Articles

ਉਪਰੇਸ਼ਨ ਸਿੰਧੂਰ ਦੁਆਰਾ ਤਬਾਹ ਕੀਤੇ ਗਏ ਪਾਕਿਸਤਾਨ ਦੇ ਅੱਤਵਾਦੀ ਟਰੇਨਿੰਗ ਸੈਂਟਰ !

ਭਾਰਤ ਉਹਨਾਂ ਦੇਸ਼ਾਂ ਵਿੱਚ ਸ਼ਾਮਲ ਹੋ ਗਿਆ ਹੈ ਜਿੰਨ੍ਹਾਂ ਨੇ ਫੌਜੀ ਕਾਰਵਾਈ ਕਰ ਕੇ ਦੂਸਰੇ ਦੇਸ਼ਾਂ ਵਿੱਚ ਅੱਤਵਾਦੀਆਂ ਦੇ ਟਿਕਾਣੇ ਨਸ਼ਟ ਕੀਤੇ ਹਨ।
ਲੇਖਕ: ਬਲਰਾਜ ਸਿੰਘ ਸਿੱਧੂ ਏ.ਆਈ.ਜੀ.(ਰਿਟਾ), ਪੰਡੋਰੀ ਸਿੱਧਵਾਂ

ਉਪਰੇਸ਼ਨ ਸਿੰਧੂਰ ਦੀ ਭਾਰੀ ਸਫਲਤਾ ਨਾਲ ਭਾਰਤ ਅਮਰੀਕਾ (ਉਪਰੇਸ਼ਨ ਨੈਪਚਿਊਨ ਸਪੀਅਰ 2011, ਜਿਸ ਨਾਲ ਪਾਕਿਸਤਾਨ ਵਿੱਚ ਉਸਾਮਾ ਬਿਨ ਲਾਦੇਨ ਨੂੰ ਮਾਰਿਆ ਗਿਆ ਅਤੇ ਉਪਰੇਸ਼ਨ ਇਨਫਿਨਟ 1998, ਜਿਸ ਦੌਰਾਨ ਕੀਨੀਆਂ ਅਤੇ ਤਨਜ਼ਾਨੀਆਂ ਵਿੱਚ ਅਮਰੀਕੀ ਦੂਤ ਘਰਾਂ ‘ਤੇ ਕੀਤੇ ਗਏ ਬੰਬ ਧਮਾਕਿਆਂ ਦਾ ਬਦਲਾ ਲੈਣ ਲਈ ਸੂਡਾਨ ਅਤੇ ਅਫਗਾਨਿਸਤਾਨ ਵਿਚਲੇ ਅਲ ਕਾਇਦਾ ਦੇ ਅੱਡਿਆਂ ‘ਤੇ ਇੱਕੋ ਸਮੇਂ ਮਿਜ਼ਾਈਲਾਂ ਦਾਗ ਕੇ ਸੈਂਕੜੇ ਅੱਤਵਾਦੀਆਂ ਨੂੰ ਮਾਰਿਆ ਗਿਆ ਸੀ), ਰੂਸ (ਅਗਸਤ 2002 ਵਿੱਚ ਚੇਚਨ ਅੱਤਵਾਦੀਆਂ ਦੇ ਜਾਰਜੀਆ ਵਿਖੇ ਟਿਕਾਣੇ ਮਿਜ਼ਾਈਲਾਂ ਨਾਲ ਤਬਾਹ ਕੀਤੇ ਗਏ ਸਨ), ਇਜ਼ਰਾਈਲ (ਉਪਰੇਸ਼ਨ ਐਨਟੈਬੇ 1976, ਇਸ ਉਪਰੇਸ਼ਨ ਰਾਹੀਂ ਯੁਗਾਂਡਾ ਦੇ ਤਤਕਾਲੀ ਰਾਸ਼ਟਰਪਤੀ ਦੀ ਸ਼ਹਿ ‘ਤੇ ਇਜ਼ਰਾਈਲੀਆਂ ਨਾਲ ਭਰੇ ਏਅਰ ਫਰਾਂਸ ਦੇ ਹਵਾਈ ਜਹਾਜ਼ ਨੂੰ ਐਨਟੈਬੇ ਹਵਾਈ ਅੱਡੇ ਤੋਂ ਸਫਲਤਾ ਪੂਰਵਕ ਅਜ਼ਾਦ ਕਰਵਾਇਆ ਗਿਆ ਸੀ ਅਤੇ ਉਪਰੇਸ਼ਨ ਸਪਰਿੰਗ ਆਫ ਯੂਥ 1973, ਜਿਸ ਅਧੀਨ 1972 ਮਿਊਨਿਖ ਉਲੰਪਿਕ ਸਮੇਂ ਇਜ਼ਰਾਈਲੀ ਖਿਡਾਰੀਆਂ ਦੀ ਹੱਤਿਆ ਕਰਨ ਦੀ ਸਾਜ਼ਿਸ਼ ਘੜਨ ਵਾਲੇ ਫਲਸਤੀਨ ਲਿਬਰੇਸ਼ਨ ਆਰਗੇਨਈਜ਼ੇਸ਼ਨ ਦੇ ਚੋਟੀ ਦੇ ਕਮਾਂਡਰ ਕਮਾਲ ਅਦਵਾਨ, ਮੁਹੰਮਦ ਯੂਸਫ ਨਜ਼ਰ ਅਤੇ ਕਮਾਲ ਨਾਸਰ ਦੀ ਇੱਕ ਗੁਰੀਲਾ ਹਮਲੇ ਰਾਹੀਂ ਹੱਤਿਆ ਕਰ ਦਿੱਤੀ ਗਈ ਸੀ) ਅਤੇ ਕੋਲੰਬੀਆ (ਉਪਰੇਸ਼ਨ ਫੀਨਿਕਸ 2008, ਜਿਸ ਦੌਰਾਨ ਗੁਆਂਢੀ ਦੇਸ਼ ਐਕੂਆਡੋਰ ਵਿੱਚ ਕਮਾਂਡੋ ਹਮਲਾ ਕਰ ਕੇ ਫਾਰਕ ਅੱਤਵਾਦੀ ਜਥੇਬੰਦੀ ਦੇ ਮੁਖੀ ਰਾਊਫ ਰੇਈਜ਼ ਅਤੇ 100 ਦੇ ਕਰੀਬ ਹੋਰ ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ ਸੀ), ਆਦਿ ਵਰਗੇ ਦੇਸ਼ਾਂ ਵਿੱਚ ਸ਼ਾਮਲ ਹੋ ਗਿਆ ਹੈ ਜਿੰਨ੍ਹਾਂ ਨੇ ਫੌਜੀ ਕਾਰਵਾਈ ਕਰ ਕੇ ਦੂਸਰੇ ਦੇਸ਼ਾਂ ਵਿੱਚ ਅੱਤਵਾਦੀਆਂ ਦੇ ਟਿਕਾਣੇ ਨਸ਼ਟ ਕੀਤੇ ਹਨ। ਸਵਾਲ ਪੈਦਾ ਹੁੰਦਾ ਹੈ ਕਿ ਭਾਰਤ ਨੇ ਆਖਰ ਇਹ ਟਿਕਾਣੇ ਹੀ ਕਿਉਂ ਚੁਣੇ? ਇਨ੍ਹਾਂ ਟਿਕਾਣਿਆਂ ਬਾਰੇ ਜਾਣਕਾਰੀ ਇਸ ਤਰਾਂ ਹੈ –

ਮਰਕਜ਼ ਸੁੱਭਾਨ ਅੱਲ੍ਹਾ – ਜੈਸ਼ੇ ਮੁਹੰਮਦ ਦਾ ਹੈੱਡਕਵਾਟਰ ਮਰਕਜ਼ ਸੁੱਭਾਨ ਅੱਲ੍ਹਾ 2015 ਵਿੱਚ ਸਥਾਪਿਤ ਕੀਤਾ ਗਿਆ ਸੀ ਜਿੱਥੇ ਜੈਸ਼ੇ ਮੁਹੰਮਦ ਦੇ ਅੱਤਵਾਦੀਆਂ ਨੂੰ ਮਿਲਟਰੀ ਅਤੇ ਧਾਰਮਿਕ ਕੱਟੜਤਾ ਦੀ ਟਰੇਨਿੰਗ ਦਿੱਤੀ ਜਾਂਦੀ ਹੈ। 2019 ਵਿੱਚ ਪੁਲਵਾਮਾ ਵਿਖੇ ਸੀ.ਆਰੀ.ਪੀ.ਐਫ. ‘ਤੇ ਹਮਲਾ ਕਰਨ ਦੀ ਸਾਰੀ ਯੋਜਨਾ ਬੰਦੀ ਇਥੇ ਹੀ ਕੀਤੀ ਗਈ ਸੀ। ਬਹਾਵਲਪੁਰ (ਪਾਕਿਸਤਾਨੀ ਪੰਜਾਬ) ਵਿਖੇ ਤਕਰੀਬਨ 15 ਏਕੜ ਇਲਾਕੇ ਵਿੱਚ ਸਥਿੱਤ ਇਸ ਟਰੇਨਿੰਗ ਸੈਂਟਰ ਵਿੱਚ ਹੀ ਜੈਸ਼ੇ ਮੁਹੰਮਦ ਦੇ ਮੁਖੀ ਮੌਲਾਨਾ ਮਸੂਦ ਅਜ਼ਹਰ ਸਮੇਤ ਹੋਰ ਚੋਟੀ ਦੇ ਕਮਾਂਡਰਾਂ ਦੀ ਰਿਹਾਇਸ਼ ਹੈ ਜਿਸ ਕਾਰਨ ਮਸੂਦ ਅਜ਼ਹਰ ਦੇ ਪਰਿਵਾਰ ਦੇ 10 ਮੈਂਬਰ ਉਪਰੇਸ਼ਨ ਸਿੰਧੂਰ ਦੌਰਾਨ ਮਾਰੇ ਗਏ ਹਨ। ਮਸੂਦ ਅਜ਼ਹਰ ਨੇ ਇਥੋਂ ਹੀ ਅਨੇਕਾਂ ਪ੍ਰੈੱਸ ਕਾਨਫਰੰਸਾਂ ਅਤੇ ਸੋਸ਼ਲ ਮੀਡੀਆ ਵੀਡੀਉ ਜਾਰੀ ਕੀਤੇ ਸਨ ਜਿਨ੍ਹਾਂ ਰਾਹੀਂ ਭਾਰਤ ਵਿਰੁੱਧ ਜ਼ਹਿਰ ਉਗਲਿਆ ਜਾਂਦਾ ਹੈ ਤੇ ਨੌਜਵਾਨਾਂ ਨੂੰ ਜ਼ੇਹਾਦ ਵਿੱਚ ਸ਼ਾਮਲ ਹੋਣ ਲਈ ਗੁੰਮਰਾਹ ਕੀਤਾ ਜਾਂਦਾ ਹੈ।

ਮਰਕਜ਼ ਤਾਇਬਾ, ਮੁਰੀਦਕੇ –ਇਸ ਮਰਕਜ਼ ਦੀ ਸਥਾਪਨਾ ਲਾਹੌਰ ਤੋਂ ਕਰੀਬ 35 ਕਿ.ਮੀ. ਦੂਰ ਸੰਨ 2000 ਵਿੱਚ ਕੀਤੀ ਗਈ ਸੀ ਤੇ ਇਹ ਲਸ਼ਕਰੇ ਤਾਇਬਾ ਦਾ ਹੈੱਡਕਵਾਟਰ ਅਤੇ ਮੁੱਖ ਟਰੇਨਿੰਗ ਸੈਂਟਰ ਹੈ। ਇਹ ਪਾਕਿਸਤਾਨ ਦਾ ਸਭ ਤੋਂ ਵੱਡਾ ਅੱਤਵਾਦੀ ਟਰੇਨਿੰਗ ਸੈਂਟਰ (ਖੇਤਰਫਲ ਕਰੀਬ 200 ਏਕੜ) ਹੈ। ਇਥੇ ਵੀ ਮੁੱਖ ਤੌਰ ‘ਤੇ ਪਾਕਿਸਤਾਨੀ ਅਤੇ ਵਿਦੇਸ਼ੀ ਨੌਜਵਾਨਾਂ ਨੂੰ ਧਾਰਮਿਕ ਕੱਟੜਤਾ ਅਤੇ ਗੁਰੀਲਾ ਯੁੱਧ ਦੀ ਟਰੇਨਿੰਗ ਦਿੱਤੀ ਜਾਂਦੀ ਹੈ ਤੇ ਭਾਰਤ ਖਿਲਾਫ ਵੱਡੀਆਂ ਕਾਰਵਾਈਆਂ ਕਰਨ ਦੇ ਮਨਸੂਬੇ ਬਣਾਏ ਜਾਂਦੇ ਹਨ। ਇਹ ਹਰੇਕ ਸਾਲ ਕਰੀਬ 2000 ਦੇਸੀ ਵਿਦੇਸ਼ੀ ਅੱਤਵਾਦੀਆਂ ਨੂੰ ਟਰੇਨਿੰਗ ਦੇਂਦਾ ਹੈ ਜਿਸ ਕਾਰਨ ਇਹ ਅੱਤਵਾਦੀ ਪੈਦਾ ਕਰਨ ਵਾਲੀ ਵਿਸ਼ਵ ਦੀ ਸਭ ਤੋਂ ਵੱਡੀ ਨਰਸਰੀ ਵਜੋਂ ਉੱਭਰਿਆ ਹੈ। ਲਸ਼ਕਰੇ ਤਾਇਬਾ ਦੇ ਮੁਖੀ ਜ਼ਾਕਿਰ ਰਹਿਮਾਨ ਲਖਵੀ ਦੇ ਉਸਾਮਾ ਬਿਨ ਲਾਦੇਨ ਨਾਲ ਬਹੁਤ ਗੂੜ੍ਹੇ ਸਬੰਧ ਸਨ ਜਿਸ ਕਾਰਨ ਲਾਦੇਨ ਨੇ ਇਥੇ ਮਸਜਿਦ ਅਤੇ ਰੈਸਟ ਹਾਊਸ ਉਸਾਰਨ ਲਈ ਇੱਕ ਕਰੋੜ ਰੁਪਏ ਦਿੱਤੇ ਸਨ। ਪਾਕਿਸਤਾਨੀ ਖੁਫੀਆ ਏਜੰਸੀ ਆਈ.ਐਸ.ਆਈ. ਦੇ ਹੁਕਮਾਂ ਅਨੁਸਾਰ ਇਸ ਮਰਕਜ਼ ਨੇ ਅਜ਼ਮਲ ਕਸਾਬ ਸਮੇਤ ਮੁੰਬਈ ਹਮਲਿਆਂ ਦੇ ਦੋਸ਼ੀਆਂ ਨੂੰ ਵੀ ਟਰੇਨਿੰਗ ਦਿੱਤੀ ਸੀ। ਮੁੰਬਈ ਹਮਲਿਆਂ ਦੇ ਸਾਜਿਸ਼ੀ ਡੇਵਿਡ ਕੋਲਮੈਨ ਹੈਡਲੀ ਅਤੇ ਤਹੱਵੁਰ ਰਾਣਾ ਨੇ ਇਥੋਂ ਦਾ ਕਈ ਵਾਰ ਦੌਰਾ ਕੀਤਾ ਸੀ ਤੇ ਹਮਲਾ ਕਰਨ ਜਾ ਰਹੇ ਅੱਤਵਾਦੀਆਂ ਨੂੰ ਮੁੰਬਈ ਦੇ ਤਾਜ਼ ਅਤੇ ਉਬਰਾਏ ਹੋਟਲ ਆਦਿ ਦੀ ਲੋਕੇਸ਼ਨ ਬਾਰੇ ਸਮਝਾਇਆ ਸੀ।

ਸਰਜਾਲ, ਤੇੜਾ ਕਲਾਂ – ਪਿੰਡ ਤੇੜਾ ਕਲਾਂ ਪਾਕਿਸਤਾਨੀ ਪੰਜਾਬ ਦੇ ਜਿਲ੍ਹਾ ਨਾਰੋਵਾਲ ਦੀ ਸ਼ਕਰਗੜ੍ਹ ਤਹਿਸੀਲ ਦੇ ਸ਼ਹਿਰ ਚੱਕ ਅਮਰੂ ਦੇ ਨਜ਼ਦੀਕ ਪੈਂਦਾ ਹੈ ਤੇ ਇਹ ਭਾਰਤ ਦੇ ਸਾਂਭਾ ਸੈਕਟਰ (ਜੰਮੂ ਕਸ਼ਮੀਰ) ਤੋਂ ਸਿਰਫ 6 ਕਿ.ਮੀ. ਦੂਰ ਹੈ। ਇਹ ਜੈਸ਼ੇ ਮੁਹੰਮਦ ਦਾ ਇੱਕ ਟਿਕਾਣਾ ਹੈ ਜਿੱਥੇ ਜੰਮੂ ਕਸ਼ਮੀਰ ਵਿੱਚ ਅੱਤਵਾਦ ਫੈਲਾਉਣ ਵਾਲੇ ਜ਼ੇਹਾਦੀਆਂ ਨੂੰ ਟਰੇਨਿੰਗ ਦਿੱਤੀ ਜਾਂਦੀ ਹੈ ਤੇ ਫਿਰ ਗਾਈਡਾਂ ਦੁਆਰਾ ਉਨ੍ਹਾਂ ਨੂੰ ਉਥੇ ਪਹੁੰਚਾ ਦਿੱਤਾ ਜਾਂਦਾ ਹੈ। ਇਸ ਦੀ ਮੌਜੂਦਗੀ ਨੂੰ ਗੁਪਤ ਰੱਖਣ ਲਈ ਇਸ ਅੱਡੇ ਨੂੰ ਇੱਕ ਸਰਕਾਰੀ ਹਸਪਤਾਲ ਤੋਂ ਚਲਾਇਆ ਜਾ ਰਿਹਾ ਸੀ ਜਿਸ ਨੂੰ ਉਪਰੇਸ਼ਨ ਸਿੰਧੂਰ ਰਾਹੀਂ ਭਸਮ ਕਰ ਦਿੱਤਾ ਗਿਆ ਹੈ। ਇਥੋਂ ਡਰੋਨਾਂ ਦੁਆਰਾ ਕਸ਼ਮੀਰ ਵਿਚ ਸਰਗਰਮ ਅੱਤਵਾਦੀਆਂ ਨੂੰ ਹਥਿਆਰ, ਗੋਲੀ ਸਿੱਕਾ, ਨਸ਼ੀਲੇ ਪਦਾਰਥ ਆਦਿ ਪਹੁੰਚਾਏ ਜਾਂਦੇ ਸਨ। ਇਸ ਦਾ ਕੰਟਰੋਲ ਜੈਸ਼ ਦੇ ਸੀਨੀਅਰ ਮੈਂਬਰਾਂ ਮੁਹੰਮਦ ਅਦਨਾਨ ਅਲੀ, ਕਾਸ਼ਿਫ ਖਾਨ ਅਤੇ ਮੁਫਤੀ ਅਬਦੁਲ ਰਾਊਫ ਦੇ ਅਧੀਨ ਸੀ। ਪਤਾ ਨਹੀਂ ਉਹ ਉਪਰੇਸ਼ਨ ਸਿੰਧੂਰ ਵਿੱਚ ਮਾਰੇ ਗਏ ਹਨ ਕਿ ਨਹੀਂ?

ਮਹਿਮੂਨਾ ਜੋਆ ਟਿਕਾਣਾ, ਸਿਆਲਕੋਟ – ਜੋਆ ਟਿਕਾਣਾ ਹਿਜ਼ਬੁਲ ਮੁਜ਼ਾਹਦੀਨ ਦੇ ਅਧੀਨ ਹੈ ਤੇ ਭੁੱਟਾ ਕੋਟਲੀ ਪਿੰਡ ਦੇ ਸਰਕਾਰੀ ਹਸਪਤਾਲ ਤੋਂ ਚਲਾਇਆ ਜਾਂਦਾ ਹੈ। ਇਸ ਅੱਡੇ ਦੀ ਵਰਤੋਂ ਹਿਜ਼ਬੁਲ ਮੁਜ਼ਾਹਦੀਨ ਵੱਲੋਂ ਜੰਮੂ ਸੈਕਟਰ ਵਿੱਚ ਅੱਤਵਾਦੀ ਭੇਜਣ ਲਈ ਕੀਤੀ ਜਾਂਦੀ ਹੈ। ਹਿਜ਼ਬੁਲ ਮੁਜ਼ਾਹਦੀਨ ਦਾ ਮੁਖੀਆ ਸਈਅਦ ਸਲਾਹੁਦੀਨ ਇਥੇ ਅਕਸਰ ਹੀ ਵੇਖਿਆ ਜਾਂਦਾ ਤੇ ਇਸ ਅੱਡੇ ਦਾ ਕੰਟਰੋਲ ਮੁਹੰਮਦ ਇਰਫਾਨ ਖਾਨ ਉਰਫ ਇਰਫਾਨ ਟੁੰਡੇ ਕੋਲ ਹੈ। ਜੰਮੂ ਕਸ਼ਮੀਰ ਵਿੱਚ ਭੇਜਣ ਤੋਂ ਪਹਿਲਾਂ ਅੱਤਵਾਦੀਆਂ ਨੂੰ ਇਥੇ ਪਹਾੜੀ ਜੰਗ ਦੇ ਦਾਅ ਪੇਚ ਸਿਖਾਏ ਜਾਂਦੇ ਹਨ। ਟੁੰਡੇ ਦੇ ਖਿਲਾਫ ਭਾਰਤ ਵਿੱਚ ਦੋ ਦਰਜ਼ਨ ਦੇ ਕਰੀਬ ਕਤਲਾਂ ਅਤੇ ਅੱਤਵਾਦ ਸਬੰਧੀ ਕੇਸ ਦਰਜ਼ ਹਨ। ਟਰੇਨਿੰਗ ਅਤੇ ਭਾਰਤ ਵਿੱਚ ਘੁਸ ਪੈਠ ਕਰਨ ਦੀ ਉਡੀਕ ਵਿੱਚ ਇਥੇ 35 – 40 ਅੱਤਵਾਦੀ ਹਮੇਸ਼ਾਂ ਮੌਜੂਦ ਰਹਿੰਦੇ ਹਨ।

ਮਰਕਜ਼ ਅਹਿਲੇ ਹਦੀਸ ਬਾਰਨਾਲਾ, ਭਿੰਬਰ – ਲਸ਼ਕਰੇ ਤਾਇਬਾ ਦਾ ਇਹ ਮਰਕਜ਼ ਕੋਟ ਜ਼ਮਾਲ ਰੋਡ ‘ਤੇ ਬਾਰਨਾਲਾ ਸ਼ਹਿਰ ਦੇ ਬਿਲਕੁਲ ਨਜ਼ਦੀਕ ਹੈ ਤੇ ਮਕਬੂਜਾ ਕਸ਼ਮੀਰ ਵਿੱਚ ਸਥਿੱਤ ਹੈ। ਇਸ ਦੀ ਵਰਤੋਂ ਲਸ਼ਕਰ ਦੇ ਅੱਤਵਾਦੀਆਂ ਅਤੇ ਗੋਲਾ ਬਾਰੂਦ ਨੂੰ ਪੁੰਛ, ਰਜੌਰੀ ਅਤੇ ਰਿਆਸੀ ਸੈਕਟਰਾਂ ਵਿੱਚ ਭੇਜਣ ਲਈ ਕੀਤੀ ਜਾਂਦੀ ਹੈ। ਇਹ ਮਰਕਜ਼ ਇੱਕ ਪੜਾਉ ਵਰਗਾ ਹੈ ਜਿੱਥੇ ਅੱਤਵਾਦੀ ਭਾਰਤ ਵਿੱਚ ਦਾਖਲ ਹੋਣ ਤੋਂ ਪਹਿਲਾਂ ਉਡੀਕ ਕਰਦੇ ਹਨ। ਇਥੇ 200 – 250 ਅੱਤਵਾਦੀਆਂ ਦੇ ਠਹਿਰਨ ਅਤੇ ਖਾਣ ਪੀਣ ਦੀ ਸਹੂਲਤ ਹੈ। ਲਸ਼ਕਰ ਦੇ ਅੱਤਵਾਦੀ ਕਾਸਿਮ ਗੁੱਜਰ, ਕਾਸਿਮ ਖੰਡਾ ਅਤੇ ਅਨਸ ਜਰਾਰ ਇਸ ਮਰਕਜ਼ ਦੇ ਇੰਚਾਰਜ ਹਨ ਤੇ ਇਥੇ ਹੀ ਰਹਿੰਦੇ ਹਨ। ਲਸ਼ਕਰ ਦਾ ਚੀਫ ਹਾਫਿਜ਼ ਮੁਹੰਮਦ ਸਾਈਦ ਅਕਸਰ ਇਥੇ ਆਉਂਦਾ ਰਹਿੰਦਾ ਹੈ।

ਮਰਕਜ਼ ਅੱਬਾਸ, ਕੋਟਲੀ – ਮਰਕਜ਼ ਅੱਬਾਸ ਕੋਟਲੀ ਦਾ ਪੂਰਾ ਨਾਮ ਮਰਕਜ਼ ਸੈਦਨਾ ਹਜ਼ਰਤ ਅੱਬਾਸ ਬਿਨ ਅਬਦੁਲ ਮੁਤਾਲਿਬ ਹੈ ਤੇ ਇਹ ਮਕਬੂਜ਼ਾ ਕਸ਼ਮੀਰ ਵਿੱਚ ਜੈਸ਼ੇ ਮੁਹੰਮਦ ਦਾ ਇੱਕ ਮਹੱਤਵਪੂਰਨ ਟਰੇਨਿੰਗ ਸੈਂਟਰ ਹੈ। ਇਸ ਦਾ ਇੰਚਾਰਜ ਹਾਫਿਜ਼ ਅਬਦੁਲ ਸ਼ਕੂਰ ਉਰਫ ਕਾਰੀ ਜ਼ਰਾਰ ਜੈਸ਼ੇ ਮੁਹੰਮਦ ਦੀ ਕੋਰ ਕਮੇਟੀ ਦਾ ਮੈਂਬਰ ਹੈ ਤੇ ਜੈਸ਼ ਦੇ ਮੁਖੀਆ ਮੁਫਤੀ ਅਬਦੁਲ ਰਾਊਫ ਅਸਗਰ (ਖਬਰਾਂ ਮੁਤਾਬਕ ਉਪਰੇਸ਼ਨ ਸਿੰਧੂਰ ਸਮੇਂ ਮਰ ਗਿਆ ਹੈ) ਦਾ ਬੇਹੱਦ ਨਜ਼ਦੀਕੀ ਹੈ। ਕਾਰੀ ਜ਼ਰਾਰ ਜੰਮੂ ਕਸ਼ਮੀਰ ਵਿੱਚ ਅਨੇਕਾਂ ਘਾਤਕ ਹਮਲਿਆਂ ਲਈ ਸਿੱਧਾ ਜ਼ਿੰਮੇਵਾਰ ਹੈ ਤੇ ਨੈਸ਼ਨਲ ਇੰਨਵੈਸਟੀਗੇਸ਼ਨ ਏਜੰਸੀ ਦੀ ਮੋਸਟ ਵਾਂਟੇਡ ਲਿਸਟ ‘ਤੇ ਹੈ। ਇਸ ਅੱਡੇ ਵਿੱਚ 150 -200 ਅੱਤਵਾਦੀਆਂ ਦੇ ਠਹਿਰਨ ਦਾ ਪ੍ਰਬੰਧ ਹੈ। ਜੈਸ਼ ਦੇ ਪੁੰਛ ਰਜੌਰੀ ਸੈਕਟਰ ਵਿੱਚ ਘੁਸਪੈਠ ਅਤੇ ਹਮਲੇ ਕਰਨ ਦੀਆਂ ਸਾਰੀਆਂ ਸਕੀਮਾਂ ਇਥੇ ਹੀ ਬਣਾਈਆਂ ਜਾਂਦੀਆਂ ਹਨ।

ਮਰਕਜ਼ ਰਾਹੀਲ ਸ਼ਹੀਦ, ਕੋਟਲੀ – ਇਹ ਮਰਕਜ਼ ਵੀ ਕੋਟਲੀ ਵਿੱਚ ਹੀ ਹੈ ਤੇ ਹਿਜ਼ਬੁਲ ਮੁਜ਼ਾਹਦੀਨ ਦਾ ਸਭ ਤੋਂ ਪੁਰਾਣਾ ਅੱਤਵਾਦੀ ਟਿਕਾਣਾ ਹੈ। ਇਸ ਟਿਕਾਣੇ ਤੇ 400 ਦੇ ਕਰੀਬ ਅੱਤਵਾਦੀ ਹਰ ਸਮੇਂ ਹਥਿਆਰ ਚਲਾਉਣ, ਗੁਰੀਲਾ ਹਮਲਾ ਕਰਨ ਅਤੇ ਹਮਲੇ ਤੋਂ ਬਾਅਦ ਬਚ ਨਿਕਲਣ ਦੀਆਂ ਤਰਕੀਬਾਂ ਸਿੱਖਦੇ ਹਨ। ਰਵਾਇਤੀ ਹਥਿਆਰ ਚਲਾਉਣ ਤੋਂ ਇਲਾਵਾ ਇਥੇ ਖਾਸ ਤੌਰ ‘ਤੇ ਸਨਾਈਪਰ ਤਿਆਰ ਕੀਤੇ ਜਾਂਦੇ ਹਨ।

ਸ਼ਵਾਈ ਨਾਲਾ ਕੈਂਪ, ਮੁਜ਼ੱਫਰਾਬਾਦ – ਸ਼ਵਾਈ ਨਾਲਾ ਕੈਂਪ ਜਿਸ ਨੂੰ ਬੈਤ ਉਲ ਮੁਜ਼ਾਹਦੀਨ ਵੀ ਕਿਹਾ ਜਾਂਦਾ ਹੈ, ਮਕਬੂਜ਼ਾ ਕਸ਼ਮੀਰ ਵਿੱਚ ਮੁਜ਼ੱਫਰਾਬਾਦ – ਨੀਲਮ ਰੋਡ ‘ਤੇ ਚੇਲਾਬੰਦੀ ਪੁਲ ਦੇ ਨਜ਼ਦੀਕ ਸਥਿੱਤ ਹੈ ਤੇ ਲਸ਼ਕਰੇ ਤਾਇਬਾ ਦਾ ਮਹੱਤਵਪੂਰਨ ਟਿਕਾਣਾ ਹੈ। ਇਸ ਸੰਨ 2000 ਤੋਂ ਚੱਲ ਰਿਹਾ ਹੈ ਤੇ ਮੁੰਬਈ ਹਮਲੇ ਵਾਲੇ ਅੱਤਵਾਦੀਆਂ ਨੇ ਇਥੇ ਵੀ ਟਰੇਨਿੰਗ ਲਈ ਸੀ। ਇਸ ਟਿਕਾਣੇ ਲਈ ਟਰੇਨਰ ਪਾਕਿਸਤਾਨੀ ਫੌਜ ਅਤੇ ਆਈ.ਐਸ.ਆਈ. ਮੁਹੱਈਆ ਕਰਵਾਉਂਦੀ ਹੈ। ਇਥੇ ਅੱਤਵਾਦੀਆਂ ਨੂੰ ਹਥਿਆਰਾਂ ਤੋਂ ਇਲਾਵਾ ਜੀ.ਪੀ.ਐਸ, ਸੈਟੇਲਾਈਟ ਫੋਨ, ਨਕਸ਼ਾ ਸਮਝਣਾ ਅਤੇ ਸੂਖਮ ਸੰਚਾਰ ਸਾਧਨਾਂ ਆਦਿ ਦੀ ਵਰਤੋਂ ਕਰਨ ਦੀ ਟਰੇਨਿੰਗ ਖਾਸ ਤੌਰ ‘ਤੇ ਦਿੱਤੀ ਜਾਂਦੀ ਹੈ।

ਮਰਕਜ਼ ਸਾਈਐਦਨਾ ਬਿਲਾਲ, ਮਕਬੂਜ਼ਾ ਕਸ਼ਮੀਰ – ਮਰਕਜ਼ ਬਿਲਾਲ ਜੈਸ਼ੇ ਮੁਹੰਮਦ ਦਾ ਅਹਿਮ ਟਿਕਾਣਾ ਹੈ ਤੇ ਮੁਜ਼ੱਫਰਾਬਾਦ ਦੇ ਲਾਲ ਕਿਲੇ ਦੇ ਬਿਲਕੁਲ ਨਜ਼ਦੀਕ ਹੈ। ਇਥੇ ਵੀ ਹਰ ਵੇਲੇ 250 – 300 ਅੱਤਵਾਦੀ ਮੌਜੂਦ ਰਹਿੰਦੇ ਹਨ। ਮਕਬੂਜ਼ਾ ਕਸ਼ਮੀਰ ਦੀ ਜੈਸ਼ੇ ਮੁਹੰਮਦ ਸ਼ਾਖਾ ਦਾ ਮੁਖੀ ਮੁਫਤੀ ਅਸਗਰ ਖਾਨ ਕਸ਼ਮੀਰੀ ਇਸ ਦਾ ਇੰਚਾਰਜ ਹੈ। ਅਬਦੁੱਲਾ ਜ਼ੇਹਾਦੀ ਉਰਫ ਅਬਦੁੱਲਾ ਕਸ਼ਮੀਰੀ ਅਤੇ ਆਸ਼ਿਕ ਨੈਂਗਰੂ ਵਰਗੇ ਵੱਡੇ ਅੱਤਵਾਦੀ ਵੀ ਇਥੋਂ ਹੀ ਆਪਣੀਆਂ ਕਾਰਵਾਈਆਂ ਚਲਾਉਂਦੇ ਹਨ।

Related posts

Privacy Awareness Week Highlights Everyone Has a Role to Play in Better Protecting Personal Information 

admin

ਅਬਾਦੀ ਦਾ ਅੱਧ ਪਰ ਅਧੂਰੇ ਹੱਕ !

admin

ਅੱਜ ‘ਆਸਟ੍ਰੇਲੀਆ ਡੇਅ’ ‘ਤੇ 680 ਆਸਟ੍ਰੇਲੀਅਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ

admin