Australia & New Zealand

ਵਿਕਟੋਰੀਆ ਵਿੱਚ ਐਂਬੂਲੈਂਸ ਸੇਵਾਵਾਂ ਲਈ ਨਵੇਂ ਪੈਰਾਮੈਡਿਕਸ ਦਾ ਸਵਾਗਤ

ਮੈਲਬੌਰਨ –  ਵਿਕਟੋਰੀਆ ਸਰਕਾਰ ਦੇ ਵਲੋਂ ਲੋਕਾਂ ਨੂੰ ਸਮੇਂ ਸਿਰ ਅਤੇ ਜਿੱਥੇ ਲੋੜ ਹੋਵੇ ਉੱਥੇ ਬਿਹਤਰ ਐਮਰਜੈਂਸੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਨਿਵੇਸ਼ ਕਰ ਰਹੀ ਹੈ।

ਐਂਬੂਲੈਂਸ ਸੇਵਾਵਾਂ ਬਾਰੇ ਮੰਤਰੀ ਹੈਰੀਅਟ ਸ਼ਿੰਗ ਨੇ ਕੱਲ੍ਹ 53 ਨਵੇਂ ਪੈਰਾਮੈਡਿਕਸ ਦਾ ਸਵਾਗਤ ਕੀਤਾ, ਜੋ ਐਂਬੂਲੈਂਸ ਵਿਕਟੋਰੀਆ ਨਾਲ ਜੁੜ ਗਏ ਹਨ। ਇਹ 2026-27 ਲਈ ਨਵੇਂ ਪੈਰਾਮੈਡਿਕਸ ਦਾ ਪਹਿਲਾ ਬੈਚ ਹੈ ਅਤੇ ਇਹ 17 ਅਗਸਤ ਤੋਂ ਲੋਕਾਂ ਦੀ ਸੇਵਾ ਲਈ ਡਿਊਟੀ ‘ਤੇ ਆ ਜਾਣਗੇ। ਅੱਜ ਤੋਂ ਇਨ੍ਹਾਂ ਨੇ ਐਂਬੂਲੈਂਸ ਵਿਕਟੋਰੀਆ ਵਿੱਚ ਚਾਰ ਹਫ਼ਤਿਆਂ ਦੀ ਸ਼ੁਰੂਆਤੀ ਸਿਖਲਾਈ (ਇੰਡਕਸ਼ਨ) ਸ਼ੁਰੂ ਕੀਤੀ ਹੈ। ਇਸ ਸਿਖਲਾਈ ਵਿੱਚ ਮਰੀਜ਼ਾਂ ਦਾ ਇਲਾਜ, ਐਂਬੂਲੈਂਸ ਚਲਾਉਣਾ, ਮਰੀਜ਼ਾਂ ਨੂੰ ਸੁਰੱਖਿਅਤ ਢੰਗ ਨਾਲ ਚੁੱਕਣ-ਲਿਜਾਣ ਦੀ ਤਕਨੀਕ ਅਤੇ ਕੰਮ ਦੌਰਾਨ ਹਿੰਸਾ ਜਾਂ ਖ਼ਤਰਨਾਕ ਹਾਲਾਤਾਂ ਨਾਲ ਨਜਿੱਠਣ ਵਰਗੇ ਵਿਸ਼ੇ ਸ਼ਾਮਲ ਹਨ। ਇਹ ਕੋਰਸ ਉਨ੍ਹਾਂ ਦੀ ਤਿੰਨ ਸਾਲ ਦੀ ਯੂਨੀਵਰਸਿਟੀ ਪੜ੍ਹਾਈ ਦੌਰਾਨ ਮਿਲੀ ਜਾਣਕਾਰੀ ਅਤੇ ਤਜਰਬੇ ਨੂੰ ਹੋਰ ਮਜ਼ਬੂਤ ਕਰੇਗਾ। ਅਗਸਤ ਤੋਂ ਉਹ ਸੜਕਾਂ ‘ਤੇ ਅਸਲੀ ਡਿਊਟੀ ਦੌਰਾਨ ਤਜਰਬੇਕਾਰ ਪੈਰਾਮੈਡਿਕਸ ਨਾਲ ਮਿਲ ਕੇ ਸਿਖਲਾਈ ਲੈਣਗੇ। ਇਸ ਨਾਲ ਮੈਲਬੌਰਨ ਅਤੇ ਖੇਤਰੀ ਵਿਕਟੋਰੀਆ ਦੀਆਂ ਕਈ ਐਂਬੂਲੈਂਸ ਸ਼ਾਖਾਵਾਂ ਨੂੰ ਮਦਦ ਮਿਲੇਗੀ।

ਮੈਲਬੌਰਨ ਵਿੱਚ 13 ਨਵੇਂ ਗ੍ਰੈਜੂਏਟ ਪੈਰਾਮੈਡਿਕਸ ਨੂੰ ਟਾਰਨੇਟ, ਕੋਬਲਬੈਂਕ, ਹੈਡਫੀਲਡ, ਰਿਜ਼ਰਵਾਇਰ, ਰੋਵਿਲ, ਬਰਾਈਟਨ, ਡੈਂਡੀ ਨੋਂਗ, ਕਿਊ ਅਤੇ ਸਮਰਵਿਲ ਵਿੱਚ ਤਾਇਨਾਤ ਕੀਤਾ ਜਾਵੇਗਾ। ਇਸ ਤੋਂ ਇਲਾਵਾ 35 ਗ੍ਰੈਜੂਏਟ ਪੈਰਾਮੈਡਿਕਸ ਅਤੇ 5 ਤਜਰਬੇਕਾਰ ਪੈਰਾਮੈਡਿਕਸ ਨੂੰ ਖੇਤਰੀ ਵਿਕਟੋਰੀਆ ਦੇ ਵੋਂਥਾਗੀ, ਕਾਊਜ਼, ਬੈਲਾਰੇਟ, ਬੈਂਡੀਗੋ, ਏਚੂਕਾ ਅਤੇ ਸਵੈਨ ਹਿੱਲ ਸਮੇਤ ਹੋਰ ਇਲਾਕਿਆਂ ਵਿੱਚ ਭੇਜਿਆ ਜਾਵੇਗਾ।

ਨਵੇਂ ਪੈਰਾਮੈਡਿਕਸ ਦੇ ਆਉਣ ਨਾਲ ਐਂਬੂਲੈਂਸ ਸੇਵਾਵਾਂ ਹੋਰ ਮਜ਼ਬੂਤ ਹੋਣਗੀਆਂ, ਕਿਉਂਕਿ ਐਂਬੂਲੈਂਸ ਵਿਕਟੋਰੀਆ ਨੂੰ ਇਸ ਸਮੇਂ ਬਹੁਤ ਜ਼ਿਆਦਾ ਐਮਰਜੈਂਸੀ ਕਾਲਾਂ ਮਿਲ ਰਹੀਆਂ ਹਨ। ਇਸ ਸਾਲ ਜਨਵਰੀ ਤੋਂ ਮਾਰਚ ਦੇ ਵਿਚਕਾਰ ਪੈਰਾਮੈਡਿਕਸ ਨੇ ਲਗਭਗ 95,000 ਕੋਡ-1 (ਸਭ ਤੋਂ ਗੰਭੀਰ ਐਮਰਜੈਂਸੀ) ਮਾਮਲਿਆਂ ਵਿੱਚ ਮਰੀਜ਼ਾਂ ਤੱਕ ਪਹੁੰਚ ਕੇ ਸੇਵਾ ਦਿੱਤੀ। ਇਸ ਦਾ ਮਤਲਬ ਹੈ ਕਿ ਹਰ ਰੋਜ਼ 1,000 ਤੋਂ ਵੱਧ ਐਮਰਜੈਂਸੀ ਮਾਮਲਿਆਂ ਵਿੱਚ ਸਾਇਰਨ ਅਤੇ ਫ਼ਲੈਸ਼ ਲਾਈਟਾਂ ਨਾਲ ਤੁਰੰਤ ਪਹੁੰਚਣਾ ਪਿਆ।

ਸਰਕਾਰ ਦਾ ਕਹਿਣਾ ਹੈ ਕਿ ਵਿਕਟੋਰੀਆ ਦੇ ਪੈਰਾਮੈਡਿਕਸ ਦੁਨੀਆ ਦੇ ਸਭ ਤੋਂ ਵਧੀਆ ਸਿਹਤ ਕਰਮਚਾਰੀਆਂ ਵਿੱਚੋਂ ਹਨ ਅਤੇ  ਸਰਕਾਰ ਹਮੇਸ਼ਾ ਉਨ੍ਹਾਂ ਦਾ ਸਾਥ ਦਿੰਦੀ ਰਹੇਗੀ। ਸਰਕਾਰ ਨੇ ਐਂਬੂਲੈਂਸ ਸੇਵਾਵਾਂ ਲਈ 2 ਬਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਹੈ। ਇਸ ਨਾਲ ਸੜਕਾਂ ‘ਤੇ ਕੰਮ ਕਰਨ ਵਾਲੇ ਪੈਰਾਮੈਡਿਕਸ ਦੀ ਗਿਣਤੀ ਵਿੱਚ 50 ਫ਼ੀਸਦੀ ਤੋਂ ਵੱਧ ਵਾਧਾ ਕੀਤਾ ਗਿਆ ਹੈ ਅਤੇ 51 ਤੋਂ ਵੱਧ ਐਂਬੂਲੈਂਸ ਸਟੇਸ਼ਨ ਨਵੇਂ ਬਣਾਏ ਜਾਂ ਅੱਪਗ੍ਰੇਡ ਕੀਤੇ ਗਏ ਹਨ। ਪਿਛਲੇ ਇੱਕ ਸਾਲ ਵਿੱਚ ਹੀ ਸਰਕਾਰ ਨੇ 294 ਨਵੇਂ ਗ੍ਰੈਜੂਏਟ ਪੈਰਾਮੈਡਿਕਸ ਦੀ ਭਰਤੀ ਕੀਤੀ ਹੈ।

ਐਂਬੂਲੈਂਸ ਸੇਵਾਵਾਂ ਬਾਰੇ ਮੰਤਰੀ ਹੈਰੀਅਟ ਸ਼ਿੰਗ ਨੇ ਕਿਹਾ ਹੈ ਕਿ, “ਸਾਡੇ ਪੈਰਾਮੈਡਿਕਸ ਵਿਕਟੋਰੀਆ ਦੇ ਲੋਕਾਂ ਦੀ ਸਭ ਤੋਂ ਔਖੇ ਸਮੇਂ ਵਿੱਚ ਮਦਦ ਕਰਦੇ ਹਨ। ਇਸ ਲਈ ਅਸੀਂ ਹਮੇਸ਼ਾ ਉਨ੍ਹਾਂ ਦਾ ਸਾਥ ਦਿਆਂਗੇ। ਅਸੀਂ ਪੈਰਾਮੈਡਿਕਸ ਨੂੰ ਵਧੇਰੇ ਫੰਡ, ਸਿਖਲਾਈ ਅਤੇ ਸਹਾਇਤਾ ਦੇ ਰਹੇ ਹਾਂ, ਤਾਂ ਜੋ ਉਹ ਵਿਕਟੋਰੀਆ ਦੇ ਹਰ ਹਿੱਸੇ ਵਿੱਚ ਉੱਚ ਪੱਧਰੀ ਸਿਹਤ ਸੇਵਾਵਾਂ ਜਾਰੀ ਰੱਖ ਸਕਣ।”

Related posts

ਆਸਟ੍ਰੇਲੀਆ ਦਾ ਮੁਰੁਜੁਗਾ ਵਿਸ਼ਵ ਵਿਰਾਸਤ ਸੂਚੀ ਵਿੱਚ ਦਰਜ !

admin

INDIA’S GLOBAL SUPERSTAR BRINGS EPIC NEW TOUR, AURA 2025 TO AUSTRALIA & NEW ZEALAND FIRST EVER INDIAN ARTIST TO HEADLINE AUSTRALIAN STADIUMS

admin

ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੇ ਵਿਸਾਖੀ ਦੇ ਜਸ਼ਨਾਂ ’ਚ ਕੀਤੀ ਸ਼ਮੂਲੀਅਤ, ਸਿੱਖ ਵਲੰਟੀਅਰਾਂ ਦੀ ਕੀਤੀ ਤਾਰੀਫ਼

Bunty