ਚੰਡੀਗੜ੍ਹ – ਪੁਲਿਸ ਮੁਲਾਜ਼ਮਾਂ ‘ਤੇ ਕਥਿਤ ਤੌਰ ‘ਤੇ ਜਾਤੀ ਸੂਚਕ ਟਿੱਪਣੀਆਂ ਕਰਨ ਦੇ ਮਾਮਲੇ ਵਿੱਚ ਘਿਰੇ ਕੇਂਦਰੀ ਰੇਲ ਰਾਜਮੰਤਰੀ ਰਵਨੀਤ ਸਿੰਘ ਬਿੱਟੂ ਅੱਜ ਫਿਰ ਅਨੁਸੂਚਿਤ ਜਾਤੀ ਕਮਿਸ਼ਨ ਦੇ ਅੱਗੇ ਪੇਸ਼ ਨਹੀਂ ਹੋਏ। ਬਿੱਟੂ ਦੀ ਜਗ੍ਹਾ ਉਨ੍ਹਾਂ ਦੇ ਵਕੀਲ ਕਮਿਸ਼ਨ ਦੇ ਸਾਹਮਣੇ ਪੇਸ਼ ਹੋਏ ਅਤੇ ਉਨ੍ਹਾਂ ਨੇ ਮੀਟਿੰਗਾਂ ਦੇ ਰੁਝੇਵਿਆਂ ਦਾ ਹਵਾਲਾ ਦਿੰਦਿਆਂ ਪੇਸ਼ੀ ਤੋਂ ਛੋਟ ਮੰਗੀ। ਇਸ ਗੱਲ ‘ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਐਸ਼ਸੀæ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਬਿੱਟੂ ਦੇ ਵਕੀਲ ਦੀ ਜ਼ਬਰਦਸਤ ਝਾੜ ਲਗਾਈ ਅਤੇ ਹੁਣ ਰਵਨੀਤ ਬਿੱਟੂ ਨੂੰ 24 ਜੂਨ ਲਈ ਦੁਬਾਰਾ ਤਲਬ ਕਰ ਲਿਆ ਹੈ। ਹੁਣ ਦੇਖਣਾ ਹੋਵੇਗਾ ਕਿ 24 ਜੂਨ ਨੂੰ ਹੋਣ ਵਾਲੀ ਅਗਲੀ ਸੁਣਵਾਈ ‘ਤੇ ਰਵਨੀਤ ਬਿੱਟੂ ਖ਼ੁਦ ਕਮਿਸ਼ਨ ਦੇ ਸਾਹਮਣੇ ਪੇਸ਼ ਹੁੰਦੇ ਹਨ ਜਾਂ ਨਹੀਂ।
ਅੱਜ ਸੁਣਵਾਈ ਦੌਰਾਨ ਜਦੋਂ ਰਵਨੀਤ ਬਿੱਟੂ ਦੇ ਵਕੀਲ ਨੇ ਮੀਟਿੰਗਾਂ ਦਾ ਬਹਾਨਾ ਬਣਾਇਆ ਤਾਂ ਕਮਿਸ਼ਨ ਬੇਹੱਦ ਸਖ਼ਤ ਨਜ਼ਰ ਆਇਆ। ਗੜ੍ਹੀ ਨੇ ਵਕੀਲ ਨੂੰ ਫਿਟਕਾਰ ਲਗਾਉਂਦੇ ਹੋਏ ਕਿਹਾ, “ਬੀਤੀ 4 ਜੂਨ ਨੂੰ ਤੁਸੀਂ (ਰਵਨੀਤ ਸਿੰਘ ਬਿੱਟੂ) ਖ਼ੁਦ ਅਗਲੀ ਸੁਣਵਾਈ ਲਈ 15 ਜੂਨ (ਅੱਜ) ਦੀ ਤਾਰੀਖ਼ ਮੰਗੀ ਸੀ। ਕੀ ਤੁਹਾਨੂੰ ਉਸ ਸਮੇਂ ਇਨ੍ਹਾਂ ਮੀਟਿੰਗਾਂ ਬਾਰੇ ਪਤਾ ਨਹੀਂ ਸੀ?” ਉਨ੍ਹਾਂ ਅੱਗੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਇਹ ਤੁਹਾਡੀ ਪਲੈਨਿੰਗ (ਯੋਜਨਾਬੰਦੀ) ਵਿੱਚ ਕਮੀ ਹੈ ਜਾਂ ਫਿਰ ਤੁਹਾਡੀ ਕੋਈ ਬਦਨੀਤੀ ਹੈ, ਜਿਸ ਕਾਰਣ ਜਾਂਚ ਵਿੱਚ ਦੇਰੀ ਕੀਤੀ ਜਾ ਰਹੀ ਹੈ।
ਇਥੇ ਦੱਸਣਾ ਬਣਦਾ ਹੈ ਕਿ ਕੇਂਦਰੀ ਰਾਜਮੰਤਰੀ ਰਵਨੀਤ ਸਿੰਘ ਬਿੱਟੂ ਦੇ ਉਪਰ ਪੁਲਿਸ ਕਰਮਚਾਰੀਆਂ ਵਿਰੁੱਧ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕਰਨ ਅਤੇ ਟਿੱਪਣੀਆਂ ਕਰਨ ਦੇ ਗੰਭੀਰ ਦੋਸ਼ ਲੱਗੇ ਹੋਏ ਹਨ। ਇਸ ਸਬੰਧੀ ਐਸ਼ਸੀæ ਕਮਿਸ਼ਨ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਕਮਿਸ਼ਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕਾਨੂੰਨ ਦੇ ਸਾਹਮਣੇ ਸਭ ਬਰਾਬਰ ਹਨ ਅਤੇ ਕਿਸੇ ਵੀ ਗੈਰ-ਜ਼ਿੰਮੇਵਾਰਾਨਾ ਵਤੀਰੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
