ ਵਿੱਚ ਸੇਵਾਵਾਂ ਦੀ ਘਾਟ ਹੈ। ਕਈ ਬਜ਼ੁਰਗ ਹਸਪਤਾਲਾਂ ਵਿੱਚ ਹੀ ਰਹਿਣ ਲਈ ਮਜਬੂਰ ਹਨ, ਕਿਉਂਕਿ ਉਨ੍ਹਾਂ ਨੂੰ ਲੋੜੀਂਦੀ ਬਜ਼ੁਰਗ ਦੇਖਭਾਲ ਸੇਵਾ ਨਹੀਂ ਮਿਲ ਰਹੀ। ਉਨ੍ਹਾਂ ਇਹ ਵੀ ਕਿਹਾ ਕਿ ਆਪਣੀ ਪੈਨਸ਼ਨ ਜਾਂ ਬਚਤ ਨਾਲ ਖਰਚਾ ਚਲਾਉਣ ਵਾਲੇ ਲੋਕਾਂ ਲਈ ਰਿਹਾਇਸ਼ੀ ਕੇਅਰ ਦਾ ਸਾਲਾਨਾ ਖਰਚਾ 100,000 ਡਾਲਰ ਤੋਂ ਵੱਧ ਹੋ ਸਕਦਾ ਹੈ। ਇਸ ਨਾਲ ਅਮੀਰ ਅਤੇ ਘੱਟ ਆਮਦਨ ਵਾਲੇ ਲੋਕਾਂ ਵਿਚਕਾਰ ਦੇਖਭਾਲ ਦੀਆਂ ਸਹੂਲਤਾਂ ਦਾ ਫਰਕ ਵਧਣ ਦਾ ਖ਼ਤਰਾ ਹੈ।

La Trobe ਯੂਨੀਵਰਸਿਟੀ ਦੀ ਡਾ. ਸਮੰਥਾ ਕਲੂਨ ਨੇ ਕਿਹਾ ਕਿ ਬਜ਼ੁਰਗਾਂ ਨੂੰ ਬਰਾਬਰ ਸਿਹਤ ਅਤੇ ਦੇਖਭਾਲ ਸੇਵਾਵਾਂ ਦੇਣ ਵਿੱਚ ਸਭ ਤੋਂ ਵੱਡੀ ਰੁਕਾਵਟ ਕਰਮਚਾਰੀਆਂ ਦੀ ਘਾਟ ਹੈ। ਉਨ੍ਹਾਂ ਮੁਤਾਬਕ ਖ਼ਾਸ ਕਰਕੇ ਵੱਡੇ ਸ਼ਹਿਰਾਂ ਤੋਂ ਬਾਹਰ ਰਹਿਣ ਵਾਲੇ ਬਜ਼ੁਰਗਾਂ ਨੂੰ ਸੇਵਾਵਾਂ ਹਾਸਲ ਕਰਨ ਵਿੱਚ ਵਧੇਰੇ ਮੁਸ਼ਕਲ ਆਉਂਦੀ ਹੈ। ਉਨ੍ਹਾਂ ਨੇ ਆਨਲਾਈਨ ਅਤੇ ਵਰਚੁਅਲ ਕੇਅਰ ਸੇਵਾਵਾਂ ਨੂੰ ਵਧਾਉਣ ਦੀ ਲੋੜ ਦੱਸੀ। ਉਨ੍ਹਾਂ ਮੁਤਾਬਕ ਨਰਸਾਂ ਦੀ ਅਗਵਾਈ ਹੇਠ ਚਲਾਈਆਂ ਜਾਣ ਵਾਲੀਆਂ ਆਨਲਾਈਨ ਸੇਵਾਵਾਂ ਦੂਰ-ਦੁਰਾਡੇ ਰਹਿੰਦੇ ਬਜ਼ੁਰਗਾਂ ਲਈ ਲਾਭਦਾਇਕ ਹੋ ਸਕਦੀਆਂ ਹਨ।

La Trobe ਯੂਨੀਵਰਸਿਟੀ ਦੀ ਪ੍ਰੋਫੈਸਰ ਬਿਆਂਕਾ ਬ੍ਰਿਜਨਾਥ ਨੇ ਕਿਹਾ ਕਿ ਵੱਖ-ਵੱਖ ਭਾਸ਼ਾਵਾਂ ਅਤੇ ਸੱਭਿਆਚਾਰਾਂ ਨਾਲ ਸਬੰਧਤ ਬਜ਼ੁਰਗਾਂ ਨੂੰ Aged Care ਸੇਵਾਵਾਂ ਹਾਸਲ ਕਰਨ ਵਿੱਚ ਖਾਸ ਮੁਸ਼ਕਲਾਂ ਆ ਸਕਦੀਆਂ ਹਨ। ਉਨ੍ਹਾਂ ਮੁਤਾਬਕ ਅੰਗਰੇਜ਼ੀ ਭਾਸ਼ਾ ਦੀ ਘੱਟ ਜਾਣਕਾਰੀ, ਡਿਜੀਟਲ ਤਕਨਾਲੋਜੀ ਦੀ ਘੱਟ ਸਮਝ ਅਤੇ My Aged Care ਸਿਸਟਮ ਬਾਰੇ ਜਾਣਕਾਰੀ ਦੀ ਘਾਟ ਕਾਰਨ ਕਈ ਬਜ਼ੁਰਗ ਸਹਾਇਤਾ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ। ਉਨ੍ਹਾਂ ਇਹ ਵੀ ਚਿੰਤਾ ਪ੍ਰਗਟਾਈ ਕਿ ਜੇ ਕੰਪਿਊਟਰ ਐਲਗੋਰਿਦਮ ਰਾਹੀਂ ਬਜ਼ੁਰਗਾਂ ਦੀ ਦੇਖਭਾਲ ਦਾ ਪੱਧਰ ਤੈਅ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੀਆਂ ਨਿੱਜੀ ਲੋੜਾਂ ਨੂੰ ਪੂਰੀ ਤਰ੍ਹਾਂ ਧਿਆਨ ਵਿੱਚ ਨਹੀਂ ਰੱਖਿਆ ਜਾਂਦਾ, ਤਾਂ ਕਈ ਲੋਕਾਂ ਨੂੰ ਲੋੜੀਂਦੀ ਮਦਦ ਨਹੀਂ ਮਿਲ ਸਕਦੀ।

ਪ੍ਰੋਫੈਸਰ ਬ੍ਰਿਜਨਾਥ ਨੇ ਕਿਹਾ ਕਿ ਬਜ਼ੁਰਗਾਂ ਦੀਆਂ ਸਿਹਤ, ਮਾਨਸਿਕ ਸਿਹਤ, ਭਾਸ਼ਾ ਅਤੇ ਸੱਭਿਆਚਾਰਕ ਲੋੜਾਂ ਨੂੰ ਸਮਝ ਕੇ ਸੇਵਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।

ਮਾਹਿਰਾਂ ਦਾ ਕਹਿਣਾ ਹੈ ਕਿ ਨਵੇਂ ਕਾਨੂੰਨ ਦੀ ਸਫਲਤਾ ਸਿਰਫ਼ ਨਵੇਂ ਨਿਯਮ ਬਣਾਉਣ ਨਾਲ ਨਹੀਂ ਮਾਪੀ ਜਾ ਸਕਦੀ। ਅਸਲ ਸਫਲਤਾ ਉਦੋਂ ਹੋਵੇਗੀ ਜਦੋਂ ਹਰ ਬਜ਼ੁਰਗ ਨੂੰ ਸਮੇਂ ਸਿਰ, ਸਹੀ ਅਤੇ ਆਪਣੀਆਂ ਲੋੜਾਂ ਮੁਤਾਬਕ ਦੇਖਭਾਲ ਮਿਲੇਗੀ। ਖ਼ਾਸ ਤੌਰ ’ਤੇ ਪੰਜਾਬੀ ਸਮੇਤ ਹੋਰ ਭਾਸ਼ਾਵਾਂ ਬੋਲਣ ਵਾਲੇ ਬਜ਼ੁਰਗਾਂ ਲਈ ਭਾਸ਼ਾਈ ਸਹਾਇਤਾ ਅਤੇ ਸੱਭਿਆਚਾਰ ਨੂੰ ਸਮਝਣ ਵਾਲੀਆਂ ਸੇਵਾਵਾਂ ਦੀ ਲੋੜ ਵੀ ਮਹੱਤਵਪੂਰਨ ਹੈ।

Related posts

ਔਸ਼ਧੀ ਪੌਦੇ ਵਾਤਾਵਰਣ ਅਤੇ ਸਿਹਤ ਲਈ ਬਹੁ-ਮੰਤਵੀ ਹਨ: ਕੁਲਦੀਪ ਸਿੰਘ ਰਾਣਾ

admin

ਟੋਟਮ ਅਤੇ ਟੈਬੂਜ਼

admin

ਦੀਵਿਆਂ ਨਾਲ ਦੀਵਾਲੀ ਮਨਾਓ, ਮਿੱਟੀ ਦੇ ਦੀਵੇ ਜਗਾਓ !

admin