ਮੈਲਬੌਰਨ – ਵਿਕਟੋਰੀਅਨ ਸਰਕਾਰ ਪਰਿਵਾਰਾਂ ਦੇ ਖਰਚਿਆਂ ਦੀ ਬੱਚਤ ਕਰਨ ਅਤੇ ਔਰਤਾਂ ਦੇ ਕੰਮਕਾਜ ਤੇ ਵਾਪਸ ਪਰਤਣ ਦੀ ਦਿਸ਼ਾ ਵਿੱਚ ਅਰਲੀ ਚਾਈਲਡਹੁੱਡ ਸਿੱਖਿਆ ਅਤੇ ਸੰਭਾਲ ਦੇ ਖੇਤਰ ਵਿਚ ਕਾਇਆ-ਕਲਪ ਕਰਨ ਲਈ ਅਗਲੇ ਦਹਾਕੇ ਤੱਕ 9 ਬਿਲੀਅਨ ਡਾਲਰ ਦਾ ਨਿਵੇਸ਼ ਕਰਨ ਜਾ ਰਹੀ ਹੈ। ਇਸ ਸਕੀਮ ਤਹਿਤ ਬੱਚਿਆਂ ਦੀ ਪ੍ਰਾਇਮਰੀ ਸਿੱਖਿਆ ਅਤੇ ਦੇਖਭਾਲ ਦੀਆਂ ਯੋਜਨਾਵਾਂ ਨੂੰ ਪੂਰੀ ਤਰ੍ਹਾਂ ਮਜ਼ਬੂਤ ਅਤੇ ਸੁਧਾਰਿਆ ਜਾਵੇਗਾ। ਚਾਈਲਡ ਕੇਅਰ ਫੀਸ ਪਰਿਵਾਰਾਂ ਦੇ ਬਜਟ ਨੂੰ ਹਿਲਾ ਰਹੀਆਂ ਹਨ, ਵਧਦੀਆਂ ਲਾਗਤ ਨੂੰ ਕਵਰ ਕਰਨ ਲਈ ਆਮ ਘਰੇਲੂ ਵਿਅਕਤੀ ਆਪਣੀ ਦੀ ਆਮਦਨ ਦਾ 20 ਫੀਸਦੀ ਤੱਕ ਖਪਤ ਕਰ ਰਿਹਾ ਹੈ।
ਕੰਮਕਾਜੀ ਪਰਿਵਾਰਾਂ ਦੇ ਬੱਚਿਆਂ ਦੀ ਸੰਭਾਲ ਲਈ ਸੂਬੇ ਵਿਚ ਚਾਈਲਡ ਕੇਅਰ ਸਿਸਟਮ ਸਥਾਪਤ ਕੀਤਾ ਗਿਆ ਹੈ। ਹਾਲਾਂਕਿ ਪਹਿਲਾਂ ਤੋਂ ਕਿਤੇ ਜ਼ਿਆਦਾ ਪਿਤਾ ਆਪਣੇ ਬੱਚਿਆਂ ਨਾਲ ਘਰੇ ਰਹਿ ਰਹੇ ਹਨ ਅਤੇ ਹਾਲੇ ਵੀ ਮਾਵਾਂ ਬੱਚਿਆਂ ਦੀ ਸੰਭਾਲ ਦਾ ਮੁੱਖ ਧੁਰਾ ਹਨ। ਘਰੇਲੂ ਆਮਦਨ ਵਧਣ ਦੇ ਨਾਲ-ਨਾਲ ਫੈਡਰਲ ਚਾਈਲਡ ਕੇਅਰ ਸਬਸਿਡੀ ਘੱਟ ਰਹਿ ਜਾਂਦੀ ਹੈ, ਕਈ ਪਰਿਵਾਰਾਂ ਦੀ ਰਸੋਈ ਦਾ ਖਰਚਾ ਹੀ ਇੰਨਾ ਜ਼ਿਆਦਾ ਹੋ ਜਾਂਦਾ ਹੈ ਕਿ ਉਹਨਾਂ ਨੂੰ ਓਵਰ ਟਾਈਮ ਲਗਾਉਣਾ ਪੈਂਦਾ ਹੈ, ਇਸ ਕਰਕੇ ਬੱਚਿਆਂ ਦੀ ਸੰਭਾਲ ਦੇ ਮਾਮਲੇ ਵਿਚ ਉਹਨਾਂ ‘ਤੇ ਬੋਝ ਵੱਧ ਜਾਂਦਾ ਹੈ। ਜਦੋਂ ਓਵਰ ਟਾਈਮ ਲੇਬਰ ਤੋਂ ਇਲਾਵਾ ਹੋਰ ਵਿਕਲਪ ਲੱਭ ਨਹੀਂ ਪਾਉਂਦੇ ਤਾਂ ਬੱਚਿਆਂ ‘ਤੇ ਹੋਣ ਵਾਲੇ ਖਰਚੇ ਦਾ ਭਾਰ ਵਧਦਾ ਰਹਿੰਦਾ ਹੈ। ਮਾਤਾ-ਪਿਤਾ ਦਾ ਘਰ ਹੋਣਾ ਇਕ ਵਧੀਆ ਵਿਕਲਪ ਤਾਂ ਹੈ ਪਰ ਹੋਣਾ ਇਹ ਚਾਹੀਦਾ ਹੈ ਕਿ ਜਦੋਂ ਉਹ ਬਾਹਰ ਜਾ ਕੇ ਕੰਮ ਕਰਦੇ ਹਨ ਤਾਂ ਬੱਚਿਆਂ ਦੀ ਸੰਭਾਲ ਲਈ ਕੰਮ ਕਰਦੀਆਂ ਸੰਸਥਾਵਾਂ ਵਿੱਚ ਇੰਨੀ ਸਮਰੱਥਾ ਹੋਵੇ ਕਿ ਉਹ ਮਾਪਿਆਂ ‘ਤੇ ਪੈਣ ਵਾਲੇ ਭਾਰ ਨੂੰ ਘਟਾਉਣ ਦਾ ਵੀ ਕੰਮ ਕਰਨ। ਮਾਪੇ ਜੇਕਰ ਘਰੇ ਹੀ ਬੱਚਿਆਂ ਦੀ ਸੰਭਾਲ ਕਰਦੇ ਰਹਿਣਗੇ ਤਾਂ ਉਹਨਾਂ ਦੀ ਕੁਸ਼ਲਤਾ ਅਤੇ ਤਜ਼ਰਬੇ ਦਾ ਅਰਥਚਾਰੇ ਨੂੰ ਘੱਟ ਲਾਭ ਮਿਲਦਾ ਹੈ। ਬੱਚਿਆਂ ਦੀ ਸੰਭਾਲ ਕਰਨ ਦੀ ਮਜਬੂਰੀ ਵਿਕਟੋਰੀਆ ਵਿਚ 26,600 ਔਰਤਾਂ ਨੂੰ ਕੰਮ ਕਰਨ ਤੋਂ ਰੋਕ ਦਿੰਦੀ ਹੈ ਅਤੇ ਅਰਥਚਾਰੇ ਨੂੰ ਪ੍ਰਤੀ ਸਾਲ 1.5 ਬਿਲੀਅਨ ਡਾਲਰ ਦਾ ਭਾਰ ਸਹਿਣਾ ਪੈਂਦਾ ਹੈ।
ਇਸ ਕਰਕੇ ਵਿਕਟੋਰੀਅਨ ਸਰਕਾਰ ਤਿੰਨ ਪ੍ਰਮੁੱਖ ਪਹਿਲੂਆਂ ‘ਤੇ ਕੰਮ ਕਰਨ ਦੇ ਨਾਲ ਬਿਹਤਰੀਨ ਸਟਾਰਟ, ਵਧੀਆ ਲਾਈਫ ਪ੍ਰੋਗਰਾਮ ਯੋਜਨਾ ਦਾ ਵਿਸਥਾਰ ਕਰਨ ਜਾ ਰਹੀ ਹੈ। ਸੂਬੇ ਨੂੰ ਕਿੰਡਰ ਮੁਕਤ ਬਣਾਉਣਾ, 4 ਸਾਲ ਦੇ ਬੱਚਿਆਂ ਲਈ ਯੂਨੀਵਰਸਲ ਪ੍ਰੀ-ਪ੍ਰੈਪ ਦਾ ਇਕ ਨਵਾਂ ਸਾਲ ਦੇਣਾ, 50 ਸਰਕਾਰੀ ਚਾਈਲਡ ਕੇਅਰਾਂ ਦੀ ਸਥਾਪਨਾ ਕਰਨਾ ਸਰਕਾਰ ਦਾ ਪ੍ਰਮੁੱਖ ਪਹਿਲੂ ਹੈ ਅਤੇ 2023 ਤੋਂ ਬਾਅਦ ਤਿੰਨ ਜਾਂ ਚਾਰ ਸਾਲ ਦੇ ਬੱਚਿਆਂ ਵਾਲਾ ਕੋਈ ਵੀ ਪਰਿਵਾਰ ਇਸ ਲਈ ਕੋਈ ਭੁਗਤਾਨ ਨਹੀਂ ਕਰੇਗਾ। ਇਸ ਤਰ੍ਹਾਂ ਹਰੇਕ ਪਰਿਵਾਰ ਨੂੰ ਸਾਲ ਵਿਚ ਪ੍ਰਤੀ ਬੱਚੇ ਪਿੱਛੇ 2,500 ਡਾਲਰ ਦੀ ਬੱਚਤ ਹੋਵੇਗੀ। ਤਿੰਨ ਸਾਲਾ ਕਿੰਡਰ ਪਹਿਲਾਂ ਹੀ ਸੂਬੇ ਵਿਚ ਚੱਲ ਰਹੇ ਹਨ। ਹੁਣ ਇਹ ਕਿੰਡਰ ਵੀ ਮੁਫ਼ਤ ਸੇਵਾ ਮੁਹੱਈਆ ਕਰਵਾਉਣ ਯੋਗ ਹੋ ਸਕਣਗੇ। ਇਸ ਦੇ ਨਾਲ ਹੀ ਸਰਕਾਰ ਪ੍ਰਾਇਮਰੀ ਸਿੱਖਿਆ ਵਿਚ ਸੁਧਾਰ ਲਿਆਉਣ ਲਈ ਕੰਮ ਕਰੇਗੀ। 5 ਸਾਲ ਤੋਂ ਪਹਿਲਾਂ ਬੱਚੇ ਦਾ 90 ਫੀਸਦੀ ਦਿਮਾਗ ਵਿਕਸਤ ਹੋ ਜਾਂਦਾ ਹੈ, ਜਿਹਨਾਂ ‘ਤੇ ਪ੍ਰਾਇਮਰੀ ਸਿੱਖਿਆ ਦਾ ਬਹੁਤ ਅਸਰ ਪੈਂਦਾ ਹੈ। ਹੁਣ ਅਗਲੇ ਸਾਲ ਤੋਂ 4 ਸਾਲਾ ਕਿੰਡਰ ਪ੍ਰੀ-ਪ੍ਰੈਪ ਵਿਚ ਤਬਦੀਲੀ ਹੋ ਜਾਵੇਗੀ ਅਤੇ ਹਰੇਕ ਚਾਰ ਸਾਲ ਦੇ ਬੱਚੇ ਵੀ ਪਲੇਅ-ਬੇਸਡ ਲਰਨਿੰਗ ਪ੍ਰੋਗਰਾਮ ਵਿਚ ਹਫਤੇ ਵਿਚ 30 ਘੰਟੇ ਗੁਜ਼ਾਰ ਸਕਣਗੇ। ਇਹ ਸਹੂਲਤ ਪ੍ਰੀ-ਪ੍ਰੈਪ ਕਿੰਡਰ ਅਤੇ ਲੌਂਗ ਡੇਅ ਕੇਅਰ ਸੈਂਟਰਾਂ ਦੇ ਜ਼ਰੀਏ ਦਿੱਤੀ ਜਾਵੇਗੀ, ਜਿਸ ਵਿਚ ਖੇਡਾਂ ਦੇ ਨਾਲ ਬੱਚੇ ਦੇ ਸਮਾਜੀਕਰਨ ਅਤੇ ਸਿੱਖਣ ਦੀ ਉੱਚ ਕੁਆਲਟੀ ਸਮੇਤ ਯੂਨੀਵਰਸਲ ਪ੍ਰੋਗਰਾਮ ਤਿਆਰ ਕੀਤੇ ਜਾਣਗੇ।
ਫੈਡਰਲ ਸਰਕਾਰ ਚਾਈਡਕੇਅਰ ਲਈ ਹੋਰ ਸਬਸਿਡੀ ਦੀ ਪੇਸ਼ਕਸ਼ ਕਰ ਰਹੀ ਹੈ ਤਾਂ ਜੋ ਘਰੇਲੂ ਆਮਦਨ ਵਿਚ ਬੱਚਤ ਹੋ ਸਕੇ। ਇਹਨਾਂ ਤਬਦੀਲੀਆਂ ਦੇ ਨਾਲ ਹੀ ਚਾਈਲਡ ਕੇਅਰ ਸੈਂਟਰਾਂ ਦੀ ਕਮੀ ਨੂੰ ਦੂਰ ਕਰਨ ਲਈ ਵਿਕਟੋਰੀਅਨ ਸਰਕਾਰ ਵਲੋਂ ਹੋਰ ਚਾਈਲਡ ਕੇਅਰ, ਕਿੰਡਰ ਅਤੇ ਪ੍ਰੀ-ਪ੍ਰੈਪ ਸਕੀਮ ਤਹਿਤ 50 ਸਰਕਾਰੀ ਕੇਂਦਰ ਸਥਾਪਤ ਕੀਤੇ ਜਾਣਗੇ। ਮਿਚੇਲ ਇੰਸਟੀਚਿਊਟ ਦੇ ਚਾਈਲਡਕੇਅਰ ਡੈਜ਼ਰਟ ਦੁਆਰਾ ਦੱਸੇ ਗਏ ਸਭ ਤੋਂ ਜਿਆਦਾ ਲੋੜ ਵਾਲੇ ਖੇਤਰਾਂ ਦੇ ਵਿੱਚ ਪਹਿਲੇ ਕੇਂਦਰ 2025 ਤੋਂ ਕੰਮ ਕਰਨਾ ਸ਼ੁਰੂ ਕਰ ਦੇਣਗੇ। ਇਹਨਾਂ ਕੇਂਦਰਾਂ ਤੱਕ ਕੰਮਕਾਜੀ ਔਰਤਾਂ ਦੀ ਆਸਾਨ ਪਹੁੰਚ ਯਕੀਨੀ ਬਣਾਈ ਜਾਵੇਗੀ। ਇਹ ਧਿਆਨ ਰੱਖਿਆ ਜਾਵੇਗਾ ਕਿ ਕੰਮਕਾਜੀ ਥਾਂਵਾਂ ਅਤੇ ਚਾਈਲਡ ਕੇਅਰ ਵਿਚਕਾਰ ਜ਼ਿਆਦਾ ਦੂਰੀ ਨਾ ਹੋਵੇ ਜਿਸ ਨਾਲ ਔਰਤਾਂ ਆਪਣੇ ਕੰਮ ‘ਤੇ ਜਿਵੇਂ ਮਰਜ਼ੀ ਅਤੇ ਜਿੰਨੀ ਦੇਰ ਤੱਕ ਚਾਹੁਣ ਆਰਾਮ ਨਾਲ ਕੰਮ ਕਰ ਸਕਣਗੀਆਂ। ਵਿਕਟੋਰੀਅਨ ਪ੍ਰੀ-ਪ੍ਰੈਪ ਟਾਸਕ ਫੋਰਸ ਵੀ ਅਗਲੇ ਦਿਨਾਂ ਵਿਚ ਸਥਾਪਤ ਹੋ ਜਾਵੇਗੀ ਜੋ ਪ੍ਰੀ-ਪ੍ਰੈਪ ਦੇ ਪਾਠਕ੍ਰਮ ਨੂੰ ਤਿਆਰ ਕਰਨ ਦੇ ਲਈ ਸਰਕਾਰ ਅਤੇ ਹੋਰ ਸੰਸਥਾਵਾਂ ਤੇ ਅਦਾਰਿਆਂ ਦੇ ਨਾਲ ਗੱਲਬਾਤ ਸ਼ੁਰੂ ਕਰ ਦੇਵੇਗੀ।