BusinessArticlesAustralia & New ZealandBreaking NewsLatest News

NSW ਵਿੱਚ Underquoting ਕਰਨ ਵਾਲੇ ਰੀਅਲ ਅਸਟੇਟ ਏਜੰਟਾਂ ਵਿਰੁੱਧ ਨਵੇਂ ਕਾਨੂੰਨਾਂ ‘ਤੇ ਫਿਲਹਾਲ ਲਗਾਈ ਰੋਕ

ਕ੍ਰਿਸ ਮਿੰਸ, ਨਿਊ ਸਾਊਥ ਵੇਲਜ਼ (NSW) ਦੇ ਪ੍ਰੀਮੀਅਰ।

ਸਿਡਨੀ – ਨਿਊ ਸਾਊਥ ਵੇਲਜ਼ ਵਿੱਚ ਘਰ ਖਰੀਦਣ ਵਾਲੇ ਲੋਕਾਂ ਨੂੰ ਰੀਅਲ ਅਸਟੇਟ ਏਜੰਟਾਂ ਵੱਲੋਂ ਘਰ ਦੀ ਅਸਲ ਕੀਮਤ ਤੋਂ ਘੱਟ ਕੀਮਤ ਦੱਸ ਕੇ ਗੁੰਮਰਾਹ ਕਰਨ ਤੋਂ ਬਚਾਉਣ ਲਈ ਬਣਾਏ ਗਏ ਨਵੇਂ ਕਾਨੂੰਨਾਂ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ।

NSW ਦੇ ਪ੍ਰੀਮੀਅਰ ਕ੍ਰਿਸ ਮਿਨਜ਼ ਨੇ ਆਖਰੀ ਸਮੇਂ ‘ਤੇ ਦਖਲ ਦਿੰਦਿਆਂ ਇਨ੍ਹਾਂ ਕਾਨੂੰਨਾਂ ਨੂੰ ਲਾਗੂ ਕਰਨ ਦਾ ਫੈਸਲਾ ਮੁਲਤਵੀ ਕਰ ਦਿੱਤਾ ਹੈ। ਇਹ ਨਵੇਂ ਨਿਯਮ ਮੰਗਲਵਾਰ ਤੋਂ ਲਾਗੂ ਹੋਣੇ ਸਨ, ਪਰ ਹੁਣ ਇਨ੍ਹਾਂ ਨੂੰ ਇੱਕ ਸਾਲ ਤੱਕ ਲਈ ਰੋਕਿਆ ਜਾ ਸਕਦਾ ਹੈ। ਸਰਕਾਰ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਵਿੱਚ ਘਰਾਂ ਦੀਆਂ ਕੀਮਤਾਂ ਘਟ ਰਹੀਆਂ ਹਨ ਅਤੇ ਅਜਿਹੀ ਸਥਿਤੀ ਵਿੱਚ ਨਵੇਂ ਨਿਯਮਾਂ ਦੇ ਅਣਚਾਹੇ ਨਤੀਜੇ ਸਾਹਮਣੇ ਆ ਸਕਦੇ ਹਨ।

ਪ੍ਰੀਮੀਅਰ ਮਿਨਜ਼ ਨੇ ਸੋਮਵਾਰ ਸਵੇਰੇ ਕਿਹਾ ਸੀ ਕਿ ਉਨ੍ਹਾਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਨਵੇਂ ਕਾਨੂੰਨਾਂ ਅਨੁਸਾਰ ਜੇਕਰ ਕਿਸੇ ਘਰ ਦੀ ਇਸ਼ਤਿਹਾਰੀ ਕੀਮਤ ਘਟਾਉਣ ਦੀ ਲੋੜ ਪੈਂਦੀ ਹੈ ਤਾਂ ਰੀਅਲ ਅਸਟੇਟ ਏਜੰਟ ਅਜਿਹਾ ਨਹੀਂ ਕਰ ਸਕਣਗੇ, ਭਾਵੇਂ ਘਰ ਖਰੀਦਣ ਵਾਲੇ ਲੋਕ ਉਸ ਵਿੱਚ ਦਿਲਚਸਪੀ ਨਾ ਦਿਖਾ ਰਹੇ ਹੋਣ। ਜੇਕਰ ਮਾਰਕੀਟ ਵਿੱਚ ਘਰਾਂ ਦੀਆਂ ਕੀਮਤਾਂ ਘਟ ਰਹੀਆਂ ਹਨ ਤਾਂ ਇਸ ਲਈ ਘਰ ਵੇਚਣ ਵਾਲੇ ਮਾਲਕ ਜਾਂ ਏਜੰਟ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਪ੍ਰੀਮੀਅਰ ਅਨੁਸਾਰ, ਪਹਿਲਾਂ ਬਣਾਏ ਗਏ ਕਾਨੂੰਨਾਂ ਵਿੱਚ ਇਹ ਮੰਨਿਆ ਗਿਆ ਸੀ ਕਿ ਘਰਾਂ ਦੀਆਂ ਕੀਮਤਾਂ ਹਮੇਸ਼ਾ ਵਧਦੀਆਂ ਰਹਿਣਗੀਆਂ, ਪਰ ਅਸਲ ਵਿੱਚ ਅਜਿਹਾ ਜ਼ਰੂਰੀ ਨਹੀਂ ਹੈ।

ਰੀਅਲ ਅਸਟੇਟ ਦੇ ਖੇਤਰ ਵਿੱਚ Underquoting ਦਾ ਮਤਲਬ ਹੈ ਕਿ ਜਦੋਂ ਕੋਈ ਏਜੰਟ ਕਿਸੇ ਘਰ ਦੀ ਇਸ਼ਤਿਹਾਰੀ ਕੀਮਤ ਉਸ ਅਸਲ ਕੀਮਤ ਤੋਂ ਘੱਟ ਦਿਖਾਉਂਦਾ ਹੈ, ਜਿਸ ‘ਤੇ ਉਹ ਘਰ ਵੇਚੇ ਜਾਣ ਦੀ ਉਮੀਦ ਕਰ ਰਿਹਾ ਹੁੰਦਾ ਹੈ। ਮਿਸਾਲ ਵਜੋਂ, ਜੇਕਰ ਕਿਸੇ ਘਰ ਦੀ ਅਸਲ ਵਿਕਰੀ ਕੀਮਤ 15 ਲੱਖ ਡਾਲਰ ਦੇ ਕਰੀਬ ਹੋਣ ਦੀ ਉਮੀਦ ਹੈ, ਪਰ ਏਜੰਟ ਉਸ ਨੂੰ 13 ਲੱਖ ਡਾਲਰ ਵਿੱਚ ਵਿਕਣ ਵਾਲਾ ਦਿਖਾਉਂਦਾ ਹੈ, ਤਾਂ ਇਸ ਨੂੰ Underquoting ਕਿਹਾ ਜਾ ਸਕਦਾ ਹੈ। ਅਜਿਹਾ ਕਰਨ ਨਾਲ ਘੱਟ ਬਜਟ ਵਾਲੇ ਖਰੀਦਦਾਰ ਵੀ ਘਰ ਦੇਖਣ ਆ ਜਾਂਦੇ ਹਨ ਅਤੇ ਘਰ ਵਿੱਚ ਦਿਲਚਸਪੀ ਵਧ ਜਾਂਦੀ ਹੈ। ਪਰ ਜਦੋਂ ਬਾਅਦ ਵਿੱਚ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਘਰ ਦੀ ਅਸਲ ਕੀਮਤ ਕਾਫ਼ੀ ਜ਼ਿਆਦਾ ਹੈ ਤਾਂ ਉਹ ਨਿਰਾਸ਼ ਹੋ ਜਾਂਦੇ ਹਨ। ਇਸੇ ਲਈ ਅਜਿਹੀ ਗੁੰਮਰਾਹਕੁੰਨ ਇਸ਼ਤਿਹਾਰਬਾਜ਼ੀ ਪਹਿਲਾਂ ਤੋਂ ਹੀ ਗੈਰ-ਕਾਨੂੰਨੀ ਹੈ।

ਲੇਬਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਨਵੇਂ ਨਿਯਮਾਂ ਦੇ ਅਗਲੇ ਪੜਾਅ ਤਹਿਤ ਰੀਅਲ ਅਸਟੇਟ ਏਜੰਟਾਂ ਲਈ ਘਰ ਦੀ ਇਸ਼ਤਿਹਾਰੀ ਕੀਮਤ ਬਾਰੇ ਨਵੀਆਂ ਪਾਬੰਦੀਆਂ ਲਗਾਈਆਂ ਜਾਣੀਆਂ ਸਨ। ਨਵੇਂ ਨਿਯਮ ਅਨੁਸਾਰ, ਜੇਕਰ ਕਿਸੇ ਘਰ ਲਈ ਖਰੀਦਦਾਰ ਵੱਲੋਂ ਲਿਖਤੀ ਪੇਸ਼ਕਸ਼ ਕੀਤੀ ਜਾਂਦੀ ਅਤੇ ਘਰ ਦਾ ਮਾਲਕ ਉਸ ਪੇਸ਼ਕਸ਼ ਨੂੰ ਰੱਦ ਕਰ ਦਿੰਦਾ, ਤਾਂ ਏਜੰਟ ਉਸ ਪੇਸ਼ਕਸ਼ ਤੋਂ ਘੱਟ ਕੀਮਤ ‘ਤੇ ਘਰ ਦੀ ਇਸ਼ਤਿਹਾਰਬਾਜ਼ੀ ਨਹੀਂ ਕਰ ਸਕਦਾ ਸੀ। ਮੰਨ ਲਓ ਕਿ ਕੋਈ ਘਰ ਮਾਲਕ ਆਪਣੇ ਘਰ ਦੀ ਕੀਮਤ 15 ਲੱਖ ਡਾਲਰ ਸਮਝਦਾ ਹੈ। ਇੱਕ ਖਰੀਦਦਾਰ ਉਸ ਨੂੰ 13 ਲੱਖ ਡਾਲਰ ਦੀ ਲਿਖਤੀ ਪੇਸ਼ਕਸ਼ ਦਿੰਦਾ ਹੈ, ਪਰ ਮਾਲਕ ਇਹ ਪੇਸ਼ਕਸ਼ ਠੁਕਰਾ ਦਿੰਦਾ ਹੈ। ਨਵੇਂ ਕਾਨੂੰਨ ਅਨੁਸਾਰ, ਏਜੰਟ ਫਿਰ ਉਸ ਘਰ ਦੀ ਇਸ਼ਤਿਹਾਰੀ ਕੀਮਤ 13 ਲੱਖ ਡਾਲਰ ਤੋਂ ਘੱਟ ਨਹੀਂ ਰੱਖ ਸਕਦਾ ਸੀ। ਭਾਵੇਂ ਕੁਝ ਸਮੇਂ ਬਾਅਦ ਘਰ ਮਾਲਕ ਨੂੰ ਇਹ ਅਹਿਸਾਸ ਹੋ ਜਾਵੇ ਕਿ ਮਾਰਕੀਟ ਵਿੱਚ ਘਰ ਦੀ ਕੀਮਤ ਘਟ ਗਈ ਹੈ ਅਤੇ ਉਹ 12 ਲੱਖ ਡਾਲਰ ਵਿੱਚ ਘਰ ਵੇਚਣ ਲਈ ਤਿਆਰ ਹੋਵੇ, ਫਿਰ ਵੀ ਏਜੰਟ ਲਈ ਘੱਟ ਕੀਮਤ ਦਿਖਾਉਣਾ ਮੁਸ਼ਕਲ ਹੋ ਜਾਂਦਾ। ਇਸ ਕਾਰਨ ਸੰਭਾਵਿਤ ਖਰੀਦਦਾਰਾਂ ਨੂੰ ਇਹ ਜਾਣਕਾਰੀ ਨਹੀਂ ਮਿਲਦੀ ਕਿ ਘਰ ਦੀ ਕੀਮਤ ਹੁਣ ਘਟ ਚੁੱਕੀ ਹੈ।

ਸਰਕਾਰ ਵੱਲੋਂ ਸਿਰਫ਼ Underquoting ਨਾਲ ਸਬੰਧਤ ਨਿਯਮ ਹੀ ਨਹੀਂ, ਸਗੋਂ ਹੋਰ ਕੁਝ ਬਦਲਾਅ ਵੀ ਫਿਲਹਾਲ ਰੋਕ ਦਿੱਤੇ ਗਏ ਹਨ। ਇਨ੍ਹਾਂ ਵਿੱਚ ਰੀਅਲ ਅਸਟੇਟ ਏਜੰਟਾਂ ਲਈ ਹਰ ਜਾਇਦਾਦ ਦੀ ਇਸ਼ਤਿਹਾਰਬਾਜ਼ੀ ਵਿੱਚ ਵਿਕਰੀ ਕੀਮਤ ਜਾਂ ਕੀਮਤ ਦੀ ਇੱਕ ਰੇਂਜ ਦੱਸਣ ਦੀ ਲਾਜ਼ਮੀ ਸ਼ਰਤ ਵੀ ਸ਼ਾਮਲ ਹੈ। ਇਸ ਤੋਂ ਇਲਾਵਾ, Underquoting ਕਰਨ ਵਾਲੇ ਏਜੰਟਾਂ ਲਈ 1 ਲੱਖ 10 ਹਜ਼ਾਰ ਡਾਲਰ ਤੱਕ ਦੇ ਜੁਰਮਾਨੇ ਲਗਾਉਣ ਵਾਲੇ ਨਿਯਮ ਵੀ ਮੁਲਤਵੀ ਕੀਤੇ ਜਾਣਗੇ। ਸਰਕਾਰ ਹੁਣ ਪੂਰੇ ਕਾਨੂੰਨੀ ਢਾਂਚੇ ਦੀ ਮੁੜ ਸਮੀਖਿਆ ਕਰੇਗੀ।

NSW ਦੇ ਸ਼ੈਡੋ ਫੇਅਰ ਟ੍ਰੇਡਿੰਗ ਮੰਤਰੀ ਟਿਮ ਜੇਮਜ਼ ਨੇ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਸਰਕਾਰ ਨੂੰ ਅਜਿਹੇ ਕਾਨੂੰਨ ਬਣਾਉਣੇ ਚਾਹੀਦੇ ਸਨ ਜੋ ਪ੍ਰਾਪਰਟੀ ਮਾਰਕੀਟ ਦੇ ਉਤਾਰ-ਚੜ੍ਹਾਅ ਦੌਰਾਨ ਵੀ ਠੀਕ ਤਰ੍ਹਾਂ ਕੰਮ ਕਰ ਸਕਣ। ਉਨ੍ਹਾਂ ਕਿਹਾ ਕਿ ਘਰਾਂ ਦੀਆਂ ਕੀਮਤਾਂ ਸਮੇਂ ਦੇ ਨਾਲ ਵਧਦੀਆਂ ਅਤੇ ਘਟਦੀਆਂ ਰਹਿੰਦੀਆਂ ਹਨ। ਇਸ ਲਈ ਕਾਨੂੰਨ ਅਜਿਹਾ ਹੋਣਾ ਚਾਹੀਦਾ ਹੈ ਜੋ ਮਾਰਕੀਟ ਦੀ ਹਰ ਸਥਿਤੀ ਵਿੱਚ ਲਾਗੂ ਕੀਤਾ ਜਾ ਸਕੇ।

Related posts

Sarah De Jonge Wins 2025 Tasmanian AgriFutures Rural Women’s Award

admin

ਐਸ਼ਲੇ ਬਾਰਟੀ ਨੇ ਆਸਟ੍ਰੇਲੀਅਨ ਓਪਨ ਦਾ ਮਹਿਲਾ ਸਿੰਗਲਜ਼ ਖ਼ਿਤਾਬ ਜਿੱਤਿਆ

admin

ਡੈਰਿਲ ਮਿਸ਼ੇਲ ICC ODI ਰੈਂਕਿੰਗ ‘ਚ ਵਿਰਾਟ ਕੋਹਲੀ ਨੂੰ ਪਛਾੜ ਕੇ ਨੰਬਰ-ਵੰਨ ਬੱਲੇਬਾਜ਼ ਬਣਿਆ

admin