ਇਸ ਮਾਨਸਿਕ ਸਿਹਤ ਮਹੀਨੇ ਦੌਰਾਨ ਆਸਟ੍ਰੇਲੀਆ ਵਿੱਚ ਹਜ਼ਾਰਾਂ ਲੋਕ ਖਾਣ-ਪੀਣ ਦੀਆਂ ਚੀਜ਼ਾਂ ਖਰੀਦਣ ਦਾ ਇੱਕ ਵੱਖਰਾ ਤਰੀਕਾ ਅਪਣਾ ਰਹੇ ਹਨ। ਇਸ ਦਾ ਮਕਸਦ ਸਿਰਫ਼ ਤਾਜ਼ਾ ਅਤੇ ਵਧੀਆ ਖਾਣਾ ਲੈਣਾ ਨਹੀਂ, ਸਗੋਂ ਭਾਈਚਾਰੇ, ਮਕਸਦ ਅਤੇ ਮਨੁੱਖੀ ਰਿਸ਼ਤਿਆਂ ਨੂੰ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣਾ ਵੀ ਹੈ।
ਇੱਕ ਸਮਾਂ ਸੀ ਜਦੋਂ ਲੋਕ ਸਬਜ਼ੀਆਂ ਵਾਲੇ, ਕਸਾਈ ਜਾਂ ਨੇੜਲੀ ਦੁਕਾਨ ਦੇ ਮਾਲਕ ਨੂੰ ਨਿੱਜੀ ਤੌਰ ’ਤੇ ਜਾਣਦੇ ਸਨ। ਖਰੀਦਦਾਰੀ ਦੌਰਾਨ ਗੁਆਂਢੀਆਂ ਨਾਲ ਮੁਲਾਕਾਤ ਹੋ ਜਾਂਦੀ ਸੀ ਅਤੇ ਲੋਕਾਂ ਨੂੰ ਇਹ ਵੀ ਪਤਾ ਹੁੰਦਾ ਸੀ ਕਿ ਉਨ੍ਹਾਂ ਦੇ ਘਰ ਆ ਰਿਹਾ ਖਾਣਾ ਕਿੱਥੋਂ ਆਇਆ ਹੈ। ਅੱਜ ਸਿਰਫ਼ ਮੋਬਾਈਲ ਜਾਂ ਕੰਪਿਊਟਰ ਦੀ ਸਕਰੀਨ ’ਤੇ ਕੁਝ ਕਲਿੱਕ ਕਰਕੇ ਕਰਿਆਨੇ ਦਾ ਸਮਾਨ ਘਰ ਮੰਗਵਾਇਆ ਜਾ ਸਕਦਾ ਹੈ। ਇਸ ਨਾਲ ਜ਼ਿੰਦਗੀ ਬੇਸ਼ੱਕ ਆਸਾਨ ਹੋਈ ਹੈ, ਪਰ ਇਸ ਸਹੂਲਤ ਨੇ ਲੋਕਾਂ ਵਿਚਕਾਰ ਹੋਣ ਵਾਲੀਆਂ ਛੋਟੀਆਂ-ਛੋਟੀਆਂ ਮੁਲਾਕਾਤਾਂ ਵੀ ਘਟਾ ਦਿੱਤੀਆਂ ਹਨ।
ਕਮਿਊਨਿਟੀ ਫੂਡ ਸੋਸ਼ਲ ਐਂਟਰਪ੍ਰਾਈਜ਼ Box Divvy ਦਾ ਮਾਡਲ ਦਿਖਾਉਂਦਾ ਹੈ ਕਿ ਆਮ ਹਫ਼ਤਾਵਾਰੀ ਕਰਿਆਨੇ ਦੀ ਖਰੀਦਦਾਰੀ ਵੀ ਲੋਕਾਂ ਨੂੰ ਇੱਕ-ਦੂਜੇ ਨਾਲ ਜੋੜ ਸਕਦੀ ਹੈ। Box Divvy ਦੀ ਸ਼ੁਰੂਆਤ ਤਾਜ਼ਾ ਖਾਣੇ ਨੂੰ ਵਧੇਰੇ ਸਸਤਾ ਅਤੇ ਆਸਾਨੀ ਨਾਲ ਉਪਲਬਧ ਕਰਵਾਉਣ ਲਈ ਹੋਈ ਸੀ। ਮੈਂਬਰ ਆਨਲਾਈਨ ਆਪਣਾ ਸਮਾਨ ਆਰਡਰ ਕਰਦੇ ਹਨ ਅਤੇ ਫਿਰ ਆਪਣੇ ਇਲਾਕੇ ਦੇ ਸਥਾਨਕ Hubs ਤੋਂ ਸਮਾਨ ਲੈਂਦੇ ਹਨ। ਇਹ Hubs ਅਕਸਰ ਸਥਾਨਕ ਲੋਕਾਂ ਦੇ ਘਰਾਂ ਜਾਂ ਗੈਰਾਜਾਂ ਤੋਂ ਚਲਾਏ ਜਾਂਦੇ ਹਨ। ਇਨ੍ਹਾਂ ਨੂੰ ਚਲਾਉਣ ਵਾਲੇ ਲੋਕ ਪਿਆਰ ਨਾਲ ‘Hubsters’ ਕਹੇ ਜਾਂਦੇ ਹਨ।
Box Divvy ਦੀ ਸਹਿ-ਸੰਸਥਾਪਕ ਜੇਨ ਟ੍ਰੈਵਰਸ-ਡ੍ਰੇਪਸ ਨੇ ਕਿਹਾ ਕਿ ਕੰਪਨੀ ਦੀ ਸ਼ੁਰੂਆਤ ਇੱਕ ਸਧਾਰਨ ਸਵਾਲ ਨਾਲ ਹੋਈ ਸੀ ਕਿ ਚੰਗਾ ਅਤੇ ਤਾਜ਼ਾ ਖਾਣਾ ਲੋਕਾਂ ਲਈ ਸਸਤਾ ਕਿਵੇਂ ਬਣਾਇਆ ਜਾਵੇ। ਪਰ ਇਸ ਦੇ ਨਾਲ ਇੱਕ ਭਾਈਚਾਰਾ ਵੀ ਬਣ ਗਿਆ। ਉਨ੍ਹਾਂ ਕਿਹਾ ਕਿ ਸਹੂਲਤ ਵਿੱਚ ਕੋਈ ਗਲਤ ਗੱਲ ਨਹੀਂ ਹੈ, ਕਿਉਂਕਿ ਲੋਕ ਵਿਅਸਤ ਹਨ। ਪਰ ਸਵਾਲ ਇਹ ਹੈ ਕਿ ਕੀ ਸਹੂਲਤ ਦੇ ਨਾਲ ਮਨੁੱਖੀ ਸੰਪਰਕ ਨੂੰ ਵੀ ਕਾਇਮ ਰੱਖਿਆ ਜਾ ਸਕਦਾ ਹੈ।
ਖਾਣਾ ਅਤੇ ਮਾਨਸਿਕ ਸਿਹਤ
ਖੋਜ ਵਿੱਚ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਅਸੀਂ ਕੀ ਖਾਂਦੇ ਹਾਂ, ਇਸ ਦਾ ਸਾਡੀ ਮਾਨਸਿਕ ਸਿਹਤ ਨਾਲ ਸਬੰਧ ਹੋ ਸਕਦਾ ਹੈ। ਆਸਟ੍ਰੇਲੀਆ ਵਿੱਚ ਕੀਤੀ ਗਈ SMILES ਖੋਜ ਵਿੱਚ ਡੀਕਿਨ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਪਾਇਆ ਕਿ ਦਰਮਿਆਨੀ ਤੋਂ ਗੰਭੀਰ ਡਿਪ੍ਰੈਸ਼ਨ ਵਾਲੇ ਲੋਕਾਂ ਵਿੱਚ ਖੁਰਾਕ ਬਾਰੇ ਸਹਾਇਤਾ ਲੈਣ ਵਾਲਿਆਂ ਦੇ ਲੱਛਣਾਂ ਵਿੱਚ 12 ਹਫ਼ਤਿਆਂ ਦੌਰਾਨ ਵਧੇਰੇ ਸੁਧਾਰ ਦੇਖਿਆ ਗਿਆ। Dietitians Australia ਮੁਤਾਬਕ ਖਾਣੇ ਅਤੇ ਮੂਡ ਦਾ ਰਿਸ਼ਤਾ ਦੋ-ਤਰਫ਼ਾ ਹੈ। ਸਾਡਾ ਖਾਣਾ ਸਾਡੇ ਮੂਡ ’ਤੇ ਅਸਰ ਪਾ ਸਕਦਾ ਹੈ ਅਤੇ ਸਾਡਾ ਮੂਡ ਵੀ ਇਹ ਪ੍ਰਭਾਵਿਤ ਕਰ ਸਕਦਾ ਹੈ ਕਿ ਅਸੀਂ ਕੀ ਖਾਣਾ ਚੁਣਦੇ ਹਾਂ। ਇਸ ਲਈ ਤਾਜ਼ਾ ਅਤੇ ਚੰਗਾ ਖਾਣਾ ਸਸਤੀ ਕੀਮਤ ’ਤੇ ਮਿਲਣਾ ਵੀ ਮਹੱਤਵਪੂਰਨ ਹੈ। Box Divvy ਵੱਲੋਂ ਇਲਾਕੇ ਦੇ ਲੋਕਾਂ ਨੂੰ ਇਕੱਠੇ ਖਰੀਦਦਾਰੀ ਕਰਨ ਨਾਲ ਤਾਜ਼ਾ ਖਾਣਾ ਵਧੇਰੇ ਸਸਤਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਨਾਲ ਕਿਸਾਨਾਂ ਅਤੇ ਸਪਲਾਇਰਾਂ ਨੂੰ ਵੀ ਖਾਣੇ ਦੀ ਕੀਮਤ ਵਿੱਚੋਂ ਵਧੇਰੇ ਹਿੱਸਾ ਮਿਲ ਸਕਦਾ ਹੈ।
ਖਰੀਦਦਾਰੀ ਤੋਂ ਅੱਗੇ ਰਿਸ਼ਤੇ
ਇਸ ਮਾਡਲ ਦਾ ਇੱਕ ਹੋਰ ਫਾਇਦਾ ਲੋਕਾਂ ਵਿਚਕਾਰ ਬਣਦੇ ਰਿਸ਼ਤੇ ਹਨ। Hubsters ਲਈ ਹਰ ਹਫ਼ਤੇ ਖਾਣਾ ਵੰਡਣ ਅਤੇ ਤਿਆਰ ਕਰਨ ਦਾ ਕੰਮ ਆਪਣੇ ਆਪ ਵਿੱਚ ਮਕਸਦ ਅਤੇ ਸੰਤੁਸ਼ਟੀ ਦਾ ਕਾਰਨ ਬਣ ਸਕਦਾ ਹੈ। ਜੇਨ ਟ੍ਰੈਵਰਸ-ਡ੍ਰੇਪਸ ਮੁਤਾਬਕ ਕੁਝ Hubsters ਇਨ੍ਹਾਂ ਕੁਝ ਘੰਟਿਆਂ ਨੂੰ ਆਪਣਾ ‘Zen time’ ਕਹਿੰਦੇ ਹਨ। ਤਾਜ਼ੇ ਖਾਣੇ ਨਾਲ ਕੰਮ ਕਰਨਾ, ਹੱਥਾਂ ਨਾਲ ਕੰਮ ਕਰਨਾ ਅਤੇ ਦਿਨ ਦੇ ਅੰਤ ਵਿੱਚ ਆਪਣਾ ਕੀਤਾ ਕੰਮ ਦੇਖਣਾ ਉਨ੍ਹਾਂ ਨੂੰ ਚੰਗਾ ਮਹਿਸੂਸ ਕਰਵਾ ਸਕਦਾ ਹੈ। ਇਸ ਦੇ ਨਾਲ ਹੀ ਮੈਂਬਰ ਇੱਕ-ਦੂਜੇ ਲਈ ਸਮਾਨ ਇਕੱਠਾ ਕਰਦੇ ਹਨ, ਪਕਵਾਨਾਂ ਦੀਆਂ ਵਿਧੀਆਂ ਸਾਂਝੀਆਂ ਕਰਦੇ ਹਨ ਅਤੇ ਜਦੋਂ ਕੋਈ ਮੁਸ਼ਕਲ ਵਿੱਚ ਹੋਵੇ ਤਾਂ ਉਸ ਦੀ ਮਦਦ ਕਰਦੇ ਹਨ।
ਆਸਟ੍ਰੇਲੀਅਨ ਇੰਸਟੀਚਿਊਟ ਆਫ ਹੈਲਥ ਐਂਡ ਵੈਲਫੇਅਰ ਨੇ ਵੀ ਸਿਹਤ ਅਤੇ ਤੰਦਰੁਸਤੀ ਲਈ ਸਮਾਜਿਕ ਰਿਸ਼ਤਿਆਂ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ ਹੈ। ਇਕੱਲਾਪਣ ਅਤੇ ਸਮਾਜਿਕ ਤੌਰ ’ਤੇ ਵੱਖਰਾ ਰਹਿਣਾ ਮਾਨਸਿਕ ਅਤੇ ਸਰੀਰਕ ਸਿਹਤ ਦੋਵਾਂ ਲਈ ਨੁਕਸਾਨਦਾਇਕ ਹੋ ਸਕਦਾ ਹੈ। ਜੇਨ ਟ੍ਰੈਵਰਸ-ਡ੍ਰੇਪਸ ਨੇ ਕਿਹਾ ਕਿ ਭਾਈਚਾਰਾ ਜ਼ਬਰਦਸਤੀ ਨਹੀਂ ਬਣਾਇਆ ਜਾ ਸਕਦਾ, ਪਰ ਲੋਕਾਂ ਨੂੰ ਇਕੱਠੇ ਹੋਣ ਦੇ ਕਾਰਨ ਦਿੱਤੇ ਜਾ ਸਕਦੇ ਹਨ ਅਤੇ ਕਈ ਵਾਰ ਉੱਥੋਂ ਹੀ ਭਾਈਚਾਰਾ ਬਣਨਾ ਸ਼ੁਰੂ ਹੋ ਜਾਂਦਾ ਹੈ। ਮਾਨਸਿਕ ਸਿਹਤ ਮਹੀਨਾ ਇਹ ਯਾਦ ਦਿਵਾਉਂਦਾ ਹੈ ਕਿ ਚੰਗੀ ਸਿਹਤ ਸਿਰਫ਼ ਇਲਾਜ ਜਾਂ ਦਵਾਈ ਨਾਲ ਨਹੀਂ ਜੁੜੀ। ਚੰਗਾ ਖਾਣਾ, ਜ਼ਿੰਦਗੀ ਵਿੱਚ ਮਕਸਦ ਹੋਣਾ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨਾਲ ਜੁੜੇ ਰਹਿਣਾ ਵੀ ਸਾਡੀ ਸਮੁੱਚੀ ਤੰਦਰੁਸਤੀ ਦਾ ਹਿੱਸਾ ਹਨ।
