Health & FitnessBreaking NewsIndiaLatest News

ਭਾਰਤ ਵਿੱਚ 10 ਸਾਲਾਂ ਦੌਰਾਨ ਮਲੇਰੀਆ ਦੇ ਮਾਮਲਿਆਂ ਅਤੇ ਮੌਤਾਂ ਵਿੱਚ 80 ਫ਼ੀਸਦੀ ਕਮੀ: ਰਾਸ਼ਟਰਪਤੀ ਮੁਰਮੂ

ਸ਼੍ਰੀਮਤੀ ਦ੍ਰੋਪਦੀ ਮੁਰਮੂ, ਭਾਰਤ ਦੇ ਰਾਸ਼ਟਰਪਤੀ।

ਨਵੀਂ ਦਿੱਲੀ – ਭਾਰਤ ਨੇ ਮਲੇਰੀਆ ਦੀ ਰੋਕਥਾਮ ਅਤੇ ਇਲਾਜ ਦੇ ਖੇਤਰ ਵਿੱਚ ਪਿਛਲੇ ਇੱਕ ਦਹਾਕੇ ਦੌਰਾਨ ਵੱਡੀ ਤਰੱਕੀ ਕੀਤੀ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਦੱਸਿਆ ਕਿ 2015 ਤੋਂ 2025 ਦਰਮਿਆਨ ਦੇਸ਼ ਵਿੱਚ ਮਲੇਰੀਆ ਦੇ ਮਾਮਲਿਆਂ ਅਤੇ ਇਸ ਕਾਰਨ ਹੋਣ ਵਾਲੀਆਂ ਮੌਤਾਂ ਵਿੱਚ ਲਗਭਗ 80 ਫ਼ੀਸਦੀ ਕਮੀ ਆਈ ਹੈ।

ਰਾਸ਼ਟਰਪਤੀ ਮੁਰਮੂ ਨੇ ਮੰਗਲਵਾਰ ਨੂੰ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਦੇ ਨੈਸ਼ਨਲ ਇੰਸਟੀਚਿਊਟ ਆਫ਼ ਮਲੇਰੀਆ ਰਿਸਰਚ (NIMR) ਦੇ 50 ਸਾਲ ਪੂਰੇ ਹੋਣ ਮੌਕੇ ਕਰਵਾਏ ਸਮਾਗਮ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਮਲੇਰੀਆ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਲਗਾਤਾਰ ਨਿਗਰਾਨੀ, ਸਮੇਂ ਸਿਰ ਜਾਂਚ ਅਤੇ ਲੋਕਾਂ ਦੀ ਭਾਗੀਦਾਰੀ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਵਿੱਚ ਮਲੇਰੀਆ ਤੋਂ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਦੀ ਗਿਣਤੀ 155 ਤੋਂ ਘਟ ਕੇ 33 ਰਹਿ ਗਈ ਹੈ। ਇਸ ਤੋਂ ਇਲਾਵਾ 2022 ਤੋਂ 2025 ਦਰਮਿਆਨ 160 ਜ਼ਿਲ੍ਹਿਆਂ ਵਿੱਚ ਸਥਾਨਕ ਪੱਧਰ ‘ਤੇ ਮਲੇਰੀਆ ਦੇ ਮਾਮਲੇ ਜ਼ੀਰੋ ਹੋ ਗਏ ਹਨ। ਭਾਰਤ ਦਾ 2024 ਵਿੱਚ ਵਿਸ਼ਵ ਸਿਹਤ ਸੰਗਠਨ ਦੀ ‘ਹਾਈ ਬਰਡਨ ਟੂ ਹਾਈ ਇਮਪੈਕਟ’ ਪਹਿਲਕਦਮੀ ਤੋਂ ਬਾਹਰ ਆਉਣਾ ਵੀ ਇੱਕ ਮਹੱਤਵਪੂਰਨ ਪ੍ਰਾਪਤੀ ਦੱਸਿਆ ਗਿਆ।

ਰਾਸ਼ਟਰਪਤੀ ਨੇ ਕਿਹਾ ਕਿ ਮਲੇਰੀਆ ਦੇ ਖਾਤਮੇ ਲਈ ਮੱਛਰਾਂ ਦੀ ਪੈਦਾਇਸ਼ ਰੋਕਣ, ਪਾਣੀ ਖੜ੍ਹਾ ਨਾ ਹੋਣ ਦੇਣ, ਮਰੀਜ਼ਾਂ ਦੀ ਸਮੇਂ ਸਿਰ ਜਾਂਚ ਅਤੇ ਪੂਰਾ ਇਲਾਜ ਯਕੀਨੀ ਬਣਾਉਣਾ ਜ਼ਰੂਰੀ ਹੈ। ਉਨ੍ਹਾਂ ਨੇ ਜਲਵਾਯੂ ਤਬਦੀਲੀ, ਬੇਤਰਤੀਬ ਸ਼ਹਿਰੀਕਰਨ ਅਤੇ ਮੱਛਰਾਂ ਵਿੱਚ ਕੀਟਨਾਸ਼ਕਾਂ ਪ੍ਰਤੀ ਵਧ ਰਹੀ ਰੋਧਕ ਸਮਰੱਥਾ ਨੂੰ ਨਵੀਆਂ ਚੁਣੌਤੀਆਂ ਦੱਸਿਆ।

ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਡਾ ਨੇ ਵੀ ਭਾਰਤ ਦੀ ਪ੍ਰਗਤੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਮਲੇਰੀਆ ਦੀ ਰੋਕਥਾਮ ਵਿੱਚ ਵਿਗਿਆਨੀਆਂ, ਸਿਹਤ ਕਰਮਚਾਰੀਆਂ ਅਤੇ ਲੋਕਾਂ ਦੀ ਸਾਂਝੀ ਭੂਮਿਕਾ ਰਹੀ ਹੈ। ਉਨ੍ਹਾਂ ਨੇ 2030 ਤੱਕ ਦੇਸ਼ ਵਿੱਚੋਂ ਮਲੇਰੀਆ ਖ਼ਤਮ ਕਰਨ ਦੇ ਟੀਚੇ ਵੱਲ ਯਤਨ ਤੇਜ਼ ਕਰਨ ਦੀ ਅਪੀਲ ਕੀਤੀ। ਉਨ੍ਹਾਂ ਮੁਤਾਬਕ ਮੱਛਰਾਂ ਦੇ ਵਿਵਹਾਰ ਬਾਰੇ ਖੋਜ, ਬਿਹਤਰ ਦਵਾਈਆਂ, ਜਾਂਚ ਦੀਆਂ ਸਹੂਲਤਾਂ ਅਤੇ ਲੋਕਾਂ ਵਿੱਚ ਜਾਗਰੂਕਤਾ ਵਧਾਉਣ ਨਾਲ ਇਸ ਬਿਮਾਰੀ ਨੂੰ ਕਾਬੂ ਕਰਨ ਵਿੱਚ ਮਦਦ ਮਿਲੀ ਹੈ। ਉਨ੍ਹਾਂ ਨੇ ਡੇਂਗੂ ਸਮੇਤ ਹੋਰ ਮੱਛਰਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਬਾਰੇ ਵੀ ਖੋਜ ਜਾਰੀ ਰੱਖਣ ਦੀ ਲੋੜ ਦੱਸੀ।

ICMR ਦੇ ਡਾਇਰੈਕਟਰ ਜਨਰਲ ਡਾ. ਰਾਜੀਵ ਬਹਿਲ ਨੇ ਸੰਸਥਾ ਦੀ 50 ਸਾਲਾਂ ਦੀ ਖੋਜ ਯਾਤਰਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸੰਸਥਾ ਨੇ ਮਲੇਰੀਆ ਫੈਲਾਉਣ ਵਾਲੇ ਮੱਛਰਾਂ, ਬਿਮਾਰੀ ਦੀ ਜਾਂਚ, ਇਲਾਜ ਅਤੇ ਦਵਾਈਆਂ ਦੇ ਅਸਰ ਬਾਰੇ ਮਹੱਤਵਪੂਰਨ ਖੋਜ ਕੀਤੀ ਹੈ। ਓਡੀਸ਼ਾ ਵਿੱਚ ਕੀਤੇ ਗਏ ਇੱਕ ਪ੍ਰੋਜੈਕਟ ਰਾਹੀਂ ਵੀ ਇਹ ਸਾਬਤ ਹੋਇਆ ਹੈ ਕਿ ਦੂਰ-ਦੁਰਾਡੇ ਇਲਾਕਿਆਂ ਵਿੱਚ ਜਾਂਚ ਅਤੇ ਇਲਾਜ ਦੀਆਂ ਸਹੂਲਤਾਂ ਪਹੁੰਚਾ ਕੇ ਮਲੇਰੀਆ ਦੇ ਮਾਮਲੇ ਘਟਾਏ ਜਾ ਸਕਦੇ ਹਨ।

ਸਮਾਗਮ ਦੌਰਾਨ ਰਾਸ਼ਟਰਪਤੀ ਮੁਰਮੂ ਨੇ ਸੰਸਥਾ ਦੇ 50 ਸਾਲ ਪੂਰੇ ਹੋਣ ਦੀ ਯਾਦ ਵਿੱਚ ਇੱਕ ਵਿਸ਼ੇਸ਼ ਡਾਕ ਟਿਕਟ ਵੀ ਜਾਰੀ ਕੀਤੀ। ਇਸ ਮੌਕੇ ਸੰਸਥਾ ਦੇ ਖੋਜ ਕਾਰਜਾਂ ਅਤੇ ਮਲੇਰੀਆ ਖ਼ਤਮ ਕਰਨ ਵਿੱਚ ਇਸ ਦੇ ਯੋਗਦਾਨ ਬਾਰੇ ਕਿਤਾਬਾਂ ਵੀ ਜਾਰੀ ਕੀਤੀਆਂ ਗਈਆਂ। ਰਾਸ਼ਟਰਪਤੀ ਨੇ ਕਿਹਾ ਕਿ ਵਿਗਿਆਨਕ ਖੋਜ ਦਾ ਲਾਭ ਦੇਸ਼ ਦੇ ਹਰ ਪਿੰਡ ਅਤੇ ਹਰ ਭਾਈਚਾਰੇ ਤੱਕ ਪਹੁੰਚਣਾ ਚਾਹੀਦਾ ਹੈ, ਤਾਂ ਜੋ ਭਾਰਤ 2030 ਤੱਕ ਮਲੇਰੀਆ ਮੁਕਤ ਹੋਣ ਦੇ ਟੀਚੇ ਵੱਲ ਅੱਗੇ ਵਧ ਸਕੇ।

Related posts

ਨਵਜੋਤ ਸਿੱਧੂ ਦੇ ਸਲਾਹਕਾਰਾਂ ਦੀ ਟਿੱਪਣੀ ਤੋਂ ਪਾਰਟੀ ਨੇ ਝਾੜਿਆ ਪੱਲਾ

Bunty

‘ਪੁਲਿਸ ਦੁਆਰਾ ਸਾਦੇ ਕੱਪੜਿਆਂ ’ਚ ਕਿਸੇ ਵਾਹਨ ਨੂੰ ਰੋਕਣਾ ‘ਤੇ ਲੋਕਾਂ ’ਤੇ ਗੋਲੀਆਂ ਚਲਾਉਣਾ ਫਰਜ਼ਾਂ ਦੀ ਕੁਤਾਹੀ’

admin

ਮੱਠਾ ਰਿਹਾ ਦਿੱਲੀ ਗੁਰਦੁਆਰਾ ਪ੍ਰੰਬਧਕ ਕਮੇਟੀ ਦੀਆਂ ਵੋਟਾਂ ਦਾ ਉਤਸ਼ਾਹ ,ਮਹਿਜ਼ 37.27 ਫੀਸਦੀ ਹੋਈ ਵੋਟਿੰਗ

Bunty