ਵਾਸ਼ਿੰਗਟਨ, ਡੀ.ਸੀ.- ਹਾਲ ਹੀ ‘ਚ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਿਤ ਅਦਾਕਾਰ ਮਿਥੁਨ ਚੱਕਰਵਰਤੀ ਦੀ ਪਹਿਲੀ ਪਤਨੀ ਹੇਲੇਨਾ ਲਿਊਕ ਦਾ ਅਮਰੀਕਾ ‘ਚ ਦਿਹਾਂਤ ਹੋ ਗਿਆ ਹੈ। ਮਸ਼ਹੂਰ ਡਾਂਸਰ ਅਤੇ ਅਭਿਨੇਤਰੀ ਕਲਪਨਾ ਅਈਅਰ ਨੇ ਆਪਣੇ ਸੋਸ਼ਲ ਮੀਡੀਆ ਪੇਜ ‘ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਮਿਥੁਨ ਅਤੇ ਹੇਲੇਨਾ ਦਾ ਵਿਆਹ ਸਿਰਫ਼ ਚਾਰ ਮਹੀਨੇ ਹੀ ਚੱਲ ਸਕਿਆ। ਹੇਲੇਨਾ ਨੇ ਅਮਿਤਾਭ ਬੱਚਨ ਦੀ ਫਿਲਮ ‘ਮਰਦ’ ‘ਚ ਖਾਸ ਕਿਰਦਾਰ ਨਿਭਾਇਆ ਸੀ। ਲੰਬੇ ਸਮੇਂ ਤੋਂ ਅਮਰੀਕਾ ਵਿੱਚ ਰਹਿ ਰਹੀ ਹੇਲੇਨਾ ਡੇਲਟਾ ਏਅਰਲਾਈਨਜ਼ ਵਿੱਚ ਵੀ ਕੰਮ ਕਰਦੀ ਸੀ। ਬੀਤੀ ਰਾਤ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਆਪਣੀ ਇਕ ਪੋਸਟ ‘ਚ ਲਿਖਿਆ ਸੀ ਕਿ ਉਹ ਠੀਕ ਮਹਿਸੂਸ ਨਹੀਂ ਕਰ ਰਹੇ ਸਨ। ਸਿਹਤ ਖ਼ਰਾਬ ਹੋਣ ਕਾਰਨ ਉਹ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ।