
ਆਸਟ੍ਰੇਲੀਆ ਵਿੱਚ ਕੈਮਰੇ ਵਾਲੀਆਂ ਸਸਤੀਆਂ ਸਮਾਰਟ ਐਨਕਾਂ ਦੀ ਵਧ ਰਹੀ ਵਰਤੋਂ ਨੇ ਲੋਕਾਂ ਦੀ ਪ੍ਰਾਈਵੇਸੀ ਨੂੰ ਲੈ ਕੇ ਨਵੀਆਂ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ। ਆਸਟ੍ਰੇਲੀਆ ਦੇ ਵਿੱਚ ਗ੍ਰੀਨਜ਼ ਅਤੇ ਇੰਡੀਪੈਂਡੈਂਟ ਸਿਆਸਤਦਾਨਾਂ ਵੱਲੋਂ ਇਨ੍ਹਾਂ ਡਿਵਾਈਸਾਂ ਦੇ ਇੰਪੋਰਟ ’ਤੇ ਅਸਥਾਈ ਪਾਬੰਦੀ ਅਤੇ ਸਖ਼ਤ ਪ੍ਰਾਈਵੇਸੀ ਕਾਨੂੰਨਾਂ ਦੀ ਮੰਗ ਕੀਤੀ ਜਾ ਰਹੀ ਹੈ। ਇਨ੍ਹਾਂ ਡਿਵਾਈਸਾਂ ਰਾਹੀਂ ਲੋਕਾਂ ਦੀ ਜਾਣਕਾਰੀ ਜਾਂ ਸਹਿਮਤੀ ਤੋਂ ਬਿਨਾਂ ਤਸਵੀਰਾਂ, ਵੀਡੀਓ ਅਤੇ ਆਡੀਓ ਰਿਕਾਰਡ ਕੀਤੇ ਜਾਣ ਦੇ ਖ਼ਤਰੇ ਕਾਰਨ ਹੁਣ ਇਨ੍ਹਾਂ ਦੇ ਇੰਪੋਰਟ ਅਤੇ ਵਿਕਰੀ ’ਤੇ ਪਾਬੰਦੀ ਲਗਾਉਣ ਦੀ ਮੰਗ ਜ਼ੋਰ ਫੜ ਰਹੀ ਹੈ। ਹਾਲ ਹੀ ਦੇ ਹਫ਼ਤਿਆਂ ਵਿੱਚ ਕੁਝ ਆਲੋਚਕਾਂ ਨੇ ਇਨ੍ਹਾਂ ਡਿਵਾਈਸਾਂ ਨੂੰ ‘ਪਰਵਰਟ ਗਲਾਸ’ ਕਹਿਣਾ ਸ਼ੁਰੂ ਕੀਤਾ ਹੈ। ਆਸਟ੍ਰੇਲੀਆ ਵਿੱਚ ਇਨ੍ਹਾਂ ਸਮਾਰਟ ਐਨਕਾਂ ਦੀ ਵਿਕਰੀ ਅਤੇ ਇੰਪੋਰਟ ਰੋਕਣ ਦੀ ਮੰਗ ਵਾਲੀਆਂ ਦੋ ਪਟੀਸ਼ਨਾਂ ਨੂੰ ਵੀ ਹਜ਼ਾਰਾਂ ਲੋਕਾਂ ਦਾ ਸਮਰਥਨ ਮਿਲਿਆ ਹੈ। ਹੁਣ ਗ੍ਰੀਨਜ਼ ਅਤੇ ਇੰਡੀਪੈਂਡੈਂਟ ਸਿਆਸਤਦਾਨਾਂ ਦੇ ਸਮਰਥਨ ਨਾਲ ਇੱਕ ਬਿੱਲ ਲਿਆਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਤਹਿਤ ਕੈਮਰੇ ਵਾਲੀਆਂ ਸਮਾਰਟ ਐਨਕਾਂ ਸਮੇਤ ਹੋਰ ਪਹਿਨਣਯੋਗ ਰਿਕਾਰਡਿੰਗ ਡਿਵਾਈਸਾਂ (wearable recording devices) ਦੇ ਇੰਪੋਰਟ ’ਤੇ ਘੱਟੋ-ਘੱਟ 12 ਮਹੀਨਿਆਂ ਲਈ ਰੋਕ ਲਗਾਉਣ ਦੀ ਤਜਵੀਜ਼ ਹੈ। ਇਹ ਰੋਕ ਉਦੋਂ ਤੱਕ ਰਹੇਗੀ ਜਦੋਂ ਤੱਕ ਲੋਕਾਂ ਦੀ ਪ੍ਰਾਈਵੇਸੀ ਦੀ ਰੱਖਿਆ ਲਈ ਸਖ਼ਤ ਕਾਨੂੰਨ ਨਹੀਂ ਬਣ ਜਾਂਦੇ। ਗ੍ਰੀਨਜ਼ ਦੇ ਸੈਨੇਟਰ ਡੇਵਿਡ ਸ਼ੂਬ੍ਰਿਜ ਨੇ ਕਿਹਾ ਕਿ ਜੇਕਰ ਇਨ੍ਹਾਂ ਡਿਵਾਈਸਾਂ ਦੀਆਂ ਲੱਖਾਂ ਯੂਨਿਟਾਂ ਦੇਸ਼ ਵਿੱਚ ਆ ਗਈਆਂ ਤਾਂ ਲੋਕਾਂ ਦੀ ਪ੍ਰਾਈਵੇਸੀ ਦੀ ਰੱਖਿਆ ਕਰਨਾ ਬਹੁਤ ਮੁਸ਼ਕਲ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਡਿਵਾਈਸਾਂ ਦੇ ਤੇਜ਼ੀ ਨਾਲ ਫੈਲਣ ਤੋਂ ਪਹਿਲਾਂ ਹੀ ਸਰਕਾਰ ਅਤੇ ਸੰਸਦ ਨੂੰ ਇਸ ਮਾਮਲੇ ’ਤੇ ਕਦਮ ਚੁੱਕਣਾ ਚਾਹੀਦਾ ਹੈ।
ਸਮਾਰਟ ਐਨਕਾਂ ਦੀ ਪਹਿਲੀ ਪੀੜ੍ਹੀ ਦੀ ਕੀਮਤ 500 ਡਾਲਰ ਤੋਂ ਵੱਧ ਸੀ। ਪਰ ਹੁਣ ਆਸਟ੍ਰੇਲੀਆ ਵਿੱਚ ਕਈ ਔਨਲਾਈਨ ਅਤੇ ਰਵਾਇਤੀ ਦੁਕਾਨਾਂ ’ਤੇ ਨਵੇਂ ਕੈਮਰਾ ਵਾਲੇ ਸਮਾਰਟ ਐਨਕਾਂ 100 ਡਾਲਰ ਤੋਂ ਵੀ ਘੱਟ ਕੀਮਤ ਵਿੱਚ ਉਪਲਬਧ ਹਨ। ਕੀਮਤ ਭਾਵੇਂ ਵੱਖਰੀ ਹੋਵੇ, ਪਰ ਕਈ ਐਨਕਾਂ ਆਮ ਚਸ਼ਮਿਆਂ ਵਰਗੇ ਹੀ ਦਿਖਾਈ ਦਿੰਦੇ ਹਨ। ਪਹਿਨਣ ਵਾਲਾ ਇੱਕ ਬਟਨ ਦਬਾ ਕੇ ਜਾਂ ਕੁਝ ਮਾਡਲਾਂ ਵਿੱਚ ਬਹੁਤ ਘੱਟ ਧਿਆਨ ਖਿੱਚਦੇ ਹੋਏ ਤਸਵੀਰਾਂ, ਵੀਡੀਓ ਅਤੇ ਆਡੀਓ ਰਿਕਾਰਡ ਕਰ ਸਕਦਾ ਹੈ। ਇਹ ਸਪੱਸ਼ਟ ਨਹੀਂ ਹੈ ਕਿ ਇਸ ਸਮੇਂ ਆਸਟ੍ਰੇਲੀਆ ਵਿੱਚ ਕਿੰਨੇ ਸਮਾਰਟ ਐਨਕ ਵਰਤੇ ਜਾ ਰਹੇ ਹਨ। ਪਰ ਗ੍ਰੀਨਜ਼ ਸੈਨੇਟਰ ਸ਼ੂਬ੍ਰਿਜ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਸਿਰਫ਼ ਸ਼ੁਰੂਆਤ ਹੋ ਸਕਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਕੈਮਰਾ ਵਾਲੇ ਚਸ਼ਮੇ ਹਨ, ਪਰ ਭਵਿੱਖ ਵਿੱਚ ਇਸੇ ਤਰ੍ਹਾਂ ਦੀ ਰਿਕਾਰਡਿੰਗ ਤਕਨਾਲੋਜੀ ਈਅਰਬਡਜ਼, ਲੈਪਲ ਪਿੰਨ ਜਾਂ ਕੱਪੜਿਆਂ ਵਿੱਚ ਵੀ ਆ ਸਕਦੀ ਹੈ। ਇਸ ਲਈ ਸਰਕਾਰ ਨੂੰ ਟੈਕਨੋਲੋਜੀ ਦੇ ਫੈਲਣ ਤੋਂ ਪਹਿਲਾਂ ਹੀ ਨਿਯਮ ਬਣਾਉਣੇ ਚਾਹੀਦੇ ਹਨ। ਸੈਨੇਟਰ ਸ਼ੂਬ੍ਰਿਜ ਨੇ ਕਿਹਾ ਕਿ ਇੱਕ ਵਾਰ ਜਦੋਂ ਅਜਿਹੇ ਡਿਵਾਈਸ ਸਮਾਜ ਵਿੱਚ ਵੱਡੇ ਪੱਧਰ ’ਤੇ ਫੈਲ ਗਏ ਤਾਂ ਉਨ੍ਹਾਂ ਦੇ ਪ੍ਰਭਾਵ ਨੂੰ ਕੰਟਰੋਲ ਕਰਨਾ ਹੋਰ ਮੁਸ਼ਕਲ ਹੋ ਸਕਦਾ ਹੈ।
ਪ੍ਰਸਤਾਵਿਤ ਇੰਪੋਰਟ ਬੈਨ ਵਿੱਚ ਕੁਝ ਕਾਨੂੰਨੀ ਵਰਤੋਂ ਲਈ ਛੋਟਾਂ ਰੱਖਣ ਦੀ ਵੀ ਗੱਲ ਕੀਤੀ ਜਾ ਰਹੀ ਹੈ। ਉਦਾਹਰਨ ਵਜੋਂ, ਦੇਖਣ ਵਿੱਚ ਦਿੱਕਤ ਵਾਲੇ ਲੋਕਾਂ ਦੀ ਮਦਦ ਲਈ ਵਰਤੇ ਜਾਣ ਵਾਲੇ ਕੁਝ ਡਿਵਾਈਸਾਂ ਨੂੰ ਛੋਟ ਦਿੱਤੀ ਜਾ ਸਕਦੀ ਹੈ।
ਗ੍ਰੀਨਜ਼ ਵੱਲੋਂ ਪ੍ਰਾਈਵੇਸੀ ਕਾਨੂੰਨਾਂ ਵਿੱਚ ਵੀ ਤਬਦੀਲੀਆਂ ਦੀ ਮੰਗ ਕੀਤੀ ਜਾ ਰਹੀ ਹੈ। ਪ੍ਰਸਤਾਵ ਮੁਤਾਬਕ ਕਿਸੇ ਵਿਅਕਤੀ ਦੀ ਸਪੱਸ਼ਟ ਸਹਿਮਤੀ ਤੋਂ ਬਿਨਾਂ wearable recording device ਰਾਹੀਂ ਉਸ ਦੀ ਤਸਵੀਰ ਜਾਂ ਵੀਡੀਓ ਬਣਾਉਣ, ਸਟੋਰ ਕਰਨ ਜਾਂ ਸਾਂਝੀ ਕਰਨ ’ਤੇ ਰੋਕ ਲਗਾਈ ਜਾ ਸਕਦੀ ਹੈ। ਇਸ ਦੇ ਨਾਲ ਪ੍ਰਾਈਵੇਸੀ ਕਮਿਸ਼ਨਰ ਨੂੰ ਨਵੇਂ ਨਿਯਮ ਲਾਗੂ ਕਰਨ ਲਈ ਵਧੇਰੇ ਅਧਿਕਾਰ ਅਤੇ ਫੰਡ ਦੇਣ ਦੀ ਵੀ ਮੰਗ ਕੀਤੀ ਜਾ ਰਹੀ ਹੈ। ਸੈਨੇਟਰ ਡੇਵਿਡ ਪੋਕਾਕ ਨੇ ਕਿਹਾ ਕਿ ਜਦੋਂ ਤੱਕ ਸੰਸਦ ਵਿੱਚ ਲੋੜੀਂਦੇ ਕਾਨੂੰਨ ਨਹੀਂ ਬਣਦੇ, ਉਦੋਂ ਤੱਕ ਇੰਪੋਰਟ ਰੋਕਣਾ ਇੱਕ ਸਮਝਦਾਰੀ ਵਾਲਾ ਕਦਮ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਜਨਤਕ ਥਾਵਾਂ ’ਤੇ ਮੌਜੂਦ ਅਜਿਹੇ ਡਿਵਾਈਸਾਂ ਦੀ ਗਿਣਤੀ ਵਧਣ ਦੀ ਰਫ਼ਤਾਰ ਨੂੰ ਘਟਾਇਆ ਜਾ ਸਕਦਾ ਹੈ। ਪਰ ਪ੍ਰਾਈਵੇਸੀ ਮਾਹਿਰ ਚੇਨੀ ਨੇ ਕਿਹਾ ਕਿ ਸਿਰਫ਼ ਇੰਪੋਰਟ ’ਤੇ ਰੋਕ ਲੰਬੇ ਸਮੇਂ ਦਾ ਹੱਲ ਨਹੀਂ ਹੈ। ਉਨ੍ਹਾਂ ਮੁਤਾਬਕ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਭਵਿੱਖ ਵਿੱਚ ਇਨ੍ਹਾਂ ਡਿਵਾਈਸਾਂ ਨੂੰ ਢੰਗ ਨਾਲ ਨਿਯਮਾਂ ਅਧੀਨ ਲਿਆਂਦਾ ਜਾ ਸਕੇ।
ਇਸ ਮਹੀਨੇ ਦੀ ਸ਼ੁਰੂਆਤ ਵਿੱਚ ਆਸਟ੍ਰੇਲੀਆ ਦੀ ਅਟਾਰਨੀ-ਜਨਰਲ ਮਿਸ਼ੇਲ ਰੋਲੈਂਡ ਨੇ ਵੀ ਇਸ ਟੈਕਨੋਲੋਜੀ ਨਾਲ ਜੁੜੀਆਂ ਪ੍ਰਾਈਵੇਸੀ ਚਿੰਤਾਵਾਂ ਦਾ ਜ਼ਿਕਰ ਕੀਤਾ ਸੀ ਅਤੇ ਪ੍ਰਾਈਵੇਸੀ ਕਮਿਸ਼ਨਰ ਤੋਂ ਇਸ ਮਾਮਲੇ ਬਾਰੇ ਸਲਾਹ ਲਈ ਸੀ।
ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਇਨ੍ਹਾਂ ਚਿੰਤਾਵਾਂ ਨਾਲ ਨਜਿੱਠਣ ਲਈ ਇੱਕ ਸੰਤੁਲਿਤ ਅਤੇ ਵਿਆਪਕ ਨੀਤੀ ਦੀ ਲੋੜ ਹੈ। ਸਰਕਾਰ ਅਜਿਹੀ ਨੀਤੀ ’ਤੇ ਵਿਚਾਰ ਕਰ ਰਹੀ ਹੈ ਜੋ ਨਵੀਂ ਟੈਕਨੋਲੋਜੀ ਦੇ ਫਾਇਦਿਆਂ ਨੂੰ ਕਾਇਮ ਰੱਖਦਿਆਂ ਆਸਟ੍ਰੇਲੀਅਨ ਲੋਕਾਂ ਦੀ ਪ੍ਰਾਈਵੇਸੀ ਦੀ ਰੱਖਿਆ ਕਰ ਸਕੇ। ਆਸਟ੍ਰੇਲੀਆ ਸਰਕਾਰ ਨੇ ਸਤੰਬਰ 2023 ਵਿੱਚ Privacy Act ਵਿੱਚ ਵੱਡੀਆਂ ਤਬਦੀਲੀਆਂ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਦਸੰਬਰ 2024 ਵਿੱਚ ਇਸ ਸੁਧਾਰ ਦੇ ਪਹਿਲੇ ਪੜਾਅ, ਜਿਸ ਨੂੰ ‘Tranche One’ ਕਿਹਾ ਗਿਆ, ਨਾਲ ਜੁੜੇ ਕੁਝ ਕਾਨੂੰਨ ਪਾਸ ਕੀਤੇ ਗਏ ਸਨ। ਇਨ੍ਹਾਂ ਵਿੱਚ anti-doxxing ਕਾਨੂੰਨ ਅਤੇ ਬੱਚਿਆਂ ਦੀ ਔਨਲਾਈਨ ਸੁਰੱਖਿਆ ਨਾਲ ਜੁੜੇ ਪ੍ਰਾਈਵੇਸੀ ਕੋਡ ਸ਼ਾਮਲ ਸਨ। ਹਾਲਾਂਕਿ Privacy Act ਵਿੱਚ ਹੋਰ ਕਈ ਸੁਧਾਰਾਂ ਦੀਆਂ ਸਿਫ਼ਾਰਸ਼ਾਂ ’ਤੇ ਅਜੇ ਕੰਮ ਬਾਕੀ ਹੈ।
ਅਮਰੀਕਾ ਅਤੇ ਬ੍ਰਿਟੇਨ ਵਰਗੇ ਦੇਸ਼ਾਂ ਵਿੱਚ ਕੈਮਰਾ ਵਾਲੀ wearable ਟੈਕਨੋਲੋਜੀ ਪਹਿਲਾਂ ਹੀ ਕਾਫ਼ੀ ਫੈਲ ਚੁੱਕੀ ਹੈ। ਪ੍ਰਾਈਵੇਸੀ ਦੀ ਵਕਾਲਤ ਕਰਨ ਵਾਲਿਆਂ ਨੂੰ ਚਿੰਤਾ ਹੈ ਕਿ ਇਹ ਡਿਵਾਈਸ ਬਿਨਾਂ ਪਤਾ ਲੱਗੇ ਲੋਕਾਂ ਦੀ ਰਿਕਾਰਡਿੰਗ, ਔਨਲਾਈਨ ਸ਼ਰਮਿੰਦਗੀ, ਹੇਰਾਸਮੈਂਟ ਅਤੇ ਨਿੱਜੀ ਜਾਣਕਾਰੀ ਸਾਂਝੀ ਕਰਨ ਨੂੰ ਹੋਰ ਆਸਾਨ ਬਣਾ ਸਕਦੇ ਹਨ।
ਇੱਕ ਹੋਰ ਚਿੰਤਾ ‘Rizzing’ ਵਰਗੇ ਸੋਸ਼ਲ ਮੀਡੀਆ ਟ੍ਰੈਂਡਾਂ ਨਾਲ ਜੁੜੀ ਹੈ। ਇਸ ਤਰ੍ਹਾਂ ਦੇ ਰੁਝਾਨਾਂ ਵਿੱਚ ਕੁਝ ਲੋਕ ਜਨਤਕ ਥਾਵਾਂ ’ਤੇ ਔਰਤਾਂ ਨਾਲ ਗੱਲਬਾਤ ਜਾਂ ਉਨ੍ਹਾਂ ਨੂੰ ਪ੍ਰਭਾਵਿਤ ਕਰਨ ਦੀਆਂ ਕੋਸ਼ਿਸ਼ਾਂ ਨੂੰ ਚੁੱਪਕੇ ਨਾਲ ਰਿਕਾਰਡ ਕਰਕੇ ਬਾਅਦ ਵਿੱਚ ਸੋਸ਼ਲ ਮੀਡੀਆ ’ਤੇ ਪੋਸਟ ਕਰਦੇ ਹਨ। ਸਮਾਰਟ ਐਨਕਾਂ ਨਾਲ ਸਮੱਸਿਆ ਹੋਰ ਗੰਭੀਰ ਹੋ ਸਕਦੀ ਹੈ, ਕਿਉਂਕਿ ਸਾਹਮਣੇ ਵਾਲੇ ਵਿਅਕਤੀ ਨੂੰ ਇਹ ਪਤਾ ਲਗਾਉਣਾ ਵੀ ਮੁਸ਼ਕਲ ਹੋ ਸਕਦਾ ਹੈ ਕਿ ਉਸ ਦੀ ਤਸਵੀਰ ਜਾਂ ਵੀਡੀਓ ਬਣਾਈ ਜਾ ਰਹੀ ਹੈ ਜਾਂ ਨਹੀਂ। ਪ੍ਰਾਈਵੇਸੀ ਵਕਾਲਤ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਟੈਕਨੋਲੋਜੀ ਦਾ ਗਲਤ ਇਸਤੇਮਾਲ ਖਾਸ ਤੌਰ ’ਤੇ ਔਰਤਾਂ ਅਤੇ ਹੋਰ ਕਮਜ਼ੋਰ ਸਮੂਹਾਂ ਲਈ ਵੱਡੀ ਸਮੱਸਿਆ ਬਣ ਸਕਦਾ ਹੈ।
ਪ੍ਰਾਈਵੇਸੀ ਮਾਹਿਰਾਂ ਦਾ ਮੰਨਣਾ ਹੈ ਕਿ ਸਮਾਰਟ ਐਨਕਾਂ ਸਿਰਫ਼ ਇੱਕ ਨਵੇਂ ਉਤਪਾਦ ਦਾ ਮਾਮਲਾ ਨਹੀਂ, ਸਗੋਂ ਆਉਣ ਵਾਲੇ ਸਮੇਂ ਵਿੱਚ wearable ਐਨਕਾਂ ਦੇ ਤੇਜ਼ੀ ਨਾਲ ਵਿਕਾਸ ਦਾ ਸੰਕੇਤ ਹਨ। ਕੈਮਰੇ, ਮਾਈਕ੍ਰੋਫੋਨ ਅਤੇ ਇੰਟਰਨੈੱਟ ਨਾਲ ਜੁੜੇ ਛੋਟੇ ਡਿਵਾਈਸ ਜਿਵੇਂ-ਜਿਵੇਂ ਸਸਤੇ ਅਤੇ ਆਮ ਹੋ ਰਹੇ ਹਨ, ਉਵੇਂ ਹੀ ਇਹ ਸਵਾਲ ਵੀ ਮਹੱਤਵਪੂਰਨ ਹੋ ਰਿਹਾ ਹੈ ਕਿ ਜਨਤਕ ਥਾਵਾਂ ’ਤੇ ਕਿਸੇ ਵਿਅਕਤੀ ਦੀ ਰਿਕਾਰਡਿੰਗ ਕਰਨ ਲਈ ਕਿਹੜੀਆਂ ਹੱਦਾਂ ਹੋਣੀਆਂ ਚਾਹੀਦੀਆਂ ਹਨ।
ਹੁਣ ਸਰਕਾਰ ਅਤੇ ਸੰਸਦ ’ਤੇ ਇਹ ਦਬਾਅ ਵਧ ਰਿਹਾ ਹੈ ਕਿ ਨਵੀਂ ਤਕਨਾਲੋਜੀ ਦੇ ਤੇਜ਼ੀ ਨਾਲ ਫੈਲਣ ਤੋਂ ਪਹਿਲਾਂ ਪ੍ਰਾਈਵੇਸੀ ਲਈ ਸਪੱਸ਼ਟ ਨਿਯਮ ਬਣਾਏ ਜਾਣ। ਸਮਾਰਟ ਐਨਕਾਂ ’ਤੇ ਪ੍ਰਸਤਾਵਿਤ ਇੰਪੋਰਟ ਬੈਨ ਇਸ ਵੱਡੀ ਚਰਚਾ ਦਾ ਇੱਕ ਹਿੱਸਾ ਹੈ, ਪਰ ਮਾਹਿਰਾਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਲਈ ਸਿਰਫ਼ ਪਾਬੰਦੀ ਦੀ ਬਜਾਏ ਮਜ਼ਬੂਤ ਅਤੇ ਸਪੱਸ਼ਟ ਪ੍ਰਾਈਵੇਸੀ ਕਾਨੂੰਨ ਦੀ ਲੋੜ ਹੋਵੇਗੀ।
