ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਉਲੰਘਣਾ ਦੇ ਦੋਸ਼ਾਂ ਹੇਠ ਬਹੁਤ ਸਾਰੇ ਲੋਕਾਂ ਦੀ ਕੀਤੀ ਗਈ ਗ੍ਰਿਫਤਾਰੀ ਤੋਂ ਬਾਅਦ ਪਿਛਲੇ ਚਾਰ ਦਿਨਾਂ ਤੋਂ ਸੜਕਾਂ ‘ਤੇ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਦੀ ਕਵਰੇਜ਼ ਕਰਦਿਆਂ ਇੱਕ ਆਸਟ੍ਰੇਲੀਅਨ ਪੱਤਰਕਾਰ ਗੋਲੀ ਦਾ ਸਿ਼ਕਾਰ ਹੋ ਗਈ ਹੈ।
ਨਾਇਨ ਨਿਊਜ਼ ਲਈ ਅਮਰੀਕੀ ਪੱਤਰਕਾਰ ਲੌਰੇਨ ਟੋਮੇਸੀ, ਡਾਊਨਟਾਊਨ ਐਲਏ ਵਿੱਚ ਮੈਟਰੋਪੋਲੀਟਨ ਡਿਟੈਂਸ਼ਨ ਸੈਂਟਰ ਦੇ ਬਾਹਰ ਰਿਪੋਰਟਿੰਗ ਕਰ ਰਹੀ ਸੀ ਜਦੋਂ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣਾ ਸ਼ੁਰੂ ਕਰ ਦਿੱਤਾ ਤਾਂ ਇੱਕ ਰਬੜ ਦੀ ਗੋਲੀ ਉਸ ‘ਤੇ ਲੱਗੀ। ਨਾਇਨ ਨਿਊਜ਼ ਦੀ ਰਿਪੋਰਟਰ ਲੌਰੇਨ ਟੋਮੇਸੀ ਉਸ ਸਮੇਂ ਜ਼ਖਮੀ ਹੋ ਗਈ ਜਦੋਂ ਇਮੀਗ੍ਰੇਸ਼ਨ ਉਲੰਘਣਾ ਦੇ ਦੋਸ਼ਾਂ ਹੇਠ ਬਹੁਤ ਸਾਰੇ ਲੋਕਾਂ ਦੀ ਕੀਤੀ ਗਈ ਗ੍ਰਿਫਤਾਰੀ ਤੋਂ ਬਾਅਦ ਉਹ ਅਮਰੀਕਾ ਦੇ ਵਿੱਚ ਸੜਕਾਂ ‘ਤੇ ਹੋਏ ਵਿਰੋਧ ਪ੍ਰਦਰਸ਼ਨਾਂ ਨੂੰ ਕਵਰ ਕਰ ਰਹੀ ਸੀ। ਇਹ ਪਲ ਕੈਮਰੇ ਵਿੱਚ ਕੈਦ ਹੋ ਗਿਆ ਜਦੋਂ ਟੋਮੇਸੀ ਦੀ ਲੱਤ ਵਿੱਚ ਰਬੜ ਦੀ ਗੋਲੀ ਲੱਗੀ। ਇਸ ਘਟਨਾ ਸਬੰਧੀ ਨਾਇਨ ਨਿਊਜ਼ ‘ਤੇ ਅਪਡੇਟ ਦਿੰਦੇ ਹੋਏ ਟੋਮੇਸੀ ਨੇ ਦੱਸਿਆ ਕਿ, “ਮੈਂ ਠੀਕ ਹਾਂ। ਮੇਰਾ ਕੈਮਰਾਮੈਨ ਜਿੰਮੀ ਅਤੇ ਮੈਂ ਦੋਵੇਂ ਸੁਰੱਖਿਅਤ ਹਾਂ।”
ਗ੍ਰੀਨਜ਼ ਸੈਨੇਟਰ ਸਾਰਾਹ ਹੈਨਸਨ-ਯੰਗ ਨੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੂੰ ਲਾਸ ਏਂਜਲਸ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਨੂੰ ਕਵਰ ਕਰਦੇ ਸਮੇਂ ਇੱਕ ਆਸਟ੍ਰੇਲੀਅਨ ਪੱਤਰਕਾਰ ਨੂੰ ਰਬੜ ਦੀ ਗੋਲੀ ਲੱਗਣ ਦੇ ਮੁੱਦੇ ‘ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਜਵਾਬਦੇਹ ਬਨਾਉਣ ਦੀ ਅਪੀਲ ਕੀਤੀ ਹੈ। ਹੈਨਸਨ-ਯੰਗ ਨੇ ਕਿਹਾ ਕਿ, ‘ਇਹ ਹੈਰਾਨ ਕਰਨ ਵਾਲਾ ਅਤੇ ਪੂਰੀ ਤਰ੍ਹਾਂ ਅਸਵੀਕਾਰਯੋਗ ਹੈ ਕਿ ਅਮਰੀਕੀ ਅਧਿਕਾਰੀ ਇੱਕ ਆਸਟ੍ਰੇਲੀਅਨ ਪੱਤਰਕਾਰ ‘ਤੇ ਗੋਲੀਬਾਰੀ ਕਰਨਗੇ, ਅਤੇ ਉਹਨਾਂ ਨੇ ਪ੍ਰਧਾਨ ਮੰਤਰੀ ਐਲਬਨੀਜ਼ ਨੂੰ ਟਰੰਪ ਤੋਂ ਤੁਰੰਤ ਸਪੱਸ਼ਟੀਕਰਨ ਮੰਗਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ, ‘ਪ੍ਰੈਸ ਦੀ ਆਜ਼ਾਦੀ ਇੱਕ ਮਜ਼ਬੂਤ, ਕਾਰਜਸ਼ੀਲ ਲੋਕਤੰਤਰ ਦਾ ਇੱਕ ਬੁਨਿਆਦੀ ਥੰਮ੍ਹ ਹੈ।”
ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਅਗਲੇ ਹਫ਼ਤੇ ਕੈਨੇਡਾ ਵਿੱਚ ਹੋਣ ਵਾਲੇ ਜੀ7 ਸੰਮੇਲਨ ਵਿੱਚ ਮਹਿਮਾਨ ਵਜੋਂ ਯਾਤਰਾ ਕਰਨਗੇ ਜਿੱਥੇ ਟਰੰਪ ਨਾਲ ਪਹਿਲੀ ਮੁਲਾਕਾਤ ਹੋਣ ਦੀ ਸੰਭਾਵਨਾ ਹੈ ਪਰ ਹਾਲੇ ਇਹ ਤੈਅ ਨਹੀਂ ਹੈ।
ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ (ਡੀਫੈਟ) ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ, ‘ਲਾਸ ਏਂਜਲਸ ਵਿੱਚ ਆਸਟ੍ਰੇਲੀਅਨ ਕੌਂਸਲੇਟ-ਜਨਰਲ ਟੋਮੇਸੀ ਦੇ ਸੰਪਰਕ ਵਿੱਚ ਹੈ ਅਤੇ ਲੋੜ ਪੈਣ ‘ਤੇ ਕੌਂਸਲਰ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹੈ। ਆਸਟ੍ਰੇਲੀਆ ਮੀਡੀਆ ਦੀ ਆਜ਼ਾਦੀ ਅਤੇ ਪੱਤਰਕਾਰਾਂ ਦੀ ਸੁਰੱਖਿਆ ਦਾ ਸਮਰਥਨ ਕਰਦਾ ਹੈ। ਸਾਰੇ ਪੱਤਰਕਾਰਾਂ ਨੂੰ ਆਪਣਾ ਕੰਮ ਸੁਰੱਖਿਅਤ ਢੰਗ ਨਾਲ ਕਰਨ ਦੇ ਯੋਗ ਹੋਣਾ ਚਾਹੀਦਾ ਹੈ। ਆਸਟ੍ਰੇਲੀਅਨ ਲੋਕਾਂ ਨੂੰ ਉਨ੍ਹਾਂ ਖੇਤਰਾਂ ਤੋਂ ਬਚਣਾ ਚਾਹੀਦਾ ਹੈ ਜਿੱਥੇ ਪ੍ਰਦਰਸ਼ਨ ਅਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।
ਸੰਨ 2020 ਵਿੱਚ ਸੈਵਨ ਨੈੱਟਵਰਕ ਦੇ ਦੋ ਆਸਟ੍ਰੇਲੀਅਨ ਪੱਤਰਕਾਰਾਂ, ਰਿਪੋਰਟਰ ਅਮੇਲੀਆ ਬ੍ਰੇਸ ਅਤੇ ਕੈਮਰਾ ਆਪਰੇਟਰ ਟਿਮ ਮਾਇਰਸ ਨੂੰ ਵ੍ਹਾਈਟ ਹਾਊਸ ਦੇ ਬਾਹਰ ਬਲੈਕ ਲਾਈਵਜ਼ ਮੈਟਰ ਦੰਗਿਆਂ ਦੀ ਰਿਪੋਰਟਿੰਗ ਕਰਦੇ ਸਮੇਂ ਪੁਲਿਸ ਦੀ ਗੋਲੀ ਦਾ ਸਿ਼ਕਾਰ ਹੋ ਗਏ ਸਨ।
ਇਹਨਾਂ ਵਿਰੋਧ ਪ੍ਰਦਰਸ਼ਨਾਂ ਦੇ ਦੌਰਾਨ ਹੀ ਇੱਕ ਹੋਰ ਬ੍ਰਿਟਿਸ਼ ਫੋਟੋਗ੍ਰਾਫਰ ਨਿਕ ਸਟਰਨ ਵੀ ਉਸ ਵਕਤ ਜ਼ਖਮੀ ਹੋ ਗਿਆ ਜਦੋਂ 14ਐਮਐਮ ਦੀ ਰਬੜ ਦੀ ਗੋਲੀ ਉਸਦੇ ਪੱਟ ਵਿੱਚ ਵੱਜੀ। ਉਹ ਲਾਸ ਏਂਜਲਸ ਕਾਉਂਟੀ ਦੇ ਪੈਰਾਮਾਉਂਟ ਸ਼ਹਿਰ ਵਿੱਚ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਕਾਰ ਹੋਏ ਟਕਰਾਅ ਨੂੰ ਦਸਤਾਵੇਜ਼ੀ ਰੂਪ ਦੇ ਰਿਹਾ ਸੀ। ਸਟਰਨ ਦੀ ਲੌਂਗ ਬੀਚ ਮੈਮੋਰੀਅਲ ਮੈਡੀਕਲ ਸੈਂਟਰ ਵਿਖੇ ਐਮਰਜੈਂਸੀ ਸਰਜਰੀ ਹੋਈ ਹੈ। ਸਟਰਨ ਲਈ ਇਹ ਆਪਣੀ ਕਿਸਮ ਦੀ ਦੂਜੀ ਘਟਨਾ ਹੈ, ਸੰਨ 2020 ਵਿੱਚ ਜਾਰਜ ਫਲਾਇਡ ਵਿਰੋਧ ਪ੍ਰਦਰਸ਼ਨਾਂ ਦੌਰਾਨ ਵੀ ਉਹ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਸੀ।