Punjab

ਬੀਐੱਸਐੱਫ ਦਾ ਘੇਰਾ ਵਧਾ ਕੇ ਕੇਂਦਰ ਨੇ ਇਕ ਹੋਰ ਕਾਲਾ ਕਾਨੂੰਨ ਪੰਜਾਬ ’ਤੇ ਥੋਪਿਆ : ਰਾਣਾ ਗੁਰਜੀਤ ਸਿੰਘ

ਹੁਸ਼ਿਆਰਪੁਰ – ਬੀਐੱਸਐੱਫ ਦੇ 15 ਕਿਲੋਮੀਟਰ ਘੇਰੇ ਨੂੰ 50 ਕਿਲੋਮੀਟਰ ਕਰਕੇ ਕੇਂਦਰ ਸਰਕਾਰ ਨੇ ਪੰਜਾਬ ’ਤੇ ਚੌਥਾ ਕਾਲਾ ਕਾਨੂੰਨ ਥੋਪਿਆ ਹੈ, ਜਿਸ ਨਾਲ ਸੂਬੇ ਦੀ ਤਰੱਕੀ ਅਤੇ ਵਿਕਾਸ ਵਿਚ ਖੜੋਤ ਆਵੇਗੀ। ਇਹ ਪ੍ਰਗਟਾਵਾ ਪੰਜਾਬ ਦੇ ਭੂਮੀ ਤੇ ਜਲ ਸੰਭਾਲ, ਤਕਨੀਕੀ ਸਿੱਖਿਆ ਅਤੇ ਰੁਜ਼ਗਾਰ ਉਤਪਤੀ ਮੰਤਰੀ ਰਾਣਾ ਗੁਰਜੀਤ ਸਿੰਘ ਵੱਲੋਂ ਪਿਪਲਾਂਵਾਲਾ ਵਿਖੇ ਭੂਮੀ ਅਤੇ ਜਲ ਸੰਭਾਲ ਵਿਭਾਗ ਵਲੋਂ ਸੀਵਰੇਜ਼ ਟਰੀਟਮੈਂਟ ਪਲਾਂਟ ਤੋਂ ਧਰਤੀ ਹੇਠ ਪਾਈਪਾਂ ਰਾਹੀਂ ਸੋਧਿਆ ਪਾਣੀ ਸਿੰਚਾਈ ਲਈ 7 ਪਿੰਡਾਂ ਦੇ ਕਿਸਾਨਾਂ ਨੂੰ ਮੁਹੱਈਆ ਕਰਵਾਉਣ ਵਾਲੇ 11.10 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣ ਉਪਰੰਤ ਕੀਤਾ।ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਕੇਂਦਰ ਸਰਕਾਰ ਨੇ ਕਿਸਾਨਾਂ ’ਤੇ ਤਿੰਨ ਕਾਲੇ ਕਾਨੂੰਨ ਥੋਪੇ ਹਨ ਤੇ ਹੁਣ ਬੀਐੱਸਐੱਫ ਨੂੰ ਵਾਧੂ ਸ਼ਕਤੀਆਂ ਦੇਣ ਨਾਲ ਇਕ ਹੋਰ ਕਾਲਾ ਕਾਨੂੰਨ ਪੰਜਾਬ ਤੇ ਪੰਜਾਬੀਆਂ ’ਤੇ ਥੋਪਿਆ ਗਿਆ ਹੈ।ਉਨ੍ਹਾਂ ਕਿਹਾ ਕਿ ਕੇਂਦਰ ਦੇ ਇਸ ਕਾਰੇ ਨਾਲ ਨਾ ਸਿਰਫ ਸੂਬੇ ਦੇ ਸਰਬਪੱਖੀ ਵਿਕਾਸ ਨੂੰ ਢਾਹ ਲੱਗੇਗੀ ਸਗੋਂ ਪੰਜਾਬ ਸਿਰ ਕਰਜ਼ਾ ਹੋਰ ਵੱਧਣ ਦੇ ਨਾਲ-ਨਾਲ, ਉਦਯੋਗ ਅਤੇ ਵਪਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਜਿਸ ਦੇ ਸਿੱਟੇ ਵਜੋਂ ਬੇਰੁਜ਼ਗਾਰੀ ਹੋਰ ਵੱਧ ਜਾਵੇਗੀ। ਪੰਜਾਬ ਸਰਕਾਰ ਕੇਂਦਰ ਦੇ ਇਸ ਇਕ ਪਾਸੜ ਕਾਨੂੰਨ ਦਾ ਸਖਤ ਵਿਰੋਧ ਕਰੇਗੀ ਕਿਉਂਕਿ ਇਸ ਕਾਰਵਾਈ ਨਾਲ ਲੋਕਾਂ ਨੂੰ ਸਹਿਮ ਦੇ ਮਾਹੌਲ ’ਚ ਰਹਿਣਾ ਪਵੇਗਾ।ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਨੇ ਜਬਰਦਸਤੀ ਅਜਿਹੇ ਫੈਸਲੇ ਲੈਣੇ ਹਨ ਤਾਂ ਉਨ੍ਹਾਂ ਵਲੋਂ 2011 ’ਚ ਦਿੱਤੀ ਤਜਵੀਜ਼ ਅਨੁਸਾਰ ਜੰਮੂ-ਕਸ਼ਮੀਰ, ਪੰਜਾਬ, ਰਾਜਸਥਾਨ ਅਤੇ ਗੁਜਰਾਤ ਦੇ ਸਰਹੱਦੀ ਜ਼ਿਲਿ੍ਹਆਂ ਨੂੰ ਵਿਸ਼ੇਸ਼ ਪੈਕੇਜ ਦਿੱਤੇ ਜਾਣੇ ਚਾਹੀਦੇ ਹਨ ਅਤੇ ਇਨ੍ਹਾਂ ਜ਼ਿਲ੍ਹਿਆਂ ’ਚ ਘੱਟੋ-ਘੱਟ 10 ਸਾਲ ਲਈ ਉਦਯੋਗਾਂ ਤੋਂ ਕੋਈ ਟੈਕਸ ਨਹੀਂ ਲਿਆ ਜਾਣਾ ਚਾਹੀਦਾ, ਸਸਤੀ ਬਿਜਲੀ ਦੀ ਉਪਲਬੱਧਤਾ ਦੇ ਨਾਲ-ਨਾਲ ‘ਫਰੇਟ ਬਰਾਬਰਤਾ’ ਵੀ ਲਾਗੂ ਕਰਨੀ ਚਾਹੀਦੀ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਸੁੰਦਰ ਸ਼ਾਮ ਅਰੋੜਾ, ਮੇਅਰ ਸੁਰਿੰਦਰ ਕੁਮਾਰ, ਜ਼ਿਲ੍ਹਾ ਕਾਂਗਰਸ ਪ੍ਰਧਾਨ ਡਾ. ਕੁਲਦੀਪ ਨੰਦਾ, ਕਾਰਜਕਾਰੀ ਪ੍ਰਧਾਨ ਜਿਲ੍ਹਾ ਯੂਥ ਕਾਂਗਰਸ ਕਪੂਰਥਲਾ ਹਰਨੂਰ ਸਿੰਘ ਹਰਜੀ ਮਾਨ ਅਤੇ ਵੱਖ-ਵੱਖ ਪਿੰਡਾਂ ਦੇ ਸਰਪੰਚ ਅਤੇ ਵਸਨੀਕ ਹਾਜ਼ਰ ਸਨ।

Related posts

ਖਾੜੀ ਦੇ ਦੋ ਦੇਸ਼ਾਂ ਵਿੱਚੋਂ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਜਾਨ ਬਚਾਅ ਕੇ ਵਤਨ ਪਰਤੀ ਵਿਧਵਾ ਮਾਂ ਦੀ ਧੀ

Bunty

ਸੁਖਬੀਰ ਬਾਦਲ ਬਾਅਦ ਦੁਪਹਿਰ ਅੰਮ੍ਰਿਤਸਰ ਹਲਕਾ ਸੈਂਟਰਲ ਤੇ ਦੱਖਣੀ ਦਾ ਕਰਨਗੇ ਦੌਰਾ

Bunty

ਕੈਪਟਨ ਨੇ ਦਿੱਤਾ ਅਸਤੀਫ਼ਾ, ਬੋਲੇ- ਮੈਨੂੰ ਬੇਇੱਜ਼ਤ ਕੀਤਾ ਗਿਆ, ਮੇਰੇ ਕੋਲ ਬਹੁਤ ਸਾਰੇ ਬਦਲ

Bunty