ਫੇਰੀ ਵਾਲਾ (ਕਵਿਤਾ)
ਫੇਰੀ ਵਾਲਾ ਲੈਕੇ ਆਇਆ, ਵੰਗਾਂ ਰੰਗਾਂ ਵਾਲੀਆਂ।
ਗੋਟੇ ਲੱਗੇ ਚੁੰਨੀ ‘ਤੇ, ਪੰਜਾਬੀ ਸੂਟ ਸਾੜ੍ਹੀਆਂ।
ਚੂੜ੍ਹੇ ਜੂੜ੍ਹੇ ਜਾਲੀਆਂ, ਨਹੂੰ ਪਾਲਸਾਂ ਤੇ ਬਿੰਦੀਆਂ।
ਕਾਂਟੇ, ਗੋਲ ਬਾਲੀਆਂ, ਹੁਲਾਰੇ ਕੰਨੀ ਦਿੰਦੀਆ।
ਸੋਹਣੇ-ਸੋਹਣੇ ਨਗ ਪਾਕੇ, ਮੁੰਦੀਆਂ ਸ਼ਿੰਗਾਂਰੀਆਂ।
ਫੇਰੀ ਵਾਲਾ ਲੈਕੇ ਆਇਆ, ਵੰਗਾਂ ਰੰਗਾਂ ਵਾਲੀਆਂ।
ਜੁੱਤੀ ਆ ਪੰਜਾਬੀ, ਨਾਲ ਸੂਟ ਦੇ ਮਿਲਾਉਣ ਨੂੰ।
ਤਿੱਲੇ ਦੀ ਕਢਾਈ ਕੀਤੀ, ਦਿਲ ਕਰੂ ਪਾਉਣ ਨੂੰ।
ਉਡ-ਪੁਡ ਜਾਣ, ਸਿਰ ਲਈਆਂ ਫੁਲਕਾਰੀਆਂ।
ਫੇਰੀ ਵਾਲਾ ਲੈਕੇ ਆਇਆ, ਵੰਗਾਂ ਰੰਗਾਂ ਵਾਲੀਆਂ।
ਸੁਰਮਾ ਬਣਾ ਦੇ ਅੱਖ, ਤਿੱਖੀ ਨੋਕ ਤੀਰ ਦੀ।
ਕੋਕਾ, ਨੱਕ ਮੱਛਲੀ ਵੀ, ਵੇਚੇ “ਸੁਖਵੀਰ” ਵੀ।
ਸਸਤੇ ਹੀ ਭਾਅ ਲਾਈਆਂ, ਚੀਜ਼ਾਂ ਇਹ ਸਾਰੀਆਂ।
ਫੇਰੀ ਵਾਲਾ ਲੈਕੇ ਆਇਆ, ਵੰਗਾਂ ਰੰਗਾਂ ਵਾਲੀਆਂ।
ਟਿੱਕਾ, ਸੱਗੀਫੁੱਲ, ਨਾਲ ਗੁੱਤਾਂ ਤੇ ਪਰਾਂਦੇ ਨੇ।
ਢਲ ਗਿਆ ਦਿਨ, ਰੇਟ ਤੋੜਿਆ ਵਾ ਜਾਂਦੇ ਨੇ।
“ਸੰਧੂ”ਤੁਰ ਗਿਆ, ਖਾਲੀ ਰਹਿਣ ਨਾ ਪਟਾਰੀਆਂ।
ਫੇਰੀ ਵਾਲਾ ਲੈਕੇ ਆਇਆ, ਵੰਗਾਂ ਰੰਗਾਂ ਵਾਲੀਆਂ।
ਗੋਟੇ ਲੱਗੇ ਚੁੰਨੀ ‘ਤੇ, ਪੰਜਾਬੀ ਸੂਟ ਸਾੜ੍ਹੀਆਂ।
(ਅਲੋਪ ਹੋ ਰਹੇ ਪੰਜਾਬੀ ਸਭਿਆਚਾਰ ਨੂੰ ਸਮਰਪਿਤ)
———————00000———————
ਨਵਾਂ ਜਮਾਨਾਂ ਏ (ਗੀਤ)
ਸ਼ਾਦੀ ਬਣ ਗਈ ਵੇਖ ਵਿਖਾਵੇ।
ਰਿਸ਼ਤਾ ਕੱਚ ਵਾਂਗ ਟੁੱਟ ਜਾਵੇ।
ਓਹੀ ਬੁਰਾ ਜਿਹੜਾ ਸਮਝਾਵੇ, ਮਾਰੇ ਫੋਕੀਆਂ ਸ਼ਾਨਾਂ ਨੇ।
ਲਾਹ ਲਿਆ ਸ਼ਰਮ ਹਿਆ ਦਾ ਪਰਦਾ, ਦੱਸਦੇ ਨਵਾਂ ਜਮਾਨਾਂ ਏ।
ਜਿਉਦੇ ਮਾਪੇ ਮਾਰ ਮੁਕਾਕੇ।
ਸ਼ਾਦੀ ਕਰਨ ਕਚਿਹਰੀ ਜਾਕੇ।
ਖੜ੍ਹ ਗਏ ਹੱਥਾਂ ‘ਚ ਹੱਥ ਪਾਕੇ, ਜਿੱਤ ਲਈ ਜੰਗ ਜੁਆਨਾਂ ਨੇ।
ਲਾਹ ਲਿਆ ਸ਼ਰਮ ਹਿਆ ਦਾ ਪਰਦਾ ,ਦਸਦੇ ਨਵਾਂ ਜਮਾਨਾਂ ਏ।
ਰਿਸ਼ਤੇ ਵਿੱਚ ਮਿਲਾਵਟ ਪਾਕੇ।
ਮੋਹਰ ਲਵਾਉਣੀ ਪੱਕੀ ਜਾਕੇ।
ਮਹਿੰਗੇ ਭਾਅ ਤੇ ਸੌਦੇ ਲਾਤੇ, ਰਿਸ਼ਤੇਦਾਰ ਦੁਕਾਨਾਂ ਨੇ।
ਲਾਹ ਸ਼ਰਮ ਹਿਆ ਦਾ ਪਰਦਾ, ਦਸਦਾ ਨਵਾਂ ਜਮਾਨਾਂ ਏ।
ਬਾਪ ਦੀ ਵੀਹ ਨੌਂਹ ਦੀ ਕਮਾਈ।
ਓਲਾਦ ਨੇ ਨਸ਼ਿਆਂ ਵਿੱਚ ਓਡਾਈ।
ਲਾਅ ਲਾ ਟੀਕੇ ਬਾਂਹ ਪੜ੍ਹਵਾਈ, “ਸੰਧੂ” ਨੌਜੁਆਨਾਂ ਨੇ।
ਲਾਹ ਲਿਆ ਸ਼ਰਮ ਹਿਆ ਦਾ ਪਰਦਾ ਦਸਦੇ ਨਵਾਂ ਜਮਾਨਾਂ ਏ।
ਭੁੱਲ ਗਿਆ ਤੂੰ “ਸੁਖਵੀਰ” ਪੰਜਾਬੀ।
ਰਹਿੰਦੀ ਇੰਗਲਿਸ਼ ਨੇ ਆ ਖਾਧੀ।
ਦੇਸੀ ਗੋਰਿਆਂ ਕਰਤੀ ਫਾਡੀ, ਬਚਦੀ ਕੁਝ ਸ਼ੈਤਾਨਾਂ ਨੇ।
ਲਾਹ ਲਿਆ ਸ਼ਰਮ ਹਿਆ ਦਾ ਪਰਦਾ, ਦਸਦੇ ਨਵਾਂ ਜਮਾਨਾਂ ਏ।
———————00000———————
ਭੁੱਲੀ ਨਾ ਪੰਜਾਬ (ਗੀਤ)
ਮੈਂ ਤਾਂ ਜੰੰਮਿਆ ਵਿਦੇਸ਼।
ਮੇਰੇ ਮਾਪੇ ਤਾਂ ਹਮੇਸ਼।
ਯਾਦ ਕਰਕੇ ਉਹ ਦੇਸ਼।
ਸੁੱਤੇ ਉੱਠ ਬਹਿੰਦੇ ਸੀ।
ਭੁੱਲੀ ਨਾ ਪੰਜਾਬ ਪੁੱਤ ਮੈਨੂੰ ਕਹਿੰਦੇ ਸੀ।
ਜਾਂਈ ਤੂੰ ਜਰੂਰ ਰੋਜ਼ ਕਹਿੰਦੇ ਰਹਿੰਦੇ ਸੀ।
ਅਸੀ ਇਕੱਲੇ ਸੀ ਕਲਾਪੇ।
ਹੁੰਦੇ ਸੌ ਸੀ ਸਿਆਪੇ।
ਪਿੱਛੋਂ ਤੁਰ ਗਏ ਸੀ ਮਾਪੇ।
ਸੀਨੇ ਹੌਲ ਪੈਂਦੇ ਸੀ।
ਭੁੱਲੀ ਨਾ ਪੰਜਾਬ ਪੁੱਤ ਮੈਨੂੰ ਕਹਿੰਦੇ ਸੀ।
ਘਰ ਢਾਹ ਕੇ ਪਾ ਤੀ ਕੋਠੀ
ਦਾਲ ਅੱਗੇ ਕੀ ਏ ਬੋਟੀ।
ਪੀਜ਼ਾ ਹੁੰਦੀ ਸਾਡੀ ਰੋਟੀ।
ਕੇਕ ਬਹੁਤ ਮਹਿੰਗੇ ਸੀ।
ਭੁੱਲੀ ਨਾ ਪੰਜਾਬ ਪੁੱਤ ਮੈਨੂੰ ਕਹਿੰਦੇ ਸੀ।
ਧੀ ਸਾਡੀ ਜਾਂ ਪਰਾਈ।
ਹੁੰਦਾ ਫਰਕ ਨਾ ਕਾਈ।
ਹੋਵੇ ਕਿਸੇ ਦਾ ਜਵਾਈ।
ਦੁੱਧ ਕਾਹੜ੍ਹ ਦਿੰਦੇ ਸੀ
ਵੇਖੀ ਤੂੰ ਪੰਜਾਬ ਪੁੱਤ ਮੈਨੂੰ ਕਹਿੰਦੇ ਸੀ।
ਹੋਵੇ ਮੰਗਣਾ ਜਾਂ ਭੋਗ।
ਕਿਤੇ ਸ਼ਾਦੀ ਭਾਵੇਂ ਸੋਗ।
ਹੁੰਦਾ ਮਾੜਾ ਮੋਟਾ ਰੋਗ।
ਸਾਰੇ ਮਿਲ ਬਹਿੰਦੇ ਸੀ।
ਭੁੱਲੀ ਨਾ ਪੰਜਾਬ ਪੁੱਤ ਮੈਨੂੰ ਕਹਿੰਦੇ ਸੀ।
ਭਾਵੇਂ ਕਣਕਾਂ ਦੀ ਕਟਾਈ।
ਹੁੰਦੀ ਰੇਤੇ ਦੀ ਭਰਾਈ।
ਸਿਰ ਚੜ੍ਹ ਜੇ ਬਿਜ਼ਾਈ।
ਮੰਗ ਪਾ ਲੈਂਦੇ ਸੀ।
ਭੁੱਲੀ ਨਾ ਪੰਜਾਬ ਪੁੱਤ ਮੈਨੂੰ ਕਹਿੰਦੇ ਸੀ।
ਬਹੁਤ ਖੱਟਿਆ ਕਮਾਇਆ।
ਪਿੰਡ ”ਅਲਕੜੇ” ਭੁਲਾਇਆ।
”ਸੰਧੂ” ਕਦੋਂ ਤੋਂ ਪਰਾਇਆ।
ਸਾਲ ਗਿਣ ਲੈਂਦੇ ਸੀ।
ਭੁੱਲੀ ਨਾ ਪੰਜਾਬ ਪੁੱਤ ਮੈਨੂੰ ਕਹਿੰਦੇ ਸੀ।
ਜਾਂਈ ਤੂੰ ਜਰੂਰ ਰੋਜ਼ ਕਹਿੰਦੇ ਰਹਿੰਦੇ ਸੀ।
(ਪਰਦੇਸ ‘ਚ ਜੰਮੇ ਪੁੱਤ ਨੂੰ ਮਾਪਿਆਂ ਵਲੋਂ ਦਿੱਤੀਆਂ ਨਸੀਹਤਾਂ ਦੀ ਇੱਕ ਯਾਦ)
———————00000———————