20 ਫੀਸਦੀ ਛੋਟ ਵਾਸਤੇ 48 ਘੰਟਿਆਂ ‘ਚ 10 ਲੱਖ ਲੋਕਾਂ ਨੇ ਅਪਲਾਈ ਕਰ ਦਿੱਤਾ !

ਵਿਕਟੋਰੀਆ ਸਰਕਾਰ ਦੇ ਵਲੋਂ ਗੱਡੀਆਂ ਦੀ ਰਜਿਟ੍ਰੇਸ਼ਨ 'ਤੇ 20 ਫੀਸਦੀ ਛੋਟ ਦਿੱਤੀ ਜਾ ਰਹੀ ਹੈ।

ਤਸਵਿੰਦਰ ਸਿੰਘ, ਐਡੀਟਰ-ਇਨ-ਚੀਫ਼, ਇੰਡੋ ਟਾਈਮਜ਼।

ਵਿਕਟੋਰੀਆ ਸਰਕਾਰ ਦੇ ਵਲੋਂ ਗੱਡੀਆਂ ਦੀ ਰਜਿਟ੍ਰੇਸ਼ਨ ‘ਤੇ 20 ਫੀਸਦੀ ਛੋਟ ਦਿੱਤੀ ਜਾ ਰਹੀ ਹੈ। ਤੇਲ ਦੀਆਂ ਕੀਮਤਾਂ ਵੱਧ ਜਾਣ ਦੇ ਕਾਰਣ ਖਰਚੇ ਦੇ ਬੋਝ ਨੂੰ ਘਟਾਉਣ ਦੇ ਲਈ ਵਿਕਟੋਰੀਆ ਸਰਕਾਰ ਦੀ ਇਸ ਸਕੀਮ ਦਾ ਮਕਸਦ ਪ੍ਰੀਵਾਰਾਂ ਦੀਆਂ ਜੇਬਾਂ ਵਿੱਚ ਪੈਸੇ ਵਾਪਸ ਪਾਉਣਾ ਹੈ। ਇਸ ਸਕੀਮ ਦੇ ਲਾਂਚ ਹੋਣ ਦੇ 48 ਘੰਟਿਆਂ ਦੇ ਅੰਦਰ-ਅੰਦਰ ਹੀ ਇੱਕ ਮਿਲੀਅਨ ਤੋਂ ਵੱਧ ਵਿਕਟੋਰੀਆ ਦੇ ਲੋਕਾਂ ਨੇ ਆਪਣੀ ਰੇਜ਼ੋ (ਕਾਰ ਰਿਜਸਟ੍ਰੇਸ਼ਨ) ‘ਤੇ 20 ਫੀਸਦੀ ਛੋਟ ਲੈਣ ਦੇ ਲਈ ਅਪਲਾਈ ਕਰ ਦਿੱਤਾ ਹੈ। ਇਸ ਨਾਲ ਇੱਕ ਮਿਲੀਅਨ ਵਿਕਟੋਰੀਅਨ ਵਾਸੀ ਸਰਕਾਰ ਵਲੋਂ ਦਿੱਤੀ ਜਾ ਰਹੀ ਇਸ ਛੋਟ ਦਾ ਲਾਭ ਲੈਣ ਦੇ ਯੋਗ ਹੋ ਗਏ ਹਨ।

ਵਿਕਟੋਰੀਆ ਦੀ ਸਰਕਾਰੀ ਸੇਵਾਵਾਂ ਮੰਤਰੀ ਇੰਗ੍ਰਿਡ ਸਟਿਟ ਨੇ ਇਸ ਸਬੰਧੀ ਨੇ ਕਿਹਾ ਹੈ ਕਿ, “ਮੈਂ ਬਹੁਤ ਖੁਸ਼ ਹਾਂ ਕਿ 10 ਲੱਖ ਤੋਂ ਵੱਧ ਵਿਕਟੋਰੀਆ ਵਾਸੀ ਪਹਿਲਾਂ ਹੀ ਆਪਣੀ ਰੇਜ਼ੋ ‘ਤੇ 20 ਫੀਸਦੀ ਛੋਟ ਦਾ ਦਾਅਵਾ ਕਰ ਚੁੱਕੇ ਹਨ। ਜੇਕਰ ਤੁਸੀਂ ਪਹਿਲਾਂ ਹੀ ਨਹੀਂ ਕੀਤਾ ਤਾਂ ਹੁਣ ਕਰ ਸਕਦੇ ਹੋ, ਇਸ ਵਿੱਚ ਸਿਰਫ ਕੁੱਝ ਮਿੰਟ ਹੀ ਲੱਗਦੇ ਹਨ।”

ਵਿਕਟੋਰੀਆ ਦੀ ਸੜਕਾਂ ਅਤੇ ਸੜਕ ਸੁਰੱਖਿਆ ਮੰਤਰੀ ਰੌਸ ਸਪੈਂਸ ਨੇ ਕਿਹਾ ਹੈ ਕਿ, “ਇਹ ਅਸਲ ਮੱਦਦ ਹੈ ਜੋ ਵਿਕਟੋਰੀਆ ਵਾਸੀਆਂ ਦੀਆਂ ਜੇਬਾਂ ਦੇ ਵਿੱਚ ਪੈਸੇ ਵਾਪਸ ਪਾ ਰਹੀ ਹੈ।”

ਇਹ ਸਕੀਮ ਇਸ ਤਰ੍ਹਾਂ ਕੰਮ ਕਰਦੀ ਹੈ:

  • ਇੱਕ-ਕਾਰ ਵਾਲੇ ਡਰਾਈਵਰ ਨੂੰ 186 ਡਾਲਰ ਤੱਕ ਵਾਪਸ ਮਿਲਦੇ ਹਨ।
  • ਦੋ-ਕਾਰਾਂ ਵਾਲੇ ਪਰਿਵਾਰ ਨੂੰ 372 ਡਾਲਰ ਤੱਕ ਵਾਪਸ ਮਿਲਦੇ ਹਨ।
  • ਤੁਹਾਨੂੰ ਪੂਰੀ ਛੋਟ ਹੈ, ਭਾਵੇਂ ਤੁਸੀਂ ਸਾਲਾਨਾ ਭੁਗਤਾਨ ਕਰਦੇ ਹੋ ਜਾਂ ਕਿਸ਼ਤਾਂ ਦੇ ਵਿੱਚ।
  • ਇਸ ਲਈ ਅਰਜ਼ੀਆਂ 31 ਜੁਲਾਈ 2026 ਨੂੰ ਬੰਦ ਹੋ ਜਾਣਗੀਆਂ।

ਇਸ ਛੋਟ ਦੇ ਲਈ ਅਪਲਾਈ ਕਰਨ ਵਾਸਤੇ ਤਹੁਡੇ ਕੋਲ ਸਿਰਫ਼ ਦੋ ਮਹੀਨੇ ਦਾ ਸਮਾਂ ਹੈ। ਇਸ ਛੋਟ ਦੇ ਲਈ ਯੋਗ ਹੋਣ ਵਾਸਤੇ ਵਿਕਟੋਰੀਆ ਵਾਸੀਆਂ ਨੂੰ 1 ਜੁਲਾਈ 2025 ਅਤੇ 30 ਜੂਨ 2026 ਦੇ ਵਿਚਕਾਰ ਨਿੱਜੀ ਵਰਤੋਂ ਵਾਲੇ ਹਲਕੇ ਵਾਹਨ ਦੀ ਰਜਿਸਟ੍ਰੇਸ਼ਨ ਦੀ ਪੇਮੈਂਟ ਦਾ ਭੁਗਤਾਨ ਕਰਨਾ ਹੋਵੇਗਾ। ਤੁਸੀਂ ਆਪਣੇ ਨਾਮ ‘ਤੇ ਵੱਧ ਤੋਂ ਵੱਧ ਦੋ ਗੱਡੀਆਂ ਦੇ ਲਈ ਹੀ ਛੋਟ ਲੈਣ ਦਾ ਦਾਅਵਾ ਕਰ ਸਕਦੇ ਹੋ।

ਇਸ ਛੋਟ ਵਾਰੇ ਹੋਰ ਵਧੇਰੇ ਜਾਣਕਾਰੀ ਲਈ ਅਤੇ ਅਰਜ਼ੀ ਦੇਣ ਲਈ, ਸਰਵਿਸ ਵਿਕਟੋਰੀਆ ਐਪ ਡਾਊਨਲੋਡ ਕਰੋ ਜਾਂ service.vic.gov.au/rego-rebate ‘ਤੇ ਜਾਓ।

Related posts

37.63 ਲੱਖ ਰੁਪਏ ਦਾ ਨਿਲਾਮ ਹੋਇਆ 0003 ਰਜਿਟ੍ਰੇਸ਼ਨ ਨੰਬਰ !

ਆਸਟ੍ਰੇਲੀਆ-ਭਾਰਤ ਰੱਖਿਆ, ਰੱਖਿਆ ਉਦਯੋਗ ਅਤੇ ਟੈਕਨੋਲੋਜੀ ਖੋਜ ‘ਚ ਸਹਿਯੋਗ ਲਈ ਸਹਿਮਤ !

ਆਈਪੀਐਲ 2026 ਦੇ ਜੇਤੂਆਂ ਉਪਰ ਪੈਸਿਆਂ ਤੇ ਹੋਰ ਇਨਾਮਾਂ ਦੀ ਬਰਸਾਤ !