
ਆਸਟ੍ਰੇਲੀਆ ਵਿੱਚ ਤੂਫ਼ਾਨ, ਗੜੇਮਾਰੀ ਅਤੇ ਹੋਰ ਭਿਆਨਕ ਮੌਸਮੀ ਘਟਨਾਵਾਂ ਤੋਂ ਬਾਅਦ ਘਰਾਂ ਨੂੰ ਮੁੜ ਬਣਾਉਣ ਦੀ ਲਾਗਤ ਮਹਿੰਗਾਈ ਨਾਲੋਂ ਵੀ ਤੇਜ਼ੀ ਨਾਲ ਵੱਧ ਰਹੀ ਹੈ। ਇਸ ਕਾਰਨ ਜਿੱਥੇ ਬੀਮਾ ਪ੍ਰੀਮੀਅਮਾਂ ’ਤੇ ਦਬਾਅ ਵੱਧ ਰਿਹਾ ਹੈ, ਉੱਥੇ ਨਵੇਂ ਘਰ ਬਣਾਉਣ ਲਈ ਲੋੜੀਂਦੇ ਮਜ਼ਦੂਰਾਂ, ਸਮੱਗਰੀ ਅਤੇ ਨਿਰਮਾਣ ਸਮਰੱਥਾ ’ਤੇ ਵੀ ਅਸਰ ਪੈ ਰਿਹਾ ਹੈ।
ਇਹ ਗੱਲ Insurance Council of Australia ਵੱਲੋਂ ਅੱਜ ਜਾਰੀ ਕੀਤੇ ਗਏ ਨਵੇਂ ਵਿਸ਼ਲੇਸ਼ਣ ਵਿੱਚ ਸਾਹਮਣੇ ਆਈ ਹੈ। ਇਹ ਵਿਸ਼ਲੇਸ਼ਣ ਕੌਂਸਲ ਦੀ ਸਾਲਾਨਾ Insurance Catastrophe Resilience Report ਦਾ ਹਿੱਸਾ ਹੈ। ਰਿਪੋਰਟ ਮੁਤਾਬਕ ਪਿਛਲੇ ਪੰਜ ਸਾਲਾਂ ਵਿੱਚ ਆਸਟ੍ਰੇਲੀਆ ਵਿੱਚ ਘਰ ਬਣਾਉਣ ਦੀ ਲਾਗਤ ਵਿੱਚ ਲਗਭਗ 30 ਫ਼ੀਸਦੀ ਵਾਧਾ ਹੋਇਆ ਹੈ। ਇਸੇ ਸਮੇਂ ਦੌਰਾਨ ਆਮ ਮਹਿੰਗਾਈ (CPI) ਕਰੀਬ 24 ਫ਼ੀਸਦੀ ਵਧੀ। Cotality ਦੇ Cordell Construction Cost Index ਦੇ ਅੰਕੜਿਆਂ ਮੁਤਾਬਕ ਆਫ਼ਤਾਂ ਤੋਂ ਬਾਅਦ ਸਭ ਤੋਂ ਵੱਧ ਲੋੜੀਂਦੀ ਕੁਝ ਨਿਰਮਾਣ ਸਮੱਗਰੀ ਦੀਆਂ ਕੀਮਤਾਂ ਵਿੱਚ ਬਹੁਤ ਤੇਜ਼ ਵਾਧਾ ਹੋਇਆ ਹੈ।
- ਛੱਤ ਦੀਆਂ ਟਾਇਲਾਂ ਦੀ ਕੀਮਤ ਪੰਜ ਸਾਲਾਂ ਵਿੱਚ 77 ਫ਼ੀਸਦੀ ਵਧੀ ਹੈ। ਇਹ ਆਮ ਮਹਿੰਗਾਈ ਨਾਲੋਂ ਤਿੰਨ ਗੁਣਾ ਤੋਂ ਵੀ ਜ਼ਿਆਦਾ ਹੈ।
- ਖਿੜਕੀਆਂ, ਪਲਾਸਟਰ, ਪਲਾਈਵੁੱਡ, ਤਾਂਬੇ ਦੀਆਂ ਪਾਈਪਾਂ, ਸਟੀਲ, ਸੀਮੈਂਟ ਅਤੇ ਕੰਕਰੀਟ ਦੀਆਂ ਕੀਮਤਾਂ ਵਿੱਚ 37 ਤੋਂ 48 ਫ਼ੀਸਦੀ ਤੱਕ ਵਾਧਾ ਹੋਇਆ ਹੈ।
- ਛੱਤਾਂ, ਖਿੜਕੀਆਂ ਅਤੇ ਪਲਾਸਟਰ ਵਰਗੀਆਂ ਚੀਜ਼ਾਂ ਗੜੇਮਾਰੀ, ਤੂਫ਼ਾਨ ਅਤੇ ਚਕਰਵਾਤਾਂ ਦੌਰਾਨ ਅਕਸਰ ਨੁਕਸਾਨੀਆਂ ਜਾਂਦੀਆਂ ਹਨ।
- ਛੱਤ ਬਣਾਉਣ ਵਾਲੇ ਕਾਰੀਗਰਾਂ ਅਤੇ ਸ਼ੀਸ਼ੇ ਲਗਾਉਣ ਵਾਲੇ ਮਜ਼ਦੂਰਾਂ ਦੀਆਂ ਮਜ਼ਦੂਰੀਆਂ ਵਿੱਚ ਵੀ ਵੱਡਾ ਵਾਧਾ ਹੋਇਆ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਸਾਰੀ ਦੀ ਲਾਗਤ ਵਿੱਚ ਸਭ ਤੋਂ ਵੱਧ ਵਾਧਾ ਕੁਈਨਜ਼ਲੈਂਡ ਅਤੇ ਉੱਤਰੀ ਆਸਟ੍ਰੇਲੀਆ ਵਿੱਚ ਹੋਇਆ ਹੈ। ਇਨ੍ਹਾਂ ਇਲਾਕਿਆਂ ਵਿੱਚ ਇੱਕ ਆਮ ਘਰ ਬਣਾਉਣ ਦੀ ਲਾਗਤ ਹੁਣ 2021 ਦੇ ਮੁਕਾਬਲੇ ਲਗਭਗ 45 ਫ਼ੀਸਦੀ ਜ਼ਿਆਦਾ ਹੈ। ਇਸ ਵਧਦੀ ਲਾਗਤ ਦਾ ਸਿੱਧਾ ਅਸਰ ਬੀਮਾ ਪ੍ਰੀਮੀਅਮਾਂ ’ਤੇ ਵੀ ਪੈ ਰਿਹਾ ਹੈ। ਜਿੱਥੇ ਮੌਸਮੀ ਆਫ਼ਤਾਂ ਦਾ ਖ਼ਤਰਾ ਜ਼ਿਆਦਾ ਹੈ, ਉੱਥੇ ਇਹ ਦਬਾਅ ਹੋਰ ਵੱਧ ਹੈ। ਰਿਪੋਰਟ ਦਾ ਇੱਕ ਹੋਰ ਮਹੱਤਵਪੂਰਨ ਨੁਕਤਾ ਇਹ ਹੈ ਕਿ ਜਦੋਂ ਆਫ਼ਤਾਂ ਨਾਲ ਨੁਕਸਾਨੇ ਘਰਾਂ ਦੀ ਮੁਰੰਮਤ ਜਾਂ ਮੁੜ ਉਸਾਰੀ ਹੁੰਦੀ ਹੈ ਤਾਂ ਉਹੀ ਮਜ਼ਦੂਰ, ਕਾਰੀਗਰ ਅਤੇ ਸਮੱਗਰੀ ਵਰਤੀ ਜਾਂਦੀ ਹੈ ਜੋ ਨਵੇਂ ਘਰ ਬਣਾਉਣ ਲਈ ਵੀ ਚਾਹੀਦੀ ਹੈ।
2022 ਤੋਂ 2026 ਤੱਕ ਬੀਮਾ ਕੰਪਨੀਆਂ ਨੂੰ ਐਲਾਨੀਆਂ ਗਈਆਂ ਆਫ਼ਤਾਂ ਵਿੱਚ ਨੁਕਸਾਨੇ ਘਰਾਂ ਦੀ ਮੁਰੰਮਤ ਜਾਂ ਮੁੜ ਉਸਾਰੀ ਲਈ 4 ਲੱਖ ਤੋਂ ਵੱਧ ਕਲੇਮ ਮਿਲੇ। ਇਨ੍ਹਾਂ ਕਲੇਮਾਂ ਦੀ ਬੀਮਿਤ ਲਾਗਤ ਕੁੱਲ 11.3 ਬਿਲੀਅਨ ਡਾਲਰ ਰਹੀ। ਸਿਰਫ਼ 2025 ਵਿੱਚ ਹੀ ਐਲਾਨੀਆਂ ਆਫ਼ਤਾਂ ਕਾਰਨ 145,392 ਘਰ ਨੁਕਸਾਨੇ ਗਏ। ਇਹ ਗਿਣਤੀ ਉਸ ਸਾਲ ਆਸਟ੍ਰੇਲੀਆ ਵਿੱਚ ਬਣੇ 172,657 ਨਵੇਂ ਘਰਾਂ ਦੇ ਕਰੀਬ ਹੈ। ਇਸ ਦਾ ਮਤਲਬ ਹੈ ਕਿ ਆਫ਼ਤਾਂ ਤੋਂ ਬਾਅਦ ਘਰਾਂ ਦੀ ਮੁਰੰਮਤ ਅਤੇ ਮੁੜ ਉਸਾਰੀ ਲਈ ਵੱਡੇ ਪੱਧਰ ’ਤੇ ਨਿਰਮਾਣ ਸਰੋਤ ਵਰਤੇ ਜਾ ਰਹੇ ਹਨ, ਜਿਸ ਨਾਲ ਨਵੇਂ ਘਰਾਂ ਦੀ ਉਸਾਰੀ ਲਈ ਪਹਿਲਾਂ ਹੀ ਘੱਟ ਪੈ ਰਹੇ ਸਰੋਤਾਂ ’ਤੇ ਹੋਰ ਦਬਾਅ ਪੈਂਦਾ ਹੈ। ਰਿਪੋਰਟ ਮੁਤਾਬਕ 2025-26 ਵਿੱਚ ਸੱਤ ਵੱਡੀਆਂ ਮੌਸਮੀ ਆਫ਼ਤਾਂ ਕਾਰਨ 3.98 ਬਿਲੀਅਨ ਡਾਲਰ ਤੋਂ ਵੱਧ ਦਾ ਬੀਮਿਤ ਨੁਕਸਾਨ ਹੋਇਆ। ਇਹ ਪਿਛਲੇ ਸਾਲ ਨਾਲੋਂ 1.7 ਬਿਲੀਅਨ ਡਾਲਰ ਤੋਂ ਵੱਧ ਦਾ ਵਾਧਾ ਹੈ। ਸਭ ਤੋਂ ਵੱਡੀ ਘਟਨਾ ਪਿਛਲੇ ਨਵੰਬਰ ਵਿੱਚ ਕੁਈਨਜ਼ਲੈਂਡ ਅਤੇ ਨਿਊ ਸਾਊਥ ਵੇਲਜ਼ ਵਿੱਚ ਆਏ ਤੂਫ਼ਾਨ ਅਤੇ ਗੜੇਮਾਰੀ ਦੀ ਸੀ। ਇਸ ਘਟਨਾ ਨਾਲ 95,600 ਤੋਂ ਵੱਧ ਕਲੇਮ ਹੋਏ ਅਤੇ ਇਸ ਦੀ ਲਾਗਤ ਲਗਭਗ 2.2 ਬਿਲੀਅਨ ਡਾਲਰ ਰਹੀ।
Insurance Council of Australia ਦੇ CEO ਐਂਡਰਿਊ ਹਾਲ ਨੇ ਕਿਹਾ ਕਿ ਨਿਰਮਾਣ ਲਾਗਤ ਵਿੱਚ ਮਹਿੰਗਾਈ ਕਾਰਨ ਹਰ ਸਾਲ ਬੀਮਾ ਪ੍ਰੀਮੀਅਮਾਂ ’ਤੇ ਅਸਲ ਦਬਾਅ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰ ਬੀਮਾ ਕਲੇਮ ਲਈ ਉਹੀ ਬਿਲਡਰ, ਕਾਰੀਗਰ ਅਤੇ ਨਿਰਮਾਣ ਸਮੱਗਰੀ ਦੀ ਲੋੜ ਹੁੰਦੀ ਹੈ ਜੋ ਨਵੇਂ ਘਰ ਬਣਾਉਣ ਲਈ ਵੀ ਚਾਹੀਦੀ ਹੈ। ਇਸ ਨਾਲ ਪਹਿਲਾਂ ਹੀ ਦਬਾਅ ਹੇਠ ਚੱਲ ਰਹੇ ਨਿਰਮਾਣ ਖੇਤਰ ’ਤੇ ਹੋਰ ਬੋਝ ਪੈਂਦਾ ਹੈ। ਆਸਟ੍ਰੇਲੀਆ ਵਿੱਚ ਮਜ਼ਦੂਰਾਂ ਦੀ ਘਾਟ, ਬਿਜਲੀ ਦੀਆਂ ਵਧੀਆਂ ਕੀਮਤਾਂ ਅਤੇ ਕੁਝ ਨਿਰਮਾਣ ਸਮੱਗਰੀ ਦੀਆਂ ਵਧ ਰਹੀਆਂ ਕੀਮਤਾਂ ਉਸਾਰੀ ਮਹਿੰਗੀ ਹੋਣ ਦੇ ਮੁੱਖ ਕਾਰਨਾਂ ਵਿੱਚ ਸ਼ਾਮਲ ਹਨ। AI ਡਾਟਾ ਸੈਂਟਰਾਂ ਦੀ ਉਸਾਰੀ ਅਤੇ 2032 ਓਲੰਪਿਕ ਖੇਡਾਂ ਨਾਲ ਜੁੜੇ ਪ੍ਰਾਜੈਕਟ ਨਿਰਮਾਣ ਖੇਤਰ ਵਿੱਚ ਮਜ਼ਦੂਰਾਂ ਅਤੇ ਹੋਰ ਸਰੋਤਾਂ ਦੀ ਮੰਗ ਨੂੰ ਹੋਰ ਵਧਾ ਸਕਦੇ ਹਨ। ਆਸਟ੍ਰੇਲੀਆ ਨੂੰ ਘਰਾਂ ਨੂੰ ਹੋਰ ਮਜ਼ਬੂਤ ਬਣਾਉਣ, ਬਿਹਤਰ ਯੋਜਨਾਬੰਦੀ ਕਰਨ ਅਤੇ ਹੋਰ ਹੁਨਰਮੰਦ ਮਜ਼ਦੂਰ ਤਿਆਰ ਕਰਨ ਦੀ ਤੁਰੰਤ ਲੋੜ ਹੈ।ਆਫ਼ਤਾਂ ਤੋਂ ਬਚਾਅ ਲਈ ਕੀਤੀ ਜਾਣ ਵਾਲੀ Resilience Investment ਸਿਰਫ਼ ਆਫ਼ਤ ਪ੍ਰਬੰਧਨ ਲਈ ਹੀ ਨਹੀਂ, ਸਗੋਂ ਘਰਾਂ ਦੀ ਨੀਤੀ ਲਈ ਵੀ ਮਹੱਤਵਪੂਰਨ ਹੈ। ਜਦੋਂ ਤੱਕ ਆਫ਼ਤਾਂ ਕਾਰਨ ਮੌਜੂਦਾ ਘਰ ਵਾਰ-ਵਾਰ ਮੁਰੰਮਤ ਦੀ ਲਾਈਨ ਵਿੱਚ ਆਉਂਦੇ ਰਹਿਣਗੇ, ਆਸਟ੍ਰੇਲੀਆ ਲਈ ਘਰਾਂ ਦੀ ਕਮੀ ਨੂੰ ਦੂਰ ਕਰਨਾ ਮੁਸ਼ਕਲ ਰਹੇਗਾ। ਇਸ ਲਈ ਆਫ਼ਤਾਂ ਤੋਂ ਬਚਾਅ ਵਿੱਚ ਨਿਵੇਸ਼ ਨੂੰ ਸਰਕਾਰ ਦੀ ਰਾਸ਼ਟਰੀ ਹਾਊਸਿੰਗ ਰਣਨੀਤੀ ਦਾ ਅਹਿਮ ਹਿੱਸਾ ਬਣਾਉਣਾ ਚਾਹੀਦਾ ਹੈ।
