Health & FitnessArticlesAustralia & New Zealand

ਹੋਰ ਸਿਹਤ ਕੋਰਸਾਂ ਦੇ ਵਿਦਿਆਰਥੀਆਂ ਨੂੰ ਵੀ ਹੁਣ ਪੇਡ ਪਰੈਕ ਦਾ ਫਾਇਦਾ ਮਿਲੇਗਾ !

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਗੌਸਫੋਰਡ ਹਸਪਤਾਲ ਦੀ ਫੇਰੀ ਦੇ ਦੌਰਾਨ ਬੀਤੇ ਦਿਨ ਸਿਹਤ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਦੇ ਹੋਏ।

 

ਤਸਵਿੰਦਰ ਸਿੰਘ, ਐਡੀਟਰ-ਇਨ-ਚੀਫ਼, ਇੰਡੋ ਟਾਈਮਜ਼।

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼, ਸਿਹਤ ਅਤੇ ਬਜ਼ੁਰਗ ਸੰਭਾਲ ਮੰਤਰੀ ਮਾਰਕ ਬਟਲਰ ਅਤੇ ਸਿੱਖਿਆ ਮੰਤਰੀ ਜੇਸਨ ਕਲੇਅਰ ਨੇ ਐਲਾਨ ਕੀਤਾ ਹੈ ਕਿ ਸਰਕਾਰ ਕੌਮਨਵੈੱਲਥ ਪ੍ਰੇਕ ਪੇਮੈਂਟ (ਪੇਡ ਪੇਮੈਂਟ) ਨੂੰ ਹੋਰ 10 ਮਹੱਤਵਪੂਰਨ ਸਿਹਤ ਕੋਰਸਾਂ ਦੇ ਵਿਦਿਆਰਥੀਆਂ ਤੱਕ ਵਧਾ ਰਹੀ ਹੈ। ਇਸ ਦਾ ਮਕਸਦ ਵਿਦਿਆਰਥੀਆਂ ਨੂੰ ਰਹਿਣ-ਸਹਿਣ ਦੇ ਵਧਦੇ ਖਰਚਿਆਂ ਤੋਂ ਰਾਹਤ ਦੇਣਾ ਅਤੇ ਭਵਿੱਖ ਲਈ ਆਸਟ੍ਰੇਲੀਆ ਵਿੱਚ ਸਿਹਤ ਕਰਮਚਾਰੀਆਂ ਦੀ ਗਿਣਤੀ ਵਧਾਉਣਾ ਹੈ।

ਸਿਹਤ ਨਾਲ ਸਬੰਧਤ ਕਈ ਡਿਗਰੀਆਂ ਵਿੱਚ ਲੰਬੇ ਸਮੇਂ ਲਈ ਬਿਨਾਂ ਤਨਖ਼ਾਹ ਵਾਲੀ ਪ੍ਰੈਕਟੀਕਲ ਟ੍ਰੇਨਿੰਗ (ਪ੍ਰੈਕਟੀਕਲ ਪਲੇਸਮੈਂਟ) ਕਰਨੀ ਲਾਜ਼ਮੀ ਹੁੰਦੀ ਹੈ। ਕੁੱਝ ਕੋਰਸਾਂ, ਜਿਵੇਂ ਕਿ ਰੇਡੀਓਗ੍ਰਾਫੀ, ਵਿੱਚ ਇਹ ਟ੍ਰੇਨਿੰਗ ਇੱਕ ਸਾਲ ਤੋਂ ਵੀ ਵੱਧ ਸਮੇਂ ਦੀ ਹੁੰਦੀ ਹੈ। ਇਸ ਦੌਰਾਨ ਕਈ ਵਿਦਿਆਰਥੀਆਂ ਨੂੰ ਆਪਣੀ ਨੌਕਰੀ ਛੱਡਣੀ ਪੈਂਦੀ ਹੈ ਅਤੇ ਕਈਆਂ ਨੂੰ ਟ੍ਰੇਨਿੰਗ ਲਈ ਆਪਣੇ ਘਰ ਤੋਂ ਦੂਰ ਰਹਿਣਾ ਪੈਂਦਾ ਹੈ। ਇਸ ਕਾਰਨ ਉਨ੍ਹਾਂ ‘ਤੇ ਵਿੱਤੀ ਬੋਝ ਕਾਫ਼ੀ ਵੱਧ ਜਾਂਦਾ ਹੈ। ਪੇਡ ਪਰੈਕ ਸਕੀਮ ਵਿਦਿਆਰਥੀਆਂ ਨੂੰ ਇਸ ਦੌਰਾਨ ਵਿੱਤੀ ਸਹਾਇਤਾ ਦਿੰਦੀ ਹੈ ਤਾਂ ਜੋ ਉਹ ਆਪਣੀ ਟ੍ਰੇਨਿੰਗ ‘ਤੇ ਧਿਆਨ ਦੇ ਸਕਣ। ਪਹਿਲਾਂ ਇਹ ਸਹਾਇਤਾ ਸਿਰਫ਼ ਅਧਿਆਪਕ, ਨਰਸਿੰਗ, ਮਿਡਵਾਈਫਰੀ ਅਤੇ ਸੋਸ਼ਲ ਵਰਕ ਦੇ ਯੋਗ ਵਿਦਿਆਰਥੀਆਂ ਲਈ ਉਪਲਬਧ ਸੀ। ਹੁਣ ਇਹ ਸਕੀਮ ਹੇਠ ਲਿਖੇ 10 ਹੋਰ ਸਿਹਤ ਕੋਰਸਾਂ ਦੇ ਯੋਗ ਵਿਦਿਆਰਥੀਆਂ ਲਈ ਵੀ ਲਾਗੂ ਹੋਵੇਗੀ:

  • ਕਲੀਨੀਕਲ ਸਾਇਕੋਲੋਜੀ
  • ਫਿਜ਼ਿਓਥੈਰਪੀ
  • ਆਕਿਊਪੇਸ਼ਨਲ ਥੈਰਪੀ
  • ਸਪੀਚ ਪੈਥੋਲੋਜੀ
  • ਪੈਰਾਮੈਡਿਸਨ
  • ਰੇਡੀਓਗ੍ਰਾਫੀ ਫਾਰਮੇਸੀ
  • ਰੀਹੈਬਿਲਿਟੇਸ਼ਨ ਥੈਰਪੀਜ਼
  • ਆਡੀਓਲੋਜੀ
  • ਪੋਡਾਇਟਰੀ

ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਰਹਿਣ-ਸਹਿਣ ਦੇ ਖਰਚੇ ਘਟਾਉਣ ਲਈ ਕੀਤੀਆਂ ਹੋਰ ਪਹਿਲਾਂ ਦਾ ਹਿੱਸਾ ਹੈ। ਇਸ ਵਿੱਚ ਵਿਦਿਆਰਥੀ ਕਰਜ਼ੇ ਵਿੱਚ 20 ਫ਼ੀਸਦੀ ਕਟੌਤੀ, ਹਰ ਟੈਕਸਦਾਤਾ ਲਈ ਟੈਕਸ ਰਾਹਤ, ਸਸਤੀ ਚਾਈਲਡਕੇਅਰ ਅਤੇ ਤਨਖ਼ਾਹਾਂ ਵਿੱਚ ਵਾਧੇ ਦਾ ਸਮਰਥਨ ਵੀ ਸ਼ਾਮਲ ਹੈ। ਇਸ ਸਮੇਂ ਯੋਗ ਵਿਦਿਆਰਥੀਆਂ ਨੂੰ ਆਪਣੀ ਕਲੀਨੀਕਲ ਜਾਂ ਪੇਸ਼ਾਵਰ ਟ੍ਰੇਨਿੰਗ ਦੌਰਾਨ ਹਫ਼ਤੇ ਦੇ 338æ60 ਡਾਲਰ ਮਿਲਦੇ ਹਨ। ਇਹ ਭੁਗਤਾਨ ਆਮਦਨ ਦੇ ਆਧਾਰ ‘ਤੇ ਦਿੱਤਾ ਜਾਂਦਾ ਹੈ ਅਤੇ ਹਰ ਸਾਲ ਇਸ ਵਿੱਚ ਸੋਧ ਕੀਤੀ ਜਾਂਦੀ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਵਿਦਿਆਰਥੀਆਂ ‘ਤੇ ਵਿੱਤੀ ਦਬਾਅ ਘਟਦਾ ਹੈ। ਉਹ ਬਿੱਲਾਂ, ਕਿਰਾਏ ਅਤੇ ਹੋਰ ਖਰਚਿਆਂ ਦੀ ਚਿੰਤਾ ਘੱਟ ਕਰਕੇ ਆਪਣੀ ਪੜ੍ਹਾਈ ਅਤੇ ਟ੍ਰੇਨਿੰਗ ‘ਤੇ ਵਧੇਰੇ ਧਿਆਨ ਦੇ ਸਕਦੇ ਹਨ। ਇਹ ਸਕੀਮ ਖ਼ਾਸ ਕਰਕੇ ਉਨ੍ਹਾਂ ਵਿਦਿਆਰਥੀਆਂ ਲਈ ਲਾਭਦਾਇਕ ਹੈ ਜਿਨ੍ਹਾਂ ਨੂੰ ਟ੍ਰੇਨਿੰਗ ਲਈ ਖੇਤਰੀ ਜਾਂ ਦੂਰ-ਦੁਰਾਡੇ ਇਲਾਕਿਆਂ ਵਿੱਚ ਜਾਣਾ ਪੈਂਦਾ ਹੈ। ਉੱਥੇ ਯਾਤਰਾ, ਰਹਿਣ ਅਤੇ ਥਾਂ ਬਦਲਣ ਦਾ ਖਰਚਾ ਕਈ ਵਾਰ ਟ੍ਰੇਨਿੰਗ ਕਰਨ ਵਿੱਚ ਰੁਕਾਵਟ ਬਣ ਜਾਂਦਾ ਹੈ। ਸਰਕਾਰ ਦਾ ਮੰਨਣਾ ਹੈ ਕਿ ਪੇਡ ਪਰੈਕ ਦਾ ਦਾਇਰਾ ਵਧਾਉਣ ਨਾਲ ਹੋਰ ਵਿਦਿਆਰਥੀ ਆਪਣੀ ਪੜ੍ਹਾਈ ਪੂਰੀ ਕਰਨਗੇ, ਲੋੜੀਂਦੀਆਂ ਯੋਗਤਾਵਾਂ ਹਾਸਲ ਕਰਨਗੇ ਅਤੇ ਦੇਸ਼ ਵਿੱਚ ਲੋੜੀਂਦੀਆਂ ਸਿਹਤ ਸੇਵਾਵਾਂ ਨਾਲ ਜੁੜੀਆਂ ਨੌਕਰੀਆਂ ਵਿੱਚ ਸ਼ਾਮਲ ਹੋਣਗੇ। ਇਸ ਨਾਲ ਮੇਡੀਕੇਅਰ ਨੂੰ ਵੀ ਹੋਰ ਮਜ਼ਬੂਤੀ ਮਿਲੇਗੀ।

ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਇਸ ਵਾਰੇ ਕਿਹਾ ਹੈ ਕਿ ਕਿਹਾ ਕਿ, “ਪੇਡ ਪਰੈਕ ਪਹਿਲਾਂ ਹੀ ਵਿਦਿਆਰਥੀਆਂ ਲਈ ਵੱਡਾ ਫ਼ਰਕ ਪਾ ਰਹੀ ਹੈ। ਇਹ ਟ੍ਰੇਨਿੰਗ ਦੌਰਾਨ ਰਹਿਣ-ਸਹਿਣ ਦੇ ਖਰਚਿਆਂ ਵਿੱਚ ਮੱਦਦ ਕਰਦੀ ਹੈ, ਇਸ ਲਈ ਅਸੀਂ ਇਸ ਦਾ ਦਾਇਰਾ ਹੋਰ ਵਧਾ ਰਹੇ ਹਾਂ। ਇਹ ਸਾਡੇ ਭਵਿੱਖ ਦੇ ਸਿਹਤ ਕਰਮਚਾਰੀਆਂ ਵਿੱਚ ਨਿਵੇਸ਼ ਹੈ। ਸਾਨੂੰ ਹੋਰ ਸਿਹਤ ਮਾਹਿਰਾਂ ਦੀ ਲੋੜ ਹੈ ਅਤੇ ਇਸ ਨਾਲ ਹੋਰ ਆਸਟ੍ਰੇਲੀਆਈ ਲੋੜੀਂਦੀਆਂ ਯੋਗਤਾਵਾਂ ਹਾਸਲ ਕਰ ਸਕਣਗੇ। ਅਸੀਂ ਵਿਦਿਆਰਥੀਆਂ ਦੀ ਸਿੱਖਿਆ ਵਿੱਚ ਮਦਦ ਕਰ ਰਹੇ ਹਾਂ। ਇਹ ਐਲਾਨ ਵਿਦਿਆਰਥੀ ਕਰਜ਼ੇ ਵਿੱਚ ਕਟੌਤੀ, ਮੁਫ਼ਤ ਟੇਫ਼ ਅਤੇ ਟੈਕਸ ਰਾਹਤ ਵਰਗੀਆਂ ਪਹਿਲਾਂ ਨੂੰ ਹੋਰ ਮਜ਼ਬੂਤ ਕਰਦਾ ਹੈ।”

ਸਿਹਤ ਮੰਤਰੀ ਮਾਰਕ ਬਟਲਰ ਨੇ ਇਸ ਸਬੰਧੀ ਕਿਹਾ ਹੈ ਕਿ, “ਸਰਕਾਰ ਆਸਟ੍ਰੇਲੀਆ ਲਈ ਲੋੜੀਂਦੇ ਸਿਹਤ ਕਰਮਚਾਰੀਆਂ ਦੀ ਗਿਣਤੀ ਵਧਾ ਕੇ ਮੇਡੀਕੇਅਰ ਨੂੰ ਮਜ਼ਬੂਤ ਕਰ ਰਹੀ ਹੈ। ਦੇਸ਼ ਦੇ ਆਪਣੇ ਸਿਹਤ ਮਾਹਿਰ ਤਿਆਰ ਕਰਨਾ ਬਹੁਤ ਜ਼ਰੂਰੀ ਹੈ, ਤਾਂ ਜੋ ਹਰ ਆਸਟ੍ਰੇਲੀਅਨ ਨੂੰ ਸਮੇਂ ਸਿਰ ਚੰਗਾ ਇਲਾਜ ਮਿਲ ਸਕੇ। ਇਹ ਉਹ ਲੋਕ ਹਨ ਜੋ ਸਾਡੀ ਬਿਮਾਰੀ, ਬੁੱਢਾਪੇ, ਬੱਚਿਆਂ ਦੇ ਜਨਮ ਅਤੇ ਅਪਾਹਜਤਾ ਨਾਲ ਜੀਵਨ ਬਿਤਾਅ ਰਹੇ ਲੋਕਾਂ ਦੀ ਦੇਖਭਾਲ ਕਰਨਗੇ। ਹੁਣ ਜੇ ਤੁਸੀਂ ਫਾਰਮਾਸਿਸਟ, ਫਿਜ਼ਿਓਥੈਰਾਪਿਸਟ ਜਾਂ ਮਨੋਵਿਗਿਆਨੀ ਬਣਨ ਦੀ ਪੜ੍ਹਾਈ ਕਰ ਰਹੇ ਹੋ ਤਾਂ ਤੁਹਾਨੂੰ ਵੀ ਇਹ ਵਿੱਤੀ ਮੱਦਦ ਮਿਲੇਗੀ। ਇਸ ਨਾਲ ਖ਼ਾਸ ਕਰਕੇ ਖੇਤਰੀ ਇਲਾਕਿਆਂ ਵਿੱਚ ਟ੍ਰੇਨਿੰਗ ਕਰਨ ਵਾਲੇ ਵਿਦਿਆਰਥੀਆਂ ਨੂੰ ਵਾਧੂ ਖਰਚਿਆਂ ਵਿੱਚ ਕਾਫ਼ੀ ਰਾਹਤ ਮਿਲੇਗੀ।”

ਸਿੱਖਿਆ ਮੰਤਰੀ ਜੇਸਨ ਕਲੇਅਰ ਨੇ ਇਸ ਵਾਰੇ ਆਖਿਆ ਹੈ ਕਿ, “ਪੇਡ ਪਰੈਕ ਸਫ਼ਲ ਸਾਬਤ ਹੋ ਰਹੀ ਹੈ, ਇਸ ਲਈ ਅਸੀਂ ਇਸ ਦਾ ਦਾਇਰਾ ਹੋਰ ਵਧਾ ਰਹੇ ਹਾਂ। ਇਹ ਸਕੀਮ ਵਿਦਿਆਰਥੀਆਂ ਨੂੰ ਬਿੱਲਾਂ, ਕਿਰਾਏ, ਪੈਟਰੋਲ ਅਤੇ ਪਾਰਕਿੰਗ ਵਰਗੇ ਖਰਚੇ ਪੂਰੇ ਕਰਨ ਵਿੱਚ ਮੱਦਦ ਕਰਦੀ ਹੈ। ਇਹ ਪਹਿਲਾਂ ਹੀ ਦੇਸ਼ ਦੀਆਂ ਸਭ ਤੋਂ ਮਹੱਤਵਪੂਰਨ ਨੌਕਰੀਆਂ ਲਈ ਟ੍ਰੇਨਿੰਗ ਲੈ ਰਹੇ ਵਿਦਿਆਰਥੀਆਂ ਲਈ ਲਾਭਦਾਇਕ ਸਾਬਤ ਹੋ ਰਹੀ ਹੈ। ਹੁਣ ਹੋਰ ਸਿਹਤ ਕਰਮਚਾਰੀਆਂ ਨੂੰ ਵੀ ਟ੍ਰੇਨਿੰਗ ਦੌਰਾਨ ਰਹਿਣ-ਸਹਿਣ ਦੇ ਖਰਚਿਆਂ ਵਿੱਚ ਮੱਦਦ ਮਿਲੇਗੀ। ਇਸ ਨਾਲ ਹੋਰ ਵਿਦਿਆਰਥੀ ਆਪਣੀ ਪੜ੍ਹਾਈ ਪੂਰੀ ਕਰਕੇ ਦੇਸ਼ ਨੂੰ ਲੋੜੀਂਦੇ ਸਿਹਤ ਖੇਤਰ ਦੇ ਕੰਮਾਂ ਵਿੱਚ ਸ਼ਾਮਲ ਹੋ ਸਕਣਗੇ।”

Related posts

ਕੰਜਕਾਂ ਲਹੂ-ਲੁਹਾਨ: ਦਰਿੰਦਗੀ ਦੀ ਹੱਦ ਵੀ ਸ਼ਰਮਸਾਰ ਹੋ ਗਈ !

admin

Ancient Sufi Myth Comes to Life in Aakash Odedra’s Melbourne Premiere

admin

ਚਿੜੀਆਘਰ ਦੀ ਮਨੋਰੰਜਕ ਯਾਤਰਾ !

admin