ਮੈਲਬੌਰਨ – ਆਸਟ੍ਰੇਲੀਆ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ ਆਈ ਕਮੀ ਕਾਰਨ ਘਰ ਖਰੀਦਣ ਵਾਲਿਆਂ ਨੂੰ ਕੁਝ ਰਾਹਤ ਮਿਲੀ ਹੈ, ਪਰ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਸੁਧਾਰ ਥੋੜ੍ਹੇ ਸਮੇਂ ਲਈ ਹੋ ਸਕਦਾ ਹੈ। ਹਾਊਸਿੰਗ ਇੰਡਸਟਰੀ ਐਸੋਸੀਏਸ਼ਨ (HIA) ਦੀ ਨਵੀਂ ਰਿਪੋਰਟ ਮੁਤਾਬਕ ਸਤੰਬਰ 2026 ਦੀ ਤਿਮਾਹੀ ਦੌਰਾਨ ਘਰ ਖਰੀਦਣ ਦੀ ਸਮਰੱਥਾ ਦਾ ਸੂਚਕ ਅੰਕ 3.6 ਫ਼ੀਸਦੀ ਵਧਿਆ ਹੈ।
ਇਸ ਸੁਧਾਰ ਵਿੱਚ ਘਰਾਂ ਦੀਆਂ ਕੀਮਤਾਂ, ਮੌਰਗੇਜ ਵਿਆਜ ਦਰਾਂ ਅਤੇ ਤਨਖ਼ਾਹਾਂ ਵਿੱਚ ਆਏ ਬਦਲਾਅ ਦਾ ਯੋਗਦਾਨ ਰਿਹਾ। ਬ੍ਰਿਸਬਨ ਵਿੱਚ ਘਰ ਖਰੀਦਣ ਦੀ ਸਮਰੱਥਾ ਵਿੱਚ 5.6 ਫ਼ੀਸਦੀ, ਪਰਥ ਵਿੱਚ 5.2 ਫ਼ੀਸਦੀ ਅਤੇ ਸਿਡਨੀ ਵਿੱਚ 4.9 ਫ਼ੀਸਦੀ ਸੁਧਾਰ ਦਰਜ ਕੀਤਾ ਗਿਆ। ਇਸ ਦੇ ਬਾਵਜੂਦ, ਇੱਕ ਸਾਲ ਪਹਿਲਾਂ ਦੇ ਮੁਕਾਬਲੇ ਘਰ ਖਰੀਦਣ ਦੀ ਸਮਰੱਥਾ 5.4 ਫ਼ੀਸਦੀ ਘੱਟ ਹੈ ਅਤੇ ਹਾਲਾਤ ਅਜੇ ਵੀ ਬਹੁਤ ਮੁਸ਼ਕਲ ਬਣੇ ਹੋਏ ਹਨ।
HIA ਦੇ ਸੀਨੀਅਰ ਅਰਥਸ਼ਾਸਤਰੀ ਟੌਮ ਡੇਵਿਟ ਮੁਤਾਬਕ ਆਸਟ੍ਰੇਲੀਆ ਵਿੱਚ ਘਰਾਂ ਦੀ ਸਪਲਾਈ ਲੋੜ ਮੁਤਾਬਕ ਨਹੀਂ ਵਧ ਰਹੀ। ਉਨ੍ਹਾਂ ਦੇ ਅਨੁਸਾਰ ਦੇਸ਼ ਵਿੱਚ ਲਗਭਗ 1.1 ਕਰੋੜ ਪਰਿਵਾਰਾਂ ਲਈ ਸਿਰਫ਼ 1 ਕਰੋੜ ਘਰ ਉਪਲਬਧ ਹਨ। ਰਿਪੋਰਟ ਮੁਤਾਬਕ ਇੱਕ ਔਸਤ ਪਰਿਵਾਰ ਨੂੰ ਦਰਮਿਆਨੀ ਕੀਮਤ ਵਾਲੇ ਘਰ ਦਾ ਮੌਰਗੇਜ ਆਰਾਮ ਨਾਲ ਭਰਨ ਲਈ ਲਗਭਗ 1.8 ਔਸਤ ਤਨਖ਼ਾਹਾਂ ਦੇ ਬਰਾਬਰ ਆਮਦਨ ਦੀ ਲੋੜ ਪੈਂਦੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਆਮਦਨ ਦੇ ਮੁਕਾਬਲੇ ਘਰਾਂ ਦੀਆਂ ਕੀਮਤਾਂ ਕਾਫ਼ੀ ਉੱਚੀਆਂ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਆਬਾਦੀ ਵਿੱਚ ਵਾਧਾ, ਘਰਾਂ ਦੀ ਵਧਦੀ ਮੰਗ ਅਤੇ ਨਵੇਂ ਘਰਾਂ ਦੀ ਘੱਟ ਉਸਾਰੀ ਕਾਰਨ ਕੀਮਤਾਂ ਮੁੜ ਵਧ ਸਕਦੀਆਂ ਹਨ। ਵਿਆਜ ਦਰਾਂ ਵਿੱਚ ਹੋਰ ਵਾਧੇ ਨਾਲ ਘਰਾਂ ਦੀਆਂ ਕੀਮਤਾਂ ਘਟ ਵੀ ਸਕਦੀਆਂ ਹਨ, ਪਰ ਇਸ ਨਾਲ ਮੌਰਗੇਜ ਭਰਨ ਦਾ ਖ਼ਰਚਾ ਵਧਣ ਕਾਰਨ ਘਰ ਖਰੀਦਣਾ ਜ਼ਰੂਰੀ ਨਹੀਂ ਕਿ ਸੌਖਾ ਹੋਵੇ।
ਰਿਪੋਰਟ ਅਨੁਸਾਰ ਸਿਡਨੀ ਅਤੇ ਮੈਲਬੌਰਨ ਵਿੱਚ ਸਾਲਾਨਾ ਆਧਾਰ ’ਤੇ ਘਰ ਖਰੀਦਣ ਦੀ ਸਮਰੱਥਾ ਵਿੱਚ ਕ੍ਰਮਵਾਰ 1.2 ਅਤੇ 2.1 ਫ਼ੀਸਦੀ ਸੁਧਾਰ ਹੋਇਆ ਹੈ। HIA ਨੇ ਕਿਹਾ ਕਿ ਘਰਾਂ ਦੀ ਕਮੀ ਦੂਰ ਕਰਨ ਲਈ ਨਵੇਂ ਘਰਾਂ ਦੀ ਉਸਾਰੀ ਵਧਾਉਣੀ ਜ਼ਰੂਰੀ ਹੈ। ਮਾਹਿਰਾਂ ਮੁਤਾਬਕ ਲੰਬੇ ਸਮੇਂ ਲਈ ਘਰਾਂ ਨੂੰ ਕਿਫ਼ਾਇਤੀ ਬਣਾਉਣ ਵਾਸਤੇ ਸਪਲਾਈ ਵਧਾਉਣਾ ਸਭ ਤੋਂ ਮਹੱਤਵਪੂਰਨ ਕਦਮਾਂ ਵਿੱਚੋਂ ਇੱਕ ਹੈ।
