ਅੰਮ੍ਰਿਤਸਰ – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਦੀਵਾਲੀ ਦੇ ਪਵਿੱਤਰ ਤਿਉਹਾਰ ਨੂੰ ਸਮਰਪਿਤ ਦੀਵਾਲੀ ਮੇਲਾ ਲਗਾਇਆ ਗਿਆ। ਸਕੂਲ ਪ੍ਰਿੰਸੀਪਲ ਸ੍ਰੀਮਤੀ ਜਤਿੰਦਰ ਕੌਰ ਦੀ ਅਗਵਾਈ ਹੇਠ ਕਰਵਾਏ ਗਏ ਉਕਤ ਪ੍ਰੋਗਰਾਮ ਮਕਸਦ ਵਿਦਿਆਰਥਣਾਂ ਦੀ ਸਿਰਜਣਾਤਮਕ ਪ੍ਰਤਿਭਾ, ਕਲਾਤਮਕ ਯੋਗਤਾ ਅਤੇ ਹੁਨਰ ਨੂੰ ਉਭਾਰਨ ਦੇ ਨਾਲ—ਨਾਲ ਉਨ੍ਹਾਂ ਨੂੰ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕਰਨ ਲਈ ਇਕ ਮੰਚ ਪ੍ਰਦਾਨ ਕਰਨਾ ਸੀ।
ਇਸ ਮੌਕੇ ਵਿਦਿਆਰਥਣਾਂ ਵੱਲੋਂ ਵੱਖ—ਵੱਖ ਤਰ੍ਹਾਂ ਦੇ ਆਕਰਸ਼ਕ ਸਟਾਲ ਲਗਾਏ ਗਏ, ਜਿਨ੍ਹਾਂ ’ਚ ਹੱਥਾਂ ਨਾਲ ਤਿਆਰ ਕੀਤੀਆਂ ਸਜਾਵਟੀ ਵਸਤਾਂ, ਦੀਵੇ, ਮੋਮਬੱਤੀਆਂ, ਤੋਹਫ਼ੇ, ਕਲਾ ਅਤੇ ਸ਼ਿਲਪਕਾਰੀ ਦੀਆਂ ਵਸਤਾਂ ਸਮੇਤ ਹੋਰ ਦਿਲਚਸਪ ਸਮੱਗਰੀ ਪ੍ਰਦਰਸ਼ਿਤ ਕੀਤੀ ਗਈ।ਇਸ ਮੌਕੇ ਸਕੂਲ ਦਾ ਸਮੁੱਚਾ ਮਾਹੌਲ ਰੌਣਕਾਂ ਅਤੇ ਤਿਉਹਾਰੀ ਰੰਗਾਂ ਨਾਲ ਭਰਿਆ ਨਜ਼ਰ ਆਇਆ।
ਇਸ ਮੌਕੇ ਪ੍ਰਿੰ: ਸ੍ਰੀਮਤੀ ਜਤਿੰਦਰ ਕੌਰ ਨੇ ਵਿਦਿਆਰਥਣਾਂ, ਅਧਿਆਪਕਾਂ ਅਤੇ ਸਟਾਫ਼ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਦੀਵਾਲੀ ਖੁਸ਼ੀਆਂ, ਰੌਸ਼ਨੀ, ਪਿਆਰ ਅਤੇ ਆਪਸੀ ਸਾਂਝ ਦਾ ਤਿਉਹਾਰ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੇਲੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਪ੍ਰਦਾਨ ਕਰਨ ਦੇ ਨਾਲ—ਨਾਲ ਉਨ੍ਹਾਂ ਅੰਦਰ ਛੁਪੀ ਪ੍ਰਤਿਭਾ, ਆਤਮ—ਵਿਸ਼ਵਾਸ, ਸਿਰਜਣਾਤਮਕ ਸੋਚ ਅਤੇ ਲੀਡਰਸ਼ਿਪ ਦੇ ਗੁਣਾਂ ਨੂੰ ਵਿਕਸਿਤ ਕਰਨਾ ਵੀ ਸਿੱਖਿਆ ਦਾ ਮਕਸਦ ਹੈ।ਅਜਿਹੇ ਆਯੋਜਨ ਵਿਦਿਆਰਥਣਾਂ ਨੂੰ ਆਪਣੀ ਕਾਬਲੀਅਤ ਦਿਖਾਉਣ, ਨਵੇਂ ਤਜਰਬੇ ਹਾਸਲ ਕਰਨ ਅਤੇ ਸਮੂਹਿਕ ਤੌਰ ’ਤੇ ਕੰਮ ਕਰਨ ਦਾ ਮੌਕਾ ਦਿੰਦੇ ਹਨ।ਉਨ੍ਹਾਂ ਕਿਹਾ ਕਿ ਸਕੂਲ ਹਮੇਸ਼ਾਂ ਅਜਿਹੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦਾ ਰਹੇਗਾ ਤਾਂ ਜੋ ਹਰ ਵਿਦਿਆਰਥਣ ਨੂੰ ਆਪਣੀ ਪ੍ਰਤਿਭਾ ਨਿਖਾਰਨ ਲਈ ਢੁੱਕਵਾਂ ਮੰਚ ਮਿਲ ਸਕੇ।ਉਨ੍ਹਾਂ ਨੇ ਵਿਦਿਆਰਥਣਾਂ ਨੂੰ ਹਮੇਸ਼ਾਂ ਹੀ ਵਾਤਾਵਰਨ ਦੀ ਸੰਭਾਲਣ ਗ੍ਰੀਨ ਅਤੇ ਪ੍ਰਦੂਸ਼ਣ ਰਹਿਤ ਦਿਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਮੇਲੇ ਦੌਰਾਨ ਵਿਦਿਆਰਥਣਾਂ ਨੇ ਆਪਣੀ ਕਲਾ, ਮਿਹਨਤ ਅਤੇ ਨਵੇਂ ਵਿਚਾਰਾਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।ਉਨ੍ਹਾਂ ਕਿਹਾ ਕਿ ਇਸ ਮੌਕੇ ਵਿਦਿਆਰਥਣਾਂ ’ਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ।ਉਨ੍ਹਾਂ ਕਿਹਾ ਕਿ ਮੇਲੇ ਨੇ ਨਾ ਸਿਰਫ਼ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਦਾ ਮੌਕਾ ਦਿੱਤਾ, ਸਗੋਂ ਬੱਚਿਆਂ ਨੂੰ ਵਿਹਾਰਕ ਗਿਆਨ, ਪ੍ਰਬੰਧਨ ਅਤੇ ਟੀਮ ਵਰਕ ਦੇ ਗੁਣ ਸਿੱਖਣ ਦਾ ਵੀ ਮੌਕਾ ਪ੍ਰਦਾਨ ਕੀਤਾ।
