ArticlesAustralia & New ZealandBreaking NewsLatest News

ਬੱਚਿਆਂ ਦੀ ਸਿਹਤਮੰਦ ਪਰਵਰਿਸ਼ ਲਈ ਵਿਕਟੋਰੀਆ ਵਿੱਚ 1.90 ਲੱਖ ਡਾਲਰ ਦਾ ਨਵਾਂ ਨਿਵੇਸ਼

VicHealth ਵੱਲੋਂ INFANT ਪ੍ਰੋਗਰਾਮ ਵਿੱਚ 190,000 ਡਾਲਰ ਦਾ ਨਵਾਂ ਨਿਵੇਸ਼ ਕੀਤਾ ਗਿਆ ਹੈ।

ਮੈਲਬੌਰਨ – ਵਿਕਟੋਰੀਆ ਵਿੱਚ ਛੋਟੇ ਬੱਚਿਆਂ ਦੀ ਸਿਹਤਮੰਦ ਪਰਵਰਿਸ਼ ਅਤੇ ਚੰਗੀਆਂ ਖਾਣ-ਪੀਣ ਦੀਆਂ ਆਦਤਾਂ ਵਿਕਸਿਤ ਕਰਨ ਲਈ VicHealth ਵੱਲੋਂ INFANT ਪ੍ਰੋਗਰਾਮ ਵਿੱਚ 190,000 ਡਾਲਰ ਦਾ ਨਵਾਂ ਨਿਵੇਸ਼ ਕੀਤਾ ਗਿਆ ਹੈ।

INFANT ਦਾ ਪੂਰਾ ਨਾਮ Infant Feeding, Active Play and Nutrition ਹੈ। ਇਸ ਪ੍ਰੋਗਰਾਮ ਦਾ ਮਕਸਦ ਮਾਪਿਆਂ ਨੂੰ ਆਪਣੇ 18 ਮਹੀਨੇ ਤੱਕ ਦੇ ਬੱਚਿਆਂ ਦੀ ਖੁਰਾਕ, ਖੇਡਣ ਅਤੇ ਸਕ੍ਰੀਨ ਟਾਈਮ ਬਾਰੇ ਸਹੀ ਜਾਣਕਾਰੀ ਦੇਣਾ ਹੈ। ਇਸ ਨਿਵੇਸ਼ ਨਾਲ ਡੀਕਿਨ ਯੂਨੀਵਰਸਿਟੀ ਦਾ ਇੰਸਟੀਚਿਊਟ ਫਾਰ ਫਿਜ਼ੀਕਲ ਐਕਟੀਵਿਟੀ ਐਂਡ ਨਿਊਟ੍ਰੀਸ਼ਨ ਇਸ ਪ੍ਰੋਗਰਾਮ ਨੂੰ ਹੋਰ ਪਰਿਵਾਰਾਂ ਤੱਕ ਪਹੁੰਚਾਉਣ ਲਈ ਕੰਮ ਕਰੇਗਾ। ਖੋਜ ਮੁਤਾਬਕ ਇਸ ਪ੍ਰੋਗਰਾਮ ਵਿੱਚ ਸ਼ਾਮਲ ਪਰਿਵਾਰਾਂ ਦੇ ਬੱਚੇ ਵੱਧ ਫਲ ਅਤੇ ਸਬਜ਼ੀਆਂ ਖਾਂਦੇ ਹਨ, ਪਾਣੀ ਵੱਧ ਪੀਂਦੇ ਹਨ ਅਤੇ ਮਿੱਠੇ ਪੀਣ ਵਾਲੇ ਪਦਾਰਥਾਂ ਅਤੇ ਸਨੈਕਸ ਦੀ ਵਰਤੋਂ ਘੱਟ ਕਰਦੇ ਹਨ। ਇਨ੍ਹਾਂ ਬੱਚਿਆਂ ਦਾ ਟੀਵੀ ਦੇਖਣ ਦਾ ਸਮਾਂ ਵੀ ਘੱਟ ਹੁੰਦਾ ਹੈ ਅਤੇ ਇਹ ਚੰਗੀਆਂ ਆਦਤਾਂ ਘੱਟੋ-ਘੱਟ ਪੰਜ ਸਾਲ ਦੀ ਉਮਰ ਤੱਕ ਜਾਰੀ ਰਹਿ ਸਕਦੀਆਂ ਹਨ। INFANT ਪ੍ਰੋਗਰਾਮ ਵਿੱਚ ਪਰਿਵਾਰਾਂ ਲਈ ਆਹਮੋ-ਸਾਹਮਣੇ ਜਾਂ ਆਨਲਾਈਨ ਚਾਰ ਗਰੁੱਪ ਸੈਸ਼ਨ ਹੁੰਦੇ ਹਨ। ਇਸ ਦੇ ਨਾਲ ਇੱਕ ਮੁਫ਼ਤ ਮੋਬਾਈਲ ਐਪ ਵੀ ਹੈ, ਜਿਸ ਰਾਹੀਂ ਬੱਚਿਆਂ ਦੀ ਖੁਰਾਕ, ਖੇਡਣ, ਨੀਂਦ ਅਤੇ ਪਰਿਵਾਰਕ ਸਿਹਤ ਬਾਰੇ ਜਾਣਕਾਰੀ ਮਿਲਦੀ ਹੈ। ਇਹ ਪ੍ਰੋਗਰਾਮ ਵਿਕਟੋਰੀਆ ਦੀਆਂ ਮੈਟਰਨਲ ਐਂਡ ਚਾਈਲਡ ਹੈਲਥ ਸੇਵਾਵਾਂ ਅਤੇ ਬੱਚਿਆਂ ਦੀ ਦੇਖਭਾਲ ਨਾਲ ਜੁੜੇ ਮਾਹਿਰਾਂ ਰਾਹੀਂ ਚਲਾਇਆ ਜਾਂਦਾ ਹੈ।

VicHealth ਦੀ ਫੂਡ ਸਿਸਟਮ ਮੈਨੇਜਰ ਅਤੇ ਡਾਇਟੀਸ਼ੀਅਨ ਸ਼ੈਰਨ ਲਾਰੈਂਸ ਨੇ ਕਿਹਾ ਕਿ ਮਾਪਿਆਂ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਬੱਚਿਆਂ ਲਈ ਕਿਹੜਾ ਭੋਜਨ ਸਿਹਤਮੰਦ ਹੈ। ਬਾਜ਼ਾਰ ਵਿੱਚ ਬੱਚਿਆਂ ਦੇ ਨਾਮ ’ਤੇ ਵਿਕਣ ਵਾਲੇ ਕਈ ਪੈਕ ਕੀਤੇ ਖਾਣੇ ਬਹੁਤ ਜ਼ਿਆਦਾ ਪ੍ਰੋਸੈਸ ਕੀਤੇ ਹੋਏ ਅਤੇ ਮਿੱਠੇ ਹੁੰਦੇ ਹਨ।

ਡੀਕਿਨ ਯੂਨੀਵਰਸਿਟੀ ਦੀ ਐਸੋਸੀਏਟ ਪ੍ਰੋਫੈਸਰ ਰੇਚਲ ਲਾਅਜ਼ ਮੁਤਾਬਕ ਬੱਚਿਆਂ ਦੇ ਜੀਵਨ ਦੇ ਸ਼ੁਰੂਆਤੀ ਸਾਲ ਉਨ੍ਹਾਂ ਦੀ ਸਿਹਤ ਅਤੇ ਵਿਕਾਸ ਲਈ ਬਹੁਤ ਮਹੱਤਵਪੂਰਨ ਹੁੰਦੇ ਹਨ।

ਇਸ ਪ੍ਰੋਗਰਾਮ ਨਾਲ ਸਿਹਤ ਸੇਵਾਵਾਂ ਦੇ ਖਰਚੇ ਵਿੱਚ ਵੀ ਬਚਤ ਹੋਣ ਦੀ ਉਮੀਦ ਹੈ। ਅੰਦਾਜ਼ੇ ਮੁਤਾਬਕ ਵਿਕਟੋਰੀਆ ਵਿੱਚ ਡਾਕਟਰਾਂ ਅਤੇ ਬੱਚਿਆਂ ਦੇ ਮਾਹਿਰਾਂ ਕੋਲ ਘੱਟ ਜਾਣ ਕਾਰਨ ਹਰ ਸਾਲ ਲਗਭਗ 1.6 ਮਿਲੀਅਨ ਡਾਲਰ ਦੀ ਬਚਤ ਹੋ ਸਕਦੀ ਹੈ।

Related posts

ਆਸਟ੍ਰੇਲੀਆ ਸਰਕਾਰ ਵੱਲੋਂ ਔਰਤਾਂ ਨੂੰ ਘਰੇਲੂ ਹਿੰਸਾ ਤੋਂ ਬਚਾਉਣ ’ਚ ਮਦਦ ਲਈ ਨਵੇਂ ਫੰਡ ਦਾ ਐਲਾਨ

Bunty

ਭਾਈ ਮਰਦਾਨਾ ਜੀ

admin

ਨਿਊਜ਼ੀਲੈਂਡ ਦੀ ਆਬਾਦੀ ਸਬੰਧੀ ਚਿੰਤਾਜਨਕ ਅੰਕੜੇ

admin