
ਦੱਖਣੀ ਅਫਰੀਕਾ ਵਿੱਚ ਮਿਲੇ ਨਵੇਂ ਫੌਸਿਲਾਂ ਨੇ ਮਨੁੱਖੀ ਪੂਰਵਜਾਂ ਦੀ ਇੱਕ ਮਹੱਤਵਪੂਰਨ ਪ੍ਰਜਾਤੀ Homo erectus ਦੀ ਧਰਤੀ ’ਤੇ ਪਹਿਲੀ ਮੌਜੂਦਗੀ ਬਾਰੇ ਨਵੀਂ ਜਾਣਕਾਰੀ ਦਿੱਤੀ ਹੈ। ਲਾ ਟ੍ਰੋਬ ਯੂਨੀਵਰਸਿਟੀ ਦੇ ਪੁਰਾਤੱਤਵ ਵਿਗਿਆਨੀਆਂ ਨੇ 18 ਨਵੇਂ ਹੋਮਿਨਿਨ ਫੌਸਿਲਾਂ ਦਾ ਅਧਿਐਨ ਕੀਤਾ ਹੈ। ਇਨ੍ਹਾਂ ਵਿੱਚ Homo erectus ਦੀ ਖੋਪੜੀ ਦਾ ਇੱਕ ਹੋਰ ਹਿੱਸਾ ਵੀ ਸ਼ਾਮਲ ਹੈ।
ਖੋਜ ਮੁਤਾਬਕ Homo erectus ਦੱਖਣੀ ਅਫਰੀਕਾ ਵਿੱਚ ਲਗਭਗ 20 ਲੱਖ ਸਾਲ ਪਹਿਲਾਂ ਮੌਜੂਦ ਸੀ। ਇਹ ਪਹਿਲਾਂ ਮੰਨੀ ਜਾਂਦੀ ਤਾਰੀਖ ਤੋਂ ਕਰੀਬ 2 ਲੱਖ ਸਾਲ ਪਹਿਲਾਂ ਦੀ ਗੱਲ ਹੈ। ਇਹ ਫੌਸਿਲ ਦੱਖਣੀ ਅਫਰੀਕਾ ਦੇ ‘ਕ੍ਰੇਡਲ ਆਫ ਹਿਊਮੈਨਕਾਈਂਡ’ ਖੇਤਰ ਵਿੱਚ ਸਥਿਤ Drimolen Main Quarry ਤੋਂ ਮਿਲੇ ਹਨ। ਇਹ ਥਾਂ ਮਨੁੱਖੀ ਪੂਰਵਜਾਂ ਦੇ ਫੌਸਿਲਾਂ ਲਈ ਦੁਨੀਆ ਦੇ ਮਹੱਤਵਪੂਰਨ ਸਥਾਨਾਂ ਵਿੱਚੋਂ ਇੱਕ ਹੈ। ਇੱਥੇ 1992 ਤੋਂ 2019 ਤੱਕ ਕਈ ਫੌਸਿਲ ਮਿਲੇ ਸਨ, ਪਰ ਉਨ੍ਹਾਂ ਵਿੱਚੋਂ ਬਹੁਤ ਸਾਰੇ ਪਹਿਲਾਂ ਵਿਗਿਆਨਕ ਤੌਰ ’ਤੇ ਪ੍ਰਕਾਸ਼ਿਤ ਨਹੀਂ ਹੋਏ ਸਨ। ਖੋਜਕਾਰਾਂ ਨੇ ਹੁਣ ਇਨ੍ਹਾਂ ਵਿੱਚੋਂ 18 ਹੋਰ ਫੌਸਿਲਾਂ ਦਾ ਵਿਸਥਾਰ ਨਾਲ ਅਧਿਐਨ ਕੀਤਾ ਹੈ। ਇਨ੍ਹਾਂ ਨੂੰ Homo erectus ਅਤੇ Paranthropus robustus (P. robustus) ਨਾਲ ਜੋੜਿਆ ਗਿਆ ਹੈ। ਖੋਜ ਦਾ ਇੱਕ ਮਹੱਤਵਪੂਰਨ ਹਿੱਸਾ Homo erectus ਦੇ ਇੱਕ ਬਾਲਗ ਵਿਅਕਤੀ ਦੇ ਫੌਸਿਲ ਨਾਲ ਸਬੰਧਤ ਹੈ। ਇਸ ਫੌਸਿਲ ਦੀ ਉਮਰ ਲਗਭਗ 20 ਲੱਖ ਸਾਲ ਦੱਸੀ ਗਈ ਹੈ। ਇਸ ਤੋਂ ਪਹਿਲਾਂ Drimolen ਵਿੱਚ ਮਿਲਿਆ Homo erectus ਦਾ ਫੌਸਿਲ ਇੱਕ 2 ਤੋਂ 4 ਸਾਲ ਦੇ ਬੱਚੇ ਦਾ ਸੀ। ਇਸ ਕਾਰਨ ਵਿਗਿਆਨੀਆਂ ਕੋਲ ਇਸ ਪ੍ਰਜਾਤੀ ਦੇ ਬਾਲਗ ਰੂਪ ਬਾਰੇ ਪੂਰੀ ਜਾਣਕਾਰੀ ਨਹੀਂ ਸੀ।
ਮੁੱਖ ਖੋਜਕਾਰ ਡਾ. ਜੈਸੀ ਮਾਰਟਿਨ ਨੇ ਕਿਹਾ ਕਿ ਨਵਾਂ ਬਾਲਗ ਫੌਸਿਲ ਇਸ ਗੱਲ ਦੀ ਹੋਰ ਪੁਸ਼ਟੀ ਕਰਦਾ ਹੈ ਕਿ Homo erectus ਦੱਖਣੀ ਅਫਰੀਕਾ ਵਿੱਚ ਲਗਭਗ 20 ਲੱਖ ਸਾਲ ਪਹਿਲਾਂ ਮੌਜੂਦ ਸੀ। ਡਾ. ਮਾਰਟਿਨ ਨੇ ਕਿਹਾ ਕਿ Drimolen ਤੋਂ ਮਿਲੇ ਵੱਡੀ ਗਿਣਤੀ ਵਿੱਚ ਫੌਸਿਲਾਂ ਨੇ ਵਿਗਿਆਨੀਆਂ ਨੂੰ ਮਨੁੱਖੀ ਪੂਰਵਜਾਂ ਵਿੱਚ ਹੋਏ ਛੋਟੇ ਵਿਕਾਸੀ ਬਦਲਾਅ ਨੂੰ ਸਮਝਣ ਦਾ ਵਿਲੱਖਣ ਮੌਕਾ ਦਿੱਤਾ ਹੈ।
P. robustus ਵਿੱਚ ਵੀ ਤਬਦੀਲੀਆਂ
ਖੋਜ ਵਿੱਚ P. robustus ਬਾਰੇ ਵੀ ਮਹੱਤਵਪੂਰਨ ਜਾਣਕਾਰੀ ਮਿਲੀ ਹੈ। ਵਿਗਿਆਨੀਆਂ ਮੁਤਾਬਕ ਇਸ ਪ੍ਰਜਾਤੀ ਵਿੱਚ ਲਗਭਗ 20 ਲੱਖ ਤੋਂ 18 ਲੱਖ ਸਾਲ ਪਹਿਲਾਂ ਛੋਟੇ-ਛੋਟੇ ਵਿਕਾਸੀ ਬਦਲਾਅ ਹੋਏ। ਇਸ ਦੌਰਾਨ ਇਸ ਦੇ ਦੰਦ ਵੱਡੇ ਹੋਏ ਅਤੇ ਚੱਬਣ ਵਾਲੀਆਂ ਮਾਸਪੇਸ਼ੀਆਂ ਵੀ ਮਜ਼ਬੂਤ ਹੋਈਆਂ। ਵਿਗਿਆਨੀਆਂ ਦਾ ਮੰਨਣਾ ਹੈ ਕਿ Homo erectus ਦਾ ਦਿਮਾਗ ਵੱਡਾ ਹੋ ਰਿਹਾ ਸੀ ਅਤੇ ਉਸ ਦੇ ਪਿੱਛਲੇ ਦੰਦ ਕੁਝ ਛੋਟੇ ਹੋ ਰਹੇ ਸਨ। ਇਸ ਦਾ ਸਬੰਧ ਸੰਭਵ ਤੌਰ ’ਤੇ ਮਾਸ ਖਾਣ ਨਾਲ ਹੋ ਸਕਦਾ ਹੈ। ਦੂਜੇ ਪਾਸੇ P. robustus ਦਾ ਦਿਮਾਗ ਚਿੰਪੈਂਜ਼ੀ ਨਾਲੋਂ ਕੁਝ ਵੱਡਾ ਸੀ, ਪਰ ਇਸ ਦੇ ਬਹੁਤ ਵੱਡੇ ਦੰਦ ਅਤੇ ਮਜ਼ਬੂਤ ਚੱਬਣ ਵਾਲੀਆਂ ਮਾਸਪੇਸ਼ੀਆਂ ਸਨ, ਜੋ ਸਖ਼ਤ ਖਾਣਾ ਚੱਬਣ ਵਿੱਚ ਮਦਦ ਕਰਦੀਆਂ ਸਨ। ਦੋਵੇਂ ਪ੍ਰਜਾਤੀਆਂ ਇੱਕੋ ਖੇਤਰ ਵਿੱਚ ਰਹਿੰਦੀਆਂ ਸਨ ਅਤੇ Drimolen ਦੀਆਂ ਗੁਫਾਵਾਂ ਵਿੱਚ ਦੋਵਾਂ ਦੇ ਫੌਸਿਲ ਮਿਲੇ ਹਨ। ਲਗਭਗ 20 ਲੱਖ ਸਾਲ ਪਹਿਲਾਂ ਇਸ ਥਾਂ ’ਤੇ P. robustus ਦੀ ਗਿਣਤੀ Homo erectus ਨਾਲੋਂ 10 ਗੁਣਾ ਤੋਂ ਵੀ ਵੱਧ ਸੀ।
ਇਹ ਅਧਿਐਨ Annals of Human Biology ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਵਿੱਚ ਲਾ ਟ੍ਰੋਬ ਯੂਨੀਵਰਸਿਟੀ, ਯੂਨੀਵਰਸਿਟੀ ਆਫ ਜੋਹਾਨਸਬਰਗ, ਯੂਨੀਵਰਸਿਟੀ ਆਫ ਦ ਵਿਟਵਾਟਰਸਰੈਂਡ ਅਤੇ ਵਾਸ਼ਿੰਗਟਨ ਯੂਨੀਵਰਸਿਟੀ ਸਮੇਤ ਕਈ ਸੰਸਥਾਵਾਂ ਦੇ ਵਿਗਿਆਨੀਆਂ ਨੇ ਹਿੱਸਾ ਲਿਆ।
