
ਜੰਗਲ਼ ਵਿਚ ਇਕ ਲੂੰਬੜੀ ਦੇ ਮਗਰ ਸ਼ਿਕਾਰੀ ਪਏ ਹੋਏ ਸਨ। ਭੱਜਦੀ-ਭੱਜਦੀ ਲੂੰਬੜੀ ਇਕ ਲੱਕੜਹਾਰੇ ਦੀ ਕੁੱਲੀ ਕੋਲ਼ ਪੁੱਜੀ ਤੇ ਉਹਦੇ ਕੋਲ਼ੋਂ ਬਚਾਅ ਲਈ ਸ਼ਰਨ ਮੰਗੀ। ਲੱਕੜਹਾਰੇ ਨੇ ਆਪਣੀ ਕੁੱਲੀ ਵੱਲ੍ਹ ਇਸ਼ਾਰਾ ਕਰਿਆ ਕਿ ਉੱਧਰ ਚਲੀ ਜਾਹ।
ਥੋੜ੍ਹੀ ਦੇਰ ਉੱਥੇ ਸ਼ਿਕਾਰੀ ਵੀ ਆ ਪਹੁੰਚੇ ਤੇ ਉਨ੍ਹਾਂ ਲੱਕੜਹਾਰੇ ਨੂੰ ਪੁੱਛਿਆ ਕਿ ਤੈਂ ਕੋਈ ਲੂੰਬੜੀ ਵੀ ਜਾਂਦੀ ਦੇਖੀ ਐ ਇੱਧਰ ਨੂੰ ? ਲੱਕੜਹਾਰੇ ਨੇ ਮੂੰਹੋਂ ਤਾਂ
‘ਨ…ਹੀਂ’ ਕਹਿ ਦਿੱਤਾ ਪਰ ਨਾਲ਼ ਹੀ (ਮੁਸ਼ਕੜੀਂ ਹਾਸੀ ਹੱਸਦੇ ਨੇ) ਕੁੱਲੀ ਵੱਲ੍ਹ ਵੀ ਹੱਥ ਦਾ ਇਸ਼ਾਰਾ ਕਰ ਦਿੱਤਾ! ਕਾਹਲ਼ੀ-ਕਾਹਲ਼ੀ ਵਿਚ ਆਏ ਸ਼ਿਕਾਰੀ ਸ਼ਾਇਦ ਉਹਦਾ ਇਸ਼ਾਰਾ ਸਮਝ ਨਾ ਸਕੇ ਤੇ ਉਹ ਲੂੰਬੜੀ ਦੀ ਭਾਲ਼ ਵਿਚ ਅੱਗੇ ਨੱਠ ਗਏ।
ਕੁੱਛ ਚਿਰ ਬਾਅਦ ਲੂੰਬੜੀ ਕੁੱਲੀ ‘ਚੋਂ ਬਾਹਰ ਨਿਕਲ਼ੀ ਤੇ ਲੱਗੀ ਇਕ ਪਾਸੇ ਵੱਲ੍ਹ ਦੌੜਨ। ਲੱਕੜਹਾਰਾ ਉਹਨੂੰ ‘ਵਾਜ ਮਾਰ ਕੇ ਕਹਿੰਦਾ-“ਲੂੰਬੜੀਏ ਤੂੰ ਕਿੰਨੀਂ ਅਹਿਸਾਨ-ਫਰਾਮੋਸ਼ ਹੈ … ਜਾਨ ਬਚਾਉਣ ਲਈ ਮੇਰਾ ਧੰਨਵਾਦ ਕਰਨ ਤੋਂ ਬਗੈਰ ਹੀ ਭੱਜ ਚੱਲੀ ਐਂ?”
ਭੱਜੀ ਜਾਂਦੀ ਲੂੰਬੜੀ ਬੋਲੀ, “ਜੇ ਤੇਰੇ ਬੋਲਾਂ ਵਾਂਗ ਤੇਰੇ ‘ਇਸ਼ਾਰੇ’ ਵੀ ਭਰੋਸੇ ਲਾਇਕ ਹੁੰਦੇ ਤਾਂ ਮੈਂ ਜਰੂਰ ਤੇਰਾ ਧੰਨਵਾਦ ਕਰਕੇ ਜਾਂਦੀ!”
ਪੰਚ-ਤੰਤਰ ਦੀ ਇਸ ਕਹਾਣੀ ਨਾਲ ਮਿਲ਼ਦਾ-ਜੁਲ਼ਦਾ ਸ੍ਰੀ ਸੁਰਿੰਦਰ ਪੰਡਤ ‘ਸੋਜ਼’ ਹੁਣਾ ਦਾ ਇਕ ਸ਼ਿਅਰ-
‘ਜਿਸ ਲਾਸ਼ ਕੋ ਚੰਦਨ ਮੇਂ ਸਜਾ ਰੱਖਾ ਥਾ ਮੈਨੇ
ਵੋ ਕਤਲ ਭੀ ਮੇਰੇ ਹੀ ਇਸ਼ਾਰੇ ਪੇ ਹੂਆ ਥਾ!’