ArticlesAustralia & New ZealandBreaking NewsLatest NewsTechnology

ਹੁਣ ਔਨਲਾਈਨ ਕੱਟੜਵਾਦ ‘ਤੇ ਨਕੇਲ ਕੱਸੇਗਾ ਨਵਾਂ ਕਾਊਂਟਰ ਟੈਰਰਿਜ਼ਮ ਔਨਲਾਈਨ ਸੈਂਟਰ !

ਗ੍ਰਹਿ ਮਾਮਲਿਆਂ ਦੇ ਮੰਤਰੀ ਟੋਨੀ ਬਰਕ, ਏ.ਐਫ.ਪੀ. (AFP) ਕਮਿਸ਼ਨਰ ਕ੍ਰਿਸੀ ਬੈਰੇਟ ਅਤੇ ਏ.ਐਸ.ਆਈ.ਓ. (ASIO) ਦੇ ਡਾਇਰੈਕਟਰ ਜਨਰਲ ਮਾਈਕ ਬਰਗੇਸ ਸਿਡਨੀ ਵਿੱਚ 'ਕਾਊਂਟਰ ਟੈਰਰਿਜ਼ਮ ਔਨਲਾਈਨ ਸੈਂਟਰ' (CTOC) ਦਾ ਰਸਮੀ ਉਦਘਾਟਨ ਦਾ ਉਦਘਾਟਨ ਕਰਦੇ ਹੋਏ।
ਤਸਵਿੰਦਰ ਸਿੰਘ, ਐਡੀਟਰ-ਇਨ-ਚੀਫ਼, ਇੰਡੋ ਟਾਈਮਜ਼।

ਆਸਟ੍ਰੇਲੀਅਨ ਸਰਕਾਰ ਨੇ ਨੌਜਵਾਨਾਂ ਨੂੰ ਇੰਟਰਨੈੱਟ ਰਾਹੀਂ ਕੱਟੜਪੰਥੀ ਸੋਚ ਅਤੇ ਅੱਤਵਾਦ ਵੱਲ ਧੱਕਣ ਵਾਲੇ ਨੈੱਟਵਰਕਾਂ ਨੂੰ ਰੋਕਣ ਲਈ 76 ਮਿਲੀਅਨ ਡਾਲਰ ਦੀ ਲਾਗਤ ਨਾਲ ਨਵਾਂ ਕਾਊਂਟਰ ਟੈਰਰਿਜ਼ਮ ਔਨਲਾਈਨ ਸੈਂਟਰ ਸ਼ੁਰੂ ਕੀਤਾ ਹੈ। ਨਵਾਂ ਕੇਂਦਰ ਅਗਲੇ ਦੋ ਸਾਲਾਂ ਦੌਰਾਨ ਮਨੁੱਖੀ ਜਾਂਚ ਅਧਿਕਾਰੀਆਂ ਦੇ ਨਾਲ-ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਮਦਦ ਵੀ ਲਵੇਗਾ। AI ਦੀ ਵਰਤੋਂ ਨਾਲ ਔਨਲਾਈਨ ਖ਼ਤਰਿਆਂ ਦੀ ਪਛਾਣ, ਸ਼ੱਕੀ ਗਤੀਵਿਧੀਆਂ ਦਾ ਵਿਸ਼ਲੇਸ਼ਣ ਅਤੇ ਜਾਂਚ ਦੇ ਕੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੀ ਯੋਜਨਾ ਹੈ। ਇਸ ਕੇਂਦਰ ਵਿੱਚ ਆਸਟ੍ਰੇਲੀਅਨ ਫੈਡਰਲ ਪੁਲਿਸ (AFP) ਅਤੇ ਆਸਟ੍ਰੇਲੀਅਨ ਸੁਰੱਖਿਆ ਖੁਫੀਆ ਸੰਗਠਨ (ASIO) ਇਕੱਠੇ ਕੰਮ ਕਰਨਗੇ। ਸਰਕਾਰ ਮੁਤਾਬਕ ਬੱਚਿਆਂ ਅਤੇ ਨੌਜਵਾਨਾਂ ਨੂੰ ਸੋਸ਼ਲ ਮੀਡੀਆ, ਗੇਮਿੰਗ ਪਲੇਟਫਾਰਮਾਂ ਅਤੇ ਔਨਲਾਈਨ ਚੈਟ ਰੂਮਾਂ ਰਾਹੀਂ ਕੱਟੜਪੰਥੀ ਬਣਾਉਣ ਦੀਆਂ ਕੋਸ਼ਿਸ਼ਾਂ ਤੇਜ਼ ਹੋ ਰਹੀਆਂ ਹਨ। ਕਾਊਂਟਰ ਟੈਰਰਿਜ਼ਮ ਔਨਲਾਈਨ ਸੈਂਟਰ (CTOC) ਨਾਮ ਦਾ ਇਹ ਕੇਂਦਰ 76 ਮਿਲੀਅਨ ਆਸਟ੍ਰੇਲੀਅਨ ਡਾਲਰ ਦੇ ਸਰਕਾਰੀ ਪ੍ਰਾਜੈਕਟ ਤਹਿਤ ਬਣਾਇਆ ਗਿਆ ਹੈ। ਇਸ ਦਾ ਐਲਾਨ ਮਈ ਦੇ ਫੈਡਰਲ ਬਜਟ ਵਿੱਚ ਕੀਤਾ ਗਿਆ ਸੀ। ਗ੍ਰਹਿ ਮਾਮਲਿਆਂ ਦੇ ਮੰਤਰੀ ਟੋਨੀ ਬਰਕ ਨੇ ਕਿਹਾ ਕਿ ਅੱਤਵਾਦ ਵਿਰੋਧੀ ਏਜੰਸੀਆਂ ਹੁਣ ਆਪਣਾ ਕੰਮ ਸਿਰਫ਼ ਮੀਟਿੰਗਾਂ ਅਤੇ ਰਵਾਇਤੀ ਥਾਵਾਂ ਤੱਕ ਸੀਮਤ ਨਹੀਂ ਰੱਖਣਗੀਆਂ, ਸਗੋਂ ਔਨਲਾਈਨ ਦੁਨੀਆ ਵਿੱਚ ਵੀ ਸਰਗਰਮੀ ਨਾਲ ਕੰਮ ਕਰਨਗੀਆਂ। ਉਨ੍ਹਾਂ ਕਿਹਾ ਕਿ ਪਹਿਲਾਂ ਏਜੰਸੀਆਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰਦੀਆਂ ਸਨ ਕਿ ਕੱਟੜਪੰਥੀ ਲੋਕ ਕਿੱਥੇ ਇਕੱਠੇ ਹੋ ਰਹੇ ਹਨ ਅਤੇ ਕੀ ਯੋਜਨਾ ਬਣਾ ਰਹੇ ਹਨ। ਹੁਣ ਇਹ ਸਮਰੱਥਾ ਔਨਲਾਈਨ ਚੈਟ ਰੂਮਾਂ ਤੱਕ ਵਧਾਈ ਜਾ ਰਹੀ ਹੈ।

ਇਸ ਨਵੇਂ ਕੇਂਦਰ ਦੀ ਲੋੜ ਉਸ ਸਮੇਂ ਹੋਰ ਵਧ ਗਈ ਹੈ ਜਦੋਂ ਆਸਟ੍ਰੇਲੀਆ ਵਿੱਚ ਨੌਜਵਾਨਾਂ ਦੇ ਔਨਲਾਈਨ ਕੱਟੜਪੰਥੀ ਬਣਨ ਦੇ ਮਾਮਲਿਆਂ ਵਿੱਚ ਚਿੰਤਾਜਨਕ ਵਾਧਾ ਦਰਜ ਕੀਤਾ ਗਿਆ ਹੈ। ਆਸਟ੍ਰੇਲੀਅਨ ਸੁਰੱਖਿਆ ਏਜੰਸੀਆਂ ਦੇ ਅੰਕੜਿਆਂ ਮੁਤਾਬਕ ਇਸ ਸਾਲ ਦੇਸ਼ ਦੇ ਕੁੱਲ ਅੱਤਵਾਦ ਵਿਰੋਧੀ ਮਾਮਲਿਆਂ ਵਿੱਚ ਲਗਭਗ 40 ਫ਼ੀਸਦੀ ਮਾਮਲੇ ਬੱਚਿਆਂ ਅਤੇ ਨਾਬਾਲਗਾਂ ਨਾਲ ਸਬੰਧਤ ਹਨ। ਇਹ ਅੰਕੜਾ ਸੁਰੱਖਿਆ ਏਜੰਸੀਆਂ ਲਈ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਹਾਲ ਹੀ ਵਿੱਚ AFP ਨੇ ਦੱਸਿਆ ਸੀ ਕਿ ਨਿਊ ਸਾਊਥ ਵੇਲਜ਼ ਵਿੱਚ ਇੱਕ 17 ਸਾਲਾ ਲੜਕੇ ਨੂੰ ਅੱਤਵਾਦੀ ਕਾਰਵਾਈ ਵਿੱਚ ਮਦਦਗਾਰ ਹੋ ਸਕਣ ਵਾਲੇ ਦਸਤਾਵੇਜ਼ ਇਕੱਠੇ ਕਰਨ ਅਤੇ ਤਿਆਰ ਕਰਨ ਅਤੇ ਅੱਤਵਾਦੀ ਕਾਰਵਾਈ ਦੀ ਤਿਆਰੀ ਨਾਲ ਸਬੰਧਤ ਚੀਜ਼ਾਂ ਰੱਖਣ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕਰਕੇ ਚਾਰਜ ਕੀਤਾ ਗਿਆ। ਸੁਰੱਖਿਆ ਅਧਿਕਾਰੀਆਂ ਦਾ ਮੰਨਣਾ ਹੈ ਕਿ ਜੇਕਰ ਅਜਿਹੇ ਨੌਜਵਾਨਾਂ ਦੀ ਪਛਾਣ ਸ਼ੁਰੂਆਤੀ ਪੜਾਅ ’ਤੇ ਹੋ ਜਾਵੇ ਤਾਂ ਉਨ੍ਹਾਂ ਨੂੰ ਹਿੰਸਾ ਵੱਲ ਜਾਣ ਤੋਂ ਪਹਿਲਾਂ ਰੋਕਿਆ ਜਾ ਸਕਦਾ ਹੈ।

ਆਸਟ੍ਰੇਲੀਆ ਦੇ ਗ੍ਰਹਿ ਮਾਮਲਿਆਂ ਦੇ ਮੰਤਰੀ ਟੋਨੀ ਬਰਕ ਨੇ ਚਿਤਾਵਨੀ ਦਿੱਤੀ ਹੈ ਕਿ ਕੱਟੜਪੰਥੀ ਗਰੁੱਪ ਹੁਣ ਸਿਰਫ਼ ਫੇਸਬੁੱਕ, ਇੰਸਟਾਗ੍ਰਾਮ ਜਾਂ ਹੋਰ ਆਮ ਸੋਸ਼ਲ ਮੀਡੀਆ ਤੱਕ ਸੀਮਤ ਨਹੀਂ ਹਨ। ਉਹ Discord ਅਤੇ Roblox ਵਰਗੇ ਗੇਮਿੰਗ ਪਲੇਟਫਾਰਮਾਂ ਰਾਹੀਂ ਵੀ ਨੌਜਵਾਨਾਂ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮੰਤਰੀ ਮੁਤਾਬਕ ਕੁਝ ਲੋਕ ਆਪਣੀ ਅਸਲ ਉਮਰ ਅਤੇ ਪਛਾਣ ਲੁਕਾ ਕੇ ਆਪਣੇ ਆਪ ਨੂੰ ਨੌਜਵਾਨ ਦੱਸਦੇ ਹਨ। ਉਹ ਬੱਚਿਆਂ ਨਾਲ ਗੇਮਾਂ ਖੇਡਦੇ ਹਨ, ਉਨ੍ਹਾਂ ਨਾਲ ਦੋਸਤੀ ਕਰਦੇ ਹਨ ਅਤੇ ਹੌਲੀ-ਹੌਲੀ ਭਰੋਸੇ ਵਾਲਾ ਰਿਸ਼ਤਾ ਬਣਾਉਂਦੇ ਹਨ। ਇਸ ਤੋਂ ਬਾਅਦ ਉਹ ਨੌਜਵਾਨਾਂ ਨੂੰ ਅਜਿਹੀਆਂ ਗੱਲਾਂ ਵੱਲ ਲੈ ਕੇ ਜਾਂਦੇ ਹਨ ਜਿੱਥੇ ਨਫ਼ਰਤ, ਨਸਲਵਾਦ ਅਤੇ ਹਿੰਸਕ ਵਿਚਾਰਧਾਰਾ ਨੂੰ ਆਮ ਗੱਲ ਵਜੋਂ ਪੇਸ਼ ਕੀਤਾ ਜਾਂਦਾ ਹੈ। ਇਸ ਤਰ੍ਹਾਂ ਦੀ ਪ੍ਰਕਿਰਿਆ ਨੂੰ ਕੱਟੜਪੰਥੀ ਬਣਾਉਣਾ ਜਾਂ ਰੈਡੀਕਲਾਈਜ਼ੇਸ਼ਨ ਕਿਹਾ ਜਾਂਦਾ ਹੈ। ਮੰਤਰੀ ਟੋਨੀ ਬਰਕ ਨੇ ਇੱਕ ਅਜਿਹੇ Discord ਸਰਵਰ ਦਾ ਜ਼ਿਕਰ ਕੀਤਾ ਜਿਸ ਬਾਰੇ ASIO ਨੇ ਹਾਲ ਹੀ ਵਿੱਚ ਜਾਣਕਾਰੀ ਹਾਸਲ ਕੀਤੀ ਸੀ। ਇਸ ਸਰਵਰ ਵਿੱਚ 1,000 ਤੋਂ ਵੱਧ ਮੈਂਬਰ ਸਨ। ਬਾਹਰੋਂ ਦੇਖਣ ’ਤੇ ਇਹ ਆਮ ਔਨਲਾਈਨ ਗਰੁੱਪ ਲੱਗਦਾ ਸੀ, ਪਰ ਅੰਦਰ ਨਸਲਵਾਦੀ, ਕੱਟੜ ਰਾਸ਼ਟਰਵਾਦੀ ਅਤੇ ਔਰਤਾਂ ਪ੍ਰਤੀ ਨਫ਼ਰਤ ਵਾਲੀ ਵਿਚਾਰਧਾਰਾ ਨਾਲ ਜੁੜੀਆਂ ਗੱਲਾਂ ਹੋ ਰਹੀਆਂ ਸਨ। ਇੱਕ ਆਸਟ੍ਰੇਲੀਅਨ ਯੂਜ਼ਰ ਨੇ ਜਦੋਂ ਹਥਿਆਰਾਂ ਅਤੇ ਲੋਕਾਂ ਉੱਤੇ ਹਮਲੇ ਕਰਨ ਦੀਆਂ ਗੱਲਾਂ ਸ਼ੁਰੂ ਕੀਤੀਆਂ ਤਾਂ ਖੁਫੀਆ ਅਧਿਕਾਰੀਆਂ ਨੇ ਉਸ ਦੀ ਪਛਾਣ ਕਰ ਲਈ। ਅਧਿਕਾਰੀਆਂ ਨੇ ਸਮੇਂ ਸਿਰ ਦਖ਼ਲ ਦੇ ਕੇ ਉਸ ਨੂੰ ਹਿੰਸਕ ਕੱਟੜਪੰਥੀ ਰਸਤੇ ਤੋਂ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਸਰਕਾਰ ਦਾ ਕਹਿਣਾ ਹੈ ਕਿ ਅਜਿਹੀਆਂ ਘਟਨਾਵਾਂ ਦਰਸਾਉਂਦੀਆਂ ਹਨ ਕਿ ਔਨਲਾਈਨ ਦੁਨੀਆ ਵਿੱਚ ਖ਼ਤਰੇ ਦੀ ਪਛਾਣ ਸ਼ੁਰੂ ਵਿੱਚ ਕਰਨਾ ਕਿੰਨਾ ਜ਼ਰੂਰੀ ਹੈ।

ਆਸਟ੍ਰੇਲੀਅਨ ਫੈਡਰਲ ਪੁਲਿਸ ਦੀ ਕਮਿਸ਼ਨਰ ਕ੍ਰਿਸੀ ਬੈਰਟ ਨੇ ਕਿਹਾ ਹੈ ਕਿ ਪੁਲਿਸ ਨੂੰ ਅੱਜਕੱਲ੍ਹ ਅਜਿਹੇ ਨੌਜਵਾਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਆਪਣੇ ਆਪ ਨੂੰ ਗੁੱਸੇ, ਬੇਵੱਸ ਅਤੇ ਸਮਾਜ ਤੋਂ ਵੱਖਰਾ ਮਹਿਸੂਸ ਕਰਦੇ ਹਨ। ਇਸ ਰੁਝਾਨ ਨੂੰ ‘ਗ੍ਰੀਵੈਂਸ ਜਨਰੇਸ਼ਨ’ ਕਿਹਾ ਹੈ। ਇਸ ਦਾ ਭਾਵ ਅਜਿਹੀ ਪੀੜ੍ਹੀ ਤੋਂ ਹੈ ਜੋ ਆਪਣੇ ਨਾਲ ਹੋ ਰਹੀਆਂ ਗੱਲਾਂ ਜਾਂ ਸਮਾਜਿਕ ਹਾਲਾਤਾਂ ਕਾਰਨ ਨਾਰਾਜ਼ਗੀ ਅਤੇ ਨਿਰਾਸ਼ਾ ਮਹਿਸੂਸ ਕਰਦੀ ਹੈ। ਉਨ੍ਹਾਂ ਮੁਤਾਬਕ ਕੁਝ ਨੌਜਵਾਨ ਆਪਣੀ ਇਸ ਨਿਰਾਸ਼ਾ ਨੂੰ ਹਿੰਸਕ ਔਨਲਾਈਨ ਸਮੱਗਰੀ, ਨਫ਼ਰਤ ਭਰੇ ਗਰੁੱਪਾਂ ਅਤੇ ਕੱਟੜਪੰਥੀ ਵਿਚਾਰਾਂ ਰਾਹੀਂ ਪ੍ਰਗਟ ਕਰਦੇ ਹਨ। ਉਨ੍ਹਾਂ ਕਿਹਾ ਕਿ ਕਈ ਮਾਮਲਿਆਂ ਵਿੱਚ ਬੱਚੇ ਬਹੁਤ ਥੋੜ੍ਹੇ ਸਮੇਂ ਵਿੱਚ ਕੱਟੜਪੰਥੀ ਬਣ ਸਕਦੇ ਹਨ। ਜਾਂਚ ਅਧਿਕਾਰੀਆਂ ਨੇ ਅਜਿਹੇ ਮਾਮਲੇ ਵੀ ਦੇਖੇ ਹਨ ਜਿੱਥੇ ਇੱਕ ਬੱਚਾ ਇੱਕ ਟੈਸਟ ਕ੍ਰਿਕਟ ਮੈਚ ਦੇ ਸਮੇਂ ਦੇ ਬਰਾਬਰ ਸਮੇਂ ਵਿੱਚ ਹੀ ਆਪਣੇ ਆਪ ਨੂੰ ਕੱਟੜਪੰਥੀ ਵਿਚਾਰਾਂ ਦੇ ਪ੍ਰਭਾਵ ਹੇਠ ਲੈ ਆਇਆ।

ਬੱਚਿਆਂ ਦੀ ਔਨਲਾਈਨ ਦੁਨੀਆ ਸਿਰਫ਼ ਗੇਮਾਂ ਅਤੇ ਮਨੋਰੰਜਨ ਤੱਕ ਸੀਮਤ ਨਹੀਂ ਰਹਿ ਗਈ। ਉਹ ਅਣਜਾਣ ਲੋਕਾਂ ਨਾਲ ਦੋਸਤੀ ਕਰ ਸਕਦੇ ਹਨ ਅਤੇ ਕਈ ਵਾਰ ਅਜਿਹੇ ਗਰੁੱਪਾਂ ਦੇ ਸੰਪਰਕ ਵਿੱਚ ਆ ਸਕਦੇ ਹਨ ਜਿਨ੍ਹਾਂ ਬਾਰੇ ਮਾਪਿਆਂ ਨੂੰ ਪਤਾ ਵੀ ਨਹੀਂ ਹੁੰਦਾ। ਇਸ ਲਈ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨਾਲ ਉਨ੍ਹਾਂ ਦੀਆਂ ਔਨਲਾਈਨ ਗਤੀਵਿਧੀਆਂ ਬਾਰੇ ਖੁੱਲ੍ਹ ਕੇ ਗੱਲਬਾਤ ਕਰਨ, ਉਨ੍ਹਾਂ ਨੂੰ ਇੰਟਰਨੈੱਟ ਦੀ ਸੁਰੱਖਿਅਤ ਵਰਤੋਂ ਬਾਰੇ ਸਮਝਾਉਣ ਅਤੇ ਜੇਕਰ ਕੋਈ ਅਣਜਾਣ ਵਿਅਕਤੀ ਉਨ੍ਹਾਂ ਨੂੰ ਹਿੰਸਾ, ਨਫ਼ਰਤ ਜਾਂ ਗਲਤ ਕੰਮਾਂ ਵੱਲ ਲੈ ਜਾਣ ਦੀ ਕੋਸ਼ਿਸ਼ ਕਰੇ ਤਾਂ ਤੁਰੰਤ ਮਦਦ ਲੈਣ ਲਈ ਉਤਸ਼ਾਹਿਤ ਕਰਨ। ਸਰਕਾਰ ਦੀ ਕੋਸ਼ਿਸ਼ ਹੈ ਕਿ ਕਿਸੇ ਨੌਜਵਾਨ ਦੇ ਹਿੰਸਕ ਕਾਰਵਾਈ ਕਰਨ ਤੋਂ ਪਹਿਲਾਂ ਹੀ ਉਸ ਦੀ ਪਛਾਣ ਕਰਕੇ ਉਸ ਨੂੰ ਸਹੀ ਰਸਤੇ ’ਤੇ ਲਿਆਂਦਾ ਜਾਵੇ।

Related posts

ਕੁੰਡਲੀ ਬਾਰਡਰ ‘ਤੇ ਇਕ ਪਾਸੇ ਦਾ ਰੋਡ ਖੁਲ੍ਹਵਾਉਣ ਹਾਈ ਲੈਵਲ ਮੀਟਿੰਗ, ਨਹੀਂ ਪੁੱਜੇ ਪ੍ਰਦਰਸ਼ਨਕਾਰੀ

Bunty

ਵਿਕਟੋਰੀਆ ਵਿੱਚ 25 ਮੌਤਾਂ ਤੇ 1,923 ਨਵੇਂ ਲੋਕਲ ਕੋਵਿਡ-19 ਕੇਸ

admin

ਪੰਜਾਬ ‘ਚ ਮਚੇ ਸਿਆਸੀ ਘਮਸਾਨ ਵਿਚਕਾਰ ਪਰਿਵਾਰ ਸਮੇਤ ਸ਼ਿਮਲਾ ਪੁੱਜੀ ਪ੍ਰਿਅੰਕਾ ਵਾਡਰਾ

Bunty