Health & FitnessArticlesWomen's World

ਬਿਮਾਰੀ ਅਤੇ ਮੌਤ ਨੂੰ ਸੱਦਾ ਦੇਣ ਦੇ ਬਰਾਬਰ ਹੈ ਪਲਾਸਟਿਕ ਸਰਜਰੀ !

ਬਿਮਾਰੀ ਅਤੇ ਮੌਤ ਨੂੰ ਸੱਦਾ ਦੇਣ ਦੇ ਬਰਾਬਰ ਹੈ ਪਲਾਸਟਕਿ ਸਰਜਰੀ।
ਲੇਖਕ: ਬਲਰਾਜ ਸਿੰਘ ਸਿੱਧੂ, ਏ.ਆਈ.ਜੀ.(ਰਿਟਾ), ਪੰਡੋਰੀ ਸਿੱਧਵਾਂ।

ਆਮ ਲੋਕ ਫਿਲਮੀ ਸਿਤਾਰਿਆਂ ਦੀ ਖੂਬਸੂਰਤੀ ਤੋਂ ਜਬਰਦਸਤ ਪ੍ਰਭਾਵਿਤ ਹੁੰਦੇ ਹਨ। ਤਿੱਖੇ ਨੈਣ ਨਕਸ਼, ਤਰਾਸ਼ੇ ਹੋਏ ਨੱਕ, ਯੂਨਾਨੀ ਦੇਵਤਿਆਂ ਦੀਆਂ ਮੂਰਤੀਆਂ ਵਰਗੇ ਮਜ਼ਬੂਤ ਜਬਾੜੇ ਅਤੇ ਦੁੱਧ ਵਰਗੀ ਸਾਫ ਸ਼ਫਾਕ ਚਮੜੀ। ਕਦੇ ਕਿਸੇ ਨੇ ਸੋਚਿਆ ਹੈ ਕਿ ਜਿਹੜੀ ਇਹ ਖੂਬਸੂਰਤੀ ਵਿਖਾਈ ਜਾ ਰਹੀ ਹੈ ਇਹ ਕਿੰਨੀ ਅਸਲੀ ਹੈ ਤੇ ਕਿੰਨੀ ਫਰਜ਼ੀ? ਸਿਤਾਰਿਆਂ ਨੂੰ ਵੇਖ ਕੇ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਕਾਸ਼ ਮੇਰਾ ਨੱਕ ਵੀ ਅਜਿਹਾ ਹੁੰਦਾ, ਮੇਰੀ ਫਿਗਰ ਵੀ ਅਜਿਹੀ ਕੜਕ ਹੁੰਦੀ ਅਤੇ ਮੇਰੀ ਚਮੜੀ ਵੀ ਅਜਿਹੀ ਸਾਫ ਸ਼ਫਾਕ ਹੁੰਦੀ। ਪਰ ਅਸਲੀਅਤ ਇਹ ਹੈ ਕਿ ਇਨ੍ਹਾਂ ਸਿਤਾਰਿਆਂ ਦੀ ਜਿਸ ਖੂਬਸੂਰਤੀ ਨੂੰ ਅਸੀਂ ਰੱਬ ਵੱਲੋਂ ਬਖਸ਼ੀ ਹੋਈ ਦਾਤ ਸਮਝ ਰਹੇ ਹਾਂ, ਅਸਲ ਵਿੱਚ ਉਹ ਡਾਕਟਰਾਂ ਦੁਆਰਾ ਉਪਰੇਸ਼ਨ ਥਿਅੇਟਰਾਂ ਵਿੱਚ ਤਿਆਰ ਕੀਤੀ ਗਈ ਹੁੰਦੀ ਹੈ। ਹਾਲੀਵੁੱਡ – ਬਾਲੀਵੁੱਡ ਸਿਤਾਰਿਆਂ ਦੀ ਇਸ ਖੂਬਸੂਰਤੀ ਦੇ ਮਿਆਰ ਐਨੇ ਜ਼ਹਿਰੀਲੇ ਹੋ ਚੁੱਕੇ ਹਨ ਕਿ ਕੋਈ ਨੱਕ ਦੀ ਪਲਾਸਟਿਕ ਸਰਜਰੀ ਕਰਵਾ ਰਿਹਾ ਹੈ, ਕੋਈ ਬਰੈਸਟ ਨੂੰ ਵੱਡੀ ਕਰਵਾਉਂਦੀ ਹੈ, ਕੋਈ ਜਬਾੜੇ ਦੀ ਹੱਡੀ ਨੂੰ ਠੀਕ ਕਰਵਾਉਂਦਾ ਹੈ ਤੇ ਕੋਈ ਰੰਗ ਗੋਰਾ ਕਰਨ ਲਈ ਗਲੂਟਾਥੀਉਨ ਇੰਜੈਕਸ਼ਨ ਲਗਵਾਉਂਦਾ ਹੈ। ਝੁਰੜੀਆਂ ਖਤਮ ਕਰਨ ਲਈ ਫੇਸ ਲਿਫਟ ਸਰਜਰੀ ਅਤੇ ਬੋਟੋਕਸ ਦੇ ਟੀਕੇ ਲਗਵਾਉਣਾ, ਗੰਜਾਪਣ ਖਤਮ ਕਰਨ ਲਈ ਹੇਅਰ ਟਰਾਂਸਪਲਾਂਟ ਤੇ ਚਰਬੀ ਘਟਾਉਣ ਲਈ ਲਾਈਪੋਸਕਸ਼ਨ ਆਦਿ ਕਰਵਾਉਣਾ ਆਮ ਜਿਹੀ ਗੱਲ ਹੋ ਗਈ ਹੈ। ਦੁਨੀਆਂ ਦੀ ਸਭ ਤੋਂ ਖਤਰਨਾਕ ਸਰਜਰੀ  ਬਰੀਜ਼ੀਲੀਅਨ ਬੱਟ ਲਿਫਟ ਸਰਜਰੀ ਹੈ ਜਿਸ ਦੁਆਰਾ ਚਾਹਵਾਨਾਂ ਦੇ ਹਿਪਸ ਵੱਡੇ ਕੀਤੇ ਜਾਂਦੇ ਹਨ। ਪਰ ਇਸ ਸਰਜ਼ਰੀ ਦੌਰਾਨ ਮਰਨ ਦੀ ਦਰ 3000 ਵਿੱਚ ਇੱਕ ਹੈ ਜੋ ਮੈਡੀਕਲ ਸਾਇੰਸ ਵਿੱਚ ਬਹੁਤ ਵੱਡੀ ਮੰਨੀ ਜਾਂਦੀ ਹੈ। ਫਿਰ ਵੀ ਹਰ ਸਾਲ ਵਿਕਸਿਤ ਦੇਸ਼ਾਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਇਹ ਸਰਜਰੀ ਕਰਵਾਈ ਜਾਂਦੀ ਹੈ ਜਿਸ ਦੇ ਫਲਸਵਰੂਪ ਅਨੇਕਾਂ ਲੋਕ ਮੌਤ ਦੇ ਮੂੰਹ ਵਿੱਚ ਜਾ ਪੈਂਦੇ ਹਨ।

ਫਿਲਮੀ ਸਿਤਾਰਿਆਂ ਦਾ ਇਹ ਪਾਗਲਪਨ ਆਮ ਨੌਜਵਾਨਾਂ ‘ਤੇ ਬਹੁਤ ਮਾਰੂ ਪ੍ਰਭਾਵ ਪਾ ਰਿਹਾ ਹੈ। 2024 ਵਿੱਚ ਕੋਇੰਬਟੂਰ ਦੀ ਅੰਮ੍ਰਿਤਾ ਵਿਸ਼ਵ ਵਿਦਿਆਪੀਠਮ ਯੂਨੀਵਰਸਿਟੀ ਨੇ ਇਸ ਸਬੰਧੀ ਇੱਕ ਅਧਿਐਨ ਕੀਤਾ ਤਾਂ ਪਤਾ ਚੱਲਿਆ ਕਿ 77% ਲੜਕੇ ਲੜਕੀਆਂ ਆਪਣੀ ਸਰੀਰਕ ਬਣਤਰ ਤੋਂ ਖੁਸ਼ ਨਹੀਂ ਹਨ। ਕਿੰਨੀ ਬੁਰੀ ਗੱਲ ਹੈ ਕਿ ਅਸੀਂ ਖੁਦ ਹੀ ਮੰਨ ਲਿਆ ਹੈ ਕਿ ਅਸੀਂ ਖੁਬਸੂਰਤ ਨਹੀਂ ਹਾਂ। ਪਲਾਸਟਿਕ ਸਰਜਰੀ ਅੱਜ ਅਰਬਾਂ ਖਰਬਾਂ ਡਾਲਰ ਦਾ ਕਾਰੋਬਾਰ ਬਣ ਚੁੱਕਿਆ ਹੈ। ਇਸ ਦਾ ਸਿਰਫ ਇੱਕ ਹੀ ਕੰਮ ਹੈ ਨਕਲੀ ਤਰੀਕੇ ਨਾਲ ਲੋਕਾਂ ਦੀ ਵਧਦੀ ਹੋਈ ਉਮਰ ਨੂੰ ਕੁਝ ਦੇਰ ਲਈ ਰੋਕ ਦੇਣਾ ਤੇ ਉਨ੍ਹਾਂ ਨੂੰ ਆਪਣੇ ਚਿਹਰੇ ਅਤੇ ਸਰੀਰ ਨਾਲ ਘਿਰਣਾ ਕਰਨ ਲਈ ਮਜ਼ਬੂਰ ਕਰਨਾ। ਸੱਚਾਈ ਇਹ ਹੈ ਕਿ ਅੱਜ 90% ਬਾਲੀਵੁੱਡ ਹੀਰੋ ਹੀਰੋਇਨਾਂ ਨੇ ਹੋਰ ਜਿਆਦਾ ਖੂਬਸੂਰਤ ਲੱਗਣ ਲਈ ਕਾਸਮੈਟਿਕ ਸਰਜਰੀ ਕਰਵਾ ਰੱਖੀ ਹੈ। ਪਰ ਦੱਖਣ ਦੇ ਸੁਪਰ ਸਟਾਰ ਕਮਲ ਹਸਨ ਦੀ ਬੇਟੀ ਸ਼ਰੁਤੀ ਹਸਨ, ਅਨੁਸ਼ਕਾ ਸ਼ਰਮਾ, ਪ੍ਰਿਅੰਕਾ ਚੋਪੜਾ, ਸ਼੍ਰੀ ਦੇਵੀ ਦੀ ਬੇਟੀ ਖੁਸ਼ੀ ਕਪੂਰ, ਰਾਖੀ ਸਾਵੰਤ ਅਤੇ ਸ਼ਿਲਪਾ ਸ਼ੈੱਟੀ ਨੂੰ ਛੱਡ ਕੇ ਬਹੁਤ ਘੱਟ ਸਿਤਾਰੇ ਇਸ ਨੂੰ ਸਵੀਕਾਰ ਕਰਦੇ ਹਨ। ਰਾਖੀ ਸਾਵੰਤ ਨੇ ਤਾਂ ਇੱਥੋਂ ਤੱਕ ਕਿਹਾ ਹੈ ਕਿ ਜੋ ਚੀਜਾਂ ਰੱਬ ਨਹੀਂ ਦੇਂਦਾ, ਉਹ ਡਾਕਟਰ ਦੇ ਦੇਂਦਾ ਹੈ।

ਪਰ ਕਈ ਸਿਤਾਰੇ ਅਜਿਹੇ ਹਨ ਕਿ ਜਿੰਨ੍ਹਾਂ ਨੇ ਕਦੇ ਵੀ ਇਹ ਨਹੀਂ ਮੰਨਿਆਂ ਕਿ ਉਨ੍ਹਾਂ ਨੇ ਸਰਜਰੀ ਕਰਵਾਈ ਹੈ ਪਰ ਉਨ੍ਹਾਂ ਦੀਆਂ ਪੁਰਾਣੀਆਂ ਅਤੇ ਨਵੀਆਂ ਫੋਟੋ ਵੇਖ ਕੇ ਇਹ ਗੱਲ ਸਾਫ ਪਤਾ ਲੱਗ ਜਾਂਦੀ ਹੈ। ਪਲਾਸਟਿਕ ਸਰਜਰੀ ਨਾਮ ਵੇਖ ਕੇ ਲੱਗਦਾ ਹੈ ਕਿ ਇਹ ਸ਼ਾਇਦ ਕੋਈ 40-50 ਸਾਲ ਪਹਿਲਾਂ ਸ਼ੁਰੂ ਹੋਈ ਹੋਵੇਗੀ ਪਰ ਅਸਲ ਵਿੱਚ ਇਹ ਹਜ਼ਾਰਾਂ ਸਾਲਾਂ ਤੋਂ ਕੀਤੀ ਜਾ ਰਹੀ ਹੈ। ਕਰੀਬ 3100 ਸਾਲ ਪਹਿਲਾਂ ਸੰਨ 600 ਬੀ.ਸੀ. ਵਿੱਚ ਸੁਸ਼ਰਤ ਨਾਮਕ ਭਾਰਤੀ ਵੈਦ ਨੇ ਪਲਾਸਟਿਕ ਸਰਜਰੀ ਸ਼ੁਰੂ ਕੀਤੀ ਸੀ। ਪਰ ਉਹ ਪਲਾਸਟਿਕ ਸਰਜਰੀ ਕਿਸੇ ਨੂੰ ਖੂਬਸੂਰਤ ਬਣਾਉਣ ਲਈ ਨਹੀਂ ਬਲਕਿ ਇਲਾਜ਼ ਵਾਸਤੇ ਸੀ। ਉਸ ਨੇ ਨੱਕ, ਅੱਖ ਅਤੇ ਚਿਹਰੇ ਦਾ ਉਪਰੇਸ਼ਨ ਕਰ ਕੇ ਠੀਕ ਕਰਨ, ਇਲਾਜ਼ ਤੋਂ ਬਾਅਦ ਦੀ ਦੇਖ ਭਾਲ ਅਤੇ ਉਪਰੇਸ਼ਨ ਦੌਰਾਨ ਬੇਹੋਸ਼ ਕਰਨ ਸਬੰਧੀ ਬਾਰੇ ਆਪਣੇ ਗ੍ਰੰਥ ਸੁਸ਼ਰਤ ਸੰਹਿਤਾ ਵਿੱਚ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ। ਅਸਲ ਵਿੱਚ ਪਲਾਸਟਿਕ ਸਰਜਰੀ ਵਿੱਚ ਕ੍ਰਾਂਤੀ ਦੂਸਰੇ ਸੰਸਾਰ ਯੁੱਧ ਦੌਰਾਨ ਆਈ ਸੀ। ਜੰਗ ਕਾਰਨ ਹਜ਼ਾਰਾਂ ਸੈਨਿਕਾਂ ਦੇ ਕੱਟੇ ਵੱਢੇ ਚਿਹਰਿਆਂ ਨੂੰ ਠੀਕ ਕਰਨ ਦੀ ਮਜ਼ਬੂਰੀ ਕਾਰਨ ਇਸ ਖੇਤਰ ਵਿੱਚ ਵੱਡੀਆਂ ਖੋਜਾਂ ਕੀਤੀਆਂ ਗਈਆਂ ਸਨ। ਇਸ ਕ੍ਰਾਂਤੀ ਦਾ ਸਿਹਰਾ ਨਿਊਜ਼ੀਲੈਂਡ ਦੇ ਸਰਜਨ ਹਾਰੋਲਡ ਗਿਲੀਜ਼ ਦੇ ਸਿਰ ਬੱਝਦਾ ਹੈ ਜਿਸ ਨੂੰ ਪਲਾਸਟਿਕ ਸਰਜਰੀ ਦਾ ਪਿਤਾਮਾ ਕਿਹਾ ਜਾਂਦਾ ਹੈ। ਉਸ ਨੇ ਨਵੀਆਂ ਤਕਨੀਕਾਂ ਨਾਲ ਹਜ਼ਾਰਾਂ ਸੈਨਿਕਾਂ ਦੇ ਚਿਹਰਿਆਂ ਦੀ ਪਲਾਸਟਿਕ ਸਰਜਰੀ ਕੀਤੀ ਜਿਸ ਕਾਰਨ ਉਹ ਸਮਾਜ ਵਿੱਚ ਆਮ ਜ਼ਿੰਦਗੀ ਬਤੀਤ ਕਰਨ ਦੇ ਕਾਬਲ ਬਣੇ। ਇਸ ਤੋਂ ਬਾਅਦ ਇਸ ਖੇਤਰ ਵਿੱਚ ਨਵੀਆਂ ਤੋਂ ਨਵੀਆਂ ਖੋਜਾਂ ਸ਼ੁਰੂ ਹੋ ਗਈਆਂ ਤੇ ਹਾਲੀਵੁੱਡ ਵਿੱਚ ਪਲਾਸਟਿਕ ਸਰਜਰੀ ਹਰਮਨਪਿਆਰੀ ਹੋਣ ਲੱਗ ਪਈ। ਪਰ ਫਰਕ ਇਹ ਸੀ ਕਿ ਹੁਣ ਸਰਜਰੀ ਕਿਸੇ ਸੱਟ ਨੂੰ ਠੀਕ ਕਰਨ ਲਈ ਨਹੀਂ ਸਗੋਂ ਖੂਬਸੂਰਤ ਲੱਗਣ ਲਈ ਕੀਤੀ ਜਾਣ ਲੱਗੀ ਸੀ। ਅਮਰੀਕਾ ਵਿੱਚ ਪਲਾਸਟਿਕ ਸਰਜਰੀ ਕਰਨ ਵਾਲੇ ਕਲੀਨਿਕ ਖੁੰਬਾਂ ਵਾਂਗ ਉੱਗਣ ਲੱਗ ਪਏ ਤੇ 1980 ਤੱਕ ਇਹ ਅਰਬਾਂ ਖਰਬਾਂ ਡਾਲਰ ਦਾ ਕਾਰੋਬਾਰ ਬਣ ਗਿਆ। ਖੂਬਸੂਰਤੀ ਕੀ ਹੈ, ਇਹ ਇੱਕ ਬਹੁਤ ਗੁੰਝਲਦਾਰ ਸਵਾਲ ਹੈ ਤੇ ਹਰੇਕ ਸਮਾਜ ਵਿੱਚ ਇਸ ਦੇ ਅਰਥ ਅਲੱਗ ਅਲੱਗ ਹਨ। ਅਫਰੀਕਾ ਵਿੱਚ ਮੋਟੇ ਬੁੱਲ ਹੋਣ ਨੂੰ, ਭਾਰਤ ਵਿੱਚ ਮੋਟੀਆਂ ਅੱਖਾਂ ਤੇ ਚੀਨੀ ਨਸਲ ਵਿੱਚ ਤਿੱਖੀਆਂ ਤੇ ਛੋਟੀਆਂ ਅੱਖਾਂ ਨੂੰ ਖੁਬਸੂਰਤੀ ਨਿਸ਼ਾਨੀ ਮੰਨਿਆਂ ਜਾਂਦਾ ਹੈ। ਬਰਮਾ ਦੇ ਇੱਕ ਕਬੀਲੇ ਵਿੱਚ ਲੜਕੀਆਂ ਦੀਆਂ ਗਰਦਨਾਂ ਧਾਂਤ ਦੇ ਛੱਲੇ ਪਾ ਕੇ ਬਤਖ ਵਾਂਗ ਲੰਬੀਆਂ ਕਰ ਦਿੱਤੀਆਂ ਜਾਂਦੀਆਂ ਹਨ। ਉੱਤਰੀ ਭਾਰਤ ਵਿੱਚ ਗੋਰੇ ਤੇ ਦੱਖਣੀ ਭਾਰਤ ਵਿੱਚ ਕਾਲੇ ਰੰਗ ਨੂੰ ਖੂਬਸੂਰਤੀ ਦਾ ਪ੍ਰਤੀਕ ਮੰਨਿਆਂ ਜਾਂਦਾ ਹੈ। 1990ਵਿਆਂ ਵਿੱਚ ਜ਼ੀਰੋ ਫਿੱਗਰ (ਪੈਨਸਿਲ ਵਰਗੀਆਂ ਪਤਲੀਆਂ ਲੜਕੀਆਂ) ਨੂੰ ਖੁਬਸੂਰਤ ਮੰਨਿਆਂ ਜਾਂਦਾ ਸੀ ਜਦ ਕਿ ਅੱਜ ਕਲ੍ਹ ਸਿਹਤਮੰਦ ਲੜਕੀਆਂ ਨੂੰ।

ਹਾਲੀਵੁੱਡ ਵਿੱਚ ਪਲਾਸਟਿਕ ਸਰਜਰੀ ਐਨੀ ਨਾਰਮਲ ਹੋ ਚੁੱਕੀ ਹੈ ਜਿਸ ਬਾਰੇ ਹੁਣ ਕੋਈ ਗੱਲ ਵੀ ਨਹੀਂ ਕਰਦਾ ਪਰ ਬਾਲੀਵੁੱਡ ਵਿੱਚ ਇਹ ਅਜੇ ਵੀ ਇੱਕ ਹਊਆ ਹੈ। ਪਲਾਸਟਿਕ ਸਰਜਰੀ ਕਰਾਉਣ ਵਾਲੇ ਹੀਰੋ ਹੀਰੋਇਨਾਂ ਬਾਰੇ ਪਿੱਠ ਪਿੱਛੇ ਚੁਗਲੀਆਂ ਕੀਤੀ ਜਾਂਦੀਆਂ ਹਨ ਤੇ ਗਾਸਿਪ ਮੈਗਜ਼ੀਨਾਂ ਵਿੱਚ ਛਾਪਿਆ ਜਾਂਦਾ ਹੈ। ਬਾਲੀਵੁੱਡ ਦੇ ਸਿਤਾਰੇ (ਕੁਝ ਕੁ ਨੂੰ ਛੱਡ ਕੇ) ਸਰਜਰੀ ਕਰਵਾਉਣ ਬਾਰੇ ਬਿਲਕੁਲ ਵੀ ਨਹੀਂ ਮੰਨਦੇ ਪਰ ਉਨ੍ਹਾਂ ਦੀਆਂ ਪੁਰਾਣੀਆਂ ਤੇ ਨਵੀਆਂ ਤਸਵੀਰਾਂ ਵੇਖ ਕੇ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਸਰਜਰੀ ਕਰਵਾਈ ਗਈ ਹੈ। ਮਿਸਾਲ ਦੇ ਤੌਰ ‘ਤੇ ਉਰਵਸ਼ੀ ਰੌਤੇਲਾ, ਆਇਸ਼ਾ ਟਕੀਆ ਤੇ ਮੌਨੀ ਰਾਏ ਆਦਿ ਦੇ ਪਹਿਲਾਂ ਦੇ ਨੱਕ, ਗੱਲ੍ਹਾਂ ਦੀਆਂ ਹੱਡੀਆਂ ਅਤੇ ਹੋਂਠਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਸਿਰਫ ਹੀਰੋਇਨਾਂ ਹੀ ਨਹੀਂ, ਬਲਕਿ ਐਕਟਰ ਵੀ ਅਜਿਹੀਆਂ ਸਰਜਰੀਆਂ ਕਰਵਾ ਰਹੇ ਹਨ ਜਿਨ੍ਹਾਂ ਵਿੱਚ ਪ੍ਰਮੁੱਖ ਟਾਈਗਰ ਸ਼ਰਾਫ ਅਤੇ ਰਾਜ ਕੁਮਾਰ ਰਾਉ ਹਨ। ਰਾਜ ਕੁਮਾਰ ਰਾਉ ਨੇ ਤਾਂ ਇਹ ਗੱਲ ਸਵੀਕਾਰ ਵੀ ਕੀਤੀ ਹੈ। 60 ਸਾਲ ਦੀ ਉਮਰ ਵਿੱਚ ਵੀ ਆਮਿਰ ਖਾਨ, ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਆਦਿ ਵਰਗੇ ਸਟਾਰਾਂ ਦੇ ਚਿਹਰਿਆਂ ‘ਤੇ ਝੁਰੜੀਆਂ ਦਿਖਾਈ ਨਾ ਦੇਣ ਦਾ ਕਾਰਨ ਬੋਟੋਕਸ ਇੰਜੈਕਸ਼ਨ ਹੈ। ਬੋਟੋਕਸ ਇੱਕ ਕਿਸਮ ਦਾ ਨਿਊਰੋਟਾਕਸਿਨ ਜ਼ਹਿਰ ਹੁੰਦਾ ਹੈ ਜੋ ਚਮੜੀ ਨੂੰ ਖਿੱਚ ਕੇ ਟਾਈਟ ਕਰ ਦੇਂਦਾ ਹੈ। ਵੈਸੇ ਤਾਂ ਇਹ ਬਹੁਤ ਜ਼ਹਿਰੀਲਾ ਹੁੰਦਾ ਹੈ ਪਰ ਛੋਟੀ ਮਾਤਰਾ ਵਿੱਚ ਵਰਤਣ ਕਾਰਨ ਹਾਨੀ ਰਹਿਤ ਹੋ ਜਾਂਦਾ ਹੈ। ਇਸ ਦਾ ਇੱਕ ਮਾੜਾ ਪੱਖ ਇਹ ਹੈ ਕਿ ਇਸ ਨੂੰ ਹਰ ਦੋ ਤਿੰਨ ਮਹੀਨੇ ਬਾਅਦ ਲਗਵਾਉਣਾ ਪੈਂਦਾ ਹੈ। ਪਰ ਜਦੋਂ ਬਾਕੀ ਦਾ ਸਰੀਰ ਹੀ ਢਲਕ ਜਾਵੇ ਤਾਂ ਇਕੱਲਾ ਝੁਰੜੀ ਰਹਿਤ ਚਿਹਰਾ ਬੁਢਾਪੇ ਨੂੰ ਲੁਕਾ ਨਹੀਂ ਸਕਦਾ।

ਇੱਕ ਹੋਰ ਖਤਰਨਾਕ ਸਰਜਰੀ ਜੋ ਭਾਰਤੀ ਹੀਰੋਇਨਾਂ ਵਿੱਚ ਬਹੁਤ ਮਕਬੂਲ ਹੈ ਉਹ ਹੈ ਚਮੜੀ ਗੋਰੀ ਕਰਨ ਵਾਲੀ ਸਕਿੱਨ ਲਾਈਟਨਿੰਗ ਟਰੀਟਮੈਂਟ ਜੋ ਗਿਲੂਟਾਥਾਈਉਨ ਨਾਮਕ ਟੀਕਾ ਲਗਵਾ ਕੇ ਕੀਤੀ ਜਾਂਦੀ ਹੈ। ਇਨ੍ਹਾਂ ਵਿੱਚ ਸ਼ਾਮਲ ਹਨ ਕਾਜੋਲ, ਪ੍ਰਿਅੰਕਾ ਚੋਪੜਾ, ਸ਼ਿਲਪਾ ਸ਼ੈੱਟੀ, ਦੀਪਿਕਾ ਪਾਦੂਕੋਨ, ਸ੍ਰੀ ਦੇਵੀ, ਬਿਪਾਸ਼ਾ ਬਾਸੂ ਅਤੇ ਰੇਖਾ ਆਦਿ। ਫਿਲਮੀ ਕੈਰੀਅਰ ਦੀ ਸ਼ੁਰੂਆਤ ਵਿੱਚ ਇਨ੍ਹਾਂ ਦਾ ਰੰਗ ਕਾਫੀ ਡਾਰਕ ਸੀ ਜੋ ਹੁਣ ਬਹੁਤ ਗੋਰਾ ਦਿਖਾਈ ਦੇਂਦਾ ਹੈ ਪਰ ਇਨ੍ਹਾਂ ਵਿੱਚੋਂ ਕੋਈ ਵੀ ਇਸ ਗੱਲ ਨੂੰ ਨਹੀਂ ਮੰਨਦੀ। ਕਾਜੋਲ ਨੇ ਇੱਕ ਇੰਟਰਵਿਊ ਵਿੱਚ ਇਨਕਾਰ ਕਰਦੇ ਹੋਏ ਕਿਹਾ ਸੀ ਕਿ ਪਹਿਲਾਂ ਉਹ ਧੁੱਪ ਵਿੱਚ ਬਹੁਤ ਕੰਮ ਕਰਦੀ ਸੀ ਜਿਸ ਕਾਰਨ ਉਸ ਦਾ ਰੰਗ ਕਾਲਾ ਹੋ ਗਿਆ ਸੀ, ਪਰ ਹੁਣ ਉਹ ਜਿਆਦਾਤਰ ਛਾਂ ਵਿੱਚ ਰਹਿੰਦੀ ਹੈ। ਗਿਲੂਟਾਥਾਈਉਨ ਟੀਕਾ ਐਨਾ ਜ਼ਹਿਰੀਲਾ ਹੈ ਕਿ ਗਲਤ ਤਰੀਕੇ ਅਤੇ ਜਿਆਦਾ ਮਾਤਰਾ ਵਿੱਚ ਲਗਾ ਦੇਣ ਨਾਲ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ। ਕਾਂਟਾ ਲੱਗਾ ਗਾਣੇ ਤੋਂ ਵਿਸ਼ਵ ਪ੍ਰਸਿੱਧ ਹੋਣ ਵਾਲੀ ਡਾਂਸਰ ਸ਼ੈਫਾਲੀ ਜ਼ਰੀਵਾਲਾ ਦੀ ਮੌਤ (27 ਜੂਨ 2025) ਇਸੇ ਟੀਕੇ ਕਾਰਨ ਹੋਣ ਵਾਲੀ ਐਲਰਜੀ ਨਾਲ ਹੋਈ ਸੀ। ਵਿਸ਼ਵ ਵਿੱਚ ਅਜਿਹੇ ਕਈ ਹੋਰ ਵੀ ਵਾਕਿਆ ਹੋ ਚੁੱਕੇ ਹਨ ਪਰ ਫਿਲਮ ਇੰਡਸਟਰੀ ਅਤੇ ਹਾਈ ਸੁਸਾਇਟੀ ਦੀ ਚਮਕ ਦਮਕ, ਪੈਸਾ, ਸਟੇਟਸ ਅਤੇ ਪ੍ਰਸਿੱਧੀ ਕਾਰਨ ਵੱਧ ਤੋਂ ਵੱਧ ਲੋਕ ਪਲਾਸਟਿਕ ਸਰਜਰੀ ਵੱਲ ਖਿੱਚੇ ਚਲੇ ਆ ਰਹੇ ਹਨ।

Related posts

“ਮਹਿਲਾ ਰਾਖਵਾਂਕਰਨ ਬਿੱਲ ਡਿੱਗਣਾ-ਭੱਜ ਭੱਜ ਮੋਈ, ਪੇਕੇ ਵੀ ਨਾ ਪਹੁੰਚੀ”

admin

ਬਦਲਦਾ ਭਾਰਤ : ਸੱਤਾ ਦੇ ਕੇਂਦਰੀਕਰਨ, ਆਰਥਿਕ ਸੁਧਾਰਾਂ ਅਤੇ ਨਵੇਂ ਨੇਤ੍ਰਿਤਵ ਦਾ ਵਿਸ਼ਲੇਸ਼ਣ

admin

ਅਬਾਦੀ ਦਾ ਅੱਧ ਪਰ ਅਧੂਰੇ ਹੱਕ !

admin