Punjab

ਜਿੱਥੇ ਸਫ਼ਾਈ ਹੁੰਦੀ ਹੈ ਉੱਥੇ ਤੰਦਰੁਸਤੀ, ਸੁੰਦਰਤਾ ਅਤੇ ਖੁਸ਼ਹਾਲੀ ਵੱਸਦੀ ਹੈ – ਡਾ. ਰੰਧਾਵਾ

ਸਫਾਈ ਅਭਿਆਨ ਪ੍ਰੋਗਰਾਮ ਦੌਰਾਨ ਪ੍ਰੋ. ਰਣਦੀਪ ਸਿੰਘ, ਡਾ. ਸਿਓਜ਼ੀ ਭਾਟੀਆ, ਪ੍ਰੋ. ਗੁਰਪ੍ਰੀਤ ਸਿੰਘ ਤੇ ਹੋਰ ਸਟਾਫ ਤੇ ਵਿਦਿਆਰਥੀ।

ਅੰਮ੍ਰਿਤਸਰ – ਸਫ਼ਾਈ ਮਨੁੱਖੀ ਜੀਵਨ ਦਾ ਇਕ ਬਹੁਤ ਹੀ ਮਹੱਤਵਪੂਰਨ ਹਿੱਸਾ ਹੈ, ਜਿੱਥੇ ਸਫ਼ਾਈ ਹੁੰਦੀ ਹੈ, ਉੱਥੇ ਤੰਦਰੁਸਤੀ, ਸੁੰਦਰਤਾ ਅਤੇ ਖੁਸ਼ਹਾਲੀ ਵੱਸਦੀ ਹੈ। ਇਸੇ ਲਈ ਸਫ਼ਾਈ ਨੂੰ ਉਤਸ਼ਾਹਿਤ ਕਰਨ ਲਈ ਵੱਖ—ਵੱਖ ਸਫ਼ਾਈ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਨਾਗਰਿਕਾਂ ’ਚ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਨ, ਸਾਫ਼—ਸੁਥਰੇ ਅਤੇ ਸਿਹਤਮੰਦ ਸ਼ਹਿਰ ਦੇ ਨਿਰਮਾਣ ’ਚ ਯੋਗਦਾਨ ਪਾਉਣ ਲਈ ਕਾਲਜ ਦੀ ਐਨ. ਐਸ. ਐਸ. ਇਕਾਈਆਂ ਵੱਲੋਂ ਜ਼ਿਲ੍ਹਾ ਨਗਰ ਨਿਗਮ ਦੇ ਸਹਿਯੋਗ ਨਾਲ ਆਸ—ਪਾਸ ਦੇ ਇਲਾਕਿਆਂ ’ਚ ਚਲਾਏ ਗਏ ਸਫ਼ਾਈ ਅਭਿਆਨ ਦੌਰਾਨ ਕੀਤਾ।

ਇਸ ਅਭਿਆਨ ’ਚ ਐਨ. ਐਸ. ਐਸ. ਵਲੰਟੀਅਰਾਂ ਅਤੇ ਨਗਰ ਨਿਗਮ ਦੇ ਸਫ਼ਾਈ ਕਰਮਚਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਉਨ੍ਹਾਂ ਨੇ ਸਾਂਝੇ ਤੌਰ ’ਤੇ ਨਾਲ ਲੱਗਦੀਆਂ ਸਰਵਿਸ ਲੇਨ ਅਤੇ ਬੀ. ਆਰ. ਟੀ. ਸੀ. ਲੇਨ ਦੀ ਸਫ਼ਾਈ ਕੀਤੀ। ਇਹ ਪ੍ਰੋਗਰਾਮ ਪ੍ਰਿੰ: ਡਾ. ਰੰਧਾਵਾ, ਐਨ. ਐਸ. ਐਸ. ਇੰਚਾਰਜ ਪ੍ਰੋ. ਰਣਦੀਪ ਸਿੰਘ ਅਤੇ ਪ੍ਰੋਗਰਾਮ ਅਫ਼ਸਰ ਡਾ. ਸਿਓਜ਼ੀ ਭਾਟੀਆ, ਪ੍ਰੋ. ਗੁਰਪ੍ਰੀਤ ਸਿੰਘ ਦੀ ਰਹਿਨੁਮਾਈ ਹੇਠ ਆਯੋਜਿਤ ਕੀਤਾ ਗਿਆ।

ਇਸ ਮੌਕੇ ਪ੍ਰਿੰ: ਡਾ. ਰੰਧਾਵਾ ਨੇ ਐਨ. ਐਸ. ਐਸ. ਵਲੰਟੀਅਰਾਂ ਦੇ ਸਮਰਪਿਤ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗੰਦਗੀ ਕਈ ਬਿਮਾਰੀਆਂ ਨੂੰ ਜਨਮ ਦਿੰਦੀ ਹੈ। ਕੂੜਾ—ਕਰਕਟ ਖੁੱਲ੍ਹੇ ’ਚ ਸੁੱਟਣ ਨਾਲ ਮੱਛਰ ਅਤੇ ਮੱਖੀਆਂ ਪੈਦਾ ਹੁੰਦੀਆਂ ਹਨ, ਜੋ ਡੇਂਗੂ, ਮਲੇਰੀਆ ਅਤੇ ਹੋਰ ਬਿਮਾਰੀਆਂ ਦਾ ਕਾਰਨ ਬਣਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣੇ ਘਰਾਂ, ਸਕੂਲਾਂ, ਗਲੀਆਂ ਅਤੇ ਜਨਤਕ ਥਾਵਾਂ ਨੂੰ ਸਾਫ਼ ਰੱਖੀਏ ਤਾਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਸਫ਼ਾਈ ਮੁਹਿੰਮ ’ਚ ਵਿਦਿਆਰਥੀਆਂ, ਅਧਿਆਪਕਾਂ, ਸਮਾਜਿਕ ਸੰਸਥਾਵਾਂ ਅਤੇ ਆਮ ਲੋਕਾਂ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਵਿੱਦਿਅਕ ਅਦਾਰਿਆਂ ’ਚ ਰੈਲੀਆਂ, ਭਾਸ਼ਣ ਮੁਕਾਬਲੇ ਅਤੇ ਸਫ਼ਾਈ ਸਬੰਧੀ ਪ੍ਰੋਗਰਾਮ ਕਰਵਾਏ ਜਾਂਦੇ ਹਨ ਤਾਂ ਜੋ ਬੱਚਿਆਂ ’ਚ ਸਫ਼ਾਈ ਦੀ ਆਦਤ ਪੈਦਾ ਹੋਵੇ। ਉਨ੍ਹਾਂ ਕਿਹਾ ਕਿ ਸਫ਼ਾਈ ਸਿਰਫ਼ ਸਰਕਾਰ ਦੀ ਜ਼ਿੰਮੇਵਾਰੀ ਨਹੀਂ, ਸਗੋਂ ਹਰੇਕ ਨਾਗਰਿਕ ਦਾ ਫਰਜ਼ ਹੈ ਇਸ ਲਈ ਹਰ ਇਨਸਾਨ ਕੂੜਾ ਕੂੜੇਦਾਨ ’ਚ ਪਾਏ, ਪਲਾਸਟਿਕ ਦੀ ਵਰਤੋਂ ਘਟਾਏ ਅਤੇ ਆਸ—ਪਾਸ ਨੂੰ ਸਾਫ਼ ਰੱਖਣੇ। ਉਨ੍ਹਾਂ ਕਿਹਾ ਕਿ ਜੇਕਰ ਹਰ ਵਿਅਕਤੀ ਇਸ ਨੂੰ ਆਪਣੀ ਜ਼ਿੰਮੇਵਾਰੀ ਸਮਝੇ ਤਾਂ ਸਾਡਾ ਦੇਸ਼ ਹੋਰ ਵੀ ਖੂਬਸੂਰਤ ਅਤੇ ਸਿਹਤਮੰਦ ਬਣ ਸਕਦਾ ਹੈ ਕਿਉਂਕਿ ‘ਸਫ਼ਾਈ ਅੱਧੀ ਸਿਹਤ ਹੈ’।

ਇਸ ਮੁਹਿੰਮ ਦੌਰਾਨ ਉਕਤ ਟੀਮ ਵੱਲੋਂ ਸਫ਼ਾਈ ਅਤੇ ਸੁੰਦਰਤਾ ਨੂੰ ਹੋਰ ਬਿਹਤਰ ਬਣਾਉਣ ਲਈ ਦਰੱਖਤਾਂ ਦੀ ਛਾਂਟੀ ਵੀ ਕੀਤੀ ਗਈ। ਇਸ ਪਹਿਲ ਦੌਰਾਨ ਵਲੰਟੀਅਰਾਂ ਦੀ ਉਤਸ਼ਾਹਪੂਰਵਕ ਭਾਗੀਦਾਰੀ ਨੇ ਸਮਾਜ ਸੇਵਾ ਅਤੇ ਨਾਗਰਿਕ ਜ਼ਿੰਮੇਵਾਰੀ ਦੀ ਵਚਨਬੱਧਤਾ ਨੂੰ ਦਰਸਾਇਆ।

ਇਸ ਮੌਕੇ ਨਗਰ ਨਿਗਮ ਕਮਿਸ਼ਨਰ ਸ. ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਕਾਲਜ ਅਤੇ ਨਗਰ ਨਿਗਮ ਦਰਮਿਆਨ ਹੋਏ ਉਕਤ ਸਹਿਯੋਗ ਦੀ ਪ੍ਰਸ਼ੰਸਾ ਕਰਦਿਆਂਸਫ਼ਾਈ ਬਣਾਈ ਰੱਖਣ ’ਚ ਜਨ—ਭਾਗੀਦਾਰੀ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਜਦਕਿ ਹੈਲਥ ਅਫਸਰ ਡਾ. ਰਾਮਾ ਨੇ ਸਫ਼ਾਈ ਅਤੇ ਜਨ ਸਿਹਤ ਦੇ ਆਪਸੀ ਗੂੜ੍ਹੇ ਸਬੰਧ ਬਾਰੇ ਜਾਣਕਾਰੀ ਦਿੱਤੀ। ਇਸੇ ਦੌਰਾਨ ਸੈਨੇਟਰੀ ਇੰਸਪੈਕਟਰ ਸ੍ਰੀ ਬ੍ਰਹਮ ਦਾਸ ਨੇ ਨਿਯਮਿਤ ਸਫ਼ਾਈ ਅਭਿਆਨਾਂ ਅਤੇ ਕੂੜਾ—ਕਰਕਟ ਪ੍ਰਬੰਧਨ ਦੀਆਂ ਸਹੀ ਪ੍ਰਥਾਵਾਂ ਅਪਨਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਮੌਕੇ ਸਮੂਹ ਵਲੰਟੀਅਰਾਂ ਨੇ ਵਾਤਾਵਰਣ ਸੰਭਾਲ ਅਤੇ ਸਮਾਜ ਭਲਾਈ ਲਈ ਨਿਰੰਤਰ ਕੰਮ ਕਰਨ ਦਾ ਸੰਕਲਪ ਵੀ ਲਿਆ।

ਕੈਪਸ਼ਨ: —

ਖਾਲਸਾ ਕਾਲਜ ਵਿਖੇ ਸਫਾਈ ਅਭਿਆਨ ਪ੍ਰੋਗਰਾਮ ਦੌਰਾਨ ਪ੍ਰੋ. ਰਣਦੀਪ ਸਿੰਘ, ਡਾ. ਸਿਓਜ਼ੀ ਭਾਟੀਆ, ਪ੍ਰੋ. ਗੁਰਪ੍ਰੀਤ ਸਿੰਘ ਤੇ ਹੋਰ ਸਟਾਫ ਤੇ ਵਿਦਿਆਰਥੀ।ਅਤੇ ਹੋਰ ਦ੍ਰਿਸ਼।

Related posts

ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫਰੰਟ ਵੱਲੋਂ ਵਿਸ਼ਾਲ ਰੈਲੀ

admin

ਪੰਜਾਬ ਜ਼ਿਲ੍ਹਾ ਪ੍ਰੀਸ਼ਦ ਚੋਣ ਨਤੀਜੇ : ‘ਆਪ’ 218, ਕਾਂਗਰਸ 62, ਸ਼੍ਰੋਮਣੀ ਅਕਾਲੀ ਦਲ 46 ਤੇ ਭਾਜਪਾ 7 ਜ਼ੋਨਾਂ ’ਚ ਜੇਤੂ

admin

ਮੰਤਰੀ ਬਣ ਕੇ ਵੀ ਜਾਰੀ ਰੱਖੀ ਹੈ ਡਾ: ਬਲਜੀਤ ਕੌਰ ਨੇ ਮਨੁੱਖਤਾ ਦੀ ਸੇਵਾ

Bunty