ArticlesAustralia & New Zealand

ਫਲੂ ਜਾਂ ਕੋਵਿਡ-19 ਦਾ ਟੀਕਾ ਲਗਵਾਉਣ ਲਈ ਹਾਲੇ ਵੀ ਸਮਾਂ ਹੈ !

ਹੈਰੀਏਟ ਸ਼ਿੰਗ, ਵਿਕਟੋਰੀਆ ਦੀ ਹੈਲਥ, ਐਂਬੂਲੈਂਸ ਅਤੇ ਵਾਟਰ ਮਨਿਸਟਰ।

 

ਤਸਵਿੰਦਰ ਸਿੰਘ, ਐਡੀਟਰ-ਇਨ-ਚੀਫ਼, ਇੰਡੋ ਟਾਈਮਜ਼।

ਸਰਦੀਆਂ ਦੇ ਅਖੀਰ ਵਿੱਚ ਫਲੂ ਅਤੇ ਹੋਰ ਬਿਮਾਰੀਆਂ ਦੇ ਕੇਸ ਵੱਧ ਸਕਦੇ ਹਨ। ਆਪਣੀ ਅਤੇ ਆਪਣੇ ਪ੍ਰੀਵਾਰ ਦੀ ਸੁਰੱਖਿਆ ਲਈ ਫਲੂ ਜਾਂ ਕੋਵਿਡ-19 ਦਾ ਟੀਕਾ ਲਗਵਾਉਣ ਲਈ ਅਜੇ ਵੀ ਸਮਾਂ ਹੈ। ਪਬਲਿਕ ਹੈਲਥ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਸੀਜ਼ਨ ਦੀ ਸ਼ੁਰੂਆਤ ਵਿੱਚ ਘੱਟ ਕੇਸ ਹੋਣ ਦਾ ਮਤਲਬ ਇਹ ਨਹੀਂ ਕਿ ਖਤਰਾ ਟਲ ਗਿਆ ਹੈ, ਟੀਕਾ ਬਿਮਾਰੀ ਦੇ ਗੰਭੀਰ ਲੱਛਣਾਂ ਤੋਂ ਬਚਾਅ ਵਿੱਚ ਮੱਦਦ ਕਰਦਾ ਹੈ।

ਵਿਕਟੋਰੀਆ ਦੀ ਸਿਹਤ ਮੰਤਰੀ ਹੈਰਿਏਟ ਸ਼ਿੰਗ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ, “ਫਲੂ ਦਾ ਟੀਕਾ ਲਗਵਾਉਣਾ ਪਹਿਲਾਂ ਨਾਲੋਂ ਕਾਫ਼ੀ ਆਸਾਨ ਹੈ। ਇਸ ਸਾਲ ਫਲੂ ਦਾ ਸੀਜ਼ਨ ਦੇਰ ਨਾਲ ਆ ਰਿਹਾ ਹੈ, ਇਸ ਲਈ ਅਸੀਂ ਖਾਸ ਕਰਕੇ ਵੱਧ ਖਤਰੇ ਵਾਲੇ ਲੋਕਾਂ ਨੂੰ ਜਲਦੀ ਟੀਕਾ ਲਗਵਾਉਣ ਦੀ ਅਪੀਲ ਕਰਦੇ ਹਾਂ। ਵਿਕਟੋਰੀਆ ਦੇ ਲੋਕਾਂ ਕੋਲ ਹੁਣ ਪਹਿਲਾਂ ਨਾਲੋਂ ਵੱਧ ਆਸਾਨ ਅਤੇ ਸਹੁਲਤਾਂ ਵਾਲੀਆਂ ਸਿਹਤ ਸੇਵਾਵਾਂ ਹਨ, ਜਿਵੇਂ ਵਰਚੁਅਲ ਐਮਰਜੈਂਸੀ ਡਿਪਾਰਟਮੈਂਟ ਅਤੇ ਕੈਮਿਸਟ ਕੇਅਰ ਪ੍ਰੋਗ੍ਰਾਮ। ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਹੁਣੇ ਤੋਂ ਤਿਆਰੀ ਕਰਨ ਅਤੇ ਐਮਰਜੈਂਸੀ ਸੇਵਾਵਾਂ ਨੂੰ ਸਿਰਫ਼ ਜਾਨਲੇਵਾ ਹਾਲਾਤਾਂ ਲਈ ਹੀ ਵਰਤਣ ਵਿੱਚ ਸਹਿਯੋਗ ਦੇਣ।”

ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਹਸਪਤਾਲਾਂ ਦੇ ਐਮਰਜੈਂਸੀ ਵਿਭਾਗ ਅਤੇ ਟ੍ਰਿਪਲ ਜ਼ੀਰੋ (000) ਸੇਵਾ ਦੀ ਵਰਤੋਂ ਸਿਰਫ਼ ਗੰਭੀਰ ਮਰੀਜ਼ਾਂ ਲਈ ਹੀ ਕਰਨ। ਵਿਕਟੋਰੀਆ ਵਿੱਚ 38 ਅਰਜੈਂਟ ਕੇਅਰ ਕਲੀਨਿਕ ਹਫ਼ਤੇ ਦੇ ਸੱਤੋਂ ਦਿਨ ਦੇਰ ਰਾਤ ਤੱਕ ਖੁੱਲ੍ਹੇ ਰਹਿੰਦੇ ਹਨ। ਇੱਥੇ ਮੈਡੀਕੇਅਰ ਕਾਰਡ ਨਾ ਹੋਣ ਦੇ ਬਾਵਜੂਦ ਵੀ ਮੁਫ਼ਤ ਇਲਾਜ ਮਿਲਦਾ ਹੈ। ਜੀਪੀ ਅਤੇ ਨਰਸਾਂ ਵੱਲੋਂ ਚਲਾਏ ਜਾਣ ਵਾਲੇ ਇਹ ਕਲੀਨਿਕ ਮੋਚ, ਟੁੱਟੀਆਂ ਹੱਡੀਆਂ, ਕੱਟ ਲੱਗਣ ਅਤੇ ਹਲਕੇ ਇਨਫੈਕਸ਼ਨ ਵਰਗੀਆਂ ਸਮੱਸਿਆਵਾਂ ਦਾ ਇਲਾਜ ਕਰਦੇ ਹਨ।

ਟੀਕਾਕਰਨ ਦੇ ਨਾਲ-ਨਾਲ ਲੋਕ ਸਰਕਾਰ ਦੇ ਕੈਮਿਸਟ ਕੇਅਰ ਪ੍ਰੋਗ੍ਰਾਮ ਵਿੱਚ ਸ਼ਾਮਲ 900 ਫਾਰਮੇਸੀਆਂ ਵਿੱਚ ਵੀ ਇਲਾਜ ਲੈ ਸਕਦੇ ਹਨ। ਇਸ ਸੇਵਾ ਰਾਹੀਂ ਹਲਕੇ ਯੂਰੀਨ ਇਨਫੈਕਸ਼ਨ, ਮਾਸਪੇਸ਼ੀਆਂ ਅਤੇ ਜੋੜਾਂ ਦੇ ਦਰਦ ਵਰਗੀਆਂ ਸਮੱਸਿਆਵਾਂ ਲਈ ਜੀਪੀ ਕੋਲ ਜਾਣ ਦੀ ਲੋੜ ਘੱਟ ਹੁੰਦੀ ਹੈ। ਕੁੱਝ ਮਾਮਲਿਆਂ ਵਿੱਚ ਗਰਭ-ਨਿਰੋਧਕ ਗੋਲੀਆਂ ਲਈ ਪ੍ਰਿਸਕ੍ਰਿਪਸ਼ਨ ਵੀ ਦਿੱਤਾ ਜਾਂਦਾ ਹੈ। ਇਹ ਪ੍ਰੋਗਰਾਮ ਸ਼ੁਰੂ ਹੋਣ ਤੋਂ ਬਾਅਦ ਰਾਜ ਭਰ ਵਿੱਚ ਟਰੇਂਡ ਫਾਰਮਾਸਿਸਟ ਲਗਭਗ 1 ਲੱਖ ਸੇਵਾਵਾਂ ਦੇ ਚੁੱਕੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਔਰਤਾਂ ਨੂੰ ਦਿੱਤੀਆਂ ਗਈਆਂ ਹਨ।

ਵਿਕਟੋਰੀਆ ਸਰਕਾਰ ਦਾ ਵਰਚੁਅਲ ਐਮਰਜੈਂਸੀ ਡਿਪਾਰਟਮੈਂਟ ਲੋਕਾਂ ਨੂੰ 24 ਘੰਟੇ ਹਫ਼ਤੇ ਦੇ ਸੱਤੋਂ ਦਿਨ ਵੀਡੀਓ ਕਾਲ ਰਾਹੀਂ ਐਮਰਜੈਂਸੀ ਡਾਕਟਰਾਂ ਅਤੇ ਨਰਸਾਂ ਨਾਲ ਜੋੜਦਾ ਹੈ। ਇਹ ਮੁਫ਼ਤ ਸੇਵਾ ਲੋਕਾਂ ਨੂੰ ਘਰ ਬੈਠੇ ਹੀ ਡਾਕਟਰੀ ਸਲਾਹ ਲੈਣ ਦੀ ਸਹੂਲਤ ਦਿੰਦੀ ਹੈ। 2020 ਵਿੱਚ ਸ਼ੁਰੂ ਹੋਣ ਤੋਂ ਬਾਅਦ ਇਸ ਸੇਵਾ ਰਾਹੀਂ 9 ਲੱਖ ਤੋਂ ਵੱਧ ਸਲਾਹ-ਮਸ਼ਵਰੇ ਦਿੱਤੇ ਜਾ ਚੁੱਕੇ ਹਨ। ਪਿਛਲੇ ਸਾਲ ਇਸ ਸੇਵਾ ਦੀ ਵਰਤੋਂ ਕਰਨ ਵਾਲੇ ਕਰੀਬ 83 ਫੀਸਦੀ ਮਰੀਜ਼ਾਂ ਨੂੰ ਹਸਪਤਾਲ ਜਾਣ ਦੀ ਲੋੜ ਨਹੀਂ ਪਈ।

ਨਰਸ-ਆਨ-ਕਾਲ ਸੇਵਾ ਵੀ 24 ਘੰਟੇ ਉਪਲਬਧ ਹੈ ਅਤੇ ਇਸ ਰਾਹੀਂ ਰਜਿਸਟਰਡ ਨਰਸਾਂ ਤੁਰੰਤ ਮਾਹਿਰ ਸਲਾਹ ਦਿੰਦੀਆਂ ਹਨ।

ਐਮਰਜੈਂਸੀ ਹਾਲਤ ਵਿੱਚ ਲੋਕਾਂ ਨੂੰ ਟ੍ਰਿਪਲ ਜ਼ੀਰੋ (000) ‘ਤੇ ਕਾਲ ਕਰਨੀ ਚਾਹੀਦੀ ਹੈ। ਜੇ ਮਾਮਲਾ ਗੰਭੀਰ ਨਾ ਹੋਵੇ ਤਾਂ ਉਨ੍ਹਾਂ ਨੂੰ ਹੋਰ ਢੁੱਕਵੀਆਂ ਸਿਹਤ ਸੇਵਾਵਾਂ ਵੱਲ ਭੇਜਿਆ ਜਾ ਸਕਦਾ ਹੈ।

Related posts

ਸਕੂਲ ਜਾਣ ਦਾ ਖਰਚਾ ਆਸਟ੍ਰੇਲੀਅਨ ਪਰਿਵਾਰਾਂ ‘ਤੇ ਬੋਝ ਬਣ ਰਿਹਾ ਹੈ: ਹੈਂਡਰਸਨ

admin

ਲੇਖਿਕਾ ਪ੍ਰਿਅੰਕਾ ‘ਸੌਰਭ’ ਦਾ ਲੇਖ ਸੰਗ੍ਰਹਿ ‘ਸਮੇਂ ਦੀ ਰੇਤ ‘ਤੇ’ ਬਾਜ਼ਾਰ ਵਿੱਚ ਆਇਆ !

admin

ਫਰਜ਼ੀ ਵਿਆਹਾਂ ਤੇ ਨੌਸਰਬਾਜ਼ ਦੁਲਹਨਾਂ ਦਾ ਮੱਕੜਜਾਲ਼

admin