Bollywood Articles Pollywood

ਕੀ ‘ਬਾਰਡਰ 2’ ਫਿਲਮ ਵਿੱਚ ਦਿਲਜੀਤ ਦੋਸਾਂਝ ਵਾਲਾ ਰੋਲ ਕੋਈ ਹੋਰ ਕਰ ਰਿਹੈ ?

ਦਿਲਜੀਤ ਦੋਸਾਂਝ ਦੀ ਫਿਲਮ ‘ਸਰਦਾਰ ਜੀ 3’ ਵਿਵਾਦਾਂ ਵਿੱਚ ਘਿਰੀ ਹੋਈ ਹੈ।

ਦਿਲਜੀਤ ਦੋਸਾਂਝ ਦੀ ਫਿਲਮ ‘ਸਰਦਾਰ ਜੀ 3’ ਵਿਵਾਦਾਂ ਵਿੱਚ ਘਿਰੀ ਹੋਈ ਹੈ। ਫਿਲਮ ‘ਸਰਦਾਰਜੀ 3’ ਨੂੰ ਲੈ ਕੇ ਚੱਲ ਰਹੇ ਵਿਵਾਦਾਂ ਦੇ ਵਿਚਕਾਰ ਚਰਚਾ ਹੈ ਕਿ ਦਿਲਜੀਤ ਦੋਸਾਂਝ ਨੂੰ ਸੰਨੀ ਦਿਓਲ ਸਟਾਰਰ ਫਿਲਮ ‘ਬਾਰਡਰ 2’ ਨਾਲੋਂ ਵੱਖ ਕਰ ਦਿੱਤਾ ਗਿਆ ਹੈ। ਇਹ ਕਿਹਾ ਜਾ ਰਿਹਾ ਹੈ ਕਿ ਵਿਵਾਦਾਂ ਦੇ ਕਾਰਣ ਦਿਲਜੀਤ ਸਬੰਧੀ ਫਿਲਮ ਦੇ ਪੋ੍ਡਿਊਸਰਾਂ ਅਤੇ ਕਲਾਕਾਰਾਂ ਨੇ ਇਹ ਵੱਡਾ ਫੈਸਲਾ ਲਿਆ ਹੈ। ਜੇ ਰਿਪੋਰਟਾਂ ਦੀ ਮੰਨੀਏ ਤਾਂ ਕਿਉਂਕਿ ‘ਬਾਰਡਰ 2’ ਫਿਲਮ ਦੀ ਕਹਾਣੀ ਭਾਰਤੀ ਫੌਜ ‘ਤੇ ਅਧਾਰਤ ਹੈ, ਇਸ ਲਈ ਪੋ੍ਡਿਊਸਰਾਂ ਨੂੰ ਤਾਜ਼ਾ ਵਿਵਾਦਾਂ ਦੇ ਨਾਲ ਜੁੜੇ ਹੋਏ ਦਿਲਜੀਤ ਦਾ ਇਸ ਫਿਲਮ ਦਾ ਹਿੱਸਾ ਹੋਣਾ ਪਸੰਦ ਨਹੀਂ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹਨਾਂ ਸੀਨਾਂ ਵਿੱਚ ਦਿਲਜੀਤ ਦੋਸਾਂਝ ਸੀ ਉਹਨਾਂ ਨੂੰ ਕਿਸੇ ਹੋਰ ਕਲਾਕਾਰ ਦੁਆਰਾ ਸ਼ੂਟ ਕੀਤਾ ਜਾਵੇਗਾ। ਚਰਚਾ ਤਾਂ ਇਹ ਵੀ ਹੈ ਕਿ ਦਿਲਜੀਤ ਦੀ ਥਾਂ ਹੁਣ ਐਮੀ ਵਿਰਕ ਲਵੇਗਾ, ਪਰ ਇਸ ਵਿੱਚ ਕਿੰਨੀ ਕੁ ਸਚਾਈ ਹੈ, ਇਸ ਵਾਰੇ ਅਧਿਕਾਰਤ ਤੌਰ ‘ਤੇ ਪੁਸ਼ਟੀ ਹੋਣ ਦਾ ਇੰਤਜ਼ਾਰ ਹੈ।

ਅੱਜਕੱਲ੍ਹ ‘ਬਾਰਡਰ 2’ ਫਿਲਮ ਦੀ ਸ਼ੂਟਿੰਗ ਨੈਸ਼ਨਲ ਡਿਫੈਂਸ ਅਕੈਡਮੀ, ਪੁਣੇ ਵਿੱਚ ਚੱਲ ਰਹੀ ਹੈ ਅਤੇ ਇਸ ਵਿੱਚ ਦਿਲਜੀਤ ਵੀ ਇੱਕ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹਨ। ਇਸ ਦੌਰਾਨ ‘ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼’ ਨੇ ‘ਬਾਰਡਰ 2’ ਦੀ ਸ਼ੂਟਿੰਗ ਰੋਕਣ ਦੀ ਵੀ ਮੰਗ ਕੀਤੀ ਹੈ ਅਤੇ ਫੈਡਰੇਸ਼ਨ ਨੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇੱਕ ਪੱਤਰ ਲਿਖਿਆ ਹੈ। ਅਮਿਤ ਸ਼ਾਹ ਨੂੰ ਲਿਖੇ ਪੱਤਰ ਵਿੱਚ ‘ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼’ ਨੇ ਲਿਖਿਆ ਹੈ ਕਿ, ‘ਬਾਰਡਰ 2’ ਦੀ ਸ਼ੂਟਿੰਗ ਦੀ ਇਜਾਜ਼ਤ ਐਨਡੀਏ ਪੁਣੇ ਵਿੱਚ ਦਿੱਤੀ ਗਈ ਹੈ। ਫੈਡਰੇਸ਼ਨ ਨੇ ਲਿਖਿਆ ਹੈ ਕਿ ਉਨ੍ਹਾਂ ਨੇ ਦਿਲਜੀਤ ਦੋਸਾਂਝ ਦਾ ਬਾਈਕਾਟ ਕੀਤਾ ਹੈ ਕਿਉਂਕਿ ਉਸਨੇ ਭਾਰਤੀ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਹੀ ਦਿਲਜੀਤ ਨੇ ਪਾਕਿਸਤਾਨੀ ਅਦਾਕਾਰਾ ਨਾਲ ਕੰਮ ਕਰਕੇ ਭਾਰਤ ਵਿਰੋਧੀ ਕੰਮ ਕੀਤਾ ਹੈ। ਪੱਤਰ ਵਿੱਚ ਅੱਗੇ ਲਿਖਿਆ ਹੈ, ‘ਐਨਡੀਏ ਫੌਜ ਦੀ ਕੁਰਬਾਨੀ ਦਾ ਰਾਸ਼ਟਰੀ ਪ੍ਰਤੀਕ ਹੈ। ਉਸਨੂੰ ਕਿਸੇ ਫਿਲਮ ਦੇ ਪਿਛੋਕੜ ਵਿੱਚ ਇਸਤੇਮਾਲ ਨਹੀਂ ਕੀਤਾ ਜਾਣਾ ਚਾਹੀਦਾ, ਜਿਸ ਵਿੱਚ ਅਜਿਹਾ ਅਦਾਕਾਰ ਹੈ, ਜਿਸਦਾ ਜਨਤਾ ਅਤੇ ਉਸਦੇ ਪੇਸ਼ੇ ਦੇ ਲੋਕ ਬਾਈਕਾਟ ਕਰ ਰਹੇ ਹਨ। ਐਫਡਬਲਿਊਆਈਸੀਈ ਦੇ ਪ੍ਰਧਾਨ ਬੀ.ਐਨ. ਤਿਵਾੜੀ ਨੇ ਕਿਹਾ ਹੈ ਕਿ, ‘ਇੱਕ ਪਾਕਿਸਤਾਨੀ ਅਦਾਕਾਰਾ ਨਾਲ ਕੰਮ ਕਰਕੇ ਦਿਲਜੀਤ ਦੋਸਾਂਝ ਨੇ ਭਾਰਤੀ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ, ਦੇਸ਼ ਦਾ ਅਪਮਾਨ ਕੀਤਾ ਹੈ ਅਤੇ ਸਾਡੇ ਦੇਸ਼ ਦੇ ਬਹਾਦਰ ਸੈਨਿਕਾਂ ਦੀਆਂ ਕੁਰਬਾਨੀਆਂ ਦਾ ਨਿਰਾਦਰ ਕੀਤਾ ਹੈ। ਉਨ੍ਹਾਂ ਨੇ ਦਿਲਜੀਤ ਦੇ ਆਉਣ ਵਾਲੇ ਸਾਰੇ ਪ੍ਰੋਜੈਕਟਾਂ – ਫਿਲਮਾਂ, ਗੀਤਾਂ ਅਤੇ ਹੋਰਾਂ ‘ਤੇ ਪਾਬੰਦੀ ਲਗਾਉਣ ਦੀ ਵੀ ਮੰਗ ਕੀਤੀ ਹੈ।

‘ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼’ ਨੇ ਹੁਣ ਸੰਨੀ ਦਿਓਲ ਨੂੰ ਵੀ ਇੱਕ ਪੱਤਰ ਲਿਖਿਆ ਹੈ। ਜਿਸ ਵਿੱਚ ਕਿਹਾ ਗਿਆ ਸੀ ਕਿ ‘ਬਾਰਡਰ 2’ ਵਿੱਚ ਦਿਲਜੀਤ ਦੋਸਾਂਝ ਦੀ ਕਾਸਟਿੰਗ ‘ਤੇ ਮੁੜ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਜਿਸ ਤੋਂ ਬਾਅਦ ਹੁਣ ਖ਼ਬਰਾਂ ਆ ਰਹੀਆਂ ਹਨ ਕਿ ਦਿਲਜੀਤ ਨੂੰ ਫਿਲਮ ਤੋਂ ਹਟਾ ਦਿੱਤਾ ਗਿਆ ਹੈ। ਪੱਤਰ ਵਿੱਚ ਲਿਖਿਆ ਗਿਆ ਸੀ ਕਿ ‘ਬਾਰਡਰ 2’ ਵਰਗੀ ਫਿਲਮ ਜੋ ਕਿ ਦੇਸ਼ ਭਗਤੀ ਅਤੇ ਕੁਰਬਾਨੀ ਦਾ ਪ੍ਰਤੀਕ ਹੈ, ਦੇ ਵਿੱਚ ਦਿਲਜੀਤ ਦੀ ਮੌਜੂਦਗੀ ਇੱਕ ਵਿਰੋਧੀ ਸੰਦੇਸ਼ ਦਿੰਦੀ ਹੈ।’

ਇਸ ਦੇ ਨਾਲ ਹੀ ‘ਐਫ ਡਬਲਿਊ ਆਈ ਸੀਈ’ ਨੇ ਟੀ-ਸੀਰੀਜ਼ ਦੇ ਚੇਅਰਮੈਨ ਭੂਸ਼ਣ ਕੁਮਾਰ, ਫਿਲਮ ਨਿਰਮਾਤਾ ਇਮਤਿਆਜ਼ ਅਲੀ ਅਤੇ ਅਦਾਕਾਰ-ਨਿਰਮਾਤਾ ਸੰਨੀ ਦਿਓਲ ਨੂੰ ਦਿਲਜੀਤ ਨਾਲ ਕੀਤੇ ਗਏ ਪੇਸ਼ੇਵਰ ਸਹਿਯੋਗ ‘ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ। ਐਫਡਬਲਿਊਆਈਸੀਈ ਨੇ ਇਮਤਿਆਜ਼ ਅਲੀ ਨੂੰ ਇੱਕ ਪੱਤਰ ਭੇਜ ਕੇ ਕਿਹਾ ਹੈ ਕਿ ‘ਬਾਰਡਰ 2’ ਵਿੱਚ ਦਿਲਜੀਤ ਨਾਲ ਸਹਿਯੋਗ ਦੀ ਯੋਜਨਾ ‘ਤੇ ਮੁੜ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਇਹ ਫਿਲਮ ਅਪ੍ਰੈਲ 2026 ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਜਿਸ ਵਿਅਕਤੀ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ, ਉਸਨੂੰ ਪਾਕਿਸਤਾਨੀ ਅਦਾਕਾਰਾ ਨਾਲ ਸਹਿਯੋਗ ਕਰਕੇ ਉਸ ਨਾਲ ਕੰਮ ਕਰਨ ਬਾਰੇ ਵੀ ਦੁਬਾਰਾ ਸੋਚਣਾ ਚਾਹੀਦਾ ਹੈ।

ਦਿਲਜੀਤ ਦੋਸਾਂਝ ‘ਸਰਦਾਰ ਜੀ 3’ ਦੇ ਪੋ੍ਰਡਿਊਸਰਾਂ ਵਿੱਚੋਂ ਇੱਕ ਹੈ। ਪਹਿਲਗਾਮ ਹਮਲੇ ਤੋਂ ਬਾਅਦ ਲੋਕ ਸੋਚ ਰਹੇ ਸਨ ਕਿ ਹਾਨੀਆ ਆਮਿਰ ਫਿਲਮ ਵਿੱਚ ਨਹੀਂ ਹੋਵੇਗੀ। ਹਾਲਾਂਕਿ ਹਾਲ ਹੀ ਵਿੱਚ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਉਹ ਫਿਲਮ ਵਿੱਚ ਇੱਕ ਬਹੁਤ ਮਹੱਤਵਪੂਰਨ ਭੂਮਿਕਾ ਵਿੱਚ ਦਿਖਾਈ ਦੇ ਰਹੀ ਹੈ। ਇਸ ਕਾਰਨ ਭਾਰਤ ਦੇ ਲੋਕਾਂ ਦੀ ਨਾਰਾਜ਼ਗੀ ਤੋਂ ਬਾਅਦ ਪੋ੍ਰਡਿਊਸਰਾਂ ਨੇ ਕਿਹਾ ਕਿ ਫਿਲਮ ਭਾਰਤ ਵਿੱਚ ਰਿਲੀਜ਼ ਨਹੀਂ ਹੋਵੇਗੀ। ਹਾਲਾਂਕਿ, ਪਾਕਿਸਤਾਨ ਦੇ ਕੁਝ ਸ਼ਹਿਰਾਂ ਵਿੱਚ ਫਿਲਮ ਰਿਲੀਜ਼ ਹੋਣ ਦੀ ਖ਼ਬਰ ਮਿਲਣ ਤੋਂ ਬਾਅਦ ਭਾਰਤ ਦੇ ਲੋਕਾਂ ਦੀ ਨਾਰਾਜ਼ਗੀ ਵਧ ਗਈ। ਇਸ ਦੇ ਨਾਲ ਹੀ ਪੋ੍ਰਡਿਊਸਰਾਂ ਦਾ ਕਹਿਣਾ ਹੈ ਕਿ ਪਹਿਲਗਾਮ ਹਮਲੇ ਤੋਂ ਪਹਿਲਾਂ ਹਾਨਿਆ ਨਾਲ ਫਿਲਮ ਦੀ ਸ਼ੂਟਿੰਗ ਕੀਤੀ ਗਈ ਸੀ।

‘ਆਲ ਇੰਡੀਅਨ ਸਿਨੇ ਵਰਕਰਜ਼ ਐਸੋਸੀਏਸ਼ਨ’ ਨੇ ਫਿਲਮ ਵਿੱਚ ਇੱਕ ਪਾਕਿਸਤਾਨੀ ਕਲਾਕਾਰ ਦੀ ਮੌਜੂਦਗੀ ਦੀ ਸਖ਼ਤ ਨਿੰਦਾ ਕੀਤੀ ਹੈ। ਸੰਗਠਨ ਦੇ ਪ੍ਰਧਾਨ ਸੁਰੇਸ਼ ਗੁਪਤਾ ਨੇ ਦਿਲਜੀਤ ਦੋਸਾਂਝ ‘ਤੇ ਗੰਭੀਰ ਦੋਸ਼ ਲਗਾਏ ਅਤੇ ਕਿਹਾ ਕਿ, “ਉਨ੍ਹਾਂ ਨੇ ਇੱਕ ਪਾਕਿਸਤਾਨੀ ਕਲਾਕਾਰ ਨੂੰ ਕਾਸਟ ਕਰਕੇ ਦੇਸ਼ ਨਾਲ ਧੋਖਾ ਕੀਤਾ ਹੈ। ਅਸੀਂ ਇਸ ਫਿਲਮ ਨੂੰ ਕਿਸੇ ਵੀ ਹਾਲਤ ਵਿੱਚ ਰਿਲੀਜ਼ ਨਹੀਂ ਹੋਣ ਦੇਵਾਂਗੇ।” ਏਆਈਸੀਡਬਲਯੂ ਨੇ ਇਸ ਮਾਮਲੇ ਸੰਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਵੀ ਲਿਖਿਆ ਹੈ, ਜਿਸ ਵਿੱਚ ਉਨ੍ਹਾਂ ਨੇ ਦਿਲਜੀਤ ਦਾ ਪਾਸਪੋਰਟ ਜ਼ਬਤ ਕਰਨ ਅਤੇ ਉਨ੍ਹਾਂ ਦੀ ਭਾਰਤੀ ਨਾਗਰਿਕਤਾ ਰੱਦ ਕਰਨ ਦੀ ਵੀ ਮੰਗ ਕੀਤੀ ਹੈ।

ਦਿਲਜੀਤ ਦੋਸਾਂਝ ਨੇ ਆਪਣੀ ਫਿਲਮ ਦੇ ਟ੍ਰੇਲਰ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਸਾਂਝਾ ਕੀਤਾ ਸੀ, ਜਿਸ ‘ਤੇ ਮਿਲੀ-ਜੁਲੀ ਪ੍ਰਤੀਕਿਰਿਆ ਆਈ ਸੀ। ਜਿੱਥੇ ਕੁਝ ਲੋਕ ਫਿਲਮ ਲਈ ਉਤਸ਼ਾਹਿਤ ਸਨ, ਉੱਥੇ ਹੀ ਕਈਆਂ ਨੇ ਅੱਤਵਾਦੀ ਹਮਲੇ ਤੋਂ ਬਾਅਦ ਵੀ ਦਿਲਜੀਤ ਦੇ ਪਾਕਿਸਤਾਨੀ ਅਦਾਕਾਰਾ ਨਾਲ ਕੰਮ ਕਰਨ ਦੇ ਫੈਸਲੇ ‘ਤੇ ਸਵਾਲ ਉਠਾਏ। ਕੱੁਝ ਘੰਟਿਆਂ ਬਾਅਦ ਦਿਲਜੀਤ ਨੇ ਹਾਨੀਆ ਆਮਿਰ ਵਾਲਾ ਫਿਲਮ ਵਿਚਲਾ ਇੱਕ ਗੀਤ ਦਾ ਟੀਜ਼ਰ ਸਾਂਝਾ ਕੀਤਾ, ਜਿਸਨੂੰ ਉਸਨੇ ਆਲੋਚਨਾ ਕਾਰਨ ਜਲਦੀ ਹੀ ਹਟਾ ਦਿੱਤਾ। ‘ਸਰਦਾਰਜੀ 3’ ਦੇ ਟ੍ਰੇਲਰ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਦਿਲਜੀਤ ਦੋਸਾਂਝ ਵਿਵਾਦਾਂ ਵਿੱਚ ਘਿਰ ਗਏ। ਇਸ ਫਿਲਮ ਵਿੱਚ ਦਿਲਜੀਤ ਦੇ ਨਾਲ ਪਾਕਿਸਤਾਨੀ ਅਦਾਕਾਰਾ ਹਾਨਿਆ ਆਮਿਰ ਇੱਕ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ। ਹਾਲਾਂਕਿ ਇਹ ਫਿਲਮ ਭਾਰਤ ਵਿੱਚ ਰਿਲੀਜ਼ ਨਹੀਂ ਹੋ ਰਹੀ ਹੈ, ਪਰ ਦਿਲਜੀਤ ਨੂੰ ਅਜੇ ਵੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਫਿਲਮ ‘ਤੇ ਭਾਰਤ ਵਿੱਚ ਪਾਬੰਦੀ ਲਗਾਈ ਗਈ ਹੈ, ਜਿਸ ਤੋਂ ਬਾਅਦ ਨਿਰਮਾਤਾਵਾਂ ਨੇ ਇਸਨੂੰ ਭਾਰਤ ਤੋਂ ਇਲਾਵਾ ਦੁਨੀਆ ਭਰ ਵਿੱਚ ਰਿਲੀਜ਼ ਕਰਨ ਦਾ ਫੈਸਲਾ ਕੀਤਾ। ਇਸੇ ਕਰਕੇ ਦਿਲਜੀਤ ਨੂੰ ਗੱਦਾਰ ਤੱਕ ਕਿਹਾ ਗਿਆ।

ਹੁਣ ਇਸ ਵਿਵਾਦ ਸਬੰਧੀ ਦਿਲਜੀਤ ਦੋਸਾਂਝ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਇੱਕ ਇੰਟਰਵਿਊ ਵਿੱਚ ਦਿਲਜੀਤ ਨੇ ਕਿਹਾ ਕਿ, ‘ਜਦੋਂ ਇਹ ਫਿਲਮ ਸਾਈਨ ਕੀਤੀ ਗਈ ਸੀ, ਤਾਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਭ ਕੁਝ ਠੀਕ ਸੀ। ਜਦੋਂ ਫਿਲਮ ਬਣ ਰਹੀ ਸੀ, ਸਭ ਕੁਝ ਠੀਕ ਸੀ। ਫਿਲਮ ਦੀ ਸ਼ੂਟਿੰਗ ਫਰਵਰੀ ਵਿੱਚ ਹੋਈ ਸੀ। ਉਸ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਵਾਪਰੀਆਂ ਜੋ ਸਾਡੇ ਕੰਟਰੋਲ ਵਿੱਚ ਨਹੀਂ ਸਨ। ਜਦੋਂ ਇਹ ਪਹਿਲਗਾਮ ਹਮਲਾ ਹੋਇਆ, ਤਾਂ ਨਿਰਮਾਤਾਵਾਂ ਨੂੰ ਪਤਾ ਸੀ ਕਿ ਉਹ ਹੁਣ ਭਾਰਤ ਵਿੱਚ ਫਿਲਮ ਰਿਲੀਜ਼ ਨਹੀਂ ਕਰ ਸਕਦੇ। ਪਰ ਉਨ੍ਹਾਂ ਨੇ ਇਸਨੂੰ ਵਿਦੇਸ਼ ਵਿੱਚ ਰਿਲੀਜ਼ ਕਰਨ ਦਾ ਫੈਸਲਾ ਕੀਤਾ ਕਿਉਂਕਿ ਉਨ੍ਹਾਂ ਨੇ ਫਿਲਮ ਵਿੱਚ ਬਹੁਤ ਸਾਰਾ ਪੈਸਾ ਲਗਾਇਆ ਸੀ। ਉਨ੍ਹਾਂ ਨੂੰ 100% ਨੁਕਸਾਨ ਹੋਵੇਗਾ ਕਿਉਂਕਿ ਉਹ ਇੱਕ ਪੂਰੇ ਖੇਤਰ ਨੂੰ ਹਟਾ ਰਹੇ ਹਨ। ਸੱਚਾਈ ਇਹ ਹੈ ਕਿ ਜਦੋਂ ਮੈਂ ਫਿਲਮ ਸਾਈਨ ਕੀਤੀ ਸੀ, ਤਾਂ ਸਥਿਤੀ ਬਿਲਕੁਲ ਠੀਕ ਸੀ। ਹੁਣ ਜਦੋਂ ਨਿਰਮਾਤਾ ਇਸਨੂੰ ਵਿਦੇਸ਼ ਵਿੱਚ ਰਿਲੀਜ਼ ਕਰਨਾ ਚਾਹੁੰਦੇ ਹਨ, ਤਾਂ ਮੈਨੂੰ ਉਨ੍ਹਾਂ ਦੇ ਨਾਲ ਖੜ੍ਹਾ ਹੋਣਾ ਪਵੇਗਾ ਅਤੇ ਉਨ੍ਹਾਂ ਦੇ ਫੈਸਲੇ ਦਾ ਸਮਰਥਨ ਕਰਨਾ ਪਵੇਗਾ।” ਉਸੇ ਇੰਟਰਵਿਊ ਵਿੱਚ ਉਨ੍ਹਾਂ ਨੇ ਹਾਨੀਆ ਆਮਿਰ ਨਾਲ ਕੰਮ ਕਰਨ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ, “ਹਾਨੀਆ ਆਮਿਰ ਚੰਗੀ ਹੈ। ਉਹ ਬਹੁਤ ਪੇਸ਼ੇਵਰ ਹੈ। ਮੈਂ ਕਿਸੇ ਨਾਲ ਜ਼ਿਆਦਾ ਜੁੜਿਆ ਨਹੀਂ ਰਹਿੰਦਾ, ਮੈਂ ਇੱਕ ਬਹੁਤ ਹੀ ਨਿੱਜੀ ਵਿਅਕਤੀ ਹਾਂ।”

ਇਸ ਦੌਰਾਨ, ਅਦਾਕਾਰ ਅਤੇ ਫਿਲਮ ਆਲੋਚਕ ਕਮਾਲ ਰਾਸ਼ਿਦ ਖਾਨ ਨੇ ਦਿਲਜੀਤ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿੱਚ ਦਿਲਜੀਤ ਬਾਲੀਵੁੱਡ ਬਾਰੇ ਕਹਿ ਰਹੇ ਹਨ ਕਿ ਜੇਕਰ ਉਨ੍ਹਾਂ ਨੂੰ ਬਾਲੀਵੁੱਡ ਵਿੱਚ ਕੰਮ ਨਹੀਂ ਮਿਲਦਾ, ਤਾਂ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ। ਇਸ ਵੀਡੀਓ ਵਿੱਚ ਦਿਲਜੀਤ ਕਹਿੰਦੇ ਹਨ ਕਿ, “ਮੈਂ ਬਾਲੀਵੁੱਡ ਵਿੱਚ ਕੰਮ ਕਰਨਾ ਵੀ ਨਹੀਂ ਚਾਹੁੰਦਾ, ਮੈਨੂੰ ਬਾਲੀਵੁੱਡ ਦਾ ਇੱਕ ਮਹਾਨ ਕਲਾਕਾਰ ਬਣਨ ਦੀ ਕੋਈ ਇੱਛਾ ਨਹੀਂ ਹੈ। ਮੇਰੀ ਅਜਿਹੀ ਕੋਈ ਇੱਛਾ ਨਹੀਂ ਹੈ, ਮੈਨੂੰ ਸੰਗੀਤ ਪਸੰਦ ਹੈ ਅਤੇ ਮੈਂ ਕਿਸੇ ਦੀ ਇੱਛਾ ਤੋਂ ਬਿਨਾਂ ਸੰਗੀਤ ਕਰ ਸਕਦਾ ਹਾਂ। ਬਿਨਾਂ ਕਿਸੇ ਸੁਪਰਸਟਾਰ ਦੇ ਕਹੇ ਜਾਂ ਕਿਸਦਾ ਨਾਮ ਪ੍ਰਸਿੱਧ ਹੋਵੇਗਾ, ਕਿਸਦੀ ਇੱਛਾ ਨਹੀਂ, ਕਿਸਨੂੰ ਗੀਤ ਮਿਲੇਗਾ, ਕਿਸਨੂੰ ਨਹੀਂ ਮਿਲੇਗਾ। ਇਹ ਸਾਰੀਆਂ ਚੀਜ਼ਾਂ ਸਾਡੇ ‘ਤੇ ਕੰਮ ਨਹੀਂ ਕਰਦੀਆਂ, ਕੋਈ ਸਾਨੂੰ ਨਹੀਂ ਰੋਕ ਸਕਦਾ। ਮੈਨੂੰ ਸੰਗੀਤ ਬਣਾਉਣ ਤੋਂ ਕੋਈ ਨਹੀਂ ਰੋਕ ਸਕਦਾ, ਜਿੰਨਾ ਚਿਰ ਮੈਨੂੰ ਅਜਿਹਾ ਲੱਗਦਾ ਹੈ ਮੈਂ ਸੰਗੀਤ ਬਣਾਵਾਂਗਾ। ਜਿੰਨਾ ਚਿਰ ਰੱਬ ਚਾਹੁੰਦਾ ਹੈ ਮੈਂ ਸੰਗੀਤ ਬਣਾਵਾਂਗਾ ਅਤੇ ਮੈਨੂੰ ਕੋਈ ਪਰਵਾਹ ਨਹੀਂ ਕਿ ਮੈਨੂੰ ਬਾਲੀਵੁੱਡ ਵਿੱਚ ਕੰਮ ਮਿਲਦਾ ਹੈ ਜਾਂ ਨਹੀਂ।”

ਹੁਣ ਲੱਗਦਾ ਹੈ ਕਿ ਇੱਕ ਵੱਡਾ ਪ੍ਰੋਜੈਕਟ ‘ਬਾਰਡਰ 2’ ਵੀ ਦਿਲਜੀਤ ਦੇ ਹੱਥੋਂ ਖੋਹਿਆ ਜਾ ਸਕਦਾ ਹੈ। ਅਸਲ ਵਿੱਚ ਫੈਡਰੇਸ਼ਨ ਆਫ ‘ਵੈਸਟਰਨ ਇੰਡੀਆ ਸਿਨੇ ਇੰਪਲਾਈਜ਼’ ਨੇ ‘ਸਰਦਾਰਜੀ 3’ ਵਿੱਚ ਇੱਕ ਪਾਕਿਸਤਾਨੀ ਕਲਾਕਾਰ ਨਾਲ ਕੰਮ ਕਰਨ ‘ਤੇ ਇਤਰਾਜ਼ ਜਤਾਇਆ ਹੈ ਅਤੇ ‘ਬਾਰਡਰ 2’ ਦੇ ਨਿਰਮਾਤਾਵਾਂ ਨੂੰ ਵੀ ਇੱਕ ਨੋਟਿਸ ਭੇਜਿਆ ਹੈ।

ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ ਨੇ ਟੀ-ਸੀਰੀਜ਼ ਦੇ ਮਾਲਕ ਭੂਸ਼ਣ ਕੁਮਾਰ, ਨਿਰਮਾਤਾ ਜੇਪੀ ਦੱਤਾ, ਨਿਧੀ ਦੱਤਾ ਅਤੇ ਨਿਰਦੇਸ਼ਕ ਅਨੁਰਾਗ ਸਿੰਘ ਨੂੰ ਸੰਬੋਧਿਤ ਕਰਦੇ ਹੋਏ ਲਿਖਿਆ ਹੈ, ‘ਤੁਹਾਡੀ ਆਉਣ ਵਾਲੀ ਫਿਲਮ ‘ਬਾਰਡਰ 2’ ਵਿੱਚ ਦਿਲਜੀਤ ਦੋਸਾਂਝ ਦੀ ਕਾਸਟਿੰਗ ਤੋਂ ਬਹੁਤ ਨਿਰਾਸ਼ ਅਤੇ ਚਿੰਤਤ ਹੈ। ਦਿਲਜੀਤ ਨੇ ਦੇਸ਼ ਵਿੱਚ ਚੱਲ ਰਹੀ ਸੰਵੇਦਨਸ਼ੀਲ ਸਥਿਤੀ ਨੂੰ ਨਜ਼ਰਅੰਦਾਜ਼ ਕੀਤਾ ਹੈ। ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ ਪਹਿਲਾਂ ਹੀ ਸਪੱਸ਼ਟ ਕਰ ਚੁੱਕਾ ਹੈ ਕਿ ਪਾਕਿਸਤਾਨੀ ਕਲਾਕਾਰਾਂ ਨਾਲ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਸਵੀਕਾਰ ਨਹੀਂ ਕੀਤਾ ਜਾਵੇਗਾ। ਅਜਿਹਾ ਕਦਮ ਸਾਡੀ ਫੌਜ ਅਤੇ ਦੇਸ਼ ਵਾਸੀਆਂ ਦਾ ਅਪਮਾਨ ਹੈ ਜਿਨ੍ਹਾਂ ਨੇ ਸਰਹੱਦਾਂ ‘ਤੇ ਅੱਤਵਾਦੀਆਂ ਦੀਆਂ ਗੋਲੀਆਂ ਦਾ ਸਾਹਮਣਾ ਕੀਤਾ ਹੈ। ‘ਬਾਰਡਰ 2’ ਇੱਕ ਅਜਿਹੀ ਫਿਲਮ ਹੈ ਜੋ ਸਾਡੇ ਸੈਨਿਕਾਂ ਦੀਆਂ ਕੁਰਬਾਨੀਆਂ ਨੂੰ ਦਰਸਾਉਂਦੀ ਹੈ। ਐਸੋਸੀਏਸ਼ਨ ਨੇ ਫਿਲਮ ਦੇ ਨਿਰਮਾਤਾਵਾਂ ਨੂੰ ਅਪੀਲ ਕਰਦਿਆਂ ਲਿਖਿਆ ਹੈ ਕਿ, “ਅਸੀਂ ਤੁਹਾਨੂੰ ਆਪਣੇ ਕਾਸਟਿੰਗ ਫੈਸਲੇ ‘ਤੇ ਮੁੜ ਵਿਚਾਰ ਕਰਨ ਦੀ ਬੇਨਤੀ ਕਰਦੇ ਹਾਂ। ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ ਉਮੀਦ ਕਰਦਾ ਹੈ ਕਿ ਫਿਲਮ ਇੰਡਸਟਰੀ ਭਾਰਤ ਨਾਲ ਇੱਕਜੁੱਟ ਰਹੇਗੀ। ਸਾਡਾ ਦੇਸ਼ ਪਹਿਲਾਂ ਆਉਂਦਾ ਹੈ ਅਤੇ ਅਸੀਂ ਆਪਣੇ ਸਿਨੇਮਾ ਦੇ ਸਤਿਕਾਰਯੋਗ ਲੋਕਾਂ ਤੋਂ ਵੀ ਇਹੀ ਉਮੀਦ ਕਰਦੇ ਹਾਂ।” ਇਹ ਫਿਲਮ ਅਪ੍ਰੈਲ 2026 ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਜਿਸ ਵਿਅਕਤੀ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ, ਉਸਨੂੰ ਪਾਕਿਸਤਾਨੀ ਅਦਾਕਾਰਾ ਨਾਲ ਸਹਿਯੋਗ ਕਰਕੇ ਉਸ ਨਾਲ ਕੰਮ ਕਰਨ ਬਾਰੇ ਵੀ ਦੁਬਾਰਾ ਸੋਚਣਾ ਚਾਹੀਦਾ ਹੈ।’

ਸੰਨੀ ਦਿਓਲ ਨੂੰ ਇੱਕ ਪੱਤਰ ਲਿਖਿਆ ਗਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਜਿਸ ਵਿਸ਼ਵਾਸ ਨਾਲ ਤੁਸੀਂ ਹਮੇਸ਼ਾ ਸਕ੍ਰੀਨ ਅਤੇ ਆਫਸਕ੍ਰੀਨ ਕਦਰਾਂ-ਕੀਮਤਾਂ ਦਿਖਾਈਆਂ ਹਨ, ਉਮੀਦ ਹੈ ਕਿ ਇਸ ਵਾਰ ਵੀ ਤੁਸੀਂ ਦੇਸ਼ ਦੇ ਹਿੱਤ ਵਿੱਚ ਸਹੀ ਦਾ ਸਮਰਥਨ ਕਰੋਗੇ। ਹਾਲਾਂਕਿ, ‘ਐਫ ਡਬਲਿਊ ਆਈ ਸੀਈ’ ਦੇ ਪੱਤਰ ‘ਤੇ ਦਿਲਜੀਤ ਜਾਂ ਫਿਲਮ ਦੇ ਨਿਰਮਾਤਾਵਾਂ ਵੱਲੋਂ ਹੁਣ ਤੱਕ ਕੋਈ ਬਿਆਨ ਨਹੀਂ ਆਇਆ ਹੈ।

ਬਾਲੀਵੁੱਡ ਗਾਇਕ ਮੀਕਾ ਸਿੰਘ ਨੇ ਵੀ ਫਿਲਮ ਦੀ ਰਿਲੀਜ਼ ਨੂੰ ਲੈ ਕੇ ਦਿਲਜੀਤ ਦੋਸਾਂਝ ਦੀ ਆਲੋਚਨਾ ਕੀਤੀ ਹੈ। ਮੀਕਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਲਿਖਿਆ, “ਪਹਿਲਾਂ ਦੇਸ਼… ਭਾਰਤ ਅਤੇ ਪਾਕਿਸਤਾਨ ਦੇ ਸਬੰਧ ਠੀਕ ਨਹੀਂ ਚੱਲ ਰਹੇ, ਫਿਰ ਵੀ ਕੁਝ ਲੋਕ ਗੈਰ-ਜ਼ਿੰਮੇਵਾਰਾਨਾ ਵਿਵਹਾਰ ਕਰ ਰਹੇ ਹਨ। ਜਦੋਂ ਦੇਸ਼ ਦੇ ਹਿੱਤ ਦੀ ਗੱਲ ਆਉਂਦੀ ਹੈ, ਤਾਂ ਅਦਾਕਾਰਾਂ ਅਤੇ ਨਿਰਮਾਤਾਵਾਂ ਨੂੰ ਦੋ ਵਾਰ ਸੋਚਣਾ ਚਾਹੀਦਾ ਹੈ ਅਤੇ ਫਿਰ ਧਿਆਨ ਨਾਲ ਵਿਚਾਰ ਕਰਨ ਤੋਂ ਬਾਅਦ ਕੋਈ ਵੀ ਸਮੱਗਰੀ ਰਿਲੀਜ਼ ਕਰਨੀ ਚਾਹੀਦੀ ਹੈ। ਖਾਸ ਕਰਕੇ ਉਹ, ਜਿਸ ਵਿੱਚ ਪਾਕਿਸਤਾਨ ਦੇ ਕਲਾਕਾਰ ਹਨ।”

ਇਸੇ ਦੌਰਾਨ ਫ਼ਿਲਮ ‘ਸਰਦਾਰ ਜੀ-3’ ਨੂੰ ਲੈ ਕੇ ਚੱਲ ਰਹੇ ਵਿਵਾਦਾਂ ਵਿਚ ਘਿਰੇ ਪ੍ਰਸਿੱਧ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੂੰ ਪਾਕਿਸਤਾਨੀ ਪੰਜਾਬ ਦੇ ਸਭ ਤੋਂ ਵੱਧ ਵੱਕਾਰੀ ਸੱਭਿਆਚਾਰਕ ਸਨਮਾਨ “ਵਾਰਿਸ ਸ਼ਾਹ ਇੰਟਰਨੈਸ਼ਨਲ ਐਵਾਰਡ” ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ। ਵਾਰਿਸ ਇੰਟਰਨੈਸ਼ਨਲ ਐਵਾਰਡ ਕਮੇਟੀ ਲਾਹੌਰ ਦੇ ਚੇਅਰਮੈਨ ਇਲਿਆਸ ਘੁੰਮਣ ਇਹ ਐਲਾਨ ਕਰਦਿਆਂ ਕਿਹਾ ਹੈ ਕਿ, ‘ਇਹ ਇਨਾਮ ਦਿਲਜੀਤ ਦੋਸਾਂਝ ਵੱਲੋਂ ਪੰਜਾਬੀ ਸੰਗੀਤ ਵਿੱਚ ਕੀਤੇ ਗਏ ਵਧੀਆ ਯੋਗਦਾਨ ਬਦਲੇ ਪੰਜਾਬ ਪਾਕਿਸਤਾਨ ਦਾ ਸਭ ਤੋਂ ਵੱਕਾਰੀ “ਵਾਰਿਸ ਸ਼ਾਹ ਇੰਟਰਨੈਸ਼ਨਲ ਐਵਾਰਡ” ਦਿਲਜੀਤ ਦੁਸਾਂਝ ਨੂੰ ਸਰਵੋਤਮ ਪੰਜਾਬੀ ਗਾਇਕ ਅਦਾਕਾਰ ਦੀ ਸ਼੍ਰੇਣੀ ਵਿੱਚ ਦਿੱਤਾ ਜਾਵੇਗਾ।“ ਇਹ ਸਨਮਾਨ ਅਜਿਹੇ ਸਮੇਂ ‘ਤੇ ਮਿਲਿਆ ਹੈ ਜਦੋਂ ਉਹ ਆਪਣੀ ਫ਼ਿਲਮ ‘ਸਰਦਾਰ ਜੀ-3’ ਨੂੰ ਲੈ ਕੇ ਚਰਚਾ ਵਿਚ ਹੈ। ਹੁਣ ਦਿਲਜੀਤ ਦੋਸਾਂਝ ਇਸ ਐਵਾਰਡ ਨੂੰ ਹਾਸਲ ਕਰਦੇ ਨੇ ਜਾਂ ਰੱਦ ਕਰਦੇ ਨੇ, ਇਹ ਹਾਲੇ ਦੇਖਣਾ ਬਾਕੀ ਹੈ।

 

Related posts

ਅੱਜ ਟਸਮਾਨੀਆ ਵਿੱਚ 16 ਮਹੀਨਿਆਂ ‘ਚ ਦੂਜੀ ਵਾਰ ਵੋਟਾਂ ਪੈ ਰਹੀਆਂ !

admin

ਜਿਸੁ ਡਿਠੇ ਸਭਿ ਦੁਖਿ ਜਾਇ !

admin

ਸਿੱਖੀ ਕੇਸਾਂ-ਸੁਆਸਾਂ ਨਾਲ ਨਿਭਾਉਣ ਵਾਲੇ ਸ਼ਹੀਦ ਭਾਈ ਤਾਰੂ ਸਿੰਘ ਜੀ !

admin