Health & FitnessArticlesAustralia & New Zealand

ਦਵਾਈਆਂ ਦੀ ਸੁਰੱਖਿਆ: ਕਈ ਆਸਟ੍ਰੇਲੀਆਈ ਲੋਕਾਂ ਲਈ ਭਾਸ਼ਾ ਬਣੀ ਵੱਡੀ ਰੁਕਾਵਟ !

ਐਡਲੇਡ ਯੂਨੀਵਰਸਿਟੀ।
ਤਸਵਿੰਦਰ ਸਿੰਘ, ਐਡੀਟਰ-ਇਨ-ਚੀਫ਼, ਇੰਡੋ ਟਾਈਮਜ਼।

ਬੱਚੇ ਨੂੰ ਦਵਾਈ ਦੀ ਸਹੀ ਮਾਤਰਾ ਦੇਣ ਤੋਂ ਲੈ ਕੇ ਐਂਟੀਬਾਇਓਟਿਕ ਦੇ ਗੰਭੀਰ ਸਾਈਡ ਇਫੈਕਟ ਪਛਾਣਨ ਤੱਕ, ਦਵਾਈ ਬਾਰੇ ਸਹੀ ਜਾਣਕਾਰੀ ਸਮਝਣਾ ਬਹੁਤ ਜ਼ਰੂਰੀ ਹੈ। ਪਰ ਜਦੋਂ ਭਾਸ਼ਾ ਅਤੇ ਸੱਭਿਆਚਾਰਕ ਫਰਕਾਂ ਕਾਰਨ ਇਹ ਜਾਣਕਾਰੀ ਠੀਕ ਤਰ੍ਹਾਂ ਸਮਝ ਨਾ ਆਵੇ, ਤਾਂ ਆਮ ਦਵਾਈ ਵੀ ਸਿਹਤ ਲਈ ਖਤਰਾ ਬਣ ਸਕਦੀ ਹੈ।

ਆਸਟ੍ਰੇਲੀਆ ਦੀ ਯੂਨੀਵਰਸਿਟੀ ਆਫ ਐਡੀਲੇਡ ਦੇ ਖੋਜਕਾਰਾਂ ਦੀ ਇੱਕ ਨਵੀਂ ਰਿਪੋਰਟ ਨੇ ਦੇਸ਼ ਦੇ ਵੱਖ-ਵੱਖ ਸੱਭਿਆਚਾਰਕ ਅਤੇ ਭਾਸ਼ਾਈ ਪਿਛੋਕੜ ਵਾਲੇ ਲੋਕਾਂ ਵਿੱਚ ਦਵਾਈਆਂ ਦੀ ਸੁਰੱਖਿਆ ਨਾਲ ਜੁੜੀਆਂ ਕਈ ਵੱਡੀਆਂ ਸਮੱਸਿਆਵਾਂ ਸਾਹਮਣੇ ਲਿਆਂਦੀਆਂ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਲੋਕਾਂ ਨੂੰ ਆਪਣੀ ਪਸੰਦ ਦੀ ਭਾਸ਼ਾ ਵਿੱਚ ਦਵਾਈਆਂ ਬਾਰੇ ਜਾਣਕਾਰੀ, ਦੁਭਾਸ਼ੀਏ ਦੀ ਸਹਾਇਤਾ ਅਤੇ ਫਾਰਮਾਸਿਸਟਾਂ ਵੱਲੋਂ ਵਧੇਰੇ ਸਹਿਯੋਗ ਮਿਲਣਾ ਚਾਹੀਦਾ ਹੈ। ਇਹ ਰਿਪੋਰਟ Pharmaceutical Society of Australia (PSA) ਲਈ ਤਿਆਰ ਕੀਤੀ ਗਈ ਸੀ। ਇਸ ਵਿੱਚ ਵੱਖ-ਵੱਖ ਸੱਭਿਆਚਾਰਕ ਅਤੇ ਭਾਸ਼ਾਈ ਭਾਈਚਾਰਿਆਂ ਵਿੱਚ ਦਵਾਈਆਂ ਦੀ ਵਰਤੋਂ ਅਤੇ ਉਨ੍ਹਾਂ ਨਾਲ ਜੁੜੀਆਂ ਸੁਰੱਖਿਆ ਸਮੱਸਿਆਵਾਂ ਦਾ ਅਧਿਐਨ ਕੀਤਾ ਗਿਆ। ਰਿਪੋਰਟ ਮੁਤਾਬਕ, Pharmaceutical Benefits Scheme (PBS) ਰਾਹੀਂ ਦਵਾਈਆਂ ਲੈਣ ਵਾਲੇ ਹਰ ਤਿੰਨ ਆਸਟ੍ਰੇਲੀਆਈ ਲੋਕਾਂ ਵਿੱਚੋਂ ਲਗਭਗ ਇੱਕ ਵਿਦੇਸ਼ ਵਿੱਚ ਪੈਦਾ ਹੋਇਆ ਹੈ। ਸਭ ਤੋਂ ਵੱਡੀ ਚਿੰਤਾ ਉਨ੍ਹਾਂ ਲੋਕਾਂ ਬਾਰੇ ਸਾਹਮਣੇ ਆਈ ਜਿਨ੍ਹਾਂ ਨੂੰ ਅੰਗਰੇਜ਼ੀ ਸਮਝਣ ਵਿੱਚ ਮੁਸ਼ਕਲ ਆਉਂਦੀ ਹੈ। ਇਨ੍ਹਾਂ ਵਿੱਚੋਂ ਲਗਭਗ 45 ਫੀਸਦੀ ਲੋਕਾਂ ਨੂੰ ਛੇ ਜਾਂ ਇਸ ਤੋਂ ਵੱਧ ਦਵਾਈਆਂ ਦਿੱਤੀਆਂ ਗਈਆਂ ਸਨ। ਇਹ ਗਿਣਤੀ ਲਗਭਗ 2 ਲੱਖ 14 ਹਜ਼ਾਰ ਲੋਕਾਂ ਦੇ ਬਰਾਬਰ ਹੈ।

ਰਿਪੋਰਟ ਦੀ ਮੁੱਖ ਖੋਜਕਰਤਾ ਡਾ. ਇਮੈਨਾ ਵਿਡਾਗਡੋ ਨੇ ਕਿਹਾ ਕਿ ਜੇ ਕਿਸੇ ਵਿਅਕਤੀ ਦੀ ਭਾਸ਼ਾਈ ਲੋੜ ਨੂੰ ਠੀਕ ਤਰੀਕੇ ਨਾਲ ਨਹੀਂ ਸਮਝਿਆ ਜਾਂਦਾ, ਤਾਂ ਦਵਾਈ ਨਾਲ ਹੋਣ ਵਾਲੇ ਨੁਕਸਾਨ ਦਾ ਖਤਰਾ ਵਧ ਸਕਦਾ ਹੈ। ਉਨ੍ਹਾਂ ਕਿਹਾ ਕਿ ਛੇ ਜਾਂ ਇਸ ਤੋਂ ਵੱਧ ਦਵਾਈਆਂ ਲੈਣਾ ਕਿਸੇ ਵੀ ਵਿਅਕਤੀ ਲਈ ਔਖਾ ਹੋ ਸਕਦਾ ਹੈ। ਪਰ ਜੇ ਦਵਾਈ ਕਿੰਨੀ ਲੈਣੀ ਹੈ, ਕਦੋਂ ਲੈਣੀ ਹੈ ਅਤੇ ਕਿਹੜੇ ਸਾਈਡ ਇਫੈਕਟ ਦੇਖਣੇ ਹਨ—ਇਹ ਜਾਣਕਾਰੀ ਆਪਣੀ ਸਮਝ ਵਾਲੀ ਭਾਸ਼ਾ ਵਿੱਚ ਨਾ ਮਿਲੇ, ਤਾਂ ਦਵਾਈ ਸੁਰੱਖਿਅਤ ਢੰਗ ਨਾਲ ਲੈਣਾ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ। ਉਦਾਹਰਨ ਵਜੋਂ, ਦਵਾਈ ਦੀ ਮਾਤਰਾ ਵਿੱਚ ਥੋੜ੍ਹੀ ਜਿਹੀ ਗਲਤੀ, ਗਲਤ ਸਮੇਂ ਦਵਾਈ ਲੈਣਾ ਜਾਂ ਗੰਭੀਰ ਸਾਈਡ ਇਫੈਕਟ ਨੂੰ ਆਮ ਸਮੱਸਿਆ ਸਮਝ ਲੈਣਾ ਵੀ ਕਈ ਵਾਰ ਗੰਭੀਰ ਨਤੀਜੇ ਪੈਦਾ ਕਰ ਸਕਦਾ ਹੈ। ਡਾ. ਵਿਡਾਗਡੋ ਨੇ ਜ਼ੋਰ ਦਿੱਤਾ ਕਿ ਮਾਮਲਾ ਸਿਰਫ਼ ਦਵਾਈਆਂ ਦੀ ਜਾਣਕਾਰੀ ਦਾ ਅਨੁਵਾਦ ਕਰਨ ਤੱਕ ਸੀਮਤ ਨਹੀਂ ਹੈ। ਮੁੱਖ ਗੱਲ ਇਹ ਹੈ ਕਿ ਮਰੀਜ਼ ਜਾਣਕਾਰੀ ਨੂੰ ਸਮਝੇ ਅਤੇ ਆਪਣੀ ਦਵਾਈ ਸੁਰੱਖਿਅਤ ਢੰਗ ਨਾਲ ਵਰਤਣ ਲਈ ਉਸ ਕੋਲ ਢੁਕਵੀਂ ਸਹਾਇਤਾ ਹੋਵੇ।

ਰਿਪੋਰਟ ਵਿੱਚ ਸਾਹਮਣੇ ਆਈਆਂ ਮੁੱਖ ਚਿੰਤਾਵਾਂ

ਰਿਪੋਰਟ ਨੇ ਸੱਭਿਆਚਾਰਕ ਅਤੇ ਭਾਸ਼ਾਈ ਤੌਰ ’ਤੇ ਵੱਖ-ਵੱਖ ਭਾਈਚਾਰਿਆਂ ਵਿੱਚ ਦਵਾਈਆਂ ਦੀ ਸੁਰੱਖਿਆ ਨਾਲ ਜੁੜੀਆਂ ਕਈ ਸਮੱਸਿਆਵਾਂ ਦੀ ਪਛਾਣ ਕੀਤੀ ਹੈ।

  • ਖਤਰਨਾਕ ਜਾਂ ਉੱਚ-ਜੋਖਮ ਵਾਲੀਆਂ ਦਵਾਈਆਂ: ਅੰਗਰੇਜ਼ੀ ਵਿੱਚ ਸੀਮਤ ਦੱਖਲ ਵਾਲੇ PBS ਮਰੀਜ਼ਾਂ ਵਿੱਚੋਂ ਲਗਭਗ 13 ਫੀਸਦੀ ਨੂੰ ਖੂਨ ਪਤਲਾ ਕਰਨ ਵਾਲੀਆਂ ਦਵਾਈਆਂ ਅਤੇ 11 ਫੀਸਦੀ ਨੂੰ ਓਪਿਓਇਡ ਦਵਾਈਆਂ ਦਿੱਤੀਆਂ ਗਈਆਂ ਸਨ। ਅਜਿਹੀਆਂ ਦਵਾਈਆਂ ਦੀ ਸਹੀ ਵਰਤੋਂ ਅਤੇ ਸਾਈਡ ਇਫੈਕਟ ਬਾਰੇ ਜਾਣਕਾਰੀ ਬਹੁਤ ਮਹੱਤਵਪੂਰਨ ਹੁੰਦੀ ਹੈ।
  • ਦਵਾਈਆਂ ਬਾਰੇ ਸਹਾਇਤਾ ਦੀ ਜਾਣਕਾਰੀ ਦੀ ਘਾਟ: ਕਈ ਲੋਕਾਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਫਾਰਮਾਸਿਸਟ ਉਨ੍ਹਾਂ ਦੀਆਂ ਸਾਰੀਆਂ ਦਵਾਈਆਂ ਦੀ ਸਮੀਖਿਆ ਕਰਕੇ ਸਹਾਇਤਾ ਕਰ ਸਕਦੇ ਹਨ। ਉਦਾਹਰਨ ਲਈ, Home Medicines Review ਵਰਗੀਆਂ ਸੇਵਾਵਾਂ ਬਾਰੇ ਜਾਗਰੂਕਤਾ ਵਧਾਉਣ ਦੀ ਲੋੜ ਹੈ।
  • ਆਪਣੀ ਭਾਸ਼ਾ ਵਿੱਚ ਜਾਣਕਾਰੀ ਨਾ ਮਿਲਣਾ: ਜੇ ਪੇਸ਼ੇਵਰ ਦੁਭਾਸ਼ੀਆ ਉਪਲਬਧ ਨਾ ਹੋਵੇ ਜਾਂ ਦਵਾਈ ਬਾਰੇ ਜਾਣਕਾਰੀ ਮਰੀਜ਼ ਦੀ ਪਸੰਦ ਦੀ ਭਾਸ਼ਾ ਵਿੱਚ ਨਾ ਮਿਲੇ, ਤਾਂ ਦਵਾਈ ਦੀ ਸਹੀ ਵਰਤੋਂ ਸਮਝਣਾ ਔਖਾ ਹੋ ਸਕਦਾ ਹੈ।
  • ਵਿਦੇਸ਼ਾਂ ਤੋਂ ਦਵਾਈਆਂ ਲਿਆਉਣਾ: ਕੁਝ ਲੋਕ ਪਰਿਵਾਰਕ ਮੈਂਬਰਾਂ, ਦੋਸਤਾਂ ਜਾਂ ਆਨਲਾਈਨ ਕਮਿਊਨਿਟੀ ਨੈੱਟਵਰਕ ਰਾਹੀਂ ਵਿਦੇਸ਼ਾਂ ਤੋਂ ਦਵਾਈਆਂ ਮੰਗਵਾਉਂਦੇ ਜਾਂ ਲੈਂਦੇ ਹਨ। ਇਸ ਨਾਲ ਦਵਾਈਆਂ ਦੀ ਸੁਰੱਖਿਆ ਅਤੇ ਹੋਰ ਦਵਾਈਆਂ ਨਾਲ ਉਨ੍ਹਾਂ ਦੇ ਮਿਲਾਪ ਬਾਰੇ ਖਤਰੇ ਪੈਦਾ ਹੋ ਸਕਦੇ ਹਨ।
  • ਪਰਿਵਾਰਕ ਮੈਂਬਰਾਂ ਨੂੰ ਦੁਭਾਸ਼ੀਆ ਬਣਾਉਣਾ: ਕਈ ਵਾਰ ਮਰੀਜ਼ ਆਪਣੀ ਗੱਲ ਸਮਝਾਉਣ ਜਾਂ ਡਾਕਟਰ ਦੀ ਗੱਲ ਸਮਝਣ ਲਈ ਪਰਿਵਾਰ ਦੇ ਮੈਂਬਰਾਂ ’ਤੇ ਨਿਰਭਰ ਕਰਦੇ ਹਨ। ਇਸ ਦੌਰਾਨ ਦਵਾਈ ਦੀ ਮਾਤਰਾ, ਸਮਾਂ ਜਾਂ ਸਾਈਡ ਇਫੈਕਟ ਬਾਰੇ ਜਾਣਕਾਰੀ ਗਲਤ ਸਮਝੀ ਜਾ ਸਕਦੀ ਹੈ।
  • ਰਵਾਇਤੀ ਅਤੇ ਸੱਭਿਆਚਾਰਕ ਦਵਾਈਆਂ ਦੀ ਵਰਤੋਂ: ਕਈ ਲੋਕ ਡਾਕਟਰ ਵੱਲੋਂ ਦਿੱਤੀਆਂ ਦਵਾਈਆਂ ਦੇ ਨਾਲ ਰਵਾਇਤੀ, ਹਰਬਲ ਜਾਂ ਹੋਰ ਪੂਰਕ ਦਵਾਈਆਂ ਵੀ ਵਰਤਦੇ ਹਨ। ਇਸ ਲਈ ਡਾਕਟਰ ਅਤੇ ਫਾਰਮਾਸਿਸਟ ਨੂੰ ਮਰੀਜ਼ ਵੱਲੋਂ ਲਈ ਜਾ ਰਹੀ ਹਰ ਕਿਸਮ ਦੀ ਦਵਾਈ ਬਾਰੇ ਪਤਾ ਹੋਣਾ ਜ਼ਰੂਰੀ ਹੈ।
  • ਧਾਰਮਿਕ ਅਤੇ ਸੱਭਿਆਚਾਰਕ ਲੋੜਾਂ: ਵਰਤ ਰੱਖਣ ਵਰਗੀਆਂ ਧਾਰਮਿਕ ਪ੍ਰਥਾਵਾਂ ਜਾਂ ਦਵਾਈਆਂ ਵਿੱਚ ਵਰਤੇ ਜਾਣ ਵਾਲੇ ਕੁਝ ਤੱਤਾਂ, ਜਿਵੇਂ ਅਲਕੋਹਲ ਜਾਂ ਜਾਨਵਰਾਂ ਤੋਂ ਮਿਲਣ ਵਾਲੇ ਪਦਾਰਥਾਂ ਬਾਰੇ ਧਾਰਮਿਕ ਪਾਬੰਦੀਆਂ ਵੀ ਦਵਾਈ ਦੀ ਵਰਤੋਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।

ਸਿਰਫ਼ ਅਨੁਵਾਦ ਨਹੀਂ, ਸਮਝ ਵੀ ਜ਼ਰੂਰੀ

ਡਾ. ਵਿਡਾਗਡੋ ਨੇ ਕਿਹਾ ਕਿ ਸਿਹਤ ਕਰਮਚਾਰੀਆਂ ਨੂੰ ਇਹ ਨਹੀਂ ਮੰਨਣਾ ਚਾਹੀਦਾ ਕਿ ਹਰ ਵਿਅਕਤੀ ਦਵਾਈਆਂ ਨੂੰ ਇੱਕੋ ਤਰੀਕੇ ਨਾਲ ਸਮਝਦਾ ਜਾਂ ਵਰਤਦਾ ਹੈ। ਉਨ੍ਹਾਂ ਮੁਤਾਬਕ ਮਰੀਜ਼ ਨਾਲ ਉਸ ਦੇ ਸੱਭਿਆਚਾਰ ਅਤੇ ਲੋੜਾਂ ਦਾ ਸਤਿਕਾਰ ਕਰਦੇ ਹੋਏ ਗੱਲਬਾਤ ਕਰਨੀ ਚਾਹੀਦੀ ਹੈ। ਇਸ ਲਈ ਸਹੀ ਸਵਾਲ ਪੁੱਛਣ ਦੇ ਨਾਲ-ਨਾਲ ਮਰੀਜ਼ ਨੂੰ ਆਪਣੀ ਦਵਾਈ ਬਾਰੇ ਸਮਝਣ ਲਈ ਕਾਫ਼ੀ ਸਮਾਂ ਦੇਣਾ ਵੀ ਜ਼ਰੂਰੀ ਹੈ। ਜੇ ਕਿਸੇ ਵਿਅਕਤੀ ਨੂੰ ਆਪਣੀਆਂ ਦਵਾਈਆਂ ਸਮਝਣ ਅਤੇ ਉਨ੍ਹਾਂ ਨੂੰ ਭਰੋਸੇ ਨਾਲ ਸਹੀ ਤਰੀਕੇ ਨਾਲ ਵਰਤਣ ਲਈ ਕੁਝ ਵਾਧੂ ਸਮਾਂ ਚਾਹੀਦਾ ਹੈ, ਤਾਂ ਇਹ ਸਮਾਂ ਦੇਣਾ ਬਹੁਤ ਕੀਮਤੀ ਹੈ।

ਫਾਰਮਾਸਿਸਟਾਂ ਦੀ ਭੂਮਿਕਾ ਮਹੱਤਵਪੂਰਨ

ਰਿਪੋਰਟ ਵਿੱਚ ਫਾਰਮਾਸਿਸਟਾਂ ਨੂੰ ਇਸ ਸਮੱਸਿਆ ਨੂੰ ਘਟਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਸਿਹਤ ਮਾਹਿਰ ਦੱਸਿਆ ਗਿਆ ਹੈ। ਫਾਰਮਾਸਿਸਟ ਮਰੀਜ਼ ਨੂੰ ਉਸ ਦੀਆਂ ਦਵਾਈਆਂ ਸਮਝਣ ਵਿੱਚ ਮਦਦ ਕਰ ਸਕਦੇ ਹਨ। ਉਹ ਇਹ ਵੀ ਦੇਖ ਸਕਦੇ ਹਨ ਕਿ ਵੱਖ-ਵੱਖ ਦਵਾਈਆਂ ਆਪਸ ਵਿੱਚ ਕੋਈ ਨੁਕਸਾਨਦੇਹ ਪ੍ਰਭਾਵ ਤਾਂ ਨਹੀਂ ਪੈਦਾ ਕਰ ਰਹੀਆਂ ਜਾਂ ਕੋਈ ਹੋਰ ਸੁਰੱਖਿਆ ਸਮੱਸਿਆ ਤਾਂ ਨਹੀਂ ਹੈ। Home Medicines Reviews ਅਤੇ MedsCheck ਵਰਗੀਆਂ ਸੇਵਾਵਾਂ ਰਾਹੀਂ ਵੀ ਮਰੀਜ਼ਾਂ ਨੂੰ ਆਪਣੀਆਂ ਦਵਾਈਆਂ ਬਾਰੇ ਵਧੇਰੇ ਸਮਝ ਅਤੇ ਸਹਾਇਤਾ ਮਿਲ ਸਕਦੀ ਹੈ। ਪਰ ਰਿਪੋਰਟ ਮੁਤਾਬਕ ਇਹ ਸੇਵਾਵਾਂ ਤਦ ਹੀ ਪ੍ਰਭਾਵਸ਼ਾਲੀ ਹੋਣਗੀਆਂ ਜਦੋਂ ਲੋਕਾਂ ਨੂੰ ਇਨ੍ਹਾਂ ਬਾਰੇ ਪਤਾ ਹੋਵੇ ਅਤੇ ਉਹ ਆਪਣੀ ਭਾਸ਼ਾ ਅਤੇ ਸੱਭਿਆਚਾਰਕ ਲੋੜਾਂ ਮੁਤਾਬਕ ਇਨ੍ਹਾਂ ਤੱਕ ਆਸਾਨੀ ਨਾਲ ਪਹੁੰਚ ਸਕਣ।

ਡਾਕਟਰ ਅਤੇ ਫਾਰਮਾਸਿਸਟ ਨੂੰ ਹਰ ਦਵਾਈ ਬਾਰੇ ਦੱਸੋ

ਰਿਪੋਰਟ ਦਾ ਇੱਕ ਹੋਰ ਮਹੱਤਵਪੂਰਨ ਸੁਨੇਹਾ ਇਹ ਹੈ ਕਿ ਸਿਹਤ ਕਰਮਚਾਰੀਆਂ ਨੂੰ ਮਰੀਜ਼ ਵੱਲੋਂ ਲਈ ਜਾ ਰਹੀ ਹਰ ਦਵਾਈ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਇਸ ਵਿੱਚ ਸਿਰਫ਼ ਡਾਕਟਰ ਦੀ ਲਿਖੀ ਦਵਾਈ ਹੀ ਨਹੀਂ, ਸਗੋਂ ਰਵਾਇਤੀ ਦਵਾਈਆਂ, ਹਰਬਲ ਜਾਂ ਪੂਰਕ ਦਵਾਈਆਂ ਅਤੇ ਵਿਦੇਸ਼ਾਂ ਤੋਂ ਮਿਲੀਆਂ ਦਵਾਈਆਂ ਵੀ ਸ਼ਾਮਲ ਹਨ। ਜੇ ਸਿਹਤ ਕਰਮਚਾਰੀ ਨੂੰ ਕਿਸੇ ਦਵਾਈ ਬਾਰੇ ਪਤਾ ਹੀ ਨਾ ਹੋਵੇ, ਤਾਂ ਦੋ ਦਵਾਈਆਂ ਵਿਚਕਾਰ ਹੋਣ ਵਾਲੀ ਸੰਭਾਵਿਤ ਹਾਨੀਕਾਰਕ ਪ੍ਰਤੀਕਿਰਿਆ ਜਾਂ ਹੋਰ ਸੁਰੱਖਿਆ ਖਤਰਾ ਨਜ਼ਰਅੰਦਾਜ਼ ਹੋ ਸਕਦਾ ਹੈ।

ਰਿਪੋਰਟ ਨੇ ਕੀ ਸਿਫਾਰਸ਼ਾਂ ਕੀਤੀਆਂ?

ਰਿਪੋਰਟ ਵਿੱਚ ਦਵਾਈਆਂ ਦੀ ਸੁਰੱਖਿਆ ਵਧਾਉਣ ਲਈ ਕਈ ਕਦਮ ਚੁੱਕਣ ਦੀ ਸਿਫਾਰਸ਼ ਕੀਤੀ ਗਈ ਹੈ। ਇਨ੍ਹਾਂ ਵਿੱਚ:

  • ਸਿਹਤ ਸੇਵਾਵਾਂ ਵਿੱਚ ਪੇਸ਼ੇਵਰ ਦੁਭਾਸ਼ੀਏ ਦੀ ਵਰਤੋਂ ਨੂੰ ਆਮ ਪ੍ਰਥਾ ਬਣਾਉਣਾ।
  • ਮਰੀਜ਼ਾਂ ਨੂੰ ਆਪਣੀ ਪਸੰਦ ਦੀ ਭਾਸ਼ਾ ਵਿੱਚ ਦਵਾਈਆਂ ਬਾਰੇ ਵਧੇਰੇ ਜਾਣਕਾਰੀ ਦੇਣਾ।
  • ਫਾਰਮਾਸਿਸਟਾਂ ਵੱਲੋਂ ਕੀਤੀਆਂ ਦਵਾਈ ਸਮੀਖਿਆ ਸੇਵਾਵਾਂ ਦੀ ਵਰਤੋਂ ਵਧਾਉਣਾ।
  • ਵੱਖ-ਵੱਖ ਸੱਭਿਆਚਾਰਕ ਭਾਈਚਾਰਿਆਂ ਵਿੱਚ ਦਵਾਈਆਂ ਦੀ ਸੁਰੱਖਿਆ ਬਾਰੇ ਬਿਹਤਰ ਰਾਸ਼ਟਰੀ ਡਾਟਾ ਇਕੱਠਾ ਕਰਨਾ।
  • ਫਾਰਮਾਸਿਸਟਾਂ ਦੀ ਸਿੱਖਿਆ ਅਤੇ ਰੋਜ਼ਾਨਾ ਕੰਮ ਵਿੱਚ ਸੱਭਿਆਚਾਰਕ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨਾ।

ਆਸਟ੍ਰੇਲੀਆ ਦੁਨੀਆ ਦੇ ਸਭ ਤੋਂ ਵੱਧ ਸੱਭਿਆਚਾਰਕ ਤੌਰ ’ਤੇ ਵਿਭਿੰਨ ਦੇਸ਼ਾਂ ਵਿੱਚੋਂ ਇੱਕ ਹੈ। ਇਸ ਲਈ ਇੱਥੋਂ ਦੀ ਸਿਹਤ ਪ੍ਰਣਾਲੀ ਵਿੱਚ ਵੀ ਇਸ ਵਿਭਿੰਨਤਾ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ। ਦਵਾਈ ਦੀ ਸੁਰੱਖਿਅਤ ਵਰਤੋਂ ਕਿਸੇ ਵਿਅਕਤੀ ਦੀ ਅੰਗਰੇਜ਼ੀ ਬੋਲਣ ਦੀ ਸਮਰੱਥਾ ਜਾਂ ਆਸਟ੍ਰੇਲੀਆ ਦੀ ਸਿਹਤ ਪ੍ਰਣਾਲੀ ਨੂੰ ਸਮਝਣ ਦੀ ਯੋਗਤਾ ’ਤੇ ਨਿਰਭਰ ਨਹੀਂ ਹੋਣੀ ਚਾਹੀਦੀ। ਹਰ ਮਰੀਜ਼ ਨੂੰ ਇਹ ਹੱਕ ਹੋਣਾ ਚਾਹੀਦਾ ਹੈ ਕਿ ਉਸ ਨੂੰ ਆਪਣੀ ਦਵਾਈ ਬਾਰੇ ਗੱਲ ਉਸ ਦੀ ਸਮਝ ਵਾਲੀ ਭਾਸ਼ਾ ਵਿੱਚ, ਸਤਿਕਾਰ ਨਾਲ ਅਤੇ ਪੂਰੀ ਜਾਣਕਾਰੀ ਦੇ ਨਾਲ ਸਮਝਾਈ ਜਾਵੇ। ਇਹ ਸਿਰਫ਼ ਚੰਗੀ ਸਿਹਤ ਸੇਵਾ ਦਾ ਮਾਮਲਾ ਨਹੀਂ, ਸਗੋਂ ਦਵਾਈਆਂ ਦੀ ਸੁਰੱਖਿਆ ਦਾ ਵੀ ਮਹੱਤਵਪੂਰਨ ਹਿੱਸਾ ਹੈ।

Related posts

ਸਮਾਜਿਕ ਸਿਨਮੇ ਦੇ ਨਿਰਮਾਤਾ ਨਿਰਦੇਸ਼ਕ ਸਿਮਰਨ ਸੰਧੂ ਅਤੇ ਵਿਕਰਮ ਸੰਧੂ

admin

ਆਸਟ੍ਰੇਲੀਆ ‘ਚ ਪਹਿਲੀ ਵਾਰ ਕਿਸੇ ਨੂੰ ਨਫਰਤ ਫੈਲਾਉਣ ਵਾਲੀ ਗੈਰ-ਕਾਨੂੰਨੀ ਸੰਸਥਾ ਐਲਾਨਿਆ !

admin

ਕੈਨੇਡਾ ਦੀ ਧਰਤੀ ਉਪਰ ਵੱਸਦਾ ਦੇਸੀ ਪੰਜਾਬ !

admin