India

ਉੱਤਰਕਾਸ਼ੀ: ਸੁਰੰਗ ’ਚ ਫਸੇ 40 ਮਜ਼ਦੂਰਾਂ ਦੀ ਜ਼ਿੰਦਗੀ ਨੂੰ ਬਚਾਏਗੀ ‘ਸੰਕਟਮੋਚਕ’ ਮਸ਼ੀਨ

ਉੱਤਰਕਾਸ਼ੀ – ਚਾਰ ਧਾਮ ਆਲ ਵੈਦਰ ਪ੍ਰਾਜੈਕਟ ਦੀ ਸਿਲਕਿਆਰਾ ਸੁਰੰਗ ’ਚ ਪਿਛਲੇ 4 ਦਿਨਾਂ ਤੋਂ ਫਸੇ 40 ਮਜ਼ਦੂਰ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੇ ਹਨ। ਉਨ੍ਹਾਂ ਨੂੰ ਸੁਰੱਖਿਅਤ ਬਚਾਉਣ ਲਈ ਪ੍ਰਧਾਨ ਮੰਤਰੀ ਦਫਤਰ (ਪੀ. ਐੱਮ. ਓ.) ਨੇ ਵੀ ਪਹਿਲ ਕੀਤੀ ਹੈ। ਪੀ. ਐੱਮ. ਓ. ਦੇ ਨਿਰਦੇਸ਼ ’ਤੇ ਹਵਾਈ ਫੌਜ ਦੇ 3 ਹਰਕਿਉਲਿਸ ਜਹਾਜ਼ਾਂ ਰਾਹੀਂ ਹਾਈ ਪਾਵਰ ਆਗਰ ਡ੍ਰਿਲਿੰਗ ਮਸ਼ੀਨ ਨਵੀਂ ਦਿੱਲੀ ਤੋਂ ਚਿਨਆਲੀਸੌੜ ਹਵਾਈ ਪੱਟੀ ’ਤੇ ਪਹੁੰਚਾਈ ਗਈ। ਚਿਨਆਲੀਸੌੜ ਹਵਾਈ ਪੱਟੀ ਤੋਂ 32 ਕਿਲੋਮੀਟਰ ਦੂਰ ਸਿਲਕਿਆਰਾ ਤੱਕ ਟ੍ਰੇਲਰ ’ਚ ਪਹੁੰਚਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਮਸ਼ੀਨ ਸੁਰੰਗ ’ਚ ਫਸੇ ਮਜ਼ਦੂਰਾਂ ਲਈ ਸੰਕਟਮੋਚਕ ਸਾਬਿਤ ਹੋਵੇਗੀ।
ਐੱਨ. ਐੱਚ. ਆਈ. ਡੀ. ਸੀ. ਐੱਲ. ਦੇ ਡਾਇਰੈਕਟਰ ਅੰਸ਼ੂ ਮਨੀਸ਼ ਖਲਕੋ ਨੇ ਕਿਹਾ ਕਿ ਬੁੱਧਵਾਰ ਰਾਤ ਤੱਕ ਹਾਈ ਪਾਵਰ ਆਗਰ ਡ੍ਰਿਲਿੰਗ ਮਸ਼ੀਨ ਸਥਾਪਿਤ ਹੋ ਸਕੇਗੀ। ਮਸ਼ੀਨ ਦੇ ਚੱਲਣ ’ਤੇ ਲਗਭਗ 50 ਮੀਟਰ ਪਾਈਪਾਂ ਦੀ ਐਸਕੇਪ ਟਨਲ ਤਿਆਰ ਹੋ ਸਕੇਗੀ। ਇਸ ਮਸ਼ੀਨ ਰਾਹੀਂ ਪ੍ਰਤੀ ਘੰਟਾ 5 ਮੀਟਰ ਮਲਬੇ ਨੂੰ ਹਟਾਇਆ ਜਾ ਸਕੇਗਾ। ਉੱਧਰ ਸਿਲਕਿਆਰਾ ’ਚ ਸੁਰੰਗ ਦੇ ਬਾਹਰ ਮਜ਼ਦੂਰਾਂ ਦੇ ਪਰਿਵਾਰਾਂ ਦੇ ਸਬਰ ਦਾ ਬੰਨ੍ਹ ਵੀ ਟੁੱਟਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਨੇ ਲਗਭਗ 2 ਘੰਟਿਆਂ ਤੱਕ ਹੰਗਾਮਾ ਕੀਤਾ।
ਮੀਡੀਆ ਨਾਲ ਗੱਲਬਾਤ ’ਚ ਅੰਸ਼ੂ ਮਨੀਸ਼ ਖਲਕੋ ਨੇ ਕਿਹਾ ਕਿ ਹਾਈ ਪਾਵਰ ਡ੍ਰਿਲਿੰਗ ਮਸ਼ੀਨ ਨਵੀਂ ਤਕਨੀਕ ਦੀ ਮਸ਼ੀਨ ਹੈ। ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਇਸ ਮਸ਼ੀਨ ਰਾਹੀਂ ਐਸਕੇਪ ਟਨਲ ਤਿਆਰ ਹੋ ਜਾਵੇਗੀ। ਇਸ ਲਈ ਪਲੇਟਫਾਰਮ ਤਿਆਰ ਕੀਤਾ ਗਿਆ ਹੈ। ਖਲਕੋ ਨੇ ਦੱਸਿਆ ਕਿ ਇੰਟਰਨੈੱਟ ਦੇ ਜ਼ਰੀਏ ਨਾਰਵੇ ਅਤੇ ਥਾਈਲੈਂਡ ਦੇ ਮਾਹਿਰਾਂ ਦੀਆਂ ਟੀਮਾਂ ਦੀ ਮਦਦ ਲਈ ਜਾ ਰਹੀ ਹੈ। ਮਾਹਿਰਾਂ ਦੀਆਂ ਇਨ੍ਹਾਂ ਟੀਮਾਂ ਨੇ ਥਾਈਲੈਂਡ ਦੀ ਗੁਫਾ ’ਚ ਫਸੇ ਬੱਚਿਆਂ ਨੂੰ ਬਾਹਰ ਕੱਢਣ ’ਚ ਮਦਦ ਕੀਤੀ ਸੀ।
ਦੱਸਣਯੋਗ ਹੈ ਕਿ ਉੱਤਰਾਕਾਸ਼ੀ ਜ਼ਿਲ੍ਹੇ ਦੇ ਬ੍ਰਹਾਖਾਲ-ਯਮੁਨੋਤਰੀ ਨੈਸ਼ਨਲ ਹਾਈਵੇਅ ’ਤੇ ਨਿਰਮਾਣ ਅਧੀਨ ਸੁਰੰਗ ਦਾ ਇਕ ਹਿੱਸਾ ਐਤਵਾਰ ਦੀ ਸਵੇਰ ਨੂੰ ਅਚਾਨਕ ਢਹਿ ਗਿਆ ਸੀ, ਜਿਸ ਵਿਚ 40 ਮਜ਼ਦੂਰ ਫਸ ਗਏ ਸਨ। ਸੁਰੰਗ ਦਾ ਨਿਰਮਾਣ ਕਰ ਰਹੀ ਨਵਯੁੱਗ ਇੰਜੀਨੀਅਰਿੰਗ ਲਿਮਟਿਡ ਮੁਤਾਬਕ ਸੁਰੰਗ ਵਿਚ ਫਸੇ ਮਜ਼ਦੂਰ ਬਿਹਾਰ, ਪੱਛਮੀ ਬੰਗਾਲ, ਝਾਰਖੰਡ, ਓਡੀਸ਼ਾ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਹਨ। ਰਾਸ਼ਟਰੀ ਆਫ਼ਤ ਰਿਸਪਾਂਸ ਫ਼ੋਰਸ, ਰਾਜ ਆਫ਼ਤ ਰਿਸਪਾਂਸ ਫ਼ੋਰਸ, ਭਾਰਤ-ਤਿੱਬਤ ਸਰਹੱਦੀ ਪੁਲਸ, ਸਰਹੱਦੀ ਸੜਕ ਸੰਗਠਨ ਦੇ 160 ਬਚਾਅ ਕਰਮਚਾਰੀਆਂ ਦਾ ਦਲ ਦਿਨ-ਰਾਤ ਬਚਾਅ ਕੰਮਾਂ ’ਚ ਜੁਟਿਆ ਹੋਇਆ ਹੈ।

Related posts

ਵਧਦੇ ਸਾਈਬਰ ਅਪਰਾਧ ਨੂੰ ਰੋਕਣ ਲਈ ਕੇਂਦਰ ਤੇ ਰਾਜ ਸਰਕਾਰਾਂ ਮਿਲ ਕੇ ਕਰਨਗੀਆਂ ਕੰਮ, ਐੱਮਐੱਚਏ ਨੇ ਸਾਈਬਰ ਧੋਖਾਧੜੀ ‘ਤੇ ਪ੍ਰਗਟਾਈ ਚਿੰਤਾ

Bunty

ਕਲਕੱਤਾ ਹਾਈ ਕੋਰਟ ਨੇ ਐੱਸਐੱਸਸੀ ਅਧਿਆਪਕ ਨਿਯੁਕਤੀ ਘੁਟਾਲੇ ‘ਚ ਸਿੱਖਿਆ ਰਾਜ ਮੰਤਰੀ ਦੀ ਧੀ ਨੂੰ ਬਰਖ਼ਾਸਤ ਕਰਨ ਦੇ ਦਿੱਤੇ ਨਿਰਦੇਸ਼

Bunty

ਬਿਹਾਰ ਸਰਕਾਰ ਦਾ ਉਦੇਸ਼ ਗੰਨੇ ਦੀ ਖੇਤੀ ਤੇ ਖੰਡ ਉਦਯੋਗ ਨਾਲ ਕਿਸਾਨਾਂ ਦੀ ਆਮਦਨ ਵਧਾਉਣਾ ਹੈ।

admin