ਮੈਲਬੌਰਨ – ਵਿਕਟੋਰੀਆ ਦੇ ਸਰਕਾਰੀ ਹਸਪਤਾਲਾਂ ਨੇ ਪਿਛਲੇ ਸਾਲ ਯੋਜਨਾਬੱਧ ਸਰਜਰੀਆਂ ਦਾ ਨਵਾਂ ਰਿਕਾਰਡ ਬਣਾਇਆ ਹੈ। 2025-26 ਦੌਰਾਨ ਸੂਬੇ ਭਰ ਵਿੱਚ ਲਗਭਗ 2.18 ਲੱਖ ਯੋਜਨਾਬੱਧ ਸਰਜਰੀਆਂ ਕੀਤੀਆਂ ਗਈਆਂ, ਜਿਸ ਨਾਲ ਹਜ਼ਾਰਾਂ ਮਰੀਜ਼ਾਂ ਨੂੰ ਆਪਣਾ ਇਲਾਜ ਪਹਿਲਾਂ ਨਾਲੋਂ ਜਲਦੀ ਮਿਲਿਆ। ਇਹ ਵਿਕਟੋਰੀਆ ਦੇ ਸਰਕਾਰੀ ਹਸਪਤਾਲਾਂ ਵਿੱਚ ਲਗਾਤਾਰ ਤੀਜਾ ਰਿਕਾਰਡ ਤੋੜ ਸਾਲ ਹੈ। ਸਿਹਤ ਮੰਤਰੀ ਇੰਗ੍ਰਿਡ ਸਟਿੱਟ ਨੇ ਨੌਰਦਰਨ ਹਸਪਤਾਲ ਦਾ ਦੌਰਾ ਕਰਕੇ ਇਸ ਉਪਲਬਧੀ ਵਿੱਚ ਯੋਗਦਾਨ ਪਾਉਣ ਵਾਲੇ ਸਿਹਤ ਕਰਮਚਾਰੀਆਂ ਦਾ ਧੰਨਵਾਦ ਕੀਤਾ। ਨੌਰਦਰਨ ਹੈਲਥ ਵਿੱਚ ਕਰੀਬ 12,000 ਸਰਜਰੀਆਂ ਕੀਤੀਆਂ ਗਈਆਂ, ਜੋ ਸਿਹਤ ਸੇਵਾ ਵੱਲੋਂ ਤੈਅ ਕੀਤੇ ਟੀਚੇ ਤੋਂ ਵੀ ਵੱਧ ਸਨ। ਇਸ ਕਾਰਗੁਜ਼ਾਰੀ ਵਿੱਚ ਇੱਕੋ ਦਿਨ ਵਿੱਚ ਸਰਜਰੀ ਕਰਕੇ ਮਰੀਜ਼ਾਂ ਨੂੰ ਘਰ ਭੇਜਣ ਦੀ ਸਹੂਲਤ ਵਧਾਉਣਾ ਅਤੇ ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦੇਣ ਦੀ ਪ੍ਰਕਿਰਿਆ ਨੂੰ ਬਿਹਤਰ ਬਣਾਉਣਾ ਸ਼ਾਮਲ ਹੈ। ਪਿੱਤੇ ਦੀ ਪੱਥਰੀ ਵਰਗੀਆਂ ਆਮ ਬਿਮਾਰੀਆਂ ਦੀ ਸਰਜਰੀ ਲਈ ਨਵੇਂ ਤਰੀਕੇ ਵੀ ਵਰਤੇ ਜਾ ਰਹੇ ਹਨ। ਇਸ ਨਾਲ ਮਰੀਜ਼ਾਂ ਦੇ ਨਤੀਜੇ ਬਿਹਤਰ ਹੋ ਰਹੇ ਹਨ ਅਤੇ ਉਹ ਇਲਾਜ ਤੋਂ ਬਾਅਦ ਜਲਦੀ ਘਰ ਵਾਪਸ ਜਾ ਸਕਦੇ ਹਨ।
ਸਰਜਰੀਆਂ ਦੀ ਉਡੀਕ ਘਟਾਉਣ ਲਈ ਨਵੀਆਂ ਯੋਜਨਾਵਾਂ
ਵਿਕਟੋਰੀਆ ਸਰਕਾਰ ਦਾ Planned Surgery Reform Blueprint ਸਰਜਰੀਆਂ ਦੀ ਉਡੀਕ ਦਾ ਸਮਾਂ ਘਟਾਉਣ ਅਤੇ ਹਸਪਤਾਲਾਂ ਵਿੱਚ ਥੀਏਟਰਾਂ ਤੇ ਬੈੱਡਾਂ ਦੀ ਸਮਰੱਥਾ ਵਧਾਉਣ ’ਤੇ ਧਿਆਨ ਦੇ ਰਿਹਾ ਹੈ। ਇਸ ਯੋਜਨਾ ਤਹਿਤ ਗੈਰ-ਸਰਜੀਕਲ ਇਲਾਜ ਦੇ ਵਿਕਲਪ ਵਧਾਏ ਜਾ ਰਹੇ ਹਨ, ਇੱਕੋ ਦਿਨ ਵਿੱਚ ਹੋਣ ਵਾਲੀਆਂ ਸਰਜਰੀਆਂ ਦੀ ਗਿਣਤੀ ਵਧਾਈ ਜਾ ਰਹੀ ਹੈ ਅਤੇ ਸੂਬੇ ਭਰ ਵਿੱਚ 28 Patient Support Units ਬਣਾਏ ਗਏ ਹਨ। ਇਸ ਤੋਂ ਇਲਾਵਾ Rapid Access Hubs ਅਤੇ Public Surgical Centres ਵਰਗੀਆਂ ਵਿਸ਼ੇਸ਼ ਸਹੂਲਤਾਂ ਰਾਹੀਂ ਸਰਜਰੀਆਂ ਦੀ ਸਮਰੱਥਾ ਵਧਾਈ ਜਾ ਰਹੀ ਹੈ।
ਵਿਕਟੋਰੀਆ ਸਰਕਾਰ ਨੇ 2026-27 ਦੇ ਬਜਟ ਵਿੱਚ ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਲਈ 50 ਮਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਹੈ। ਇਸ ਰਾਹੀਂ ਬੱਚਿਆਂ ਲਈ ਹੋਰ 4,000 ਯੋਜਨਾਬੱਧ ਸਰਜਰੀਆਂ ਕਰਵਾਉਣ ਦਾ ਟੀਚਾ ਹੈ, ਤਾਂ ਜੋ ਉਹ ਜਲਦੀ ਕਿੰਡਰ ਜਾਂ ਸਕੂਲ ਵਾਪਸ ਜਾ ਸਕਣ। ਇਸ ਤੋਂ ਇਲਾਵਾ 33.3 ਮਿਲੀਅਨ ਡਾਲਰ VicKey ਨਾਮ ਦੇ ਸੁਰੱਖਿਅਤ ਡਿਜ਼ੀਟਲ ਪੋਰਟਲ ਦੇ ਵਿਸਥਾਰ ਲਈ ਰੱਖੇ ਗਏ ਹਨ। ਇਹ ਹਸਪਤਾਲਾਂ ਨੂੰ ਸਰਜਰੀ ਦੀਆਂ ਉਡੀਕ ਸੂਚੀਆਂ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਭਾਲਣ ਵਿੱਚ ਮਦਦ ਕਰੇਗਾ। ਸਰਕਾਰ ਨੇ 8 ਮਿਲੀਅਨ ਡਾਲਰ Specialist Advice Now ਨਾਮ ਦੀ ਨਵੀਂ ਪਾਇਲਟ ਸੇਵਾ ਲਈ ਵੀ ਦਿੱਤੇ ਹਨ। ਇਸ ਰਾਹੀਂ GP ਅਤੇ ਮਰੀਜ਼ ਬਿਨਾਂ ਰੈਫਰਲ ਦੇ ਮਾਹਿਰ ਡਾਕਟਰਾਂ ਤੋਂ ਸਮੇਂ ਸਿਰ ਸਲਾਹ ਲੈ ਸਕਣਗੇ, ਜਿਸ ਨਾਲ ਇਲਾਜ ਦੀ ਉਡੀਕ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ।
ਸਿਹਤ ਮੰਤਰੀ ਇੰਗ੍ਰਿਡ ਸਟਿੱਟ ਨੇ ਕਿਹਾ ਕਿ ਵਿਕਟੋਰੀਆ ਯੋਜਨਾਬੱਧ ਸਰਜਰੀਆਂ ਦੇ ਮਾਮਲੇ ਵਿੱਚ ਦੇਸ਼ ਦੀ ਅਗਵਾਈ ਕਰ ਰਿਹਾ ਹੈ ਅਤੇ ਇਸ ਸਫਲਤਾ ਦਾ ਸਿਹਰਾ ਸੂਬੇ ਦੇ ਸਮਰਪਿਤ ਸਿਹਤ ਕਰਮਚਾਰੀਆਂ ਨੂੰ ਜਾਂਦਾ ਹੈ। ਥੌਮਸਟਾਊਨ ਦੀ ਸੰਸਦ ਮੈਂਬਰ ਬਰੌਨਵਿਨ ਹਾਫਪੈਨੀ ਅਤੇ ਮਿਲ ਪਾਰਕ ਦੀ ਸੰਸਦ ਮੈਂਬਰ ਲਿਲੀ ਡੀ’ਐਂਬਰੋਸੀਓ ਨੇ ਵੀ ਨੌਰਦਰਨ ਹਸਪਤਾਲ ਦੇ ਸਿਹਤ ਕਰਮਚਾਰੀਆਂ ਦੀ ਮਿਹਨਤ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਉੱਤਰੀ ਵਿਕਟੋਰੀਆ ਦੇ ਬੱਚਿਆਂ ਅਤੇ ਪਰਿਵਾਰਾਂ ਨੂੰ ਲੋੜੀਂਦੀ ਸਰਜਰੀ ਅਤੇ ਇਲਾਜ ਸਮੇਂ ਸਿਰ ਮੁਹੱਈਆ ਕਰਵਾਉਣਾ ਸਰਕਾਰ ਦੀ ਮਹੱਤਵਪੂਰਨ ਤਰਜੀਹ ਹੈ।
